ਸਿੱਖ ਅਜਾਇਬ ਘਰ ਨੂੰ ਸਮੇਂ ਦਾ ਹਾਣੀ ਬਣਾਉਣ ‘ਚ ਸ਼੍ਰੋਮਣੀ ਕਮੇਟੀ ਨਾਕਾਮ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਦੇਸ਼-ਵਿਦੇਸ਼ ਤੋਂ ਗੁਰੂ ਨਗਰੀ ਆਉਂਦੇ ਸਿੱਖ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ 60 ਵਰ੍ਹਿਆਂ ਤੋਂ ਸਿੱਖੀ ਵਿਰਸੇ, ਵਿਰਾਸਤ, ਸਿੱਖ ਇਤਿਹਾਸ ਤੇ ਸਭਿਆਚਾਰ ਦੇ ਰੂਬਰੂ ਕਰਵਾ ਰਿਹਾ ਕੇਂਦਰੀ ਸਿੱਖ ਅਜਾਇਬ ਘਰ ਲੋੜੀਂਦੀਆਂ ਆਧੁਨਿਕ ਤਕਨੀਕਾਂ ਨਾਲ ਲੈੱਸ ਹੋ ਕੇ ਸਮੇਂ ਦਾ ਹਾਣੀ ਬਣਨ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਸਵੱਲੀ ਨਜ਼ਰ ਦੀ ਉਡੀਕ ਵਿਚ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਵਾਲੀ ਡਿਓੜੀ ਉਪਰ ਖੱਬੇ ਪਾਸੇ ਪਹਿਲੀ ਮੰਜ਼ਿਲ ‘ਤੇ ਬਣੇ ਇਸ ਅਜਾਇਬ ਨੂੰ ਛੋਟਾ ਜਿਹਾ ਰਸਤਾ ਡਿਓੜੀ ਦੀਆਂ ਪੌੜੀਆਂ ਰਾਹੀਂ ਜਾਂਦਾ ਹੈ।
ਇਸ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਆਗੂਆਂ ਵੱਲੋਂ 5 ਜੁਲਾਈ 1958 ਨੂੰ ਕੀਤੀ ਗਈ ਸੀ। ਕੇਂਦਰੀ ਸਿੱਖ ਅਜਾਇਬ ਘਰ ਦੇ 6 ਦੇ ਕਰੀਬ ਵੱਡੇ ਛੋਟੇ ਹਾਲਾਂ ਵਿਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਜ਼ੁਲਮ ਵਿਰੁੱਧ ਲੜੀਆਂ ਗਈਆਂ ਜੰਗਾਂ, ਛੋਟੇ ਵੱਡੇ ਘੱਲੂਘਾਰਿਆਂ, ਸਿੱਖੀ ਦੀ ਖਾਤਰ ਮੁਗਲਾਂ ਦੇ ਜ਼ੁਲਮ ਸਹਿਣ ਵਾਲੇ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਤੇ ਸਿੱਖ ਯੋਧਿਆਂ ਦੀਆਂ ਪ੍ਰਸਿੱਧ ਚਿੱਤਰਕਾਰਾਂ ਵੱਲੋਂ ਬਣਾਈਆਂ ਕਲਾਤਮਕ ਤਸਵੀਰਾਂ, 18ਵੀਂ ਤੋਂ 20ਵੀਂ ਸਦੀ ਤੱਕ ਦੇ ਹੱਥ ਲਿਖਤ ਦੁਰਲੱਭ ਖਰੜਿਆਂ, ਗੁਰੂ ਸਾਹਿਬਾਨ ਤੇ ਮਹਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ, ਬਸਤਰਾਂ ਤੇ ਸਿੱਖ ਕਾਲ ਦੇ ਸਿੱਕਿਆਂ ਆਦਿ ਨੂੰ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ।
ਅਜਾਇਬ ਘਰ ਦੇ ਪ੍ਰਬੰਧਕਾਂ ਨੇ ਇਸ ਦੇ ਹਾਲਾਂ ਦੀ ਕੀਤੀ ਗਈ ਵੰਡ ਅਨੁਸਾਰ ਪਹਿਲੇ ਹਾਲ ‘ਚ ਦਸ ਸਿੱਖ ਗੁਰੂ ਸਾਹਿਬਾਨ ਅਤੇ ਸਬੰਧਿਤ ਸਮਕਾਲੀਆਂ ਦੇ ਚਿੱਤਰ ਆਦਿ ਪ੍ਰਦਰਸ਼ਿਤ ਕੀਤੇ ਗਏ ਹਨ। ਦੂਜੇ ਹਾਲ ਵਿਚ 17ਵੀਂ ਤੇ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਸ਼ਹੀਦ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸ਼ੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਆਦਿ ਦੇ ਚਿੱਤਰ ਲਗਾਏ ਗਏ ਹਨ।
ਇਹ ਅਜਾਇਬ ਘਰ ਨੌਜਵਾਨ ਸਿੱਖ ਪਨੀਰੀ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਦੇ ਰੂਬਰੂ ਕਰਾਉਣ ਲਈ ਅਹਿਮ ਯੋਗਦਾਨ ਪਾਉਂਦਾ ਆ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿਵਾਏ ਸਬ-ਕਮੇਟੀਆਂ ਬਣਾਉਣ ਦੇ ਹੋਰ ਨਿੱਗਰ ਯਤਨ ਨਹੀਂ ਕੀਤੇ ਗਏ।
_______________________________________
ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਹਿਤ ਵਾਪਸ ਕਰੇ ਕੇਂਦਰ: ਬਡੂੰਗਰ
ਅੰਮ੍ਰਿਤਸਰ: ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜ਼ਬਤ ਕੀਤਾ ਗਿਆ ਕੀਮਤੀ ਸਾਹਿਤਕ ਖਜ਼ਾਨਾ ਵਾਪਸ ਕਰ ਕੇ ਕੇਂਦਰ ਸਰਕਾਰ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਸ ਇਤਿਹਾਸਕ ਲਾਇਬ੍ਰੇਰੀ ਦੀ ਸ਼ਾਨ ਮੁੜ ਤੋਂ ਬਹਾਲ ਹੋ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਜੂਨ 1984 ਦੇ ਫੌਜੀ ਹਮਲੇ ਦੌਰਾਨ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰਨ ਦੀ ਕਾਰਵਾਈ ਕੀਤੀ ਗਈ। ਪਹਿਲੀ ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਲਾਇਬ੍ਰੇਰੀ ਦਾ ਸਾਮਾਨ ਕੇਂਦਰੀ ਸੂਹੀਆ ਏਜੰਸੀਆਂ ਕੋਲ ਹੈ ਪਰ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਾਮਾਨ ਹੈ ਹੀ ਨਹੀਂ।