ਕਿਸਾਨਾਂ ਦੀ ਕਰਜ਼ ਮੁਆਫੀ ਬਾਰੇ ਸਰਕਾਰ ਕੋਲ ਕੋਈ ਨੀਤੀ ਨਹੀਂ

ਜਲੰਧਰ: ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਵੱਲੋਂ 5 ਏਕੜ ਤੱਕ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕਰਨ ਵਾਲੇ ਐਲਾਨ ਬਾਰੇ ਕਿਸਾਨਾਂ, ਬੈਂਕਾਂ ਤੇ ਖੁਦ ਸਰਕਾਰ ਨੂੰ ਵੀ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ। ਹਰ ਵਿਭਾਗ ਵਿਚ ਭੰਬਲਭੂਸਾ ਇੰਨਾ ਜ਼ਿਆਦਾ ਹੈ ਕਿ ਕਿਸੇ ਕੋਲ ਕੋਈ ਜਵਾਬ ਹੀ ਨਹੀਂ। ਸਰਕਾਰੀ ਪੱਧਰ ਉਤੇ ਅਜੇ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ ਕੀਤੇ ਜਾਣ ਵਾਲੀ ਰਕਮ ਬਾਰੇ ਕੋਈ ਅੰਕੜਾ ਨਹੀਂ।

ਬਸ, ਇੰਨੀ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ ਕਿ 10æ25 ਲੱਖ ਦੇ ਕਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ, ਪਰ ਸਹਿਕਾਰੀ ਬੈਂਕਾਂ ਦੇ ਮਾਮਲੇ ਵਿਚ ਇਹ ਹੋਰ ਵੀ ਵੱਡਾ ਭੰਬਲਭੂਸਾ ਹੈ। ਸਹਿਕਾਰੀ ਬੈਂਕਾਂ ਤੋਂ ਫਸਲੀ ਕਰਜ਼ਾ ਲੈਣ ਵਾਲੇ ਅੱਧ ਤੋਂ ਵਧੇਰੇ ਕਰੀਬ 55 ਫੀਸਦੀ ਕਿਸਾਨ ਅਗਲੀ ਫਸਲ ਲਈ ਕਰਜ਼ਾ ਲੈਣ ਦੀ ਗਰਜ਼ ਕਾਰਨ ਆਪਣੇ ਪਿਛਲੇ ਫਸਲੀ ਕਰਜ਼ੇ ਦੀ ਪੂਰੀ ਰਕਮ ਮੋੜ ਚੁੱਕੇ ਹਨ। ਇਸ ਤਰ੍ਹਾਂ ਕੇਂਦਰੀ ਸਹਿਕਾਰੀ ਬੈਂਕ ਦੇ ਐਮæਡੀæ ਐਸ਼ਕੇæ ਵਾਤਿਸ ਦਾ ਕਹਿਣਾ ਹੈ ਕਿ ਫਸਲੀ ਕਰਜ਼ਾ ਲੈਣ ਵਾਲੇ ਛੋਟੇ ਤੇ ਸੀਮਤ ਕਿਸਾਨਾਂ ਦੀ ਗਿਣਤੀ ਕਰੀਬ ਸਾਢੇ 6 ਲੱਖ ਸੀ। ਇਨ੍ਹਾਂ ਵਿਚ 55 ਫੀਸਦੀ ਦੇ ਕਰੀਬ ਸਾਢੇ 3 ਲੱਖ ਦੇ ਆਸ-ਪਾਸ ਕਿਸਾਨ ਆਪਣੇ ਕਰਜ਼ੇ ਉਤਾਰ ਚੁੱਕੇ ਹਨ। ਫਿਰ ਭਲਾ ਰਾਹਤ ਪਾਉਣ ਵਾਲੇ ਕਿਸਾਨਾਂ ਦੀ ਗਿਣਤੀ ਸਵਾ ਦਸ ਲੱਖ ਕਿਵੇਂ ਹੋਈ। ਬੈਂਕ ਅਧਿਕਾਰੀ ਆਖਦੇ ਹਨ ਕਿ ਕਰਜ਼ਾ ਉਤਾਰਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤੇ ਜਾਣ ਬਾਰੇ ਵੀ ਅਜੇ ਤੱਕ ਕੋਈ ਨੀਤੀ ਸਪੱਸ਼ਟ ਨਹੀਂ।
ਸਰਕਾਰ ਵੱਲੋਂ ਭਾਵੇਂ ਇਹ ਆਖਿਆ ਜਾ ਰਿਹਾ ਹੈ ਕਿ ਸ਼ਾਹੂਕਾਰਾਂ ਨੂੰ ਛੱਡ ਬਾਕੀ ਸਾਰੇ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਪਰ ਬੈਂਕਾਂ ਨੂੰ ਅਧਿਕਾਰਤ ਤੌਰ ‘ਤੇ ਅਜੇ ਤੱਕ ਕੋਈ ਸੂਚਨਾ ਹੀ ਨਹੀਂ ਹੈ, ਨਾ ਹੀ ਉਹ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਬਾਰੇ ਕਿਸੇ ਕਿਸਮ ਦੀ ਯੋਜਨਾਬੰਦੀ ਦਾ ਹੀ ਕੋਈ ਹਿੱਸਾ ਹਨ। ਇਹੀ ਕਾਰਨ ਹੈ ਕਿ ਕਰਜ਼ਾ ਨਾ ਅਦਾ ਕਰਨ ਵਾਲੇ ਕੁਝ ਕਿਸਾਨਾਂ ਦੀ ਪੈਨਸ਼ਨ ਹੀ ਵਪਾਰਕ ਬੈਂਕਾਂ ਵੱਲੋਂ ਕਿਸ਼ਤਾਂ ‘ਚ ਕੱਟ ਲਈ ਗਈ। ਇਕ ਪਾਸੇ ਸਰਕਾਰ ਵੱਲੋਂ ਕਰਜ਼ਾ ਮੁਆਫ ਕਰਨ ਦੇ ਬਿਆਨ ਸੁਣ ਕੇ ਕਿਸਾਨ ਖੁਸ਼ ਹੋ ਜਾਂਦੇ ਹਨ, ਪਰ ਦੂਜੇ ਪਾਸੇ ਕਰਜ਼ਾ ਮੁਆਫ ਕਰਨ ਬਾਰੇ ਕੋਈ ਵੀ ਸਰਕਾਰੀ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ।
ਇਹੀ ਕਾਰਨ ਹੈ ਕਿ ਕੈਪਟਨ ਸਰਕਾਰ ਬਣਨ ਦੇ ਚਾਰ ਮਹੀਨੇ ਬਾਅਦ ਵੀ 300 ਦੇ ਕਰੀਬ ਕਿਸਾਨ ਤੇ ਖੇਤ ਮਜ਼ਦੂਰ ਜ਼ਿੰਦਗੀ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਕਿਸੇ ਵੀ ਅਧਿਕਾਰੀ ਜਾਂ ਸਿਆਸੀ ਆਗੂ ਨੇ ਇਹ ਆਖਣ ਦੀ ਜੁਰਅਤ ਹੀ ਨਹੀਂ ਕੀਤੀ ਕਿ ਹੁਣ ਤਾਂ ਤੁਹਾਡੇ ਕਰਜ਼ੇ ਮੁਆਫ ਹੋ ਗਏ ਨੇ, ਹੁਣ ਕਾਹਤੋਂ ਮਰਨ ਦੇ ਰਾਹ ਪਏ ਹੋ? ਕਰਜ਼ਿਆਂ ਬਾਰੇ ਫੈਲੀ ਬੇਯਕੀਨੀ ਅਤੇ ਬੇਵਿਸ਼ਵਾਸੀ ਕਾਰਨ ਹੀ ਲੋਕ ਸਰਕਾਰ ਉਪਰ ਯਕੀਨ ਕਰਨ ਨੂੰ ਤਿਆਰ ਨਹੀਂ ਤੇ ਨਾ ਹੀ ਸਰਕਾਰ ਯਕੀਨ ਬਣਾਉਣ ਲਈ ਕਿਧਰੇ ਸਰਗਰਮ ਹੀ ਨਜ਼ਰ ਆ ਰਹੀ ਹੈ।
__________________________________________
ਕੇਂਦਰ ਕੋਲ ਕਰਜ਼ ਮੁਆਫੀ ਸਬੰਧੀ ਕੋਈ ਤਜਵੀਜ਼ ਨਹੀਂ
ਨਵੀਂ ਦਿੱਲੀ: ਕਰਜ਼ਿਆਂ ਹੇਠ ਦੱਬੇ ਕਿਸਾਨਾਂ ਦੀਆਂ ਉਮੀਦਾਂ ਉਤੇ ਪਾਣੀ ਫੇਰਦਿਆਂ ਕੇਂਦਰ ਸਰਕਾਰ ਨੇ ਸਾਫ ਆਖ ਦਿੱਤਾ ਕਿ ਇਸ ਵੱਲੋਂ ਖੇਤੀ ਕਰਜ਼ੇ ਮੁਆਫ ਕਰਨ ਸਬੰਧੀ ਕਿਸੇ ਤਜਵੀਜ਼ ਉਤੇ ਗੌਰ ਨਹੀਂ ਕੀਤੀ ਜਾ ਰਹੀ। ਇਹ ਗੱਲ ਲੋਕ ਸਭਾ ਵਿਚ ਇਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਆਖੀ। ਕਾਂਗਰਸ ਨੇ ਮੰਤਰੀ ਦੇ ਬਿਆਨ ਦਾ ਵਿਰੋਧ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ ਤੇ ਬਾਅਦ ਵਿਚ ਪਾਰਟੀ ਮੈਂਬਰ ਸਦਨ ਤੋਂ ਵਾਕ-ਆਊਟ ਕਰ ਗਏ। ਉਧਰ, ਹਾਕਮ ਧਿਰ ਨੇ ਕਿਸਾਨਾਂ ਦੇ ਮਸਲਿਆਂ ‘ਤੇ ਕਾਂਗਰਸ ਉਤੇ ‘ਮਗਰਮੱਛ ਦੇ ਹੰਝੂ’ ਵਹਾਉਣ ਦਾ ਦੋਸ਼ ਲਾਇਆ। ਸ੍ਰੀ ਗੰਗਵਾਰ ਨੇ ਆਪਣੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ ਤਿੰਨ ਸਾਲਾਂ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਕਿਸੇ ਸਕੀਮ ਦਾ ਐਲਾਨ ਨਹੀਂ ਕੀਤਾ। ਗੌਰਤਲਬ ਹੈ ਕਿ ਬੀਤੀ 12 ਜੂਨ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਕਿਹਾ ਸੀ ਕਿ ਰਾਜ ਸਰਕਾਰਾਂ ਵੱਲੋਂ ਕਿਸਾਨੀ ਕਰਜ਼ੇ ਮੁਆਫ ਕੀਤੇ ਜਾਣ ਦੀ ਸੂਰਤ ਵਿਚ ਕੇਂਦਰ ਵੱਲੋਂ ਉਨ੍ਹਾਂ ਦੀ ਕੋਈ ਮਾਲੀ ਇਮਦਾਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਇਸ ਮਕਸਦ ਲਈ ਸੂਬਾ ਸਰਕਾਰਾਂ ਨੂੰ ਆਪਣੇ ਵਸੀਲੇ ਜੁਟਾਉਣੇ ਹੋਣਗੇ। ਇਸ ਤੋਂ ਪਹਿਲਾਂ 2008 ਵਿਚ ਉਦੋਂ ਦੀ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਨੇ ਕਿਸਾਨਾਂ ਦੇ 74 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਸਨ।
________________________________________
ਵਸੂਲੀ ਲਈ ਕਿਸਾਨਾਂ ਨੂੰ ਘੇਰਨ ਲੱਗੇ ਨੈਸ਼ਨਲ ਬੈਂਕ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੌਮੀਕ੍ਰਿਤ (ਨੈਸ਼ਨਲ) ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਤੋਂ ਫਸਲੀ ਕਰਜ਼ੇ ਦੀ ਵਸੂਲੀ ਲਈ ਨੋਟਿਸ ਜਾਰੀ ਨਾ ਕਰਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਸਰਕਾਰ ਛੇਤੀ ਹੀ ਕਦਮ ਚੁੱਕਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਇਸ ਕਰ ਕੇ ਬੈਂਕਾਂ ਦੀ ਉਗਰਾਹੀ ਦਾ ਪ੍ਰਬੰਧ ਡਾਵਾਂਡੋਲ ਹੋ ਗਿਆ ਹੈ। ਸੂਬੇ ਦੇ ਕੌਮੀਕ੍ਰਿਤ ਬੈਂਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਕਰਜ਼ੇ ਦੀ ਉਗਰਾਹੀ ਲਈ ਕਦਮ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਬੈਂਕਾਂ ਨੇ ਸੂਬੇ ਦੇ 31 ਲੱਖ ਕਿਸਾਨਾਂ ਨੂੰ 85,360æ86 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹੋਏ ਹਨ। ਇਸ ਵਿਚ ਫਸਲੀ ਕਰਜ਼ਾ 36,600 ਕਰੋੜ ਰੁਪਏ ਦਾ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਫਸਲੀ ਕਰਜ਼ੇ ਦੀ 60 ਫੀਸਦੀ ਉਗਰਾਹੀ ਨਹੀਂ ਹੋਈ।