ਵਿਸ਼ਵ ਕੱਪ: ਇਤਿਹਾਸ ਰਚਣ ਤੋਂ ਖੁੰਝ ਗਈਆਂ ਭਾਰਤੀ ਕੁੜੀਆਂ

ਲੰਡਨ: ਭਾਰਤੀ ਟੀਮ ਇੰਗਲੈਂਡ ਖਿਲਾਫ਼ ਤਿੰਨ ਵਿਕਟਾਂ ਉਤੇ 191 ਦੌੜਾਂ ਦੀ ਮਜ਼ਬੂਤ ਸਥਿਤੀ ਦੇ ਬਾਵਜੂਦ 219 ਦੌੜਾਂ ‘ਤੇ ਢੇਰ ਹੋ ਗਈ ਤੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆ ਬੈਠੀ। ਇੰਗਲੈਂਡ ਨੇ ਭਾਰਤ ਨੂੰ ਨੌਂ ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਸੱਤ ਵਿਕਟਾਂ ‘ਤੇ 228 ਦੌੜਾਂ ਬਣਾਈਆਂ ਜਦੋਂ ਕਿ ਭਾਰਤੀ ਟੀਮ 48æ4 ਗੇਂਦਾਂ ਉਤੇ 219 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਅਨਿਆ ਸ਼੍ਰਬਸੋਲ ਨੇ 46 ਦੌੜਾਂ ਦੇ ਛੇ ਵਿਕਟਾਂ ਲਈਆਂ। ਐਲਕਸ ਹਾਰਟਲੇ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਭਾਰਤ ਵੱਲੋਂ ਪੂਨਮ ਰਾਊਤ ਨੇ 80 ਗੇਂਦਾਂ ਉਤੇ 51 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਵੇਦਾ ਕ੍ਰਿਸ਼ਨਾਮੂਰਤੀ ਦੀਆਂ 34 ਗੇਂਦਾਂ ਉਤੇ 35 ਦੌੜਾਂ ਦੀ ਲਾਹੇਵੰਦ ਪਾਰੀ ਨਾਲ ਭਾਰਤ ਇਕ ਸਮੇਂ ਤੇਜ਼ੀ ਨਾਲ ਜਿੱਤ ਵੱਲ ਵਧ ਰਿਹਾ ਸੀ ਅਤੇ ਜਿੱਤ ਲਈ ਉਸ ਨੂੰ 38 ਦੌੜਾਂ ਦੀ ਲੋੜ ਸੀ ਪਰ ਅਖੀਰ ਵਿਚ ਭਾਰਤੀ ਟੀਮ 48æ4 ਓਵਰਾਂ ਵਿਚ 219 ਦੌੜਾਂ ਉਤੇ ਢੇਰ ਹੋ ਗਈ। ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ਵਿਚ ਹਾਰੀ ਹੈ।
ਇਸ ਤੋਂ ਪਹਿਲਾਂ 2005 ਵਿਚ ਆਸਟਰੇਲੀਆ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਰੋਕਿਆ ਸੀ। ਭਾਰਤੀ ਬੱਲੇਬਾਜ਼ ਉਮੀਦ ਅਨੁਸਾਰ ਖਰੇ ਨਹੀਂ ਉਤਰੇ। ਸਮ੍ਰਿਤੀ ਮੰਦਾਨਾ ਸਿਫਰ ‘ਤੇ ਆਊਟ ਹੋਈ ਅਤੇ ਲਗਾਤਾਰ ਸੱਤਵੇਂ ਮੈਚ ਵਿਚ ਨਾਕਾਮ ਰਹੀ। ਭਾਰਤ ਨੂੰ ਕਰਾਰਾ ਝਟਕਾ ਕਪਤਾਨ ਮਿਤਾਲੀ ਰਾਜ ਦੇ 17 ਦੌੜਾਂ ਦੇ ਆਊਟ ਹੋਣ ਉਤੇ ਲੱਗਾ ਜੋ ਆਪਣੀ ਗਲਤੀ ਨਾਲ ਰਨ ਆਊਟ ਹੋਈ। ਹਰਮਨਪ੍ਰੀਤ ਨੇ ਸੋਚ ਸਮਝ ਕੇ ਬੱਲੇਬਾਜ਼ੀ ਕੀਤੀ ਪਰ ਉਸ ਨੇ ਢਿੱਲੀਆਂ ਗੇਂਦਾਂ ‘ਤੇ ਸ਼ਾਟ ਲਗਾਏ।
ਉਸ ਨੇ ਐਲਕਸ ਹਰਟਲ ਦੇ ਓਵਰ ਵਿਚ ਦੋ ਛੱਕੇ ਮਾਰੇ ਪਰ ਇਸ ਦੇ ਬਾਵਜੂਦ 25 ਓਵਰਾਂ ਤੱਕ ਭਾਰਤੀ ਟੀਮ ਦਾ ਸਕੋਰ ਦੋ ਵਿਕਟਾਂ ਉਤੇ 92 ਸੀ। ਭਾਰਤ ਨੇ 27ਵੇਂ ਓਵਰਾਂ ਵਿਚ ਸਕੋਰ ਤੀਜੇ ਅੰਕ ਤੱਕ ਪਹੁੰਚਾਇਆ। ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ ਪਰ ਮੱਧ ਗਤੀ ਦੀ ਗੇਂਦਬਾਜ਼ ਅਨਿਆ ਸ਼੍ਰਬਸੋਲ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਨੇ ਇਥੇ 28 ਦੌੜਾਂ ਦੇ ਸਕੋਰ ‘ਤੇ ਆਪਣੀਆਂ ਸੱਤ ਵਿਕਟਾਂ ਗੁਆਈਆਂ। ਇੰਗਲੈਂਡ ਨੇ ਫਾਈਨਲ ਵਿਚ ਸ਼ਾਨਦਾਰ ਵਾਪਸੀ ਦਾ ਨਮੂਨਾ ਪੇਸ਼ ਕੀਤਾ ਅਤੇ ਆਖਰੀ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਤਜਰਬੇਕਾਰ ਝੂਲਨ ਗੋਸਵਾਮੀ ਦੀ ਘਾਤਕ ਗੇਂਦਬਾਜ਼ੀ ਅਤੇ ਫਿਰਕੀ ਗੇਂਦਬਾਜ਼ਾਂ ਦੇ ਚੰਗੇ ਯੋਗਦਾਨ ਨਾਲ ਭਾਰਤ ਨੇ ਆਈæਸੀæਸੀæ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਨੂੰ ਸੱਤ ਵਿਕਟਾਂ ‘ਤੇ 228 ਦੌੜਾਂ ਉਤੇ ਰੋਕ ਦਿੱਤਾ ਸੀ।
______________________________________
ਹਰਮਨਪ੍ਰੀਤ ਨੇ ਚਮਕਾਇਆ ਪੰਜਾਬ ਦਾ ਨਾਮ
ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰ ਦਿੱਤਾ ਹੈ। ਪੰਜਾਬ ਦੀ ਇਸ ਧੀ ਨੇ ਇੰਗਲੈਂਡ ਦੀ ਧਰਤੀ ਉਤੇ ਖੇਡੇ ਗਏ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਛੇ ਵਾਰ ਚੈਂਪੀਅਨ ਰਹੀ ਆਸਟਰੇਲੀਆ ਖਿਲਾਫ਼ ਨਾਬਾਦ 115 ਗੇਂਦਾਂ ਉਤੇ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੀ ਬਦੌਲਤ ਭਾਰਤੀ ਟੀਮ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਆਸਟਰੇਲੀਆ ਵਿਰੁੱਧ ਖੇਡੇ ਗਏ ਇਸ ਮੈਚ ਦੌਰਾਨ 282 ਦੌੜਾਂ ਦਾ ਟੀਚਾ ਦਿੱਤਾ ਜਿਸ ਦਾ ਪਿੱਛਾ ਕਰਦਿਆਂ ਹਰਮਨਪ੍ਰੀਤ ਨੇ 115 ਗੇਂਦਾਂ ਵਿਚ 7 ਛੱਕੇ ਤੇ 20 ਚੌਕਿਆਂ ਦੀ ਸਹਾਇਤਾ ਨਾਲ ਨਾਬਾਦ 171 ਦੌੜਾਂ ਬਣਾਈਆਂ। ਹਰਮਨਪ੍ਰੀਤ ਦੀ ਇਸ ਪਾਰੀ ਤੋਂ ਬਾਅਦ ਪੂਰੇ ਭਾਰਤ ਵਿਚ ਖੂਬ ਚਰਚਾ ਹੋ ਰਹੀ ਹੈ। ਹਰਮਨ ਦੇ ਘਰ ਜਸ਼ਨ ਦਾ ਮਾਹੌਲ ਹੈ।
_____________________________________
ਕੈਪਟਨ ਵੱਲੋਂ ਪੰਜ ਲੱਖ ਦੇ ਇਨਾਮ ਦਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਹਰਮਨਪ੍ਰੀਤ ਕੌਰ ਨੂੰ ਪੰਜ ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਸੂਚਨਾ ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਨੂੰ ਫੋਨ ਉਤੇ ਦਿੱਤੀ। ਅਧਿਕਾਰਕ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਮਨਪ੍ਰੀਤ ਦੀ ਆਸਟਰੇਲੀਆ ਖਿਲਾਫ਼ 115 ਗੇਂਦਾਂ ਵਿਚ 171 ਦੌੜਾਂ ਦੀ ਨਾਬਾਦ ਪਾਰੀ ਦੀ ਪ੍ਰਸੰਸਾ ਕੀਤੀ।