ਖਹਿਰਾ ਹੱਥ ਆਈ ਵਿਰੋਧੀ ਧਿਰ ਦੇ ਆਗੂ ਦੀ ਕਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਐਲਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਇਸ ਸਬੰਧੀ ਵਿਚਾਰ ਲਏ ਸਨ। ਇਹ ਅਹੁਦਾ ਵਿਧਾਇਕ ਐਚæਐਸ਼ ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ।

ਸ੍ਰੀ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਮੀਟਿੰਗ ਵਿਚ ਕੀਤਾ। ਜ਼ਿਕਰਯੋਗ ਹੈ ਸ੍ਰੀ ਖਹਿਰਾ ਪਹਿਲਾਂ ਚੀਫ ਵ੍ਹਿਪ ਸਨ ਪਰ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਬਣਾਏ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲ ਦੀ ਘੜੀ ਚੀਫ ਵ੍ਹਿਪ ਦਾ ਅਹੁਦਾ ਕਿਸੇ ਨੂੰ ਨਹੀਂ ਦਿੱਤਾ ਗਿਆ।
ਸ੍ਰੀ ਫੂਲਕਾ ਨੇ ਅਸਤੀਫਾ ਦੇਣ ਵੇਲੇ ਅਗਲੇ ਆਗੂ ਲਈ ਭਾਵੇਂ ਕੰਵਰ ਸੰਧੂ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਦੇ ਨਾਂ ਦੀ ਸਿਫਾਰਸ਼ ਕਰ ਦਿੱਤੀ ਸੀ ਪਰ ਭਗਵੰਤ ਮਾਨ ਦੀ ਨਾਰਾਜ਼ਗੀ ਕਾਰਨ ਬਹੁਤਿਆਂ ਨੂੰ ਸ੍ਰੀ ਖਹਿਰਾ ਦੇ ਨਾਂ ਉਤੇ ਮੋਹਰ ਲੱਗਣ ਦੀ ਆਸ ਨਹੀਂ ਸੀ। ਇਸ ਅਹੁਦੇ ਦੀ ਦੌੜ ਵਿਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਪ੍ਰੋæ ਬਲਜਿੰਦਰ ਕੌਰ ਵੀ ਸਨ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਹੁੰਦਾ ਹੈ।
ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ ‘ਆਪ’ ਵਿਧਾਇਕ ਦਲ ਦੀ ਪਹਿਲਾਂ ਵੀ ਦੋ ਵਾਰ ਮੀਟਿੰਗ ਰੱਖੀ ਗਈ ਸੀ ਪਰ ਦੋਵੇਂ ਵਾਰ ਮੁਲਤਵੀ ਕਰਨੀ ਪਈ ਸੀ। ਦਿੱਲੀ ਵਿਚ ਹੋਈ ਤੀਜੀ ਮੀਟਿੰਗ ‘ਚ ਸੁਖਪਾਲ ਖਹਿਰਾ ਦੇ ਨਾਂ ਉਤੇ ਮੋਹਰ ਲੱਗੀ। ਸੁਖਪਾਲ ਖਹਿਰਾ ਵਿਧਾਨ ਸਭਾ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਨ। ਸ਼ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਕਈ ਦਹਾਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਰਹੇ ਸਨ। ਸ੍ਰੀ ਖਹਿਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਉਮੀਦਵਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਹਰਾਇਆ ਸੀ।
ਇਸੇ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ 20 ਵਿਧਾਇਕਾਂ ਅਤੇ ਦੋ ਸੰਸਦ ਮੈਂਬਰਾਂ ਦੀ ਸਹਿਮਤੀ ਨਾਲ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ ਤੇ ਸਾਰੇ ਵਿਧਾਇਕਾਂ ਨੇ ਰਲ-ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਨਗਰ ਨਿਗਮ ਦੀਆਂ ਚੋਣਾਂ ਸਮੇਤ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਦਿਨ ਰਾਤ ਇਕ ਕਰ ਦੇਵੇਗੀ।
________________________________________
ਨਵੇਂ ਲਾਏ ਜਾ ਰਹੇ ਟੈਕਸਾਂ ਖਿਲਾਫ ਨਿੱਤਰੀ ‘ਆਪ’
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਗਾਏ ਜਾ ਰਹੇ ਨਵੇਂ ਟੈਕਸਾਂ ਉਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਹੁਣ ਕਾਂਗਰਸ ਪਹਿਲਾਂ ਤੋਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਲੋਕਾਂ ਦੀ ਜੇਬ ਕੱਟਣ ਉਤੇ ਆਈ ਗਈ ਹੈ, ਪਰ ਇਹ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਕੈਪਟਨ ਸਰਕਾਰ ਆਪਣਾ ਇਹ ਸਿਧਾਂਤਕ ਫੈਸਲਾ ਤੁਰਤ ਵਾਪਸ ਲਵੇ। ਪਾਰਟੀ ਦੇ ਪ੍ਰਦੇਸ਼ ਸਹਿ-ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਪੰਜਾਬ ਦੀ ਜਨਤਾ ਖਾਸ ਤੌਰ ‘ਤੇ ਵਪਾਰੀ-ਕਾਰੋਬਾਰੀ ਵਰਗ ਉਤੇ 1000 ਕਰੋੜ ਰੁਪਏ ਤੋਂ ਇਲਾਵਾ ਹੋਰ ਟੈਕਸ ਥੋਪਣ ਦਾ ਤੁਲਗਕੀ ਫੈਸਲਾ ਲੈ ਲਿਆ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਇਹ ਬੇਹੱਦ ਬਦਕਿਸਮਤੀ ਭਰਿਆ ਕਦਮ ਸਾਬਤ ਹੋਵੇਗਾ, ਕਿਉਂਕਿ ਪਹਿਲਾਂ ਹੀ ਜੀ ਐਸ ਟੀæ ਦੇ ਭੰਬਲਭੂਸੇ ਵਿਚ ਫਸੇ ਕਾਰੋਬਾਰੀ ਹੁਣ ਰਾਜ ਸਰਕਾਰ ਦੇ ਨਵੇਂ ਟੈਕਸਾਂ ਦੀ ਮਾਰ ਵਿਚ ਆ ਜਾਣਗੇ।