ਬਠਿੰਡਾ: ਪੰਜਾਬ ਰੋਡਵੇਜ਼ ਅਤੇ ਪੀæਆਰæਟੀæਸੀæ ਦੇ ਪੱਲੇ ਨਵੇਂ ਟਾਈਮ ਟੇਬਲਾਂ ਵਿਚ ਕੰਗਾਲੀ ਹੀ ਪਈ ਹੈ। ਕੈਪਟਨ ਸਰਕਾਰ ਨੇ ਔਰਬਿਟ ਬੱਸਾਂ ਨੂੰ ਗੱਫੇ ਦੇਣ ਵਿਚ ਬਾਦਸ਼ਾਹੀ ਵਿਖਾਈ ਹੈ ਜਦਕਿ ਸਰਕਾਰੀ ਬੱਸਾਂ ਲਈ ਹੱਥ ਘੁੱਟਿਆ ਗਿਆ ਹੈ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦਾ ਨਵਾਂ ਟਾਈਮ ਟੇਬਲ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਵੱਲੋਂ ਮੁੱਢਲੇ ਪੜਾਅ ‘ਤੇ ਕੁਝ ਰੂਟਾਂ ਦੇ ਟਾਈਮ ਟੇਬਲ ਨਵੇਂ ਸਿਰਿਉਂ ਬਣਾਏ ਗਏ ਹਨ, ਜਿਨ੍ਹਾਂ ਵਿਚ ਮੁੜ ਔਰਬਿਟ ਬੱਸਾਂ ਦੀ ਤੂਤੀ ਬੋਲਣ ਲੱਗੀ ਹੈ। ਇਕ ਕਾਂਗਰਸੀ ਵਿਧਾਇਕ ਦੀ ਪ੍ਰਾਈਵੇਟ ਬੱਸ ਕੰਪਨੀ ਨੂੰ ਨਵੇਂ ਟਾਈਮ ਟੇਬਲ ਵਿਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਦਿੱਤਾ ਗਿਆ ਹੈ।
ਰਿਜਨਲ ਟਰਾਂਸਪੋਰਟ ਅਥਾਰਟੀ, ਫਿਰੋਜ਼ਪੁਰ ਦੇ ਸਕੱਤਰ ਵੱਲੋਂ ਮੋਗਾ-ਕੋਟਕਪੂਰਾ ਰੂਟ ਦੇ ਬਣਾਏ ਗਏ ਨਵੇਂ ਟਾਈਮ ਟੇਬਲ ਵਿਚ 217 ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਰੂਟਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਵਿਚ ਔਰਬਿਟ ਅਤੇ ਡੱਬਵਾਲੀ ਟਰਾਂਸਪੋਰਟ ਦੇ ਕਰੀਬ 32 ਰੂਟ ਹਨ, ਜਿਨ੍ਹਾਂ ਨੂੰ ਬਾਕੀ ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨਾਲੋਂ ਵੱਧ ਸਮਾਂ ਦਿੱਤਾ ਗਿਆ ਹੈ। ਲੜੀ ਨੰਬਰ 34 ਤਹਿਤ ਔਰਬਿਟ ਨੂੰ ਬੱਸ ਅੱਡੇ ‘ਤੇ ਖੜ੍ਹਨ ਲਈ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ ਹੈ ਜਦਕਿ ਉਸ ਤੋਂ ਅੱਗੇ ਦੋ ਸਰਕਾਰੀ ਬੱਸਾਂ ਨੂੰ ਤਿੰਨ-ਤਿੰਨ ਮਿੰਟ ਮਿਲੇ ਹਨ। ਲੜੀ ਨੰਬਰ 87 ਵਿਚ ਡੱਬਵਾਲੀ ਟਰਾਂਸਪੋਰਟ ਨੂੰ 6 ਮਿੰਟ ਦਿੱਤੇ ਗਏ ਹਨ ਜਦਕਿ ਉਸ ਤੋਂ ਅੱਗੇ ਦੋ ਸਰਕਾਰੀ ਬੱਸਾਂ ਨੂੰ ਤਿੰਨ-ਤਿੰਨ ਮਿੰਟ ਮਿਲੇ ਹਨ।
ਮਿਲੇ ਵੇਰਵਿਆਂ ਅਨੁਸਾਰ ਲੜੀ ਨੰਬਰ 115 ਵਿਚ ਔਰਬਿਟ ਨੂੰ ਪੰਜ ਮਿੰਟ ਤੇ ਉਸ ਤੋਂ ਅਗਲੀਆਂ ਦੋ ਸਰਕਾਰੀ ਬੱਸਾਂ ਨੂੰ ਤਿੰਨ-ਤਿੰਨ ਮਿੰਟ ਮਿਲੇ ਹਨ। ਲੜੀ ਨੰਬਰ 127 ਵਿਚ ਡੱਬਵਾਲੀ ਟਰਾਂਸਪੋਰਟ ਨੂੰ ਅੱਠ ਮਿੰਟ ਮਿਲੇ ਹਨ ਪਰ ਉਸ ਤੋਂ ਪਹਿਲਾਂ ਤਿੰਨ ਸਰਕਾਰੀ ਬੱਸਾਂ ਨੂੰ ਤਿੰਨ-ਤਿੰਨ ਮਿੰਟ ਦਿੱਤੇ ਗਏ ਹਨ। ਕਾਂਗਰਸੀ ਆਗੂ ਦੀ ਗਰੀਨ ਬੱਸ ਕੰਪਨੀ ਦੇ ਸਮੇਂ ਵਿਚ ਵੀ ਦੋ-ਦੋ ਮਿੰਟ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਫਰੀਦਕੋਟ-ਕੋਟਕਪੂਰਾ ਦੇ 176 ਰੂਟਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਜਿਨ੍ਹਾਂ ਵਿਚ 22 ਰੂਟ ਡੱਬਵਾਲੀ ਅਤੇ ਔਰਬਿਟ ਟਰਾਂਸਪੋਰਟ ਦੇ ਹਨ ਜਿਨ੍ਹਾਂ ਨੂੰ ਬਾਕੀਆਂ ਨਾਲੋਂ ਵੱਧ ਸਮਾਂ ਦਿੱਤਾ ਗਿਆ ਹੈ। ਫਰੀਦਕੋਟ-ਕੋਟਕਪੂਰਾ ਦੀ ਨਵੀਂ ਸਮਾਂ ਸੂਚੀ ਦੇ ਲੜੀ ਨੰਬਰ 42 ਵਿਚ ਡੱਬਵਾਲੀ ਟਰਾਂਸਪੋਰਟ ਨੂੰ 5 ਮਿੰਟ ਮਿਲੇ ਹਨ ਜਦਕਿ ਉਸ ਤੋਂ ਪਹਿਲਾਂ ਚੱਲਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਤਿੰਨ ਮਿੰਟ ਦਿੱਤੇ ਗਏ ਹਨ। ਜ਼ਿਆਦਾਤਰ ਰੂਟਾਂ ਉਤੇ ਅਜਿਹਾ ਹੀ ਹੋਇਆ ਹੈ।
ਪੰਜਾਬ ਰੋਡਵੇਜ਼ ਐਂਪਲਾਈਜ਼ ਯੂਨੀਅਨ (ਆਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੇ ਨਵੇਂ ਟਾਈਮ ਟੇਬਲਾਂ ਵਿਚ ਔਰਬਿਟ ਨੂੰ ਹੀ ਵੱਧ ਸਮਾਂ ਦਿੱਤਾ ਹੈ ਅਤੇ ਸਰਕਾਰੀ ਬੱਸਾਂ ਨੂੰ ਨਵੇਂ ਟਾਈਮ ਟੇਬਲਾਂ ਵਿਚ ਨੁਕਸਾਨ ਹੋਇਆ ਹੈ। ਪ੍ਰਾਈਵੇਟ ਟਰਾਂਸਪੋਰਟਰ ਵੀ ਔਖੇ ਹਨ, ਜਿਨ੍ਹਾਂ ਨੂੰ ਨਵੇਂ ਟਾਈਮ ਟੇਬਲਾਂ ਵਿਚ ਰਾਹਤ ਨਹੀਂ ਮਿਲੀ ਹੈ।