ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਵਿਭਾਗਾਂ ਵਿਚ ਪੈਸੇ ਦੇ ਜ਼ੋਰ ਨਾਲ ਨੌਕਰੀਆਂ ਦੇ ਯੋਗ ਬਣਾਉਣ ਦੇ ਦੋਸ਼ਾਂ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮਲੋਟ ਦੇ ਨਗਰ ਕੌਂਸਲਰ ਸ਼ਾਮ ਲਾਲ ਡੱਡੀ ਦਾ ‘ਲਾਈ ਡਿਟੈਕਟਰ ਟੈਸਟ’ (ਝੂਠ ਫੜਨ ਵਾਲਾ ਟੈਸਟ) ਕਰਾਉਣ ਦਾ ਫੈਸਲਾ ਕੀਤਾ ਹੈ। ਵਿਜੀਲੈਂਸ ਨੂੰ ਉਮੀਦ ਹੈ ਕਿ ਇਸ ਵਿਅਕਤੀ ਰਾਹੀਂ ਲੰਬੀ ਹਲਕੇ ਨਾਲ ਸਬੰਧਤ ਵਿਵਾਦਤ ‘ਜਥੇਦਾਰ’ ਨੂੰ ਹੱਥ ਪਾਇਆ ਜਾ ਸਕਦਾ ਹੈ।
ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਬਿਊਰੋ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰ ਲਈ ਗਈ ਹੈ ਅਤੇ ਮੁਹਾਲੀ ਦੀ ਅਦਾਲਤ ਨੇ ਸ਼ਾਮ ਲਾਲ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੱਕ ਹੀ ਇਸ ਕਾਰਵਾਈ ਨੂੰ ਅਮਲੀ ਰੂਪ ਦੇਣ ਦੇ ਆਸਾਰ ਹਨ। ਬਿਊਰੋ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੌਕਰੀ ਘੁਟਾਲੇ ਵਿਚ ਸ਼ਾਮਲ ਸਿਆਸੀ ਪਿਛੋਕੜ ਵਾਲੇ ਵਿਅਕਤੀਆਂ ਦੀ ਤਫਤੀਸ਼ ਵਿਚ ਕਈ ਤਰ੍ਹਾਂ ਦੀਆਂ ਊਣਤਾਈਆਂ ਰਹਿ ਗਈਆਂ ਕਿਉਂਕਿ ਜਦੋਂ ਇਹ ਘੁਟਾਲਾ ਸਾਹਮਣੇ ਆਇਆ ਸੀ ਤਾਂ ਉਦੋਂ ਜਿਹੜੇ ਸਿਆਸੀ ਵਿਅਕਤੀਆਂ ਦਾ ਨਾਂ ਸਾਹਮਣੇ ਆਇਆ ਸੀ, ਉਨ੍ਹਾਂ ਦਾ ਸਬੰਧ ਤਤਕਾਲੀ ਹਾਕਮ ਧਿਰ ਅਕਾਲੀ ਦਲ ਨਾਲ ਸੀ। ਵਿਜੀਲੈਂਸ ਨੇ ਅਦਾਲਤ ਵਿਚ ਦਿੱਤੀ ਅਰਜ਼ੀ ਵਿਚ ਵੀ ਇਹੀ ਤਰਕ ਦਿੱਤਾ ਹੈ ਕਿ ਤਫਤੀਸ਼ ਮੁਕੰਮਲ ਕਰਨ ਲਈ ਸ਼ਾਮ ਲਾਲ ਡੱਡੀ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਦੀ ਜ਼ਰੂਰਤ ਹੈ। ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ‘ਤੇ ਛੁੱਟੇ ਸਿਆਸੀ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਿਜੀਲੈਂਸ ਵੱਲੋਂ ਮੁੜ ਹਿਰਾਸਤ ਵਿਚ ਲਏ ਜਾਣ ਦੇ ਆਸਾਰ ਹਨ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਘੁਟਾਲੇ ਵਿਚ ਹੁਣ ਤੱਕ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਅਤੇ ਦਲਾਲ ਸ਼ਾਮਲ ਹਨ। ਅੰਤਰਰਾਜੀ ਨੌਕਰੀ ਘੁਟਾਲੇ ਦਾ ਮੁੱਖ ਸਰਗਨਾ ਮੰਨਿਆ ਜਾਂਦਾ ‘ਗੁਰੂ ਜੀ’ ਵੀ ਵਿਜੀਲੈਂਸ ਦੇ ਕਾਬੂ ਆ ਚੁੱਕਾ ਹੈ। ਮਲੋਟ ਦੇ ਨਗਰ ਕੌਂਸਲਰ ਸ਼ਾਮ ਲਾਲ ਡੱਡੀ ਜਿਸ ਦਾ ਸਬੰਧ ਅਕਾਲੀ ਦਲ ਨਾਲ ਰਿਹਾ ਹੈ, ਨੂੰ ਵੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਇਸ ਵਿਅਕਤੀ ਨੂੰ ਲੰਬੀ ਹਲਕੇ ਨਾਲ ਸਬੰਧਤ ਤੇ ਬਾਦਲ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਖਾਸ ਬੰਦਾ ਮੰਨਿਆ ਜਾਂਦਾ ਹੈ।
ਡੱਡੀ ਦੇ ਨਾਲ ਹੀ ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ਦੇ ਕੁਝ ਹੋਰ ਅਕਾਲੀ ਆਗੂਆਂ ਦੇ ਨਾਮ ਵੀ ਇਸ ਨੌਕਰੀ ਘੁਟਾਲੇ ਵਿਚ ਬੋਲਣ ਲੱਗੇ ਸਨ ਪਰ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਹੋਣ ਕਾਰਨ ਤਫਤੀਸ਼ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਰਹਿ ਗਈਆਂ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਲਾਲ ਡੱਡੀ ਦਾ ਲਾਈ ਡਿਟੈਕਟਰ ਟੈਸਟ ਅਤੇ ਕੁਝ ਹੋਰਾਂ ਨੂੰ ਹਿਰਾਸਤ ਵਿਚ ਲੈਣ ਨਾਲ ਇਸ ਘੁਟਾਲੇ ਵਿਚ ਰਾਜਸੀ ਵਿਅਕਤੀਆਂ ਦੀ ਸ਼ਮੂਲੀਅਤ ਦੇ ਅਸਲੀ ਤੱਥ ਸਾਹਮਣੇ ਆਉਣ ਦੀ ਉਮੀਦ ਹੈ।