ਅਤਿਵਾਦ ਦੇ ਮਸਲੇ ਉਤੇ ਅਮਰੀਕਾ ਵੱਲੋਂ ਪਾਕਿਸਤਾਨ ਦੀ ਖਿਚਾਈ

ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਨੂੰ ਉਨ੍ਹਾਂ ਦੇਸ਼ਾਂ ਤੇ ਖੇਤਰਾਂ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਹੈ, ਜੋ ਅਤਿਵਾਦੀਆਂ ਨੂੰ ‘ਸੁਰੱਖਿਅਤ ਪਨਾਹਗਾਹ’ ਮੁਹੱਈਆ ਕਰਵਾਉਂਦੇ ਹਨ। ਅਮਰੀਕਾ ਨੇ ਕਿਹਾ ਹੈ ਕਿ 2016 ‘ਚ ਪਾਕਿਸਤਾਨ ਨੇ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜੋ ਇਥੋਂ ਸਿਖਲਾਈ ਲੈ ਕੇ ਅਤਿਵਾਦੀ ਕਾਰਵਾਈਆਂ ਕਰ ਰਹੇ ਹਨ। ਪਾਕਿਸਤਾਨ ਅਤਿਵਾਦੀ ਸੰਗਠਨਾਂ ‘ਤੇ ਕਾਰਵਾਈ ਨਹੀਂ ਕਰਦਾ, ਸਗੋਂ ਅਤਿਵਾਦੀਆਂ ਦਾ ਪਾਲਣ-ਪੋਸ਼ਣ ਕਰਦਾ ਹੈ।

ਅਮਰੀਕਾ ਦੀ 2016 ਸਾਲਾਨਾ ਦੇਸ਼ ਦੀ ਅਤਿਵਾਦ ਬਾਰੇ ਰਿਪੋਰਟ ਵਿਚ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨੀ ਸੈਨਾ ਤੇ ਸੁਰੱਖਿਆ ਬਲ ਸਿਰਫ ਪਾਕਿਸਤਾਨ ਅੰਦਰ ਅਤਿਵਾਦੀ ਹਮਲੇ ਕਰਨ ਵਾਲੇ ‘ਤਹਿਰੀਕ-ਏ- ਤਾਲਿਬਾਨ ਪਾਕਿਸਤਾਨ’ ਜਿਹੇ ਅਤਿਵਾਦੀ ਸੰਗਠਨਾਂ ਖਿਲਾਫ਼ ਕਾਰਵਾਈ ਕਰਦੇ ਹਨ, ਜਦੋਂ ਕਿ ਪਾਕਿਸਤਾਨ ਕਦੇ ਵੀ ਅਮਰੀਕਾ ਦੀ ਇੱਛਾ ਮੁਤਾਬਕ ਅਫਗਾਨਿਸਤਾਨ ਵਿਚ ਅਮਨ ਦੀ ਬਹਾਲੀ ਲਈ ਅਫਗਾਨ ਤਾਲਿਬਾਨ ਜਾਂ ਹੱਕਾਨੀ ਅਤਿਵਾਦੀ ਗੁੱਟਾਂ ਖਿਲਾਫ਼ ਕਾਰਵਾਈ ਨਹੀਂ ਕਰਦਾ ਸਗੋਂ ਇਨ੍ਹਾਂ ਦੋਹਾਂ ਸੰਗਠਨਾਂ ਦੀ ਮਦਦ ਕਰਦਾ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਲਗਾਤਾਰ ਨਕਸਲੀਆਂ ਤੇ ਪਾਕਿਸਤਾਨ ਹਮਾਇਤ ਪ੍ਰਾਪਤ ਅਤਿਵਾਦੀਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ ਤੇ ਭਾਰਤ ਵੱਲੋਂ ਲਗਾਤਾਰ ਪਾਕਿਸਤਾਨ ‘ਤੇ ਜੰਮੂ-ਕਸ਼ਮੀਰ ਵਿਚ ਸਰਹੱਦ ਪਾਰੋਂ ਅਤਿਵਾਦੀ ਹਮਲਿਆਂ ਲਈ ਇਲਜ਼ਾਮ ਲਗਾਏ ਜਾਂਦੇ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਨਵਰੀ 2016 ਵਿਚ ਪੰਜਾਬ ਦੇ ਪਠਾਨਕੋਟ ਵਿਖੇ ਭਾਰਤੀ ਹਵਾਈ ਸੈਨਾ ਦੇ ਅੱਡੇ ਉਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਉਤੇ ਹਮਲੇ ਦੇ ਇਲਜ਼ਾਮ ਲਗਾਏ ਗਏ ਹਨ ਤੇ ਭਾਰਤ ਸਰਕਾਰ ਅਤਿਵਾਦ ਦੇ ਮੁਕਾਬਲੇ ਲਈ ਅਮਰੀਕਾ ਨਾਲ ਸਹਿਯੋਗ ਤੇ ਸੂਚਨਾ ਦਾ ਅਦਾਨ-ਪ੍ਰਦਾਨ ਕਰ ਰਹੀ ਹੈ।
________________________________
ਪਾਕਿਸਤਾਨ ਦਾ ਭਾਈਵਾਲ ਸਹਾਇਤਾ ਫੰਡ ਰੋਕਿਆ
ਵਾਸ਼ਿੰਗਟਨ: ਹੱਕਾਨੀ ਨੈੱਟਵਰਕ ਖਿਲਾਫ਼ ਲੋੜੀਂਦੀ ਕਾਰਵਾਈ ਨਾ ਕਰਨ ‘ਤੇ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ 35 ਕਰੋੜ ਡਾਲਰ ਦਾ ਭਾਈਵਾਲ ਸਹਾਇਤਾ ਫੰਡ ਰੋਕ ਲਿਆ ਹੈ। ਰੱਖਿਆ ਸਕੱਤਰ ਨੇ ਇਸ ਸਬੰਧੀ ਰਿਪੋਰਟ ਅਮਰੀਕੀ ਕਾਂਗਰਸ ਨੂੰ ਦਿੱਤੀ ਸੀ। ਪੈਂਟਾਗਨ ਵੱਲੋਂ ਇਹ ਫੈਸਲਾ ਟਰੰਪ ਪ੍ਰਸ਼ਾਸਨ ਵੱਲੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਸਬੰਧੀ ਅਮਰੀਕੀ ਨੀਤੀ ਦੇ ਮੁਲਾਂਕਣ ਤੋਂ ਬਾਅਦ ਲਿਆ ਗਿਆ ਹੈ। ਰੱਖਿਆ ਸਕੱਤਰ ਜੇਮਜ਼ ਮੈੱਟਿਸ ਨੇ ਕਾਂਗਰਸ ਨੂੰ ਦੱਸਿਆ ਸੀ ਕਿ ਉਸ ਇਸ ਗੱਲ ਦੀ ਤਸਦੀਕ ਨਹੀਂ ਕਰ ਸਕਦੇ ਕਿ ਪਾਕਿਸਤਾਨ ਨੇ ਹੱਕਾਨੀ ਨੈੱਟਵਰਕ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਹੈ।