ਇਰਾਕ ਵਿਚ ਬੰਦੀਆਂ ਬਾਰੇ ਝੂਠ ਬੋਲਦੀ ਰਹੀ ਮੋਦੀ ਸਰਕਾਰ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਤਿੰਨ ਸਾਲ ਪਹਿਲਾਂ ਇਰਾਕੀ ਸ਼ਹਿਰ ਮੌਸੂਲ ਵਿਚੋਂ ਦਹਿਸ਼ਤੀ ਸੰਗਠਨ ਇਸਲਾਮਿਕ ਸਟੇਟ (ਆਈæਐਸ਼) ਵੱਲੋਂ ਅਗਵਾ ਕੀਤੇ 39 ਨੌਜਵਾਨਾਂ ਜਿਨ੍ਹਾਂ ਵਿਚੋਂ 37 ਪੰਜਾਬੀ ਹਨ, ਦੀ ਹੋਣੀ ਬਾਰੇ ਤਸਵੀਰ ਸਪਸ਼ਟ ਹੋਣ ਲੱਗੀ ਹੈ। ਪੀੜਤ ਪਰਿਵਾਰਾਂ ਨੂੰ ਆਸ ਸੀ ਕਿ ਭਾਰਤ ਦੇ ਦੌਰੇ ਉਤੇ ਆਏ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹੀਮ ਅਲ-ਜਾਫਰੀ ਉਨ੍ਹਾਂ ਦੇ ਬੱਚਿਆਂ ਦੀ ਸੁੱਖ-ਸਾਂਦ ਬਾਰੇ ਖਬਰ ਦੇਣਗੇ, ਪਰ ਜਾਫਰੀ ਨੇ ਲਾਪਤਾ ਨੌਜਵਾਨਾਂ ਦੇ ਮਰੇ ਜਾਂ ਜਿਉਂਦੇ ਹੋਣ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖ ਕੇ ਇਨ੍ਹਾਂ ਦੀਆਂ ਆਸਾਂ ਉਤੇ ਪਾਣੀ ਫੇਰ ਦਿੱਤਾ।

ਪੀੜਤ ਪਰਿਵਾਰਾਂ ਦਾ ਸਭ ਤੋਂ ਵੱਧ ਗਿਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੈ। ਪੀੜਤ ਪਰਿਵਾਰ ਹੁਣ ਤੱਕ 9 ਵਾਰ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਤੇ ਹਰ ਵਾਰ ਭਰੋਸਿਆਂ ਦੀ ਪੰਡ ਲੈ ਕੇ ਪੰਜਾਬ ਪਰਤੇ ਹਨ। ਇਰਾਕੀ ਵਿਦੇਸ਼ ਮੰਤਰੀ ਦੇ ਖੁਲਾਸੇ ਤੋਂ ਸਾਫ ਹੋ ਗਿਆ ਹੈ ਕਿ ਭਾਰਤ ਸਰਕਾਰ ਕੋਲ ਇਨ੍ਹਾਂ ਪੰਜਾਬੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਦ ਕਿ ਸੁਸ਼ਮਾ ਸਵਰਾਜ ਹੁਣ ਤੱਕ ਇਹੀ ਦਾਅਵੇ ਕਰਦੀ ਰਹੀ ਹੈ ਕਿ ਇਰਾਕੀ ਸਰਕਾਰ ਨੇ ਅਗਵਾ ਨੌਜਵਾਨਾਂ ਬਾਰੇ ਪੁਖਤਾ ਜਾਣਕਾਰੀ ਦਿੱਤੀ ਹੈ।
ਕਪੂਰਥਲੇ ਦੇ ਮੁਰਾੜ ਪਿੰਡ ਦੇ ਲਾਪਤਾ ਹੋਏ ਗਬਿੰਦਰ ਦੇ ਭਰਾ ਦਵਿੰਦਰ ਦਾ ਕਹਿਣਾ ਹੈ ਕਿ ਇਰਾਕੀ ਮੰਤਰੀ ਦੇ ਬਿਆਨ ਨੇ ਉਨ੍ਹਾਂ ਦੇ ਪਰਿਵਾਰ ਦੀਆਂ ਸਭ ਉਮੀਦਾਂ ਤੋੜ ਦਿੱਤੀਆਂ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਰਾਕੀ ਮੰਤਰੀ ਦੇ ਬਿਆਨ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਭਾਰਤ ਸਰਕਾਰ ਨੂੰ ਲਾਪਤਾ ਭਾਰਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਸਰਕਾਰ ਨੇ ਤਿੰਨ ਸਾਲਾਂ ਤੋਂ ਉਨ੍ਹਾਂ ਨੂੰ ਹਨੇਰੇ ਵਿਚ ਰੱਖਿਆ ਹੋਇਆ ਹੈ। ਸੁਸ਼ਮਾ ਸਵਰਾਜ ਨੇ ਪਿਛਲੇ ਹਫਤੇ ਹੀ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਸੀ ਕਿ ਇਹ ਭਾਰਤੀ, ਮੌਸੂਲ ਦੇ ਨੇੜਲੇ ਕਸਬੇ ਬਦੂਸ਼ ਦੀ ਜੇਲ੍ਹ ਵਿਚ ਨਜ਼ਰਬੰਦ ਹਨ। ਪੀੜਤ ਪਰਿਵਾਰ ਇਹ ਖਬਰ ਸੁਣ ਕੇ ਖੁਸ਼ੀ-ਖੁਸ਼ੀ ਘਰ ਪਰਤੇ, ਪਰ ਉਨ੍ਹਾਂ ਨੂੰ ਅਗਲੇ ਦਿਨ ਹੀ ਪਤਾ ਲੱਗਾ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰੀ ਨੇ ਝੂਠਾ ਦਿਲਾਸਾ ਦਿੱਤਾ, ਕਿਉਂਕਿ ਬਦੂਸ਼ ਦੀ ਉਹ ਜੇਲ੍ਹ ਤਾਂ ਬੰਬ ਧਮਾਕਿਆਂ ਨਾਲ ਉਡਾ ਦਿੱਤੀ ਚੁੱਕੀ ਹੈ। ਮੌਸੂਲ ਹੁਣ ਫਿਰ ਇਰਾਕ ਸਰਕਾਰ ਦੇ ਹੱਥਾਂ ਵਿਚ ਪਹੁੰਚ ਚੁੱਕਾ ਹੈ। ਇਸਲਾਮਿਕ ਸਟੇਟ ਦੇ ਕਬਜ਼ੇ ਹੇਠਲੇ 97 ਫੀਸਦੀ ਇਰਾਕੀ ਖੇਤਰ ਨੂੰ ਛੁਡਾਇਆ ਜਾ ਚੁੱਕਾ ਹੈ, ਪਰ ਇਸ ਦੀ ਇਕ ਵੀ ਇਮਾਰਤ ਸਬੂਤੀ ਨਹੀਂ ਬਚੀ। ਇਸ ਦੇ ਬਾਵਜੂਦ ਅਗਵਾ ਨੌਜਵਾਨਾਂ ਦੀ ਹੋਣੀ ਬਾਰੇ ਕੁਝ ਵੀ ਸਪਸ਼ਟ ਨਹੀਂ। ਇਸ ਤੋਂ ਭਾਰਤ ਸਰਕਾਰ ਦੀ ਸਥਿਤੀ ਕਸੂਤੀ ਬਣੀ ਹੋਈ ਹੈ। ਯਾਦ ਰਹੇ ਕਿ ਇਸਲਾਮਿਕ ਸਟੇਟ ਵੱਲੋਂ ਬੰਦੀ ਬਣਾਏ ਗਏ ਸਾਰੇ ਨੌਜਵਾਨ ਮੂਲ ਰੂਪ ਵਿਚ ਇਮਾਰਤੀ ਕਾਮੇ ਸਨ। ਇਨ੍ਹਾਂ ਵਿਚੋਂ ਇਕ ਹਰਜੀਤ ਮਸੀਹ ਤਿੰਨ ਸਾਲ ਪਹਿਲਾਂ ਬਚ ਨਿਕਲਿਆ ਸੀ ਅਤੇ ਉਸ ਨੇ ਹੀ ਮੀਡੀਆ ਨੂੰ ਦੱਸਿਆ ਸੀ ਕਿ ਬਾਕੀ 39 ਬੰਦੀ, ਇਸਲਾਮਿਕ ਸਟੇਟ ਵੱਲੋਂ ਮਾਰੇ ਜਾ ਚੁੱਕੇ ਹਨ, ਪਰ ਭਾਰਤ ਸਰਕਾਰ ਨੇ ਇਸ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸ੍ਰੀਮਤੀ ਸਵਰਾਜ ਨੇ ਹੀ ਪਾਰਲੀਮੈਂਟ ਨੂੰ ਦੱਸਿਆ ਸੀ ਕਿ ਭਾਰਤੀ ਏਜੰਸੀਆਂ ਨੇ ਭਾਰਤ ਦੇ ਕੁਝ ਖੈਰਖਾਹਾਂ ਦੀ ਮਦਦ ਨਾਲ ਇਹ ਜਾਣਕਾਰੀ ਹਾਸਲ ਕੀਤੀ ਕਿ ਸਾਰੇ ਭਾਰਤੀ ਬੰਦੀ ਮੌਸੂਲ ਵਿਚ ਹਨ ਅਤੇ ਸੁਰੱਖਿਅਤ ਹਨ। ਉਸ ਸਮੇਂ ਦੀਆਂ ਕੁਝ ਮੀਡੀਆ ਰਿਪੋਰਟਾਂ ਅਨੁਸਾਰ, ਭਾਰਤ ਸਰਕਾਰ ਨੇ ਇਸਲਾਮਿਕ ਸਟੇਟ ਤੱਕ ਵੀ ਪਹੁੰਚ ਕਰ ਕੇ ਉਸ ਨੂੰ ਬੰਦੀਆਂ ਦੀ ਰਿਹਾਈ ਬਦਲੇ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਇਹ ਪੇਸ਼ਕਸ਼ ਬਹੁਤੀ ਕਾਰਗਰ ਸਾਬਤ ਨਹੀਂ ਸੀ ਹੋਈ।
ਮੇਰੀਆਂ ਅੱਖਾਂ ਸਾਹਮਣੇ ਹੋਏ ਕਤਲ: ਮਸੀਹ
ਬਟਾਲਾ: ਇਰਾਕ ਵਿਚੋਂ ਬਚ ਕੇ ਆਏ ਹਰਜੀਤ ਮਸੀਹ ਨੇ ਮੁੜ ਦਾਅਵਾ ਕੀਤਾ ਹੈ ਕਿ ਇਸਲਾਮਿਕ ਸਟੇਟ ਨੇ 39 ਬੰਦੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਖਤਮ ਕਰ ਦਿੱਤਾ ਸੀ। ਉਸ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ। ਉਸ ‘ਤੇ ਝੂਠਾ ਕੇਸ ਦਰਜ ਕਰ ਕੇ 5 ਮਹੀਨੇ ਜੇਲ੍ਹ ‘ਚ ਰੱਖਿਆ ਅਤੇ ਤਸ਼ੱਦਦ ਵੀ ਕੀਤਾ। ਹਰਜੀਤ ਮਸੀਹ ਅੱਜ ਕੱਲ੍ਹ ਜ਼ਮਾਨਤ ‘ਤੇ ਆਇਆ ਹੋਇਆ ਹੈ।
_______________________________________
ਸੁਸ਼ਮਾ ਦੇ ‘ਝੂਠ’ ਖਿਲਾਫ ਸਿਆਸੀ ਲਾਮਬੰਦੀ
ਨਵੀਂ ਦਿੱਲੀ: ਬੰਦੀਆਂ ਬਾਰੇ ਸਹੀ ਜਾਣਕਾਰੀ ਦੇਣ ਵਿਚ ਨਾਕਾਮ ਰਹੀ ਮੋਦੀ ਸਰਕਾਰ ਖਿਲਾਫ ਸਿਆਸੀ ਲਾਮਬੰਦੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸ੍ਰੀਮਤੀ ਸਵਰਾਜ ਉਪਰ ਸੰਸਦ ਅਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ ਖਿਲਾਫ਼ ਮਰਿਆਦਾ ਮਤਾ ਪੇਸ਼ ਕਰਨ ਦੀ ਧਮਕੀ ਦਿੱਤੀ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੱਚਾਈ ਸਾਹਮਣੇ ਲਿਆਉਣ ਲਈ ਕੇਂਦਰ ਸਰਕਾਰ ਨੂੰ ਗੰਭੀਰਤਾ ਵਿਖਾਉਣ ਲਈ ਕਿਹਾ ਹੈ। ਲੋਕ ਸਭਾ ਦੇ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ।