ਮੋਦੀ ਸਰਕਾਰ ਨੇ ਜੀ ਐਸ ਟੀæ ਬਾਰੇ ਸ਼੍ਰੋਮਣੀ ਕਮੇਟੀ ਨੂੰ ਨਾ ਦਿੱਤਾ ਰਾਹ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਲੋੜੀਂਦੀ ਰਸਦ ਅਤੇ ਭਲਾਈ ਕਾਰਜਾਂ ਉਤੇ ਜੀ ਐਸ ਟੀæ ਤੋਂ ਛੋਟ ਦੇਣ ਦੀ ਅਪੀਲ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ਕਾਰਨ ਕਮੇਟੀ ਨੂੰ ਨਿਰਾਸ਼ਾ ਹੋਈ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਪੱਤਰ ਭੇਜੇ ਗਏ ਹਨ ਅਤੇ ਛੇਤੀ ਹੀ ਸਾਰੇ ਰਾਜਾਂ ਦੇ ਵਿੱਤ ਮੰਤਰੀਆਂ ਨੂੰ ਇਸ ਸਬੰਧੀ ਪੱਤਰ ਭੇਜਣ ਦੀ ਯੋਜਨਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਜੀ ਐਸ ਟੀæ ਨੰਬਰ ਲੈਣ ਦੇ ਮਾਮਲੇ ਵਿਚ ਵੀ ਪੈਰ ਪਿੱਛੇ ਖਿੱਚ ਲਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਜੀ ਐਸ ਟੀæ ਤੋਂ ਛੋਟ ਲਈ ਕੇਂਦਰੀ ਵਿੱਤ ਮੰਤਰੀ, ਜੀ ਐਸ ਟੀæ ਕੌਂਸਲ ਤੇ ਸੂਬਾ ਪੱਧਰ ‘ਤੇ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ ਪਰ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਜੀ ਐਸ ਟੀæ ਨੰਬਰ ਲੈਣ ਦੇ ਮਾਮਲੇ ਵਿਚ ਪੈਰ ਪਿੱਛੇ ਖਿੱਚ ਲਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਜਾਰੀ ਬਿਆਨ ਵਿਚ ਆਖਿਆ ਗਿਆ ਹੈ ਕਿ ਇਹ ਨੰਬਰ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਸ ਸਬੰਧੀ ਛਪ ਰਹੀਆਂ ਖਬਰਾਂ ਨੂੰ ਬੇਬੁਨਿਆਦ ਆਖਿਆ ਹੈ, ਜਦੋਂਕਿ ਕੁਝ ਦਿਨ ਪਹਿਲਾਂ ਗੱਲਬਾਤ ਦੌਰਾਨ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਸਿੱਖ ਸੰਸਥਾ ਨੂੰ ਖਰੀਦੋ-ਫਰੋਖ਼ਤ ਲਈ ਇਸ ਨੰਬਰ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਲੰਗਰ ਦਾ ਸਮਾਂ ਘਟਾਉਣ ਸਬੰਧੀ ਛਪੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋæ ਬਡੂੰਗਰ ਵੱਲੋਂ ਲੰਗਰ ਦਾ ਸਮਾਂ ਘੱਟ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ।
______________________________________
ਹੁਣ ਜੀ ਐਸ ਟੀæ ਕੌਂਸਲ ਦੀ ਰੀਵਿਊ ਮੀਟਿੰਗ ਤੋਂ ਆਸਾਂ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੂੰ ਉਮੀਦ ਹੈ ਕਿ ਪੰਜ ਅਗਸਤ ਨੂੰ ਜੀ ਐਸ ਟੀæ ਕੌਂਸਲ ਦੀ ਹੋਣ ਵਾਲੀ ਰੀਵਿਊ ਮੀਟਿੰਗ ਵਿਚ ਗੁਰਦੁਆਰਿਆਂ ਸਮੇਤ ਸਮੂਹ ਧਰਮ ਅਸਥਾਨਾਂ ਨੂੰ ਨਵੇਂ ਟੈਕਸ ਤੋਂ ਛੋਟ ਦੇਣ ਦਾ ਮਾਮਲਾ ਵਿਚਾਰਦਿਆਂ ਉਨ੍ਹਾਂ ਨੂੰ ਰਾਹਤ ਮਿਲ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਦੁਆਰਿਆਂ, ਜੋ ਸੇਵਾ ਦਾ ਕੇਂਦਰ ਹਨ, ਨੂੰ ਇਸ ਟੈਕਸ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਆਗੂਆਂ ਦਾ ਵਫਦ ਵੀ ਕੇਂਦਰ ਸਰਕਾਰ ਨੂੰ ਮਿਲ ਕੇ ਆਇਆ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਖੁਦ ਧਰਮ ਨੂੰ ਮੰਨਣ ਵਾਲੇ ਹਨ ਅਤੇ ਕੇਂਦਰੀ ਵਿੱਤ ਮੰਤਰੀ ਤਾਂ ਅੰਮ੍ਰਿਤਸਰ ਨਾਲ ਸਬੰਧਤ ਹਨ। ਇਸ ਲਈ ਉਮੀਦ ਹੈ ਕਿ ਨਵੇਂ ਟੈਕਸ ਤੋਂ ਧਰਮ ਅਸਥਾਨਾਂ ਨੂੰ ਛੋਟ ਦੇ ਦਿੱਤੀ ਜਾਵੇਗੀ।