ਅਭੁੱਲ ਯਾਦਾਂ ਰੱਖੜੀ ਦੀਆਂ

ਸੁਕੰਨਿਆ ਭਾਰਦਵਾਜ
ਫੋਨ: 91-94175-25424
ਕੋਈ 7 ਕੁ ਮਹੀਨੇ ਹੋ ਗਏ ਨੇ ਘਰੋਂ ਉਥੇ ਗਿਆਂ, ਜਿਥੋਂ ਕਦੇ ਕੋਈ ਮੁੜਿਆ ਨਹੀਂ, Ḕਨਾ ਕੋਈ ਚਿੱਠੀ ਨਾ ਕੋਈ ਸੰਦੇਸ਼ ਜਾਨੇ ਵੋ ਕੌਨ ਸਾ ਦੇਸ਼æææ।’ ਯਕੀਨ ਨਹੀਂ ਕਰ ਪਾ ਰਹੀ ਕਿ ਉਹ ਹੁਣ ਰਿਹਾ ਨਹੀਂ। ਇਹ ਸ਼ਬਦ ਹੀ ਇੰਨੇ ਭਾਰੀ ਹਨ ਕਿ ਚਿੱਤ ਇਸ ਦਾ ਬੋਝ ਝੱਲਣ ਤੋਂ ਇਨਕਾਰੀ ਹੈ। ਫਿਰ ਕੀ ਕਹਾਂ ਕਿ ਉਹ ਕਿਥੇ ਹੈ? ਅੱਜ ਰੱਖੜੀ ਹੈ, ਉਹਦੇ ਬਿਨਾ ਰੱਖੜੀ ਦੇ ਕੀ ਅਰਥ!

ਰੱਖੜੀ ਵਾਲੇ ਦਿਨ ਨੂੰ ਇੱਕ ਜਸ਼ਨ ਦੀ ਤਰ੍ਹਾਂ ਮਨਾਉਣਾ ਉਸ ਦੇ ਹੀ ਹਿੱਸੇ ਸੀ। ਉਹ ਪਹਿਲਾਂ ਹੀ ਛੇਤੀ ਪਹੁੰਚਣ ਦੀ ਤਾਕੀਦ ਕਰਦਾ। ਆਪਣੇ ਘਰ-ਪਰਿਵਾਰ ਦੇ ਧੰਦੇ ਨਿਬੇੜਦਿਆਂ ਜੇ ਥੋੜ੍ਹੀ ਦੇਰ ਹੋ ਜਾਂਦੀ ਤਾਂ ਰੋਹਬ ਝਾੜਨਾ ਕਿ ਅੱਜ ਦੇ ਦਿਨ ਵੀਂ ਤੁਸੀ ਟਾਈਮ ਨਹੀਂ ਕੱਢ ਸਕਦੀਆਂ! ਨਿਆਣਿਆਂ ਨਾਲ ਘੜੀਸ ਪਾੜ ਕਰਦੀਆਂ ਜਦੋਂ ਭੈਣਾਂ ਇਕੱਠੀਆਂ ਹੁੰਦੀਆਂ ਤਾਂ ਸਭ ਦਾ ਪਹਿਲਾ ਡਾਇਲਾਗ ਹੁੰਦਾ, Ḕਨੀ ਲੇਟ ਹੋ ਗਈਆਂ, ਵੀਰ ਗੁੱਸੇ ਹੋਊ।Ḕ ਦੂਜੇ ਚਾਚਿਆਂ ਦੀਆਂ ਧੀਆਂ ਵੀ ਰੱਖੜੀ ਬੰਨਣ ਆਉਂਦੀਆਂ। ਕਿਸੇ ਕਾਰਨ ਜੇ ਕੋਈ ਨਾ ਆ ਸਕਦੀ, ਉਸ ਦਾ ਵੀ ਸ਼ਗਨ ਦੇਣਾ ਕਦੇ ਨਾ ਭੁਲਦਾ। Ḕਭਾਈਆਂ ਵਾਲੀਆਂ ਦੇ ਨਖਰੇ ਭਾਰੀæææ।Ḕ
ਪਿਛਲੀ ਵਾਰੀ ਜਦੋਂ ਅਮਰੀਕਾ ਆਈ ਤਾਂ ਉਦੋਂ ਪੇਕਿਆਂ ਦਾ ਕਿੱਡਾ ਵੱਡਾ ਸਹਾਰਾ ਸੀ ਕਿ ਪਤਾ ਨਹੀਂ ਕਿੱਡੀ ਕੁ ਬਾਦਸ਼ਾਹੀ ਪਿਛੇ ਛੱਡ ਆਈ ਹਾਂ। ਜਦੋਂ ਜੀਅ ਕੀਤਾ ਵੀਰੇ (ਸੀæਐਮæ ਭਾਰਦਵਾਜ) ਨੂੰ ਫੋਨ ਲਾ ਲਿਆ ਤੇ ਜੋ ਅੰਦਰ ਹੁੰਦਾ, ਉਸ ਨੂੰ ਉਸ ਦੇ ਹਵਾਲੇ ਕਰਕੇ ਆਪ ਹੌਲਾ ਹੋ ਜਾਣਾ। ਪਰ ਇਸ ਵਾਰੀ ਦੀ ਅਮਰੀਕਾ ਫੇਰੀ ਉਹੋ ਜਿਹੀ ਨਹੀਂ। ਇੱਕ ਬੋਝ ਜਿਹਾ ਅੰਦਰੂਨੀ ਜਿਊੜੇ ‘ਤੇ ਪਿਆ ਰਹਿੰਦਾ ਹੈ। ਪਤਾ ਨਹੀਂ ਲਗਦਾ ਕਿ ਕੀ ਕੁਝ ਛੁੱਟ ਗਿਆ ਹੈ? ਪਹਿਲਾਂ ਵੀ ਤੇ ਮਾਪਿਆਂ ਦੇ ਤੁਰ ਜਾਣ ਪਿਛੋਂ ਵੀ Ḕਮੇਰੇ ਸਾਰੀ ਉਮਰ ਦੇ ਮਾਪੇḔ ਵੱਡਾ ਭਰਾ ਹੀ ਸਾਡੇ 4 ਭੈਣ-ਭਰਾਵਾਂ ਦਾ ਮਸੀਹਾ ਸੀ, ਜਿਸ ਤੋਂ ਮਿਲਦਾ ਨਿੱਘ-ਤੇਹ ਮਾਪਿਆਂ ਦੀ ਕਮੀ ਨਾ ਰੜਕਣ ਦਿੰਦਾ। ਮਾਂ ਦੀ ਨਸੀਹਤ, Ḕਜ਼ਿੰਦਗੀ ਵਿਚ ਕੁਝ ਵੀ ਹੋ ਜਾਵੇ ਭਰਾਵਾਂ ਦਾ ਸਾਥ ਨਾ ਛੱਡਿਓḔ ਦੁਨੀਆਂਦਾਰੀ ਦੇ ਸੈਂਕੜੇ ਉਤਰਾ-ਚੜ੍ਹਾਅ ਦੇ ਬਾਵਜੂਦ ਸਾਨੂੰ ਹਮੇਸ਼ਾ ਜੋੜੀ ਰੱਖਦੀ। ਸਹੁਰੇ ਘਰ ਬੈਠੀਆਂ ਇੱਕ ਅਜਿਹੇ ਭਰਵੇਂ ਅਹਿਸਾਸ ਨਾਲ ਸਰਸ਼ਾਰ ਰਹਿੰਦੀਆਂ ਕਿ ਸਾਡਾ ਵੀ ਕੋਈ ਹੈਗਾ।
ਅੱਜ ਉਸ ਅਹਿਸਾਸ ਦੇ ਮੀਨਾਰ ਦਾ ਕਿੰਗਰਾ ਢਹਿ ਗਿਆ ਹੈ ਜੋ ਇਹ ਚਿੜੀ ਦੇ ਬੱਚੇ ਜਿੰਨਾ ਮਨ ਮੰਨਣ ਲਈ ਤਿਆਰ ਨਹੀਂ ਹੈ। ਵੀਰੇ ਨੇ ਹੀ ਸਾਨੂੰ ਪੜ੍ਹਾਇਆ, ਘਰ-ਪਰਿਵਾਰ ਵਾਲਾ ਬਣਾਇਆ। ਉਹਨੂੰ ਕੋਈ ਤਕਲੀਫ ਦੇਣ ਤੋਂ ਪਹਿਲਾਂ ਦਸ ਵਾਰ ਸੋਚਣਾ। ਇਸ ਰਿਸ਼ਤੇ ਨੂੰ ਨਿਭਣਯੋਗ ਬਣਾਈ ਰੱਖਣ ਲਈ ਅਸੀਂ ਫੂਕ ਫੂਕ ਪੈਰ ਰੱਖਦੀਆਂ। ਮਾਂ ਜਾਏ ਦੀ ਸੌ ਸੌ ਸੁਖ ਮੰਗਦੀਆਂ।
1947 ਦੇ ਹੱਲਿਆਂ ਦੇ ਝੰਬੇ ਮਹਾਂਨਗਰ ਕਰਾਚੀ ਤੋਂ ਖਾਲੀ ਹੱਥ ਉਜੜ ਕੇ ਪਟਿਆਲੇ ਲਾਗਲੇ ਪਿੰਡ ਲਚਕਾਣੀ ਆ ਵਸੇ ਪਰਿਵਾਰ ਨੂੰ ਬਹੁਤ ਸਾਰੀਆਂ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਉਜਾੜੇ ਦੇ ਮੁਆਵਜ਼ੇ ਦਾ ਕਲੇਮ ਨਕਾਰ ਦਿੱਤਾ ਕਿ ਅਸੀਂ ਆਪਣੇ ਦੇਸ਼ ਉਤੇ ਬੋਝ ਨਹੀਂ ਬਣਨਾ। ਮਸਾਂ ਤਾਂ ਆਜ਼ਾਦ ਹੋਏ ਹਾਂ। ਬਾਊ ਜੀ ਦਾ ਚਾਰ ਭਰਾਵਾਂ ਦਾ ਵੱਡਾ ਪਰਿਵਾਰ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਰੋਜ਼ੀ-ਰੋਟੀ ਲਈ ਜਾਣਾ ਪਿਆ। ਜਦੋਂ ਮੁੜੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਸਨ। ਸਾਨੂੰ ਦੋ ਭੈਣ ਭਰਾਵਾਂ ਨੂੰ ਨਾਨੀ ਨਾਨਕੇ ਘਰ ਲੈ ਗਈ, ਉਥੇ ਪੜ੍ਹੇ। ਪਰ ਸਾਨੂੰ ਸਾਈਕਲ ‘ਤੇ ਨਾਨਕੇ ਬ੍ਰਾਹਮਣ ਮਾਜਰਾ (ਨੇੜੇ ਘੱਗਾ) ਗਰਮੀਆਂ ਦੀਆਂ ਛੁੱਟੀਆਂ ਵਿਚ ਛੱਡ ਤੇ ਲੈ ਕੇ ਆਉਣ ਦੀ ਜਿੰਮੇਵਾਰੀ ਉਹਦੀ ਹੁੰਦੀ। ਅਸੀਂ ਉਡੀਕਦੇ ਕਿ ਕਦੋਂ ਵੀਰ ਆਵੇਗਾ, ਅਸੀਂ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਮਿਲਾਂਗੇ। ਨਾਨਕਿਆਂ ਵਿਚ ਵੀ ਵੱਡਾ ਹੋਣ ਕਾਰਨ ਸਾਰੇ ਉਸ ਨੂੰ ਮੀਂਹ ਵਾਂਗ ਉਡੀਕਦੇ।
ਅੱਧੀ ਅੱਧੀ ਰਾਤ ਤਕ ਮਾਮਿਆਂ ਦੇ ਜੁਆਕ ਉਸ ਦੇ ਆਲੇ ਦੁਆਲੇ ਜੁੜੇ ਰਹਿੰਦੇ ਤੇ ਆਈਆਂ ਦੁੱਧ ਦੀਆਂ ਗੜਵੀਆਂ ਮੁਕਾਇਆਂ ਨਾ ਮੁਕਦੀਆਂ। ਉਹ ਆਪਣੇ ਸਕੂਲ-ਕਾਲਜ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ। ਉਸ ਨੂੰ ਮਿਲਦੇ ਮਾਣ ਸਤਿਕਾਰ ਨਾਲ ਜਿਵੇਂ ਅਸੀਂ ਵੀ ਦੂਣ ਸਵਾਏ ਹੋ ਜਾਂਦੇ। ਵੱਡਾ ਮਾਮਾ ਉਸ ਨੂੰ ਕਈ ਕਈ ਦਿਨ ਵਾਪਸ ਨਾ ਆਉਣ ਦਿੰਦਾ। ਵਾਪਸੀ ‘ਤੇ ਸਵੇਰੇ ਸਾਜਰੇ ਹੀ ਸਾਈਕਲ ਦੁਆਲੇ ਦੋਵੇਂ ਪਾਸੇ ਝੋਲੇ ਬੰਨ੍ਹ ਕੇ ਡੰਡੇ ‘ਤੇ ਛੋਟੇ ਭਰਾ ਨੂੰ ਅਤੇ ਪਿਛੇ ਕੈਰੀਅਰ ‘ਤੇ ਮੈਨੂੰ ਬਿਠਾ ਸਮਾਣੇ ਤੋਂ ਭਾਖੜਾ ਨਹਿਰ ਦੇ ਨਾਲ ਨਾਲ ਉਹ ਪ੍ਰਛਾਵੇਂ ਢਲਦਿਆਂ ਨੂੰ ਸਾਨੂੰ ਪਿੰਡ ਲਿਆ ਵਾੜਦਾ।
ਪਿੰਡ ਦੀ ਕਬੱਡੀ, ਵਾਲੀਬਾਲ ਤੇ ਖਾਲਸਾ ਕਾਲਜ ਦੀ ਟੀਮ ਦਾ ਉਹ ਕੈਪਟਨ ਸੀ। ਤਕੜਾ ਇੰਨਾ ਕਿ ਉਸ ਦੀ ਰੇਡ ਨੂੰ ਕੋਈ ਨਾ ਰੋਕ ਸਕਦਾ। ਰੋਹਬ ਦਾਬ ਵੀ ਉਸੇ ਤਰ੍ਹਾਂ। ਜਦੋਂ ਗੱਲ ਕਰਦਾ ਤਾਂ ਲੋਕ ਖੜ੍ਹ ਕੇ ਸੁਣਦੇ। ਉਹ ਪੈਦਾਇਸ਼ੀ ਬਾਦਸ਼ਾਹ ਸੀ, ਮਾੜਾ-ਧੀੜਾ ਤਾਂ ਮੂਹਰੇ ਨਾ ਖੜ੍ਹਦਾ। ਵਧੀਆ ਸਾਫ ਸੁਥਰਾ ਪਹਿਰਾਵਾ, ਪਟਿਆਲਾਸ਼ਾਹੀ ਪੱਗ ਤੇ ਚੰਗੀ ਤਰ੍ਹਾਂ ਸੰਵਾਰੀ ਦਾਹੜੀ ਉਸ ਦੀ ਬਹੁਪੱਖੀ ਸ਼ਖਸੀਅਤ ਨੂੰ ਹੋਰ ਨਿਖਾਰਦੇ। ਅਜਿਹੀ ਰੱਬੀ ਰੂਹ ਵਾਲੀ ਸ਼ਖਸੀਅਤ ਜੋ ਹਰ ਤਰ੍ਹਾਂ ਖਾਸ ਸੀ, ਉਹ ਸਾਡੇ ਚਾਰ ਭੈਣ ਭਰਾਵਾਂ ਦੇ ਮੁੱਲ ਦਾ ਸੀ। ਲਗਦਾ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ।
ਪਿੰਡ ਵੜਨ ਵੇਲੇ ਤੋਂ ਪਹਿਲਾਂ ਹੀ ਗਲੀ ਦੇ ਰੇਡੀਓ, ਟੇਪ ਰਿਕਾਰਡਰ ਬੰਦ ਹੋ ਜਾਂਦੇ। ਪਿੰਡ ਵਾਲੇ ਤਾਂ ਉਸ ਨੂੰ ਪਿੰਡ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਸਨ। ਲਿੱਸੀ ਜਿਹੀ ਗੱਲ ਨਾ ਕਰਨੀ, ਨਾ ਸੁਣਨੀ। 7 ਕੁ ਸਾਲ ਪਹਿਲਾਂ ਉਸ ਨੂੰ ਗਲੇ ਦੀ ਤਕਲੀਫ ਹੋ ਗਈ ਜਿਸ ਨੂੰ ਡਾਕਟਰਾਂ ਨਾ ਮੁਰਾਦ ਬਿਮਾਰੀ ਕੈਂਸਰ ਦਾ ਨਾਂ ਦੇ ਦਿਤਾ। ਭਾਵੇਂ ਪਿਛੋਂ ਦਿੱਲੀ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਤਕਲੀਫ ਤਾਂ ਹੈ ਹੀ ਨਹੀਂ ਸੀ, ਗਲਤ ਇਲਾਜ ਹੋਇਆ ਹੈ। ਡਾਕਟਰਾਂ ਦੇ ਪੂਰੇ ਪੈਨਲ ਦੇ ਸੰਪਰਕ ਵਿਚ ਹੋਣ ਦੇ ਬਾਵਜੂਦ ਕਿਸੇ ਨੇ ਨਾ ਦੱਸਿਆ ਕਿ ਉਸ ਨੂੰ ਦਿਲ ਦੀ ਕੋਈ ਤਕਲੀਫ ਹੈ ਪਰ ਪੂਰਾ ਹੋਣ ‘ਤੇ ਸਾਰਿਆਂ ਨੇ ਹੀ ਕਿਹਾ ਕਿ ਸਾਇਲੈਂਟ ਅਟੈਕ ਹੈ। ਮਾਂਵਾਂ ਦੀ ਆਂਦਰ, ਭੈਣਾਂ ਦੀ ਰੱਖੜੀ, ਬੱਚਿਆਂ ਤੋਂ ਮਾਪਿਆਂ ਦਾ ਸਾਇਆ, ਜੀਵਨ ਸਾਥੀਆਂ ਨੂੰ ਅੱਧ ਵਿਚਾਲੇ ਡੋਬਣ ਦਾ ਕਾਰਜ ਕਦੋਂ ਤਕ ਇਹ ਲੁਕਵੇਂ ਦੁਸ਼ਮਣ ਗਲਤ ਡਾਕਟਰੀ ਇਲਾਜ ਕਰਦੇ ਰਹਿਣਗੇ। ਪੰਜਾਬ ਨੂੰ ਭ੍ਰਿਸ਼ਟਾਚਾਰ, ਨਸ਼ੇ ਤੇ ਡਾਕਟਰੀ ਕਿੱਤੇ ਦਾ ਲਾਲਚ ਮਹਿੰਗੀ ਗਲਤ ਪ੍ਰੈਕਟਿਸ ਨੇ ਡੋਬ ਕੇ ਰੱਖ ਦਿੱਤਾ ਹੈ। ਕੋਈ ਸੁਣਵਾਈ ਨਹੀਂ। ਘਰਾਂ ਦੇ ਘਰ ਉਜੜ ਚੁਕੇ ਹਨ ਅਜਿਹੇ ਵਰਤਾਰਿਆਂ ਨਾਲ।
ਲੋਕ ਇੰਨੇ ਬਦਹਵਾਸ ਹਨ ਕਿ ਕੋਈ ਉਫ ਤਕ ਨਹੀਂ ਕਰ ਰਿਹਾ। ਸਾਡੇ ਵਾਂਗ ਅੱਜ ਅਨੇਕਾਂ ਭੈਣਾਂ ਖੂੰਜਿਆਂ ਵਿਚ ਵੜ ਵੜ ਰੋਂਦੀਆਂ ਹਨ। ਬਹੁਤ ਵੱਡੇ ਜਿਗਰੇ ਵਾਲੇ ਵੀਰ ਨੇ ਇਸ ਮਨਹੂਸ ਬਿਮਾਰੀ ਦੀ ਭਿਣਕ ਨਾ ਸਾਨੂੰ ਤੇ ਨਾ ਹੀ ਐਫ਼ਸੀæਆਈæ ਪਰਿਵਾਰ ਨੂੰ ਲੱਗਣ ਦਿੱਤੀ। ਅੰਦਰੋਂ ਓਨਾ ਹੀ ਨਰਮ ਜਿਵੇਂ ਕਿਸੇ ਬੱਚੇ ਦਾ ਮਨ ਹੁੰਦਾ ਹੈ। ਛੇ ਕੁ ਸਾਲ ਪਹਿਲਾਂ ਜੀਵਨ ਸਾਥਣ ਅਚਾਨਕ ਸਾਥ ਛੱਡ ਗਈ। ਕੀ ਮਜਾਲ ਕਿ ਕਿਸੇ ਨੂੰ ਦਿਲ ਛੋਟਾ ਕਰਕੇ ਦਿਖਾਇਆ ਹੋਵੇ। ਪਰ ਅੰਦਰੋ ਅੰਦਰੀ ਖਤਮ ਹੋ ਗਿਆ ਸੀ। ਐਫ਼ਸੀæਆਈæ ਦੀ ਨੌਕਰੀ ਨੂੰ ਉਸ ਨੇ ਇਬਾਦਤ ਦੀ ਤਰ੍ਹਾਂ ਅਖੀਰਲੇ ਦਮ ਤਕ ਨਿਭਾਇਆ। ਮੁਲਾਜਮਾਂ ਦੇ ਹੱਕਾਂ ਲਈ ਜੂਝਿਆ। ਡਿਸਮਿਸ ਮੁਲਾਜ਼ਮਾਂ ਨੂੰ ਬਹਾਲ ਕਰਵਾਇਆ। ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਦੋ ਦਿਨ ਪਹਿਲਾਂ ਵੀ ਸਟਾਫ ਯੂਨੀਅਨ ਵਲੋਂ ਸ਼ੈਲਰ ਵਾਲਿਆਂ ਖਿਲਾਫ ਦਿੱਤੇ ਧਰਨੇ ਨੂੰ ਸੰਬੋਧਨ ਕੀਤਾ। ਅਤਿਵਾਦ ਸਮੇਂ ਦੋਵੇਂ ਭਾਈਚਾਰਿਆਂ ਵਿਚ ਸ਼ਾਂਤੀ ਸਦਭਾਵਨਾ ਲਈ ਕੰਮ ਕੀਤਾ। ਪਟਿਆਲੇ ਦੇ ਥਾਪਰ ਕਾਲਜ ‘ਤੇ ਹੋਏ ਹਮਲੇ ਸਮੇਂ ਮੂਹਰਲੀਆਂ ਸਫਾਂ ਵਿਚ ਕੰਮ ਕੀਤਾ। ਮੌਜੂਦਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ ਪ੍ਰੋæ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਵਰਗੀ ਰਘਵੀਰ ਸਿੰਘ ਕੌਮੀ ਜਨਰਲ ਸਕੱਤਰ, ਆਲ ਇੰਡਿਆ ਐਫ਼ਸੀæਆਈæ ਸਟਾਫ ਯੂਨੀਅਨ ਦਾ ਉਹ ਨੇੜਲਾ ਸਾਥੀ ਸੀ। ਸ਼ਾਲਾ ਦੁਨੀਆਂ ਵਸਦੀ ਰਹੇ, ਪਰ ਵੇਲੇ ਤੋਂ ਪਹਿਲਾਂ ਕਿਸੇ ਭੈਣ ਭਰਾ ਦਾ ਵਿਛੋੜਾ ਨਾ ਪਵੇ।