ਬਲੈਕ ਪ੍ਰਿੰਸ: ਸਰਤਾਜ ਤੇ ਸ਼ਬਾਨਾ ਆਜ਼ਮੀ ਦੀ ਅਦਾਕਾਰੀ

ਗੁਲਜ਼ਾਰ ਸਿੰਘ ਸੰਧੂ
ਮੈਂ ਅੱਜ ਦੀ ਗੱਲ ਆਪਣੇ ਜੱਦੀ ਪੁਸ਼ਤੀ ਖੇਤਰ ਨਾਲ ਸ਼ੁਰੂ ਕਰਦਾ ਹਾਂ। ਫਿਲਮ ‘ਦ ਬਲੈਕ ਪਿੰ੍ਰਸ’ ਵਿਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਨਿਭਾਉਣ ਵਾਲਾ ਸੂਫੀ ਗਾਇਕ ਸਤਿੰਦਰ ਸਰਤਾਜ ਮੇਰਾ ਗਰਾਈਂ ਹੀ ਸਮਝੋ। ਉਸ ਦਾ ਪਿੰਡ ਬਜਰੌੜ ਤੇ ਮੇਰਾ ਪਿੰਡ ਸੂਨੀ ਚੰਡੀਗੜ੍ਹ-ਹੁਸ਼ਿਆਰਪੁਰ ਸੜਕ ‘ਤੇ ਪੈਂਦੇ ਹਨ। ਬਜਰੌੜ ਮਾਹਿਲਪੁਰ ਤੋਂ 8 ਕਿਲੋਮੀਟਰ ਹੁਸ਼ਿਆਰਪੁਰ ਵੱਲ ਨੂੰ ਹੈ ਤੇ ਸੂਨੀ ਏਨੀ ਹੀ ਦੂਰੀ ਉਤੇ ਗੜ੍ਹਸ਼ੰਕਰ ਵੱਲ ਨੂੰ। ਸਰਤਾਜ ਚੜ੍ਹਦੀ ਉਮਰੇ ‘ਸਾਈਂ ਵੇ ਸਾਈਂ’ ਗਾ ਕੇ ਗੀਤ-ਸੰਗੀਤ ਦੀ ਦੁਨੀਆਂ ਦਾ ਉਭਰਦਾ ਸਿਤਾਰਾ ਬਣ ਗਿਆ।

ਬਜਰੌੜ ਵਾਲਾ ਸਰਤਾਜ ਸੈਨ ਹੋਜੇ (ਅਮਰੀਕਾ) ਵਿਚ ਸ਼ੋਅ ਕਰਨ ਗਿਆ ਤਾਂ ਮਿੱਡੂ ਖੇੜਾ (ਡੱਬਵਾਲੀ ਨੇੜਲੇ ਪਿੰਡ) ਦੇ ਜੰਮਪਲ ਤੇ ਪ੍ਰਸਿੱਧ ਤੈਰਾਕ ਜਸਜੀਤ ਦੇ ਨਜ਼ਰੀਂ ਚੜ੍ਹ ਗਿਆ। ਜਸਜੀਤ ਵਾਟਰ ਪੋਲੋ ਖੇਡ ਵਿਚ ਸੋਵੀਅਤ ਰੂਸ ਵਿਖੇ ਭਾਰਤ ਦੀ ਪ੍ਰਤੀਨਿਧਤਾ ਕਰ ਚੁਕਾ ਹੈ। ਉਹ ਵਿਦੇਸ਼ ਜਾਣ ਤੋਂ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪਟਿਆਲਾ ਵਿਚ ਕੋਚ ਰਹਿ ਚੁਕਾ ਹੈ ਅਤੇ ਸਰਤਾਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਸੰਗੀਤ ਅਧਿਆਪਕ। ਤੈਰਾਕ ਤੇ ਗਾਇਕ ਦੀ ਲੰਮੇ ਪੈਂਡੇ ਮਾਰਨ ਵਾਲੀ ਜੋੜੀ ਦਾ ਕੋਈ ਜਵਾਬ ਨਹੀਂ। ਇਸ ਜੋੜੀ ਦੀ ਕਲਾ ਦੀ ਸਿਖਰ ‘ਦ ਬਲੈਕ ਪਿੰ੍ਰਸ’ ਨਾਂ ਦੀ ਫਿਲਮ ਹੈ। ਇਸ ਪੇਸ਼ਕਾਰੀ ਵਿਚ ਸ਼ਬਾਨਾ ਆਜ਼ਮੀ ਤੋਂ ਰਾਣੀ ਜਿੰਦਾਂ ਦਾ ਰੋਲ ਕਰਵਾਉਣਾ ਸਿਖਰਾਂ ਦੀ ਸਿਖਰ ਛੂਹਣ ਵਾਂਗ ਹੈ। ਸ਼ਬਾਨਾ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਦੀ ਬੇਟੀ ਹੈ। ਮੈਂ ਸ਼ਬਾਨਾ ਦੀ ਅਦਾਕਾਰੀ ਦਾ ਮੱਦਾਹ ਹਾਂ। ਪੰਜਾਬੀ ਉਸ ਦੀ ਮਾਂ ਬੋਲੀ ਨਹੀਂ। ਉਹ ਨਹੀਂ ਸੀ ਜਾਣਦੀ ਕਿ ਰਾਣੀ ਜਿੰਦਾਂ ਦਾ ਰੋਲ ਕਰਨ ਸਮੇਂ ਉਸ ਨੂੰ ਪੰਜਾਬੀ ਬੋਲਣੀ ਪਵੇਗੀ? ਪਰ ਉਸ ਨੇ ਆਪਣੀ ਅਦਾਕਾਰੀ ਨਾਲ ਰਾਣੀ ਜਿੰਦਾਂ ਨੂੰ ਮੁੜ ਜਿਉਂਦੀ ਕਰ ਦਿੱਤਾ ਹੈ। ਮੇਰੀ ਨਜ਼ਰ ਵਿਚ ‘ਦੀ ਬਲੈਕ ਪਿੰ੍ਰਸ’ ਫਿਲਮ ਦਾ ਨਾਇਕ ਦਲੀਪ ਸਿੰਘ ਉਹ ਸਿਖਰਾਂ ਨਹੀਂ ਛੁੰਹਦਾ ਜੋ ਉਸ ਦੀ ਮਾਂ ਜਿੰਦਾਂ ਛੁੰਹਦੀ ਹੈ। ਇਸ ਲਈ ਵੀ ਕਿ ਸ਼ਬਾਨਾ ਇਸ ਦੁਨੀਆਂ ਵਿਚ ਪਹਿਲਾਂ ਹੀ ਨਾਮਣਾ ਖੱਟ ਚੁਕੀ ਹੈ ਤੇ ਸਰਤਾਜ ਇਸ ਵਿਚ ਨਵਾਂ ਹੈ। ਉਂਜ ਨਵੇਂ ਖਿਲਾੜੀ ਵਜੋਂ ਉਸ ਦਾ ਰੋਲ ਸ਼ਲਾਘਾਯੋਗ ਹੈ, ਖਾਸ ਕਰਕੇ ਪਹਿਲੇ ਅੱਧ ਵਿਚ ਮਾਂ ਜਿੰਦਾਂ ਨੂੰ ਮਿਲਣ ਦੀ ਤਾਂਘ ਵਿਚ ਉਦਾਸੀ ਦੇ ਪਲਾਂ ਨੂੰ ਜਿਉਣ ਸਮੇਂ।
ਮੈਂ ਗੀਤ-ਸੰਗੀਤ ਦੀ ਦੁਨੀਆਂ ਦਾ ਬੰਦਾ ਨਹੀਂ, ਤੇ ਫਿਲਮੀ ਦੁਨੀਆਂ ਦਾ ਤਾਂ ਉਕਾ ਹੀ ਨਹੀਂ। ਮੈਂ ਸ਼ਬਾਨਾ ਦੇ ਪਿਤਾ ਕੈਫੀ ਆਜ਼ਮੀ ਨੂੰ ਮਿਲਿਆ ਸਾਂ, ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਰਿਸਰਚ (ਕਰਿਡ) ਚੰਡੀਗੜ੍ਹ ਦੇ ਇਕ ਪ੍ਰੋਗਰਾਮ ਸਮੇਂ। ਕੈਫੀ ਆਜ਼ਮੀ ਨੇ ਆਪਣੀ ਸ਼ਾਇਰੀ ਪੇਸ਼ ਕਰਦਿਆਂ ਮੰਨਿਆ ਸੀ ਕਿ ਧੀ ਦੀ ਚੜ੍ਹਤ ਤੋਂ ਪਿਛੋਂ ਉਸ ਨੂੰ ਉਸ ਦੇ ਮੱਦਾਹ ਸ਼ਾਇਰ ਕੈਫੀ ਆਜ਼ਮੀ ਦੀ ਥਾਂ ਸ਼ਬਾਨਾ ਆਜ਼ਮੀ ਦੇ ਪਿਤਾ ਵਜੋਂ ਵਧੇਰੇ ਵਡਿਆਉਂਦੇ ਹਨ। ਇਹ ਪੰਝੀ ਸਾਲ ਪਹਿਲਾਂ ਦੀ ਗੱਲ ਹੈ। ਨਿਸਚੇ ਹੀ ‘ਬਲੈਕ ਪਿੰ੍ਰਸ’ ਦੀ ਸਫਲਤਾ ਦਾ ਸਿਹਰਾ ਸ਼ਬਾਨਾ ਆਜ਼ਮੀ ਦੇ ਸਿਰ ਬਝਦਾ ਹੈ।
ਜਸਜੀਤ ਟੀਮ ਦੀ ਮਾਇਕ ਤੇ ਹੋਰ ਸਹਾਇਤਾ ਅਤੇ ਸਰਤਾਜ ਦੀ ਕਲਾ ਦਾ ਕਮਾਲ ਇਸ ਵਿਚ ਹੈ ਕਿ ਉਹ ਸ਼ਬਾਨਾ ਨੂੰ ਆਪਣੇ ਨਾਲ ਗੰਢਣ ਵਿਚ ਸਫਲ ਹੋ ਗਏ। ਦਲੀਪ ਸਿੰਘ ਪੰਜਾਬੀਆਂ ਦਾ ਅਜਿਹਾ ਨਾਇਕ ਸੀ ਜੋ ਮਹਾਰਾਣੀ ਵਿਕਟੋਰੀਆ ਦਾ ਪਿਆਰਾ ਪਿੰ੍ਰਸ ਹੋਣ ਦੇ ਬਾਵਜੂਦ ਜ਼ਿੰਦਗੀ ਭਰ ਮਾਨਸਿਕ ਤਣਾਓ ਦਾ ਸ਼ਿਕਾਰ ਰਿਹਾ। ਇਸ ਤਣਾਓ ਨੂੰ ਸਿਰੇ ਤੱਕ ਨਿਭਾਉਣਾ ਕਿਸੇ ਵੀ ਅਭਿਨੇਤਾ ਦੇ ਵੱਸ ਦਾ ਰੋਗ ਨਹੀਂ। ਸਤਿੰਦਰ ਸਰਤਾਜ ਦੋ ਪੁੜਾਂ ਵਿਚ ਠੀਕ ਹੀ ਪਿਸਿਆ। ਇੱਕ ਪਾਸੇ ਪਾਲਣ ਪੋਸਣ ਵਾਲਿਆਂ ਦਾ ਈਸਾਈ ਧਰਮ ਤੇ ਬਰਤਾਨਵੀ ਰਾਜ ਦੀ ਸ਼ਕਤੀ ਹੈ ਅਤੇ ਦੂਜੇ ਪਾਸੇ ਜੱਦੀ ਪੁਸ਼ਤੀ ਬਾਦਸ਼ਾਹੀ, ਅਣਖੀਲਾ ਸਿੱਖ ਧਰਮ। ਉਸ ਦੀ ਪੇਸ਼ਕਾਰੀ ਦੋਹਾਂ ਪੁੜਾਂ ਵਿਚ ਪਿਸਣੀ ਹੀ ਸੀ!
ਫਿਲਮ ਗੁੰਝਲਦਾਰ ਜੀਵਨ ਦੀ ਤਸੱਲੀਬਖਸ਼ ਪੇਸ਼ਕਾਰੀ ਵਿਚ ਸਫਲ ਹੈ। ਇਸ ਦੀ ਸਫਲਤਾ ਦਾ ਇਕ ਪੈਮਾਨਾ ਇਹ ਵੀ ਹੈ ਕਿ ਇਸ ਨੇ ਕੁੱਲ ਦੁਨੀਆਂ ਵਿਚ ਮਹਾਰਾਜਾ ਦੇ ਜੀਵਨ ਨਾਲ ਸਬੰਧਤ ਵਾਦ-ਵਿਵਾਦ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿਚ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਆ ਕੇ ਉਸ ਦਾ ਸਸਕਾਰ ਸਿੱਖੀ ਮਰਿਆਦਾ ਨਾਲ ਕਰਨ ਦੀ ਮੰਗ ਪ੍ਰਮੁੱਖ ਹੈ।
ਜਿਥੋਂ ਤੱਕ ਮੇਰੇ ਨਿਜ ਦਾ ਸਬੰਧ ਹੈ, ਮੈਨੂੰ ਇਸ ਦੇ ਪ੍ਰੀਮੀਅਰ ਸ਼ੋਅ ਉਤੇ ਚਿਰਾਂ ਦੇ ਮਿਲੇ ਸਾਥੀ ਮੁੜ ਮਿਲੇ, ਜਿਨ੍ਹਾਂ ਵਿਚ ਹਾਕੀ ਓਲੰਪੀਅਨ ਬਲਬੀਰ ਸਿੰਘ, ਸਿਆਸਤਦਾਨ ਬੀਰ ਦਵਿੰਦਰ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਹਿਤਕਾਰਾ ਦਲੀਪ ਕੌਰ ਟਿਵਾਣਾ ਅਤੇ ਪੱਤਰਕਾਰਾਂ ਵਿਚੋਂ ਸੁਖਦੇਵ ਭਾਈ, ਜਗਤਾਰ ਸਿੰਘ ਤੇ ਕਰਮਜੀਤ ਸਿੰਘ ਅਤੇ ਅੱਧੀ ਦਰਜਨ ਮੇਰੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹੁਣ ਕਦੀ ਕਦਾਈਂ ਹੀ ਮਿਲਦੇ ਹਾਂ। ਮਿਲਾਉਣ ਵਾਲਾ ਮੇਰਾ ਪੱਤਰਕਾਰ ਮਿੱਤਰ ਦਲਜੀਤ ਸਿੰਘ ਤੇ ਉਸ ਦੀ ਜੀਵਨ ਸਾਥਣ ਇੰਦਰਜੀਤ ਹਨ। ਮੈਨੂੰ ਅਫਸੋਸ ਹੈ ਕਿ ਮੈਂ ਉਨ੍ਹਾਂ ਨੂੰ ਆਪਣੇ ਮਿੱਤਰ ਰਛਪਾਲ ਮਲਹੋਤਰਾ ਤੇ ਠਾਕਰ ਸਿੰਘ ਸੰਧਾਵਾਲੀਆ ਦੀ ਵੰਸ਼ ਦੇ ਅੰਮ੍ਰਿਤਸਰ ਨਿਵਾਸੀ ਸੁਖਦੇਵ ਸਿੰਘ ਸੰਧਾਵਾਲੀਆ ਦੇ ਨਾਂ ਦੇਣੇ ਭੁੱਲ ਗਿਆ, ਨਹੀਂ ਤਾਂ ਉਹ ਵੀ ਹਾਜ਼ਰ ਹੋ ਸਕਦੇ ਸਨ। ‘ਦੀ ਬਲੈਕ ਪਿੰ੍ਰਸ’ ਦੀ ਪੇਸ਼ਕਾਰੀ ਚੇਤੇ ਰਹੇਗੀ, ਮਿੱਤਰ ਮਿਲਣੀ ਕਰਕੇ ਹੋਰ ਵੀ। ਹੁਣ ਉਮਰ ਤੇ ਸਿਹਤ ਦੇ ਤਕਾਜ਼ੇ ਮਿੱਤਰ ਮਿਲਣੀਆਂ ਦੇ ਰਾਹ ਵਿਚ ਰੁਕਾਵਟਾਂ ਪਾਉਂਦੇ ਹਨ। ਅਜਿਹੇ ਅਵਸਰਾਂ ਦੀ ਲੋੜ ਰਹਿੰਦੀ ਹੈ।
ਅੰਤਿਕਾ: ਮਿਰਜਾ ਗਾਲਿਬ
ਉਸ ਸਾਦਗੀ ਪੇ ਕੌਨ ਨਾ ਮਰ ਜਾਏ ਐ ਖੁਦਾ,
ਲੜਤੇ ਹੈਂ ਔਰ ਹਾਥ ਮੇਂ ਤਲਵਾਰ ਭੀ ਨਹੀਂ।