ਟਿਊਬਵੈੱਲਾਂ ਲਈ ਮੁਫਤ ਬਿਜਲੀ ਦੀ ਸਹੂਲਤ ਛੱਡਣ ਬਾਰੇ ਅਪੀਲ ਬੇਅਸਰ

ਚੰਡੀਗੜ੍ਹ: ਪੰਜਾਬ ਵਿਚ ਖਤਰੇ ਦੀ ਹੱਦ ਤੱਕ ਹੇਠਾਂ ਜਾ ਚੁੱਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਤੋਂ ਇਲਾਵਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੇ ਕਿਸਾਨਾਂ ਨੂੰ ਸਵੈਇੱਛਕ ਤੌਰ ‘ਤੇ ਮੁਫਤ ਬਿਜਲੀ ਦੀ ਸਹੂਲਤ ਛੱਡਣ ਦੀ ਕੀਤੀ ਅਪੀਲ ਹਵਾ-ਹਵਾਈ ਹੋ ਗਈ ਹੈ। ਕੈਪਟਨ ਅਮਰਿੰਦਰ, ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਇਕ ਹੋਰ ਕਿਸਾਨ ਹੀ ਮੈਦਾਨ ਵਿਚ ਨਿੱਤਰੇ ਹਨ ਜਦੋਂ ਕਿ ਜ਼ਿਆਦਾਤਰ ਸਿਆਸੀ ਆਗੂਆਂ ਨੇ ਚੁੱਪ ਵੱਟੀ ਬੈਠੇ ਹਨ।

19 ਜੂਨ, 2017 ਨੂੰ ਵਿਧਾਨ ਸਭਾ ਅੰਦਰ ਕੈਪਟਨ ਅਮਰਿੰਦਰ ਨੇ ਕਿਸਾਨਾਂ ਲਈ ਮੁਫਤ ਬਿਜਲੀ ਦੀ ਸੁਵਿਧਾ ਜਾਰੀ ਰੱਖਣ ਦਾ ਐਲਾਨ ਕਰਦਿਆਂ ਵੱਡੇ ਕਿਸਾਨਾਂ ਨੂੰ ਖੇਤੀ ਟਿਊਬਵੈਲਾਂ ਲਈ ਮੁਫਤ ਬਿਜਲੀ ਦੀ ਸਹੂਲਤ ਛੱਡਣ ਦੀ ਅਪੀਲ ਕੀਤੀ ਸੀ। ਉਸ ਸਮੇਂ ਕਾਂਗਰਸ ਵਿਧਾਇਕਾਂ ਨੇ ਇਸ ਦਾ ਹੱਥ ਖੜ੍ਹੇ ਕਰ ਕੇ ਸਮਰਥਨ ਕੀਤਾ ਸੀ। ਪੰਜਾਬ ‘ਚ 14 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ। ਸਰਕਾਰ ਵੱਲੋਂ ਮੁਫਤ ਬਿਜਲੀ ਦੇ ਸਾਲ 2016-17 ਵਿਚ 6364æ49 ਕਰੋੜ ਰੁਪਏ ਅਦਾ ਕੀਤੇ ਜਾਣੇ ਸਨ। ਪਿਛਲੇ ਦੋ ਸਾਲਾਂ ਦੀ ਲਗਭਗ 2300 ਕਰੋੜ ਰੁਪਏ ਸਬਸਿਡੀ ਸਰਕਾਰ ਵੱਲ ਬਕਾਇਆ ਖੜ੍ਹੀ ਹੋਣ ਕਰ ਕੇ ਇਸ ਵਾਰ ਦੇ ਬਜਟ ‘ਚ ਬਿਜਲੀ ਸਬਸਿਡੀ ਉਤੇ 10 ਹਜ਼ਾਰ ਕਰੋੜ ਰੁਪਏ ਖਰਚ ਹੋਣੇ ਹਨ।
ਬਜਟ ਵਾਲੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੁਫਤ ਬਿਜਲੀ ਦੀ ਸਹੂਲਤ ਛੱਡਣ ਬਾਰੇ ਪੁੱਛਣ ਉਤੇ ਉਨ੍ਹਾਂ ਕਿਹਾ ਸੀ ਕਿ ਉਹ ਸਭ ਤੋਂ ਪਹਿਲਾਂ ਤਿਆਰ ਹਨ ਪਰ ਉਨ੍ਹਾਂ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਹੀ ਨਹੀਂ ਹੈ।
ਸ੍ਰੀ ਨਾਗਰਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਅੰਦਰ ਹੀ ਮੁਫਤ ਬਿਜਲੀ ਦੀ ਸੁਵਿਧਾ ਛੱਡਣ ਤੋਂ ਇਲਾਵਾ ਬਤੌਰ ਵਿਧਾਇਕ ਇਕ ਮਹੀਨੇ ਦੀ ਤਨਖਾਹ ਵੀ ਕਿਸਾਨਾਂ-ਮਜ਼ਦੂਰਾਂ ਦੇ ਹਿੱਤ ਵਿਚ ਦੇਣ ਦਾ ਐਲਾਨ ਕੀਤਾ ਸੀ। ਛੇਤੀ ਉਹ ਆਪਣੀ ਤਨਖਾਹ ਮੁੱਖ ਮੰਤਰੀ ਦਫਤਰ ਨੂੰ ਦੇਣਗੇ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਪੀਲ ‘ਤੇ ਅਮਲ ਕਰਾਉਣ ਲਈ ਆਗੂਆਂ ਤੇ ਵੱਡੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦਾ ਤਰੀਕਾ ਵੀ ਲੱਭ ਰਹੀ ਹੈ। ਸੂਤਰਾਂ ਅਨੁਸਾਰ ਪਟਿਆਲਾ ਦੀ ਕੈਂਟ ਡਿਵੀਜ਼ਨ ਪੂਰਬੀ ਦੇ ਅਧੀਨ ਆਉਂਦੇ ਪਿੰਡ ਭਾਨਰੀ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਵੀ ਆਪਣੇ 20 ਹਾਰਸ ਪਾਵਰ ਦੇ ਟਿਊਬਵੈਲ ਕੁਨੈਕਸ਼ਨ ਦੀ ਮੁਫਤ ਬਿਜਲੀ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਅਨੁਸਾਰ ਪੰਜਾਬ ‘ਚ ਵਾਹੀ ਵਾਲੀ 30 ਫੀਸਦੀ ਜ਼ਮੀਨ ਵੱਡੇ ਕਿਸਾਨਾਂ ਕੋਲ ਹੈ। ਸੂਬੇ ਵਿਚ 17 ਸਟੈਂਡਰਡ ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਨੂੰ ਕਾਨੂੰਨੀ ਦਾਇਰੇ ਤੋਂ ਬਾਹਰ ਮੰਨਿਆ ਜਾਂਦਾ ਹੈ।
ਜੇਕਰ 17 ਏਕੜ ਤੋਂ ਉਪਰ ਦੀ ਖੇਤੀ ਕਰਨ ਵਾਲਿਆਂ ਦੀ ਮੁਫਤ ਬਿਜਲੀ ਵਾਪਸ ਲੈ ਲਈ ਜਾਵੇ ਤਾਂ ਸਰਕਾਰ ਨੂੰ ਤਕਰੀਬਨ ਸਾਢੇ ਤਿੰਨ ਲੱਖ ਟਿਊਬਵੈਲਾਂ ਤੋਂ ਤਕਰੀਬਨ ਦੋ ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋ ਸਕਦੀ ਹੈ।
_________________________________________________
ਬਾਦਲ ਸਰਕਾਰ ਵੇਲੇ ਵੀ ਉਠੀ ਸੀ ਮੰਗ
ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 2015 ਵਿਚ ਇਕ ਚਿੱਠੀ ਲਿਖ ਕੇ ਗਰੀਬ ਕਿਸਾਨਾਂ ਦੀ ਬਾਂਹ ਫੜਨ ਲਈ ਵੱਡੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਛੱਡਣ ਦੀ ਅਪੀਲ ਕਰਦਿਆਂ ਆਪਣੇ 9 ਟਿਊਬਵੈਲਾਂ ਦੀ ਮੁਫਤ ਬਿਜਲੀ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਇਸ ‘ਚ ਕਿਹਾ ਸੀ ਕਿ ਲਗਭਗ 50 ਦੇ ਕਰੀਬ ਬਾਦਲ ਪਰਿਵਾਰ ਦੇ ਟਿਊਬਵੈਲਾਂ ਦੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਕਰ ਦਿੱਤੀ ਜਾਵੇ। ਬਾਦਲ ਤਾਂ ਖਾਮੋਸ਼ ਰਹੇ ਪਰ ਪਾਵਰਕੌਮ ਦੇ ਅਧਿਕਾਰੀਆਂ ਨੇ ਖਹਿਰਾ ਦੀ ਚਿੱਠੀ ਨੂੰ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਸੀ ਕਿਉਂਕਿ ਇਹ ਨੀਤੀਗਤ ਮਾਮਲੇ ਨਾਲ ਸਬੰਧਤ ਹੈ।
ਬਿਜਲੀ ਸੁਧਾਰ ਵਿੰਗ ਦੇ ਓæਐਸ਼ਡੀæ ਨੇ ਪਾਵਰਕੌਮ ਦੇ ਚੇਅਰਮੈਨ-ਕਮ-ਪ੍ਰਬੰਧਕੀ ਨਿਰਦੇਸ਼ਕ ਦੇ ਨਾਂ ਫਰਵਰੀ 2017 ਵਿਚ ਲਿਖੀ ਚਿੱਠੀ ਵਿਚ ਕਿਹਾ ਸੀ ਕਿ ਜੇਕਰ ਕੋਈ ਮੁਫਤ ਬਿਜਲੀ ਦੀ ਸਹੂਲਤ ਛੱਡਣਾ ਚਾਹੁੰਦਾ ਹੈ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ।