ਨਵੀਂ ਦਿੱਲੀ: ਭਾਜਪਾ ਆਗੂ ਰਾਮ ਨਾਥ ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਹਾਕਮ ਧਿਰ ਐਨæਡੀæਏæ ਦੇ ਉਮੀਦਵਾਰ ਸ੍ਰੀ ਕੋਵਿੰਦ (71) ਸਿੱਧੇ ਤੌਰ ‘ਤੇ ਭਾਜਪਾ ਨਾਲ ਸਬੰਧਤ ਪਹਿਲੇ ਰਾਸ਼ਟਰਪਤੀ ਹਨ। ਉਨ੍ਹਾਂ ਵਿਰੋਧੀ ਧਿਰ ਦੀ ਉਮੀਦਵਾਰ ਤੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ।
ਬਿਹਾਰ ਦੇ ਸਾਬਕਾ ਰਾਜਪਾਲ ਸ੍ਰੀ ਕੋਵਿੰਦ ਨੂੰ ਚੋਣ ਮੰਡਲ ਦੀਆਂ ਕੁੱਲ ਵੋਟਾਂ ਵਿਚੋਂ 65æ65 ਫੀਸਦੀ ਹਾਸਲ ਹੋਈਆਂ। ਸ੍ਰੀ ਕੋਵਿੰਦ ਨੂੰ ਕੁੱਲ ਮਿਲਾ ਕੇ 2930 ਕਾਨੂੰਨਸਾਜ਼ਾਂ (ਸੰਸਦ ਮੈਂਬਰਾਂ ਤੇ ਵਿਧਾਇਕਾਂ) ਨੇ ਵੋਟਾਂ ਪਾਈਆਂ ਜਿਨ੍ਹਾਂ ਦੀ ਕੀਮਤ 702044 ਬਣਦੀ ਹੈ। ਬੀਬੀ ਕੁਮਾਰ ਨੂੰ 367314 ਕੀਮਤ ਵਾਲੀਆਂ 1844 ਵੋਟਾਂ ਮਿਲੀਆਂ। ਉਂਜ ਸ੍ਰੀ ਕੋਵਿੰਦ ਦੀ ਜਿੱਤ ਦਾ ਫਰਕ ਭਾਜਪਾ ਦੇ ਦਾਅਵਿਆਂ ਤੱਕ ਨਹੀਂ ਪੁੱਜ ਸਕਿਆ, ਜਿਸ ਨੇ ਸ੍ਰੀ ਕੋਵਿੰਦ ਨੂੰ 70 ਫੀਸਦੀ ਵੋਟਾਂ ਪੈਣ ਦੀ ਪੇਸ਼ੀਨਗੋਈ ਕੀਤੀ ਸੀ।
ਸ੍ਰੀ ਕੋਵਿੰਦ ਰਾਸ਼ਟਰਪਤੀ ਭਵਨ ਪੁੱਜਣ ਵਾਲੇ ਦੂਜੇ ਦਲਿਤ ਆਗੂ ਹਨ। ਸ੍ਰੀ ਕੇæਆਰæ ਨਰਾਇਣਨ ਪਹਿਲੇ ਦਲਿਤ ਰਾਸ਼ਟਰਪਤੀ ਸਨ। ਸ੍ਰੀ ਕੋਵਿੰਦ ਦੀ ਜਿੱਤ ਵਿਚ ਉਨ੍ਹਾਂ ਦੇ ਜੱਦੀ ਸੂਬੇ ਯੂæਪੀæ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਦਾ ਵੀ ਅਹਿਮ ਹਿੱਸਾ ਹੈ। ਉਂਜ ਯੂæਪੀæ ਦੀ ਜਿੱਤ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੇ ਹਾਕਮ ਐਨæਡੀæਏæ ਦੀਆਂ ਵੋਟਾਂ ਬਹੁਮਤ ਤੋਂ ਘੱਟ ਰਹੀਆਂ ਸਨ। ਇਸ ਕਾਰਨ ਜਿੱਤ ਲਈ ਉਨ੍ਹਾਂ ਨੂੰ ਗੈਰ ਐਨæਡੀæਏæ ਪਾਰਟੀਆਂ ਜਿਵੇਂ ਤਿਲੰਗਾਨਾ ਦੀ ਟੀæਆਰæਐਸ਼, ਤਾਮਿਲ ਨਾਡੂ ਦੀ ਅੰਨਾæਡੀæਐਮæਕੇæ ਦੇ ਧੜਿਆਂ ਤੇ ਡੀæਐਮæਕੇæ, ਬਿਹਾਰ ਦੇ ਜਨਤਾ ਦਲ (ਯੂ) ਤੇ ਉੜੀਸਾ ਦੇ ਬੀਜੂ ਜਨਤਾ ਦਲ ਦਾ ਸਹਾਰਾ ਲੈਣਾ ਪਿਆ।
ਉਂਜ ਭਾਜਪਾ ਨੇ ਇਕ ਦਲਿਤ ਨੂੰ ਉਮੀਦਵਾਰ ਬਣਾ ਕੇ ਬੜੀ ਸਿਰੇ ਦੀ ਚਾਲ ਚੱਲੀ ਸੀ। ਇਸ ਨਾਲ ਪਾਰਟੀ ਨੇ ਨਾ ਸਿਰਫ ਦਲਿਤ ਤੇ ਪਛੜੇ ਵਰਗਾਂ ਵਿਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਵੱਖ-ਵੱਖ ਪਾਰਟੀਆਂ ਲਈ ਵੀ ਵਿਰੋਧ ਵਿਚ ਖੜ੍ਹਾ ਹੋਣਾ ਮੁਸ਼ਕਲ ਬਣਾ ਦਿੱਤਾ। ਇਸੇ ਕਾਰਨ ਵਿਰੋਧੀ ਧਿਰ ਨੂੰ ਵੀ ਬੀਬੀ ਕੁਮਾਰ ਦੇ ਰੂਪ ਵਿਚ ਇਕ ਦਲਿਤ ਨੂੰ ਉਮੀਦਵਾਰ ਬਣਾਉਣਾ ਪਿਆ। ਬੀਬੀ ਕੁਮਾਰ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਪਾਲਣਾ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਸਿਰ ਹੈ। ਰਾਸ਼ਟਰਪਤੀ ਚੋਣ ਲਈ ਇਥੇ ਪਈਆਂ ਵੋਟਾਂ ਵਿਚ ਵਿਰੋਧੀ ਕਾਂਗਰਸ ਦੇ ਅੱਠ ਵਿਧਾਇਕਾਂ ਨੇ ਐਨæਡੀæਏæ ਦੇ ਜੇਤੂ ਰਹੇ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਵੋਟਾਂ ਪਾਈਆਂ। ਨਤੀਜਿਆਂ ਮੁਤਾਬਕ ਸ੍ਰੀ ਕੋਵਿੰਦ ਨੂੰ 132 ਵਿਧਾਇਕਾਂ ਨੇ ਵੋਟ ਪਾਈ ਤੇ ਯੂæਪੀæਏæ ਉਮੀਦਵਾਰ ਮੀਰਾ ਕੁਮਾਰ ਨੂੰ 49 ਵੋਟਾਂ ਮਿਲੀਆਂ। ਵਿਧਾਨ ਸਭਾ ਦੇ ਕੁੱਲ 182 ਮੈਂਬਰਾਂ ਵਿਚੋਂ ਕਾਂਗਰਸ ਦੇ 57, ਭਾਜਪਾ ਦੇ 121, ਐਨæਸੀæਪੀæ ਦੇ ਦੋ ਅਤੇ ਜੇæਡੀæ(ਯੂ) ਅਤੇ ਗੁਜਰਾਤ ਪਰਿਵਰਤਨ ਪਾਰਟੀ ਦਾ ਇਕ-ਇਕ ਵਿਧਾਇਕ ਹੈ।
_____________________________________
ਪੰਜਾਬ ‘ਚ ਕੋਵਿੰਦ ਨੂੰ 18 ਤੇ ਮੀਰਾ ਕੁਮਾਰ ਨੂੰ 95 ਵੋਟਾਂ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਐਨæਡੀæਏæ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਪੰਜਾਬ ‘ਚ ਆਪਣੀ ਵਿਰੋਧੀ ਉਮੀਦਵਾਰ ਦੇ ਮੁਕਾਬਲੇ ਘੱਟ ਵੋਟਾਂ ਮਿਲੀਆਂ। ਪੰਜਾਬ ਵਿਚ ਕੋਵਿੰਦ ਨੂੰ 18 ਜਦਕਿ ਮੀਰਾ ਕੁਮਾਰ ਨੂੰ 95 ਵੋਟਾਂ ਹਾਸਲ ਹੋਈਆਂ। ਪੰਜਾਬ ‘ਚ ਕਾਂਗਰਸ ਦੇ ਸੱਤਾ ‘ਚ ਹੋਣ ਕਰ ਕੇ ਇਥੇ ਮੀਰਾ ਕੁਮਾਰ ਨੂੰ ਵੱਧ ਵੋਟਾਂ ਪਈਆਂ। ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ‘ਚ ਕੁੱਲ ਪਈਆਂ 90 ਵੋਟਾਂ ਵਿਚੋਂ ਕੋਵਿੰਦ ਨੂੰ 73 ਜਦਕਿ ਮੀਰਾ ਕੁਮਾਰ ਨੂੰ 16 ਵੋਟਾਂ ਪਈਆਂ।