ਪਹਿਲੇ ਐਟਮ ਬੰਬ ਦਾ ਸਫਰ

72 ਸਾਲ ਪਹਿਲਾਂ ਦੂਜੀ ਵਿਸ਼ਵ ਜੰਗ ਸਮੇਂ ਅਮਰੀਕਾ ਵਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉਤੇ ਸੁੱਟੇ ਗਏ ਦੁਨੀਆਂ ਦੇ ਪਹਿਲੇ ਐਟਮ ਬੰਬ ਵਲੋਂ ਮਚਾਈ ਗਈ ਤਬਾਹੀ ਅੱਜ ਵੀ ਲੋਕ ਮਨਾਂ ‘ਤੇ ਨਸ਼ਤਰ ਵਾਂਗ ਉਕਰੀ ਹੋਈ ਹੈ। ਖੁਦ ਅਮਰੀਕਨਾਂ ਨੂੰ ਵੀ ਇਸ ਤਬਾਹੀ ਉਤੇ ਪਛਤਾਵਾ ਹੈ। 6 ਅਗਸਤ ਨੂੰ ਇਸ ਤਬਾਹੀ ਦੀ ਵਰ੍ਹੇਗੰਢ ਆ ਰਹੀ ਹੈ। ਇਸ ਮੌਕੇ ਸ਼ ਮਝੈਲ ਸਿੰਘ ਸਰਾਂ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਮਝੈਲ ਸਿੰਘ ਸਰਾਂ
ਸਨਿਗਹ।ਮਅਜਹਅਲਿ@ਗਮਅਲਿ।ਚੋਮ

6 ਅਗਸਤ 1945 ਨੂੰ ਸਵੇਰੇ ਸਵਾ ਅੱਠ ਵਜੇ ਉਸ ਵਕਤ ਦਾ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਾਰੂ ਹਥਿਆਰ ਐਟਮ ਬੰਬ, ਜਿਸ ਦਾ ਨਾਮ ਲਿਟਲ ਬੁਆਏ (ਨਿੱਕਾ ਕਾਕਾ) ਸੀ, ਅਮਰੀਕਾ ਨੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ‘ਤੇ ਸੁੱਟਿਆ ਜਿਸ ਦੇ ਫੱਟਣ ਸਾਰ ਕੁਝ ਹੀ ਸਕਿੰਟਾਂ ਵਿਚ 70,000 ਲੋਥਾਂ ਦਾ ਸੱਥਰ ਵਿਛ ਗਿਆ। ਦੋ ਮੀਲ ਦੇ ਘੇਰੇ ਵਿਚ ਜੋ ਵੀ ਆਇਆ ਗੱਡੀ, ਮੋਟਰ, ਕਾਰ, ਬਿਲਡਿੰਗ, ਦਰਖਤ, ਖੰਭਾ, ਫਿਸ਼ਿੰਗ ਬੋਟ ਵਗੈਰਾ-ਸਭ ਅੱਖ ਦੇ ਫੋਰ ਵਿਚ ਤਬਾਹ ਹੋ ਗਿਆ। ਐਟਮ ਬੰਬ ਦੇ ਫੱਟਣ ਨਾਲ ਅੱਗ ਦਾ ਜੋ ਗੋਲਾ ਬਣਿਆ, ਉਸ ਦਾ ਤਾਪਮਾਨ 6,000 ਡਿਗਰੀ ਸੀ ਤੇ ਉਹ 20 ਮੀਲ ਪ੍ਰਤੀ ਸੈਕੰਡ ਦੀ ਸਪੀਡ ਨਾਲ ਫੈਲਿਆ। ਉਸ ਦੀ ਚਮਕ ਸੂਰਜ ਦੀ ਚਮਕ ਨਾਲੋਂ ਦਸ ਗੁਣਾ ਵੱਧ ਸੀ ਤੇ ਜਿਸ ਕਿਸੇ ਤੋਂ ਕਈ ਮੀਲ ਦੂਰੋਂ ਵੀ ਉਸ ਗੋਲੇ ਨੂੰ ਸਿੱਧੀ ਅੱਖ ਨਾਲ ਦੇਖ ਹੋ ਗਿਆ, ਨਾਲ ਹੀ ਅੱਖਾਂ ਤੋਂ ਅੰਨਾ ਹੋ ਗਿਆ। ਕੁਝ ਦੇ ਡੇਲੇ ਪਿਘਲ ਕੇ ਬਾਹਰ ਡਿੱਗ ਪਏ, ਅੱਖ ਦੇ ਫੋਰ ਵਿਚ ਬੰਦੇ ਧੂੰਏਂ ‘ਚ ਬਦਲ ਕੇ ਭਾਫ ਵਾਂਗ ਉਡ ਗਏ। ਜਿਵੇਂ ਜਿਵੇਂ ਅੱਗ ਦਾ ਗੋਲਾ ਫੈਲਦਾ ਗਿਆ, ਸੜਕਾਂ ‘ਤੇ ਤੁਰੇ ਜਾਂਦੇ ਬੰਦੇ ਕੋਲੇ ਬਣਦੇ ਗਏ, ਬੜੀ ਦਰਦਨਾਕ ਮੌਤ ਮਰ ਰਹੇ ਸਨ।
ਤਬਾਹੀ ਦਾ ਮੰਜ਼ਰ ਇਸ ਤਰ੍ਹਾਂ ਸੀ ਕਿ ਸਰੀਰ ਦੇ ਅੰਦਰੂਨੀ ਅੰਗ ਬਾਹਰ ਨਿਕਲੇ ਉਬਲਦੇ ਪਏ ਸਨ, ਕਈਆਂ ਦੇ ਚਿਹਰੇ ਪਿਘਲ ਗਏ, ਬਾਹਾਂ ਮੋਢਿਆਂ ਤੋਂ ਝੜ ਕੇ ਸਰੀਰ ਤੋਂ ਵੱਖ ਹੋ ਗਈਆਂ, ਸਰੀਰ ਤੋਂ ਚਮੜੀ ਇੱਦਾਂ ਉਧੜ ਕੇ ਲਮਕ ਗਈ ਜਿਵੇਂ ਲੀਰਾਂ ਟੰਗੀਆਂ ਹੋਣ। ਹਰ ਚੀਜ਼ ਜਲ ਰਹੀ ਸੀ, ਟੂਟੀਆਂ ਵਿਚੋਂ ਪਾਣੀ ਉਬਲਦਾ ਨਿਕਲਦਾ ਸੀ, ਐਟਮ ਬੰਬ ਤੋਂ ਨਿਕਲਦੀਆਂ ਗਾਮਾ ਰਿਸ਼ਮਾਂ ਤੇ ਰੇਡੀਓ ਐਕਟਿਵ ਰਿਸ਼ਮਾਂ ਨੇ ਸਰੀਰ ਨੂੰ ਜਲਣ ਲਾ ਦਿੱਤਾ। ਸਭ ਤੋਂ ਵੱਧ ਦਰਦਨਾਕ ਮੌਤ ਸੀ ਗਰਭਵਤੀ ਬੀਬੀਆਂ ਦੀ, ਦੋ ਮੀਲ ਦੇ ਘੇਰੇ ਵਿਚ ਕਈ ਬੀਬੀਆਂ ਦੇ ਪੇਟ ਪਾਟ ਕੇ ਬੱਚੇ ਬਾਹਰ ਡਿੱਗ ਪਏ। ਜ਼ਹਿਰੀਲੀਆਂ ਗੈਸਾਂ ਨੇ ਗਰਭ ਵਿਚ ਪਲ ਰਹੇ ਬੱਚਿਆਂ ਨੂੰ ਮਾਂਵਾਂ ਦੇ ਪੇਟ ਵਿਚ ਹੀ ਮਾਰ ਦਿੱਤਾ ਪਰ ਡਾਕਟਰੀ ਸਹੂਲਤਾਂ ਨਾ ਮਿਲਣ ਕਰਕੇ ਮਾਂਵਾਂ ਦੇ ਪੇਟ ਵਿਚੋਂ ਮਰੇ ਬੱਚਿਆਂ ਨੂੰ ਨਾ ਕੱਢਣ ਕਰਕੇ ਉਨ੍ਹਾਂ ਦੀ ਮੌਤ ਤਿਲ ਤਿਲ ਕਰਕੇ ਹੋਈ। ਜਿੰਨੀ ਤਬਾਹੀ ਇਸ ਐਟਮ ਬੰਬ ਨਾਲ ਹੋਈ, ਉਹ ਬੰਬ ਬਣਾਉਣ ਵਾਲਿਆਂ ਦੀ ਉਮੀਦ ਮੁਤਾਬਿਕ ਹੋਈ, ਸ਼ਾਇਦ ਉਸ ਤੋਂ ਵੀ ਵੱਧ, ਕਿਉਂਕਿ ਬਿਲਡਿੰਗਾਂ ਦੇ ਮਲਬੇ ਥੱਲੇ ਮਰਨ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਸੀ। ਐਟਮ ਬੰਬ ਦੀ ਮਾਰ ਹੇਠ ਆਏ ਜ਼ਖਮੀ ਸਾਲਾਂ ਤੱਕ ਤਕਲੀਫ ਨਾਲ ਮਰਦੇ ਰਹੇ। ਇਸ ਪਹਿਲੇ ਐਟਮ ਬੰਬ ਨਾਲ ਕੋਈ ਡੇਢ ਲੱਖ ਮੌਤਾਂ ਹੋਈਆਂ ਤੇ ਆਰਥਿਕ ਤਬਾਹੀ ਕਈ ਖਰਬਾਂ ਨੂੰ ਅੱਪੜ ਗਈ। ਐਟਮ ਬੰਬ ਡਿੱਗਣ ਤੋਂ ਪਹਿਲਾਂ ਹੀਰੋਸ਼ੀਮਾ ਵਿਚ 90,000 ਬਿਲਡਿੰਗਾਂ ਸਨ, ਪਿਛੋਂ 28,000 ਹੀ ਬਚੀਆਂ। ਬੰਬ ਡਿੱਗਣ ਤੋਂ ਪਹਿਲਾਂ ਉਥੇ 200 ਡਾਕਟਰ ਸਨ, ਜਿਨ੍ਹਾਂ ਵਿਚੋਂ 18 ਹੀ ਬਚੇ, 1800 ਨਰਸਾਂ ਵਿਚੋਂ 175 ਬਚੀਆਂ।
ਇਸ ਸਭ ਤੋਂ ਵੱਧ ਤਬਾਹਕੁਨ ਬੰਬ ਬਣਾਉਣ ਦਾ ਸਫਰ ਕਦੋਂ ਤੇ ਕਿਉਂ ਸ਼ੁਰੂ ਹੋਇਆ? ਐਟਮ ਬੰਬ ਆਈਨਸਟਾਈਨ ਦੀ ਖੋਜ ਦੇ ਆਧਾਰ ‘ਤੇ ਬਣਾਇਆ ਗਿਆ। ਆਈਨਸਟਾਈਨ ਜਰਮਨੀ ਵਿਚ ਪੈਦਾ ਹੋਇਆ ਸੀ ਤੇ ਯਹੂਦੀ ਸੀ। 1933 ਵਿਚ ਜਦੋਂ ਜਰਮਨੀ ਵਿਚ ਹਿਟਲਰ ਨੇ ਯਹੂਦੀ ਲੋਕਾਂ ‘ਤੇ ਦਬਾਓ ਦੀ ਨੀਤੀ ਸ਼ੁਰੂ ਕੀਤੀ ਤਾਂ ਆਈਨਸਟਾਈਨ ਅਮਰੀਕਾ ਆ ਗਿਆ, ਕਿਉਂਕਿ ਉਹ ਇੱਕ ਵੱਡਾ ਭੌਤਿਕ ਵਿਗਿਆਨੀ ਸੀ ਤੇ ਉਸ ਦੀ ਨੇੜਤਾ ਅਮਰੀਕਾ ਦੇ ਪ੍ਰੈਜ਼ੀਡੈਂਟ ਫ੍ਰੈਂਕਲਿਨ ਰੂਜ਼ਵੈਲਟ ਨਾਲ ਵੀ ਹੋ ਗਈ ਸੀ। ਪਹਿਲੀ ਸਤੰਬਰ 1939 ਨੂੰ ਹਿਟਲਰ ਨੇ ਪੋਲੈਂਡ ‘ਤੇ ਹਮਲਾ ਕਰਕੇ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕਰ ਦਿੱਤੀ। ਆਈਨਸਟਾਈਨ ਨੇ ਇੱਕ ਚਿੱਠੀ ਪ੍ਰੈਜ਼ੀਡੈਂਟ ਨੂੰ ਲਿਖੀ ਜੋ ਉਹਨੇ ਆਪਣੇ ਅਤੇ ਰੂਜ਼ਵੈਲਟ ਦੇ ਇੱਕ ਸਾਂਝੇ ਦੋਸਤ ਅਲੈਗਜ਼ੈਂਡਰ ਰਾਹੀਂ ਓਵਲ ਹਾਊਸ ਪ੍ਰੈਜ਼ੀਡੈਂਟ ਨੂੰ 12 ਅਕਤੂਬਰ 1939 ਨੂੰ ਭੇਜੀ, ਜਿਸ ਵਿਚ ਉਸ ਨੇ ਦੱਸਿਆ ਕਿ ਜਰਮਨੀ ਨੇ ਚੈਕੋਸਲੋਵਾਕੀਆ ਵਿਚ ਯੂਰੇਨੀਅਮ ਖਾਣਾਂ ‘ਤੇ ਕਬਜ਼ਾ ਕਰ ਕੇ ਛੇਤੀ ਹੀ ਬਰਲਿਨ ਵਿਚ ਕਾਇਜ਼ਰ ਵਿਲਹੈਲਮ ਸੰਸਥਾ ਵਿਚ ਐਟਮ ਬੰਬ ਬਣਾਉਣ ਦੀ ਤਿਆਰੀ ਕਰ ਲਈ ਹੈ ਜੋ ਕਿਸੇ ਵੀ ਮੁਲਕ ਦੀ ਤਬਾਹੀ ਪਲਾਂ ਵਿਚ ਕਰ ਦੇਵੇਗਾ।
ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਅਲੈਗਜ਼ੈਂਡਰ ਕੋਲੋਂ ਇਸ ਯੂਰੇਨੀਅਮ ਤੇ ਐਟਮ ਬੰਬ ਬਾਰੇ ਜਾਣਕਾਰੀ ਲਈ ਕਿ ਇਹ ਕੀ ਚੀਜ਼ਾਂ ਹਨ! ਸਭ ਕੁਝ ਸੁਣਨ ‘ਤੇ ਰੂਜ਼ਵੈਲਟ ਨੇ ਪੁੱਛਿਆ, ਕੀ ਹਿਟਲਰ ਅਮਰੀਕਾ ਨੂੰ ਵੀ ਤਬਾਹ ਕਰ ਸਕਦਾ? ਉਹਦੇ ḔਹਾਂḔ ਕਹਿਣ ‘ਤੇ ਰੂਜ਼ਵੈਲਟ ਨੇ ਉਸੇ ਵਕਤ ਆਪਣੇ ਨਿਜੀ ਸਹਾਇਕ ਰਿਟਾਇਰਡ ਆਰਮੀ ਜਰਨੈਲ ਪਾਲ ਵਾਟਸਨ ਨੂੰ ਬੁਲਾਇਆ ਤੇ ਹੁਕਮ ਕੀਤਾ, “ਇਸ ‘ਤੇ ਕਾਰਵਾਈ ਅਰੰਭੀ ਜਾਵੇ।” ਬਸ 12 ਅਕਤੂਬਰ 1939 ਨੂੰ ਦਿੱਤੇ ਰੂਜ਼ਵੈਲਟ ਦੇ ਇਸ ਨਿੱਕੇ ਜਿਹੇ ਹੁਕਮ ਨਾਲ ਦੁਨੀਆਂ ਦੇ ਸਭ ਤੋਂ ਤਬਾਹਕੁਨ ਹਥਿਆਰ ਦੇ ਜਨਮ ਦੀ ਨੀਂਹ ਰੱਖੀ ਗਈ ਜਿਹਨੂੰ ਹਿਟਲਰ ਦੀ ਫਾਸ਼ੀਵਾਦ ਤਾਕਤ ਨੂੰ ਰੋਕਣ ਲਈ ਵਰਤਣਾ ਸੀ ਪਰ ਵਕਤ ਨੇ ਤਬਾਹੀ ਕਰਵਾ ਦਿੱਤੀ ਜਪਾਨ ਦੀ|
ਐਟਮ ਬੰਬ ਬਾਰੇ ਗੱਲ ਅਗਾਂਹ ਤੋਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਅਮਰੀਕਾ ਆਪਣੇ ਆਪ ਨੂੰ ਦੂਜੇ ਵਿਸ਼ਵ ਯੁੱਧ ਵਿਚ ਧਿਰ ਬਣ ਕੇ ਨਹੀਂ ਪਾਉਣਾ ਚਾਹੁੰਦਾ ਸੀ। ਇਹਦਾ ਸਬੂਤ ਖੁਦ ਅਲੈਗਜ਼ੈਂਡਰ ਹੈ। ਉਹ ਵਾਲ ਸਟਰੀਟ ਦਾ ਵੱਡਾ ਆਰਥਿਕ ਮਾਹਿਰ ਸੀ ਜਿਸ ਦੀ ਸਲਾਹ ਰੂਜ਼ਵੈਲਟ ਅਕਸਰ ਅਮਰੀਕਾ ਨੂੰ 1933 ਦੇ ਮਹਾਂ ਮੰਦੀ ਦੇ ਦੌਰ ਵਿਚੋਂ ਕੱਢਣ ਲਈ ਲੈਂਦਾ ਸੀ। ਉਹਦੀ ਇਹ ਦੂਰਦ੍ਰਿਸ਼ਟੀ ਸੀ ਕਿ ਜਰਮਨੀ ਨੇ ਪੋਲੈਂਡ ‘ਤੇ ਜੋ ਹਮਲਾ ਕੀਤਾ ਹੈ, ਉਸ ਨੇ ਛੇਤੀ ਹੀ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈ ਕੇ ਵਿਸ਼ਵ ਯੁੱਧ ਦਾ ਰੂਪ ਧਾਰ ਲੈਣਾ ਹੈ ਤੇ ਵਾਲ ਸਟਰੀਟ ਲਈ ਆਉਣ ਵਾਲਾ ਵਕਤ ਅਮਰੀਕਾ ਦੇ ਅੰਤਰਰਾਸ਼ਟਰੀ ਵਪਾਰ ਲਈ ਸਭ ਤੋਂ ਵਧੀਆ ਰਹਿਣ ਵਾਲਾ ਹੈ, ਤੇ ਵਪਾਰ ਹੋਣਾ ਚਾਹੀਦਾ ਹੈ, ਲੜਾਈ ਨਾਲ ਸਬੰਧਤ ਅਸਲੇ ਅਤੇ ਨਵੀਂ ਤਕਨਾਲੋਜੀ ਵਾਲੇ ਬੰਬਾਂ ਦਾ। ਉਤੋਂ ਸੋਨੇ ‘ਤੇ ਸੁਹਾਗਾ ਬਣ ਗਿਆ ਆਈਨਸਟਾਈਨ ਦਾ ਐਟਮ ਬੰਬ ਬਣਾਉਣ ਵਾਲਾ ਰੂਜ਼ਵੈਲਟ ਦੇ ਨਾਂ ਲਿਖਿਆ ਖਤ। ਬਸ ਉਹਨੇ ਇਸ ਖਤ ਨੂੰ ਵਪਾਰਕ ਨਜ਼ਰੀਏ ਦੇ ਭੇਦ ਨੂੰ ਲੁਕਾ ਕੇ ਸੁਰੱਖਿਅਤ ਨਜ਼ਰੀਏ ਤੋਂ ਪੇਸ਼ ਕਰਕੇ ਪ੍ਰੈਜ਼ੀਡੈਂਟ ਤੋਂ ਮਨਹਟਨ ਪ੍ਰਾਜੈਕਟ ਦੀ ਮਨਜ਼ੂਰੀ ਦਿਵਾ ਕੇ ਦੇਸ਼ ਵਿਚ ਵੱਖ ਵੱਖ ਥਾਂਵਾਂ ‘ਤੇ ਅਸਲੇ ਦੇ 30 ਵੱਡੇ ਕਾਰਖਾਨੇ ਸਭ ਤੋਂ ਵੱਧ ਪੂੰਜੀ ਲਾ ਕੇ ਲਗਵਾਏ। ਇਨ੍ਹਾਂ ਵਿਚੋਂ ਹੀ ਇੱਕ ਸੀ, ਨਿਊ ਮੈਕਸੀਕੋ ਦਾ ਲਾਸ ਆਲਮੋਸ, ਜਿਥੇ ਐਟਮ ਬੰਬ ਬਣਾਇਆ ਜਾਣਾ ਸੀ। ਅਮਰੀਕਾ ਦਾ ਇਰਾਦਾ ਐਟਮ ਬੰਬ ਬਣਾ ਕੇ ਖੁਦ ਕਿਸੇ ਦੇਸ਼ ਖਿਲਾਫ ਵਰਤਣ ਦਾ ਘੱਟ ਪਰ ਵੇਚ ਕੇ ਆਪਣੀ ਮਰਜ਼ੀ ਮੁਤਾਬਿਕ ਕਿਸੇ ਦੇਸ਼ ‘ਤੇ ਸੁੱਟਵਾਉਣ ਦਾ ਵੱਧ ਸੀ।
7 ਦਸੰਬਰ 1941 ਤੱਕ ਅਮਰੀਕਾ ਸਿੱਧੇ ਰੂਪ ਵਿਚ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਿਲ ਨਹੀਂ ਸੀ ਭਾਵੇਂ ਉਹ ਬ੍ਰਿਟੇਨ ਦੀ ਯੂਰਪ ਵਿਚ ਜਰਮਨੀ ਵਿਰੁਧ ਅਸਿੱਧੀ ਪੂਰੀ ਇਮਦਾਦ ਕਰ ਰਿਹਾ ਸੀ ਤੇ ਪੈਸਿਫਿਕ ਸਾਗਰ ਵਿਚ ਜਪਾਨ ਦੀਆਂ ਫੌਜਾਂ ਵਲੋਂ ਕੀਤੀ ਜਾਂਦੀ ਬਰਬਾਦੀ ਬਾਰੇ ਪੂਰੀ ਤਰ੍ਹਾਂ ਫਿਕਰਮੰਦ ਸੀ। ਇਸ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੀ ਨੇਵੀ ਦੇ ਵੱਡੇ ਜਹਾਜ਼ ਕੈਲੀਫੋਰਨੀਆ ਬੇਸ ਤੋਂ ਹਵਾਈ ਪਰਲ ਹਰਬਰ ‘ਤੇ ਲੈ ਆਂਦੇ ਤਾਂ ਕਿ ਜਪਾਨੀ ਫੌਜ ‘ਤੇ ਨਜ਼ਰ ਰੱਖੀ ਜਾ ਸਕੇ, ਪਰ ਇਸ ਤੋਂ ਪਹਿਲਾਂ ਕਿ ਕੋਈ ਕਰਵਾਈ ਹੁੰਦੀ, ਜਪਾਨ ਨੇ 7 ਦਸੰਬਰ ਨੂੰ ਸਵੇਰ ਸਾਰ 353 ਹਵਾਈ ਜਹਾਜ਼ਾਂ ਨਾਲ ਪਰਲ ਹਰਬਰ ‘ਤੇ ਅਚਨਚੇਤ ਵੱਡਾ ਹਵਾਈ ਹਮਲਾ ਕਰਕੇ ਅਮਰੀਕਾ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਅਗਲੇ ਹੀ ਦਿਨ ਪ੍ਰੈਜ਼ੀਡੈਂਟ ਰੂਜ਼ਵੈਲਟ ਦੇ ਜਪਾਨ ਖਿਲਾਫ ਯੁੱਧ ਦੇ ਐਲਾਨ ਨਾਲ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਿਲ ਹੋ ਗਿਆ। ਪਰਲ ਹਾਰਬਰ ‘ਤੇ ਜਾਪਾਨੀ ਹਮਲੇ ਬਾਰੇ ਵੀ ਕੁਝ ਗੁਝੇ ਭੇਦ ਰਹੇ ਹਨ ਜੋ ਅੱਜ ਤੱਕ ਵੀ ਕਾਇਮ ਹਨ, ਉਵੇਂ ਹੀ ਜਿਵੇਂ 9/11 ਦੇ ਟਵਿਨ ਟਾਵਰਜ਼ ‘ਤੇ ਹੋਏ ਹਮਲੇ ਬਾਰੇ।
ਮਨਹਟਨ ਪ੍ਰਾਜੈਕਟ ਦੇ ਬਾਕੀ ਸਾਰੇ ਅਸਲਾ ਕਾਰਖਾਨੇ ਵੱਖ ਵੱਖ ਥਾਂਵਾਂ ‘ਤੇ ਵੱਡੇ ਛੋਟੇ ਅਬਾਦੀ ਵਾਲੇ ਸ਼ਹਿਰਾਂ ਵਿਚ ਹੀ ਲੱਗੇ ਪਰ ਐਟਮ ਬੰਬ ਬਣਾਉਣ ਲਈ ਐਹੋ ਜਿਹੀ ਸੁੰਨ ਮਸਾਣ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਸੀ ਜੋ ਅਬਾਦੀ ਤੇ ਅੰਤਰਰਾਸ਼ਟਰੀ ਬਾਰਡਰ ਤੋਂ ਦੂਰ ਸੁਰਖਿਅਤ ਹੋਵੇ। ਅਖੀਰ ਨਿਊ ਮੈਕਸੀਕੋ ਸੂਬੇ ਵਿਚ ਸੈਂਟਾ ਫੇ ਤੋਂ ਕੋਈ ਤੀਹ ਮੀਲ ਦੂਰ ਲਾਸ ਅਲਮਾਸ ਮੁੰਡਿਆਂ ਦਾ ਸਕੂਲ ਤੇ ਨਾਲ ਲਗਦੀ 8900 ਏਕੜ ਜ਼ਮੀਨ 4,40,000 ਡਾਲਰ ਵਿਚ ਖਰੀਦ ਕੇ ਦਸੰਬਰ 1942 ਵਿਚ ਨਵੀਂ ਲੈਬਾਰਟਰੀ ਬਣਾਉਣ ਦਾ ਠੇਕਾ ਦੇ ਦਿੱਤਾ ਤੇ ਇਸ ਲਈ ਕੈਲੀਫੋਰਨੀਆ ਯੂਨੀਵਰਿਸਟੀ ਨਾਲ ਸਾਰਾ ਸਾਮਾਨ ਸਪਲਾਈ ਕਰਨ ਦਾ ਕੰਟਰੈਕਟ ਵੀ ਕਰ ਲਿਆ। ਲਾਸ ਅਲਮਾਸ ਨੂੰ ਕੋਈ ਖਾਸ ਸੜਕ ਨਹੀਂ ਸੀ ਜਾਂਦੀ, ਬਸ ਅੱਗੇ ਜੰਗਲ ਤੇ ਇੱਕ ਪਾਸੇ ਪਹਾੜੀਆਂ ਸਨ। ਸਭ ਤੋਂ ਅਹਿਮ ਸੀ ਬਿਜਲੀ ਤੇ ਪਾਣੀ ਦਾ ਪ੍ਰਬੰਧ, ਇਸ ਦਾ ਸਾਰਾ ਬੰਦੋਬਸਤ ਤੇ ਨਿਗਰਾਨੀ ਅਮਰੀਕੀ ਫੌਜ ਦਾ ਜਰਨੈਲ ਕਰ ਰਿਹਾ ਸੀ ਤੇ ਲੈਬਾਰਟਰੀ ਦਾ ਪ੍ਰਬੰਧਕ ਬਰਕਲੇ ਯੂਨੀਵਰਿਸਟੀ ਦਾ ਫਿਜ਼ਿਕਸ ਦਾ ਪ੍ਰੋਫੈਸਰ ਓਪਨਹੀਮਰ ਨੂੰ ਲਾਇਆ ਗਿਆ। ਕਿਸੇ ਵੀ ਅਮਰੀਕੀ ਲੋਕਲ ਨਾਗਰਿਕ ਨੂੰ ਇਹਦੀ ਕੋਈ ਸੂਹ ਨਹੀਂ ਸੀ ਕਿ ਇਨ੍ਹਾਂ ਜੰਗਲਾਂ ਵਿਚ ਕੀ ਬਣ ਰਿਹਾ ਹੈ। ਬੱਸ ਐਨਾ ਕੁ ਜਾਣਦੇ ਸੀ ਕਿ ਫੌਜ ਆਪਣੀ ਕੋਈ ਫੌਜੀ ਸਿਖਲਾਈ ਦੀ ਕਾਰਵਾਈ ਕਰ ਰਹੀ ਹੈ। ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦੁਨੀਆਂ ਦਾ ਸਭ ਤੋਂ ਤਬਾਹਕੁਨ ਬੰਬ ਇਨ੍ਹਾਂ ਜੰਗਲਾਂ ਵਿਚੋਂ ਬਣ ਕੇ ਨਿਕਲਣਾ ਹੈ।
ਬਸ ਥੋੜੇ ਅਰਸੇ ਵਿਚ ਹੀ ਇਹ ਲਾਸ ਅਲਮਾਸ ਜਿਹੜਾ ਇੱਕ ਜੰਗਲੀ ਪਛੜਿਆ ਇਲਾਕਾ ਸੀ, ਅਮਰੀਕਾ ਦੇ ਨਾਲ ਨਾਲ ਯੂਰਪ ਦੇ ਨੋਬਲ ਇਨਾਮ ਜੇਤੂ ਸਾਇੰਸਦਾਨਾਂ ਨਾਲ ਭਰ ਗਿਆ। ਓਪਨਹੀਮਰ ਨੇ ਆਪ ਦੇਸ਼ ਦੀਆਂ ਵੱਖ ਵੱਖ ਯੂਨੀਵਰਿਸਿਟੀਆਂ ਵਿਚ ਜਾ ਕੇ ਉਚ ਕੋਟੀ ਦੇ ਸਾਇੰਸਦਾਨਾਂ ਤੇ ਇੰਜੀਨੀਅਰਾਂ ਨੂੰ ਪ੍ਰੇਰ ਕੇ ਲਾਸ ਅਲਮਾਸ ਨੈਸ਼ਨਲ ਲੈਬੋਰਟਰੀ ਵਿਚ ਲਿਆਂਦਾ ਤੇ ਐਟਮ ਬੰਬ, ਜੋ ਉਦੋਂ ਤੱਕ ਥਿਊਰੀ ਤੱਕ ਸੀਮਿਤ ਸੀ, ਨੂੰ ਵਿਹਾਰਕ ਰੂਪ ਦੇ ਦਿੱਤਾ। ਦੂਜੇ ਵਿਸ਼ਵ ਯੁੱਧ ਵਿਚ ਅਮਰੀਕਾ ਦੀ ਸਰਦਾਰੀ ਕਾਇਮ ਕਰਨਾ ਜਿਥੇ ਬੜਾ ਔਖਾ ਸੀ, ਉਥੇ ਇਹਨੂੰ ਗੁਪਤ ਰੱਖਣਾ ਹੋਰ ਵੀ ਮੁਸ਼ਕਿਲ ਸੀ ਕਿਉਂਕਿ ਸਟਾਲਿਨ ਖੁਦ ਛੇਤੀ ਤੋਂ ਛੇਤੀ ਐਟਮ ਬੰਬ ਬਣਾ ਕੇ ਸਾਰੇ ਸੰਸਾਰ ਵਿਚ ਧਾਕੜ ਬਣਨਾ ਚਾਹੁੰਦਾ ਸੀ। ਉਹਦੇ ਜਾਸੂਸ ਲਾਸ ਅਲਮਾਸ ਲੈਬਾਰਟਰੀ ਵਿਚ ਵੀ ਪਹੁੰਚ ਗਏ ਸਨ।
1943 ਦੌਰਾਨ ਇਸ ਲੈਬਾਰਟਰੀ ਵਿਚ ਐਟਮ ਦੇ ਤਰ੍ਹਾਂ ਤਰ੍ਹਾਂ ਦੇ ਤਜ਼ਰਬੇ ਹੁੰਦੇ ਰਹੇ ਤੇ 1944 ਦੇ ਅੱਧ ਤੱਕ ਐਟਮ ਬੰਬ ਦਾ ਰੂਪ ਪ੍ਰਗਟ ਹੋਣ ਲੱਗ ਪਿਆ। ਇਸ ਨੂੰ ਅੰਤਿਮ ਛੋਹ ਦੇਣ ਲਈ ਨਿਊ ਮੈਕਸੀਕੋ ਦੇ ਰੇਗਿਸਤਾਨ ਵਿਚ ਮਿਲਟਰੀ ਦੀ ਸ਼ੂਟਿੰਗ ਰੇਂਜ ਅਲਮੋਗੋਰਡੋ ਵਿਚ ਇੱਕ ਸੁੰਨੇ ਘਰ ਨੂੰ ਬੰਬ ਅਸੈਂਬਲੀ ਲਈ ਚੁਣਿਆ ਗਿਆ। ਮਈ 1945 ਤੱਕ ਤਿੰਨ ਐਟਮ ਬੰਬ ਤਿਆਰ ਹੋ ਚੁੱਕੇ ਸਨ। ਦੋ ਜਪਾਨ ‘ਤੇ ਸੁੱਟੇ ਗਏ ਤੇ ਤੀਜਾ ਅਜੇ ਟੈਸਟ ਕਰਨਾ ਸੀ। ਐਟਮ ਬੰਬ ਬਣਾਉਣ ਵਾਲਿਆਂ ਲਈ ਵੱਡੀ ਮੁਸ਼ਕਿਲ ਇਹ ਸੀ ਕਿ ਇਸ ਦਾ ਤਜ਼ਰਬਾ ਕਿਵੇਂ ਕੀਤਾ ਜਾਵੇ ਕਿਉਂਕਿ ਇਹਦੇ ਕਾਰਨ ਹੋਣ ਵਾਲੇ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਸੀ। ਇਹ ਵੀ ਨਹੀਂ ਸੀ ਪਤਾ ਕਿ ਟੈਸਟ ਸਫਲ ਹੋ ਜਾਊ ਜਾਂ ਨਹੀਂ।
ਪਹਿਲਾਂ ਇਸ ਐਟਮ ਬੰਬ ਨੂੰ ਇੱਕ 215 ਟਨ ਖਾਸ ਲੋਹੇ ਦੇ ਬਣਵਾਏ ਬਕਸੇ ਵਿਚ ਰੱਖ ਕੇ ਟੈਸਟ ਕਰਨ ਦਾ ਫੈਸਲਾ ਹੋਇਆ ਪਰ ਬਾਅਦ ਵਿਚ ਓਪਨਹੀਮਰ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਕਿਉਂਕਿ ਉਹ ਇਸ ਨੂੰ ਬਾਹਰ ਖੁੱਲ੍ਹੇ ਵਿਚ ਕਰਕੇ ਇਹਦੇ ਨਿਕਲਣ ਵਾਲੇ ਨਤੀਜਿਆਂ ਨੂੰ ਪਰਖਣਾ ਚਾਹੁੰਦਾ ਸੀ। ਅੰਤ ਵਿਚ ਸੌ ਫੁੱਟ ਉਚਾ ਚਾਰ ਖੰਬਿਆਂ ਵਾਲਾ ਪਲੈਟਫਾਰਮ ਲੈਬਾਰਟਰੀ ਤੋਂ ਦੋ ਮੀਲ ਦੀ ਦੂਰੀ ‘ਤੇ ਬਣਾਇਆ ਗਿਆ ਜਿਸ ‘ਤੇ ਐਟਮ ਬੰਬ ਨੂੰ ਰੱਖ ਕੇ ਚਲਾਇਆ ਜਾਣਾ ਸੀ। 16 ਜੁਲਾਈ 1945 ਸਵੇਰੇ 4 ਵਜੇ ਦਾ ਦਿਨ ਟੈਸਟ ਲਈ ਮਿਥਿਆ ਗਿਆ। ਇਹ ਰੇਗਿਸਤਾਨ ਦਾ ਏਰੀਆ 20 ਮੀਲ ਜਰਬ 19 ਮੀਲ ਦਾ ਸੀ ਜਿਥੇ ਕੋਈ ਵੀ ਵਸੋਂ ਨਹੀਂ ਸੀ, ਨਾ ਕੋਈ ਜਾਨਵਰ। ਚਿੱਟਾ ਰੇਤਾ ਸੀ ਸਾਰੇ ਪਾਸੇ, ਇਹਤੋਂ ਬਾਹਰ ਵੀ ਵਸੋਂ ਨਾਂਮਾਤਰ ਹੀ ਸੀ। ਇਸੇ ਕਰਕੇ ਇਹ ਜਗ੍ਹਾ ਟੈਸਟ ਲਈ ਚੁਣੀ ਗਈ।
ਐਟਮ ਬੰਬ ਟੈਸਟ ਦਾ ਨਾਂ ਓਪਨਹੀਮਰ ਨੇ ਟ੍ਰਿਨਟੀ ਰਖਿਆ। ਨਾਂ ਰੱਖਣ ਪਿਛੇ ਵੀ ਕਾਰਨ ਸੀ, ਪਈ ਸ਼ਾਇਦ ਬਾਈਬਲ ਵਿਚ ਕਿਤੇ ਲਿਖਿਆ ਹੈ ਕਿ ਰੱਬ ਦੇ ਤਿੰਨ ਗੁਣ ਹੁੰਦੇ ਹਨ ਤੇ ਉਹ ਸਿਵਾਏ ਰੱਬ ਦੇ ਹੋਰ ਕੋਈ ਨਹੀਂ ਜਾਣਦਾ। ਇਸ ਨੂੰ ਈਸਾਈ ਟ੍ਰਿਨਟੀ ਕਹਿੰਦੇ ਹਨ ਮਤਲਬ ਇੱਕ ਭੇਦ, ਤੇ ਇਹ ਐਟਮ ਬੰਬ ਵੀ ਓਪਨਹੀਮਰ ਮੁਤਾਬਿਕ ਇੱਕ ਭੇਦ ਹੀ ਸੀ। ਜਿਥੇ ਟੈਸਟ ਹੋਣਾ ਸੀ, ਉਹ ਜ਼ੀਰੋ ਪੁਆਇੰਟ ਸੀ। ਉਸ ਤੋਂ 10 ਮੀਲ ਦੂਰ ਬੇਸ ਕੈਂਪ ਬਣਾਇਆ ਗਿਆ ਤੇ ਤਿੰਨ ਵੱਖ ਵੱਖ ਦਿਸ਼ਾਵਾਂ ਵੱਲ ਜ਼ੀਰੋ ਪੁਆਇੰਟ ਤੋਂ ਪੰਜ ਮੀਲ ਦੀ ਦੂਰੀ ‘ਤੇ ਜ਼ਮੀਨਦੋਜ਼ ਬੰਕਰ ਬਣਾਏ ਗਏ ਜਿਥੋਂ ਚੋਟੀ ਦੇ ਸਾਇੰਸਦਾਨਾਂ ਨੇ ਬੰਬ ਫੱਟਣ ਪਿਛੋਂ ਤਜ਼ਰਬੇ ਕਰਕੇ ਦੱਸਣੇ ਸਨ ਕਿ ਇਹ ਕਿੰਨਾ ਕੁ ਮਾਰੂ ਹੈ! ਦਰਅਸਲ ਇਹ ਸਾਇੰਸਦਾਨਾਂ ਤੋਂ ਵੱਧ ਮੌਤ ਦੇ ਫਰਿਸ਼ਤੇ ਹੀ ਸਨ ਜਿਨ੍ਹਾਂ ਨੇ ਉਹ ਕੁਝ ਬਣਾ ਲਿਆ ਸੀ ਜਿਸ ਨੇ ਚੁਟਕੀ ਵਿਚ ਹੀ ਲੱਖਾਂ ਜਾਨਾਂ ਲੈ ਲੈਣੀਆਂ ਸਨ। ਓਪਨਹੀਮਰ ਨੇ ਧਮਾਕੇ ਤੋਂ ਬਾਅਦ ਕਿਹਾ ਸੀ ਕਿ ਉਹਨੇ ਐਨੀ ਤਾਕਤ ਲੈ ਲਈ ਹੈ ਕਿ ਧਰਤੀ ‘ਤੇ ਨਰਕ ਬਣਾ ਸਕਦਾ ਸੀ ਪਰ ਸਵਰਗ ‘ਤੇ ਉਹਦਾ ਕੋਈ ਕੰਟਰੋਲ ਨਹੀਂ ਸੀ। ਧਮਾਕੇ ਵਾਲੀ ਸਾਰੀ ਰਾਤ ਓਪਨਹੀਮਰ ਨੂੰ ਨੀਂਦ ਨਹੀਂ ਆਈ ਤੇ ਉਹ ਕਾਫੀ ਦਾ ਕੱਪ ਤੇ ਕੱਪ ਨਾਲ ਸਿਗਾਰ ਪੀਈ ਜਾਂਦਾ ਸੀ। ਬੇਚੈਨੀ ਉਹਨੂੰ ਇਸ ਕਰਕੇ ਵੀ ਹੋ ਰਹੀ ਸੀ ਕਿ ਰਾਤ ਮੌਸਮ ਬਹੁਤ ਖਰਾਬ ਰਿਹਾ, ਮੀਂਹ ਤੇ ਹਨੇਰੀ ਚੱਲਦੀ ਸੀ ਜੋ ਐਟਮ ਬੰਬ ਦੇ ਧਮਾਕੇ ਵਿਚ ਰੁਕਾਵਟ ਬਣਦੀ ਜਾ ਰਹੀ ਸੀ ਪਰ ਉਸ ‘ਤੇ ਫੌਜ ਦਾ ਇੰਨਾ ਦਬਾਅ ਸੀ ਕਿ ਹਰ ਹਾਲਤ ਵਿਚ ਇਹ ਟੈਸਟ ਹੋਣਾ ਹੀ ਚਾਹੀਦਾ ਹੈ, ਕਿਉਂਕਿ ਪ੍ਰੈਜ਼ੀਡੈਂਟ ਹੈਰੀ ਟਰੂਮੈਨ ਉਸ ਵਕਤ ਜਰਮਨੀ ਦੇ ਸ਼ਹਿਰ ਪੋਟਸਡੈਮ ਵਿਚ ਸਟਾਲਿਨ ਤੇ ਚਰਚਿਲ ਨਾਲ ਜਰਮਨੀ ਦੇ ਹਥਿਆਰ ਸੁੱਟਣ ਪਿਛੋਂ ਦੀ ਯੁੱਧ ਨੀਤੀ ‘ਤੇ ਵਿਚਾਰ ਕਰ ਰਿਹਾ ਸੀ। ਉਦੋਂ ਤੱਕ ਸਟਾਲਿਨ ਆਪਣੇ ਆਪ ਨੂੰ ਵੱਧ ਤਾਕਤਵਰ ਸਮਝ ਰਿਹਾ ਸੀ। ਉਦਾਂ ਵੀ ਸਟਾਲਿਨ ਹੈਰੀ ਟਰੂਮੈਨ ਨੂੰ ਆਪਣੇ ਪੱਧਰ ਦਾ ਅੰਤਰਰਾਸ਼ਟਰੀ ਲੀਡਰ ਨਹੀਂ ਸੀ ਸਮਝਦਾ ਕਿਉਂਕਿ ਉਹ ਥੋੜ੍ਹਾ ਚਿਰ ਪਹਿਲਾਂ ਹੀ ਪ੍ਰੈਜ਼ੀਡੈਂਟ ਰੂਜ਼ਵੈਲਟ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਹੀ ਪ੍ਰੈਜ਼ੀਡੈਂਟ ਬਣਿਆ ਸੀ ਅਤੇ ਇੰਗਲੈਂਡ ਵਿਚ ਚਰਚਿਲ ਦੀ ਪਾਰਟੀ ਚੋਣਾਂ ਹਾਰਨ ਕਰਕੇ ਚਰਚਿਲ ਦੀ ਤਾਕਤ ਵੀ ਨਾਂਹ ਬਰਾਬਰ ਹੋ ਗਈ ਸੀ।
ਅਮਰੀਕਾ ਤੇ ਰੂਸ ਭਾਵੇਂ ਮਿੱਤਰ ਦੇਸ਼ਾਂ ਵਾਂਗ ਦੂਜੇ ਵਿਸ਼ਵ ਯੁੱਧ ਵਿਚ ਲੜੇ ਪਰ ਸਟਾਲਿਨ ਜਰਮਨੀ ਨੂੰ ਹਰਾਉਣ ਕਰਕੇ ਹੀਰੋ ਵਜੋਂ ਪੇਸ਼ ਆਉਂਦਾ ਸੀ ਅਤੇ ਅੱਗੋਂ ਪੈਸਿਫਿਕ ਫਰੰਟ ‘ਤੇ ਅਮਰੀਕਾ ਨੂੰ ਚੁਣੌਤੀ ਦੇਣ ਦੀ ਤਾਕ ਵਿਚ ਸੀ। ਟਰੂਮੈਨ, ਜਿਹਨੂੰ ਕੁਝ ਚਿਰ ਪਹਿਲਾਂ ਹੀ ਐਟਮ ਬੰਬ ਬਾਰੇ ਦੱਸਿਆ ਗਿਆ ਸੀ, ਚਾਹੁੰਦਾ ਸੀ ਕਿ ਇਸੇ ਮੀਟਿੰਗ ਵਿਚ ਸਟਾਲਿਨ ਨੂੰ ਦੱਸ ਦੇਵੇ ਕਿ ਸਾਡੇ ਕੋਲ ਉਹ ਹਥਿਆਰ ਹੈ ਜੋ ਕਿਸੇ ਹੋਰ ਕੋਲ ਨਹੀਂ। ਇਸ ਕਰਕੇ ਓਪਨਹੀਮਰ ਨੂੰ ਧਮਾਕਾ ਟਾਲਣਾ ਮੁਸ਼ਕਿਲ ਹੋ ਰਿਹਾ ਸੀ। ਮੌਸਮ ਦੇ ਮੱਦੇਨਜ਼ਰ ਧਮਾਕਾ 4 ਵਜੇ ਦੀ ਥਾਂ 5:30 ‘ਤੇ ਕਰਨ ਦਾ ਫੈਸਲਾ ਕੀਤਾ ਗਿਆ। 4 ਵਜੇ ਤੋਂ ਬਾਅਦ ਮੌਸਮ ਠੀਕ ਹੋ ਗਿਆ ਤੇ 5 ਵਜੇ ਬੰਬ ਨੂੰ ਰੀਮੋਟ ਨਾਲ ਜਗਾ ਦਿੱਤਾ ਕਿਉਂਕਿ ਇਹਦੇ ਠੀਕ ਅੱਧੇ ਘੰਟੇ ਬਾਅਦ ਇਹਨੇ ਫੱਟ ਜਾਣਾ ਸੀ। ਜ਼ੀਰੋ ਪੁਆਇੰਟ ‘ਤੇ ਪਹਿਰਾ ਦੇ ਰਹੇ 5 ਫੌਜੀਆਂ ਨੂੰ ਹੁਕਮ ਕੀਤਾ ਕਿ ਫੌਰਨ ਬੇਸ ਕੈਂਪ ਪਹੁੰਚੋ।
5 ਵਜੇ ਉਲਟੀ ਗਿਣਤੀ ਸ਼ੁਰੂ ਹੋਈ, ਲਾਊਡ ਸਪੀਕਰ ‘ਤੇ 5:25 ਬੋਲਿਆ ਗਿਆ ਜੋ ਬੇਸ ਕੈਂਪ ਤੇ ਤਿੰਨਾਂ ਹੀ ਬੰਕਰਾਂ ਵਿਚ ਸੁਣਿਆ। ਕਿਸੇ ਨੂੰ ਸਿੱਧਾ ਧਮਾਕਾ ਦੇਖਣ ਦੀ ਇਜਾਜ਼ਤ ਨਹੀਂ ਸੀ। ਸਭ ਨੂੰ ਮੂਧੇ ਮੂੰਹ ਲੰਮੇ ਪੈਣ ਦਾ ਹੁਕਮ ਸੀ, ਸਿਰਫ ਜਿਨ੍ਹਾਂ ਸਾਇੰਸਦਾਨਾਂ ਨੇ ਇਹਦੇ ਪ੍ਰਭਾਵਾਂ ਨੂੰ ਦੱਸਣਾ ਸੀ, ਉਨ੍ਹਾਂ ਨੂੰ ਹੀ ਇੱਕ ਖਾਸ ਸ਼ੀਸ਼ੇ ਦਿੱਤੇ ਗਏ ਸਨ ਦੇਖਣ ਲਈ, ਉਹ ਵੀ ਬੰਕਰਾਂ ਵਿਚੋਂ ਹੀ। ਸਾਰੇ ਸਾਇੰਸਦਾਨ ਇੱਕ ਜਗ੍ਹਾ ‘ਤੇ ਨਹੀਂ ਰੱਖੇ ਗਏ ਸਨ ਕਿਉਂਕਿ ਖਦਸ਼ਾ ਸੀ ਕਿ ਐਟਮ ਬੰਬ ਫੱਟਣ ਸਾਰ ਪਤਾ ਨਹੀਂ ਇਹ ਕਿੰਨੇ ਇਲਾਕੇ ਨੂੰ ਖਤਮ ਕਰ ਦੇਵੇ। ਜੇ ਸਾਰੇ ਇੱਕਠੇ ਹੀ ਮਾਰੇ ਗਏ ਤਾਂ ਕੌਣ ਦੱਸੇਗਾ ਇਹਦੇ ਪ੍ਰਭਾਵ ਬਾਰੇ ਕਿ ਕੀ ਹੋਇਆ ਸੀ। ਜਿਉਂ ਜਿਉਂ ਉਲਟੀ ਗਿਣਤੀ ਘਟਦੀ ਗਈ, ਓਪਨਹੀਮਰ ਦੇ ਬੇਚੈਨੀ ਨਾਲ ਢਿੱਡ ਦਰਦ ਹੋਣੀ ਸ਼ੁਰੂ ਹੋ ਗਈ। ਉਹਦੇ ਲਈ ਇੱਕ ਇੱਕ ਪਲ ਔਖਾ ਹੁੰਦਾ ਜਾ ਰਿਹਾ ਸੀ। ਜਦੋਂ 5:05 ਬੋਲਿਆ ਤਾਂ ਉਸ ਇੱਕ ਵਾਰ ਫਿਰ ਆਪਣੇ ਬੰਕਰ ਵਿਚੋਂ ਬਾਹਰ ਨਿਕਲ ਕੇ 5 ਮੀਲ ਦੂਰ ਸੌ ਫੁੱਟ ਉਚੇ ਪਏ ਆਪਣੇ ਬਣਾਏ ਐਟਮ ਬੰਬ ਵੱਲ ਦੇਖਿਆ। ਉਸ ਵਕਤ ਸਵੇਰ ਦਾ ਮੌਸਮ ਬੜਾ ਸੁਹਾਵਣਾ ਹੋਇਆ ਪਿਆ ਸੀ ਕਿਉਂਕਿ ਕੁਝ ਚਿਰ ਪਹਿਲਾਂ ਹੀ ਮੀਂਹ ਪੈ ਕੇ ਹਟਿਆ ਸੀ ਤੇ ਠੰਡੀ ਹਵਾ ਚੱਲ ਰਹੀ ਸੀ। ਉਹਦੇ ਅੰਦਰ ਜੋ ਉਥਲ ਪੁਥਲ ਚਲ ਰਹੀ ਸੀ, ਉਹਨੇ ਉਹਦਾ ਵਕਤ ਰੋਕਿਆ ਹੋਇਆ ਸੀ। ਉਹ ਕਿੰਨਾ ਚਿਰ ਬਿਨਾ ਅੱਖ ਝਮਕੇ ਟਿਕਟਿਕੀ ਲਾਈ ਦੇਖੀ ਗਿਆ। ਚਾਹੁੰਦਾ ਸੀ, ਇੱਕ ਦਮ ਭੜਾਕਾ ਪਵੇ ਤੇ ਜੋ ਹੋਣਾ ਹੋਵੇ। ਜਦੋਂ 5:28 ‘ਤੇ ਇੱਕ ਰੌਸ਼ਨੀ ਕਰਕੇ ਸਭ ਨੂੰ ਸੁਚੇਤ ਕੀਤਾ ਕਿ ਧਮਾਕਾ ਬੱਸ ਹੋਣ ਵਾਲਾ ਹੀ ਹੈ ਤਾਂ ਉਹ ਆਪਣੇ ਬੰਕਰ ਵਿਚ ਆਪਣੇ ਹੀ ਇੱਕ ਭੌਤਿਕ ਵਿਗਿਆਨੀ ਭਰਾ ਫਰੈਂਕ ਨਾਲ ਮੂਧੇ ਮੂੰਹ ਲੰਮਾ ਪੈ ਗਿਆ। ਸਭ ਦੇ ਸਾਹ ਸੂਤੇ ਪਏ ਸਨ। ਅਖੀਰਲੇ 10 ਸਕਿੰਟ ਬਹੁਤ ਉਚੀ ਬੋਲੇ ਗਏ, ਤਿੰਨæææਦੋæææਇੱਕ। ਨਾਲ ਹੀ ਇੱਕ ਭਿਆਨਕ ਅੱਗ ਦੇ ਗੋਲੇ ਨੇ ਆਸਮਾਨ ਨੂੰ ਅੱਖਾਂ ਚੁੰਧਿਆ ਦੇਣ ਵਾਲੀ ਰੌਸ਼ਨੀ ਨਾਲ ਭਰ ਦਿੱਤਾ। ਅੱਗ ਦਾ ਗੋਲਾ ਸਕਿੰਟਾਂ ਵਿਚ ਹੀ ਆਸਮਾਨ ਵੱਲ ਸਾਢੇ ਸੱਤ ਮੀਲ ਚਲਾ ਗਿਆ। ਬੇਸ ਕੈਂਪ, ਜੋ ਜ਼ੀਰੋ ਪੁਆਇੰਟ ਤੋਂ 10 ਮੀਲ ਦੂਰ ਸੀ, ਉਥੇ ਇਸ ਦਾ ਸੇਕ 2 ਸਕਿੰਟਾਂ ਵਿਚ ਭੱਠੇ ‘ਚ ਬਲਦੀ ਅੱਗ ਜਿੰਨਾ ਮਹਿਸੂਸ ਹੋਇਆ।
ਇਹ ਧਮਾਕੇ ਜਿਨ੍ਹਾਂ ਨੇ ਦੇਖਿਆ, ਇਹੋ ਕਿਹਾ ਕਿ ਕਹਿਣ ਲਿਖਣ ਨੂੰ ਲਫਜ਼ ਨਹੀਂ। ਬੱਸ ਜੋ ਮਹਿਸੂਸ ਕੀਤਾ, ਉਹ ਬਿਆਨਣ ਵਾਲਾ ਹੀ ਨਹੀਂ। ਜਿਨ੍ਹਾਂ ਸੌ ਫੁੱਟ ਉਚੇ ਲੋਹੇ ਦੇ ਖੰਭਿਆਂ ਤੇ ਇਹ ਬੰਬ ਰਖਿਆ ਗਿਆ ਸੀ, ਉਹ ਸਾਰੇ ਹੀ ਪਿਘਲ ਕੇ ਅੱਗ ਦੇ ਗੋਲੇ ਨਾਲ ਆਸਮਾਨ ਵਿਚ ਉਡ ਗਏ। ਅੱਧੇ ਮੀਲ ਦੇ ਦਾਇਰੇ ਵਿਚ ਸਾਰੀ ਰੇਤਾ ਪਿਘਲ ਕੇ ਸ਼ੀਸ਼ਾ ਬਣ ਗਈ। ਧਮਾਕਾ ਇੰਨਾ ਭਿਆਨਕ ਸੀ ਕਿ 180 ਮੀਲ ਦੂਰ ਸਿਲਵਰ ਸਿਟੀ ਦੀਆਂ ਕਈ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਵਾਲੀ ਜਗ੍ਹਾ ਤੋਂ 60 ਕੁ ਮੀਲ ਦੂਰ ਬੰਬ ਵਿਚੋਂ ਨਿਕਲੀਆਂ ਰੇਡੀਓ ਐਕਟਿਵ ਰਿਸ਼ਮਾਂ ਨਾਲ ਜੰਗਲ ‘ਚ ਚੁਗਦੀਆਂ ਭੇਡਾਂ ਦੇ ਵਾਲ ਝੜ ਗਏ।
ਕੁੱਲ ਮਿਲਾ ਕੇ ਟ੍ਰਿਨਟੀ ਐਟਮ ਬੰਬ ਟੈਸਟ ਸਫਲ ਰਿਹਾ ਤੇ ਇਹਦੀ ਪੂਰੀ ਰਿਪੋਰਟ ਅਗਲੇ ਦਿਨਾਂ ਵਿਚ ਵੱਖ ਵੱਖ ਸਾਇੰਸਦਾਨਾਂ ਤੋਂ ਇੱਕਠੇ ਕਰਕੇ ਸਰਕਾਰ ਨੂੰ ਦਿੱਤੀ ਜਾਣੀ ਸੀ, ਪਰ ਉਸੇ ਦਿਨ ਜਰਮਨੀ ਵਿਚ ਪ੍ਰੈਜ਼ੀਡੈਂਟ ਟਰੂਮੈਨ ਨੂੰ ਟੈਲੀਗ੍ਰਾਫ ਰਾਹੀਂ ਐਟਮ ਬੰਬ ਦੇ ਸਫਲ ਤਜ਼ਰਬੇ ਦਾ ਦੱਸ ਦਿੱਤਾ ਗਿਆ। ਇਸ ਸਫਲ ਤਜ਼ਰਬੇ ਨੇ ਦੂਜੇ ਵਿਸ਼ਵ ਯੁੱਧ ਦਾ ਜੇਤੂ ਰੁਖ, ਜੋ ਰੂਸ ਦੇ ਪੱਖ ਵਿਚ ਜਾ ਰਿਹਾ ਸੀ, ਅਮਰੀਕਾ ਵੱਲ ਮੋੜ ਦਿੱਤਾ ਤੇ ਨਾਲ ਹੀ ਠੰਡੀ ਜੰਗ ਦੀ ਨੀਂਹ ਰੱਖ ਕੇ ਪਰਮਾਣੂ ਹਥਿਆਰਾਂ ਦੀ ਦੌੜ ਵੀ ਸ਼ੁਰੂ ਕਰ ਦਿੱਤੀ। ਇਹ ਟ੍ਰਿਨਟੀ ਐਟਮ ਬੰਬ ਵੀ ਉਨਾ ਹੀ ਪਾਵਰਫੁੱਲ ਸੀ, ਜਿੰਨਾ ਪਹਿਲਾ ਐਟਮ ਬੰਬ ਹੀਰੋਸ਼ੀਮਾ ‘ਤੇ ਸੁੱਟਿਆ ਸੀ।
ਓਪਨਹੀਮਰ ਨੂੰ ਆਪਣੀ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਸਫਲ ਹੋਈ ਜਾਪੀ ਜਿਸ ‘ਤੇ ਅਮਰੀਕਾ ਦੇ ਬਿਲੀਅਨ ਡਾਲਰ ਖਰਚ ਹੋ ਚੁਕੇ ਸਨ, ਪਰ ਐਟਮ ਬੰਬ ਦੇ ਧਮਾਕੇ ਤੋਂ ਪੈਦਾ ਨਤੀਜਿਆਂ ਤੋਂ ਉਹ ਅੰਦਰੋਂ ਉਦਾਸ ਵੀ ਹੋ ਗਿਆ ਸੀ। ਉਸ ਨੇ ਕਿਹਾ ਕਿ ਅੱਜ ਮੈਨੂੰ ਪਤਾ ਲੱਗਾ ਕਿ ਪ੍ਰੋਮਿਥਿਆਸ ਦੇਵਤੇ ਨੇ ਮਾਨਵਤਾ ਨੂੰ ਅੱਗ ਦੀ ਸੌਗਾਤ ਦੇ ਕੇ ਕੀ ਗਲਤੀ ਕੀਤੀ ਸੀ। ਯੂਨਾਨ ਦੀ ਇੱਕ ਮਿਥਿਹਾਸਕ ਕਹਾਣੀ ਹੈ ਕਿ ਪ੍ਰੋਮਿਥਿਆਸ ਦੇਵਤੇ ਨੇ ਮਾਨਵਤਾ ਨੂੰ ਅੱਗ ਦੀ ਸੌਗਾਤ ਦਿੱਤੀ ਤਾਂ ਕਿ ਮਨੁੱਖਤਾ ਸੁਖੀ ਜੀਵਨ ਬਤੀਤ ਕਰੇ। ਇਸ ‘ਤੇ ਇੱਕ ਹੋਰ ਦੇਵਤੇ ਜਿਊਸ ਨੇ ਪ੍ਰੋਮਿਥਿਆਸ ਨਾਲ ਨਾਰਾਜ਼ਗੀ ਪ੍ਰਗਟਾਈ ਕਿ ਇਹ ਤੂੰ ਬਹੁਤ ਮਾੜਾ ਕੰਮ ਕੀਤਾ, ਕਿਉਂਕਿ ਅੱਗੋਂ ਮਨੁੱਖ ਨੇ ਖੁਦ ਇਸੇ ਅੱਗ ਨਾਲ ਮਨੁੱਖਤਾ ਦਾ ਖਾਤਮਾ ਕਰਨਾ ਹੈ।
ਜਿਸ ਦਿਨ ਇਹ ਟ੍ਰਿਨਟੀ ਟੈਸਟ ਕੀਤਾ ਗਿਆ, ਉਸੇ ਵਕਤ 16 ਜੁਲਾਈ ਨੂੰ ਹੀ ਸੈਨ ਫਰਾਂਸਿਸਕੋ ਦੀ ਬੰਦਰਗਾਹ ‘ਤੇ ਦੋ ਫੌਜੀ ਗੱਡੀਆਂ ਕੋਈ ਫੌਜੀ ਸਾਮਾਨ ਲੈ ਕੇ ਆ ਗਈਆਂ, ਜਿਥੇ ਇੰਡੀਅਨਐਪੋਲਿਸ ਨਾਂ ਦਾ ਬਹੁਤ ਵੱਡਾ ਤੇ ਰਫਤਾਰ ਵਿਚ ਤੇਜ਼ ਸਮੁੰਦਰੀ ਜਹਾਜ਼ ਕਈ ਦਿਨਾਂ ਤੋਂ ਲੋਡ ਹੋ ਰਿਹਾ ਸੀ, ਜਿਸ ਨੇ ਪੈਸਿਫਿਕ ਵਿਚ ਟੀਨੀਅਨ ਟਾਪੂ ‘ਤੇ ਪਹੁੰਚਣਾ ਸੀ, ਜਿਥੇ ਅਮਰੀਕਾ ਦਾ ਫੌਜੀ ਅੱਡਾ ਸੀ, ਜਿਥੋਂ ਅੱਗੇ ਜਪਾਨ ਨਾਲ ਲੜਾਈ ਕੀਤੀ ਜਾਣੀ ਸੀ। ਉਨ੍ਹਾਂ ਫੌਜੀ ਗੱਡੀਆਂ ਵਿਚੋਂ ਇੱਕ ਵਿਚ 15 ਫੁੱਟ ਲੰਬਾ ਬਕਸਾ ਸੀ ਤੇ ਦੂਜੀ ਵਿਚ ਇੱਕ ਸਿਲੰਡਰ। ਬਕਸੇ ਨੂੰ ਜਹਾਜ਼ ਦੇ ਵਿਚਕਾਰ ਕਰੇਨ ਨਾਲ ਟਿਕਾ ਦਿੱਤਾ ਤੇ ਸਿਲੰਡਰ ਨੂੰ ਇੱਕ ਅਫਸਰ ਦੀ ਖਾਲੀ ਕੈਬਿਨ ਵਿਚ ਕੁੰਡੀਆਂ ਲਾ ਕੇ ਫਿਕਸ ਕਰ ਦਿੱਤਾ। ਜਹਾਜ਼ ਦੇ ਕੈਪਟਨ ਚਾਰਲਸ ਨੂੰ ਕੁਝ ਨਾ ਦੱਸਿਆ ਕਿ ਇਹਦੇ ਵਿਚ ਕੀ ਹੈ! ਬਸ ਉਹਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਕਿ ਇਹਦੇ ਨੇੜੇ ਕੋਈ ਵੀ ਨਾ ਜਾਵੇ, ਸਿਵਾਏ ਨੇਵੀ ਦੇ ਗਾਰਡਾਂ ਤੋਂ, ਜੋ 24 ਘੰਟੇ ਇਹਦੀ ਨਿਗਰਾਨੀ ‘ਤੇ ਪਹਿਰਾ ਦੇਣਗੇ। ਜੇ ਜਹਾਜ਼ ਨੂੰ ਕੋਈ ਹਾਦਸਾ ਵਾਪਰ ਜਾਵੇ ਤਾਂ ਜਹਾਜ਼ ਡੁੱਬਣ ਤੋਂ ਪਹਿਲਾਂ ਇਹ ਬਕਸਾ ਤੇ ਸਿਲੰਡਰ ਹਰ ਹਾਲਤ ਵਿਚ ਲਾਈਫ ਬੋਟ ਵਿਚ ਰੱਖ ਕੇ ਬਚਾਓ ਕਰਨਾ ਹੈ। ਜੇ ਜਹਾਜ਼ ‘ਤੇ ਜਾਪਾਨੀ ਫੌਜ ਦਾ ਹਮਲਾ ਹੋ ਜਾਵੇ ਤਾਂ ਕਿਸੇ ਵੀ ਸੂਰਤ ਵਿਚ ਇਹ ਦੁਸ਼ਮਣ ਦੇ ਹੱਥ ਨਹੀਂ ਲੱਗਣਾ ਚਾਹੀਦਾ।
ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਅਜਿਹੀ ਕਿਹੜੀ ਚੀਜ਼ ਹੋ ਸਕਦੀ ਹੈ, ਜਿਸ ਬਾਰੇ ਕੈਪਟਨ ਨੂੰ ਵੀ ਨਹੀਂ ਦੱਸਿਆ ਗਿਆ। ਉਸ ਜਹਾਜ਼ ਵਿਚ 1200 ਬੰਦੇ ਜਾ ਰਹੇ ਸਨ। ਜਹਾਜ਼ 16 ਜੁਲਾਈ ਨੂੰ ਸਵੇਰੇ 8 ਵਜੇ ਬੰਦਰਗਾਹ ਤੋਂ ਤੁਰ ਕੇ ਗੋਲਡਨ ਬ੍ਰਿੱਜ ਹੇਠੋਂ ਨਿਕਲ ਕੇ ਸਮੁੰਦਰ ਵੱਲ ਨੂੰ ਠਿੱਲ ਪਿਆ। ਰਸਤੇ ਵਿਚ ਸਿਰਫ ਜਹਾਜ਼ ਪਰਲ ਹਰਬਰ ਹੀ ਰੁਕਿਆ ਤੇ ਉਥੋਂ ਜੰਗੀ ਖੇਤਰ ਵੱਲ ਟੀਨੀਅਨ ਟਾਪੂ ਵੱਲ ਨੂੰ ਚੱਲ ਪਿਆ। 27 ਜੁਲਾਈ ਨੂੰ ਉਥੇ ਪੁੱਜ ਗਿਆ ਤੇ ਉਹ ਬਕਸਾ ਤੇ ਸਿਲੰਡਰ ਫੌਜ ਦੇ ਹਵਾਲੇ ਕਰ ਦਿੱਤਾ। ਨਾਲ ਹੀ ਨੇਵੀ ਦੇ ਗਾਰਡ ਵੀ ਉਤਰ ਗਏ। ਐਨੀ ਗੁਪਤ ਗੱਲ ਫੌਜ ਵਿਚ ਪਹਿਲੀ ਵਾਰ ਹੋ ਰਹੀ ਸੀ। ਦਰਅਸਲ ਜਪਾਨੀ ਹਵਾਈ ਫੌਜ ਦੇ ਆਤਮਘਾਤੀ ਪਾਇਲਟ ਜਦੋਂ ਵੀ ਦਾਅ ਲੱਗਦਾ, ਅਮਰੀਕਾ ਦੇ ਸਮੁੰਦਰੀ ਨੇਵੀ ਜਹਾਜ਼ਾਂ ‘ਤੇ ਡਿਗ ਕੇ ਤਬਾਹ ਕਰ ਦਿੰਦੇ ਸਨ ਤੇ ਇਹੋ ਕੁਝ ਹੋਇਆ ਵੀ। ਇਸ ਯੂ ਐਸ ਐਸ ਇੰਡੀਅਨਐਪੋਲਿਸ ਸ਼ਿਪ ਨੂੰ ਤਿੰਨ ਦਿਨ ਬਾਅਦ 30 ਜੁਲਾਈ ਨੂੰ, ਜਦੋਂ ਉਹ ਮਨੀਲਾ ਵੱਲ ਨੂੰ ਚੱਲਿਆ, ਜਾਪਾਨੀ ਹਵਾਈ ਫੌਜ ਨੇ ਸਮੁੰਦਰ ਵਿਚ ਡੁਬੋ ਦਿੱਤਾ ਸੀ। ਇਸ ਬਕਸੇ ਵਿਚ ਹੀ ਐਟਮ ਬੰਬ ਸੀ, ਜਿਸ ਦਾ ਨਾਂ ਲਿਟਲ ਬੁਆਏ (ਨਿੱਕਾ ਕਾਕਾ) ਸੀ। ਸਿਲੰਡਰ ਵਿਚ ਉਹ ਔਜ਼ਾਰ, ਬਿਜਲਈ ਸਾਮਾਨ ਤੇ ਬੰਬ ਦੇ ਬਲੂਪ੍ਰਿੰਟ ਸਨ ਜਿਸ ਨਾਲ ਇਸ ਨੂੰ ਅੰਤਿਮ ਰੂਪ ਵਿਚ ਜੋੜਨਾ ਸੀ।
ਐਟਮ ਬੰਬ ਸੁੱਟਣ ਲਈ ਜਪਾਨ ਦਾ ਪਹਿਲਾ ਸ਼ਹਿਰ ਹੀਰੋਸ਼ੀਮਾ ਚੁਣਿਆ ਗਿਆ। 3 ਅਗਸਤ ਨੂੰ ਅਮਰੀਕੀ ਹਵਾਈ ਫੌਜ ਦੇ ਜਹਾਜ਼ਾਂ ਨੇ ਹੀਰੋਸ਼ੀਮਾ ‘ਤੇ ਲੱਖਾਂ ਦੀ ਗਿਣਤੀ ਵਿਚ ਪਰਚੇ ਸੁੱਟ ਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਸ਼ਹਿਰ ਖਾਲੀ ਕਰਕੇ ਬਾਹਰ ਕਿਸੇ ਸੁਰੱਖਿਅਤ ਥਾਂ ਚਲੇ ਜਾਓ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਵੱਡੇ ਹਵਾਈ ਹਮਲੇ ਕੀਤੇ ਜਾਣਗੇ ਤੇ ਅਣਕਿਆਸੀ ਤਬਾਹੀ ਹੋਵੇਗੀ। ਆਪਣੀ ਸਰਕਾਰ ‘ਤੇ ਦਬਾਅ ਪਾ ਕੇ ਯੁੱਧ ਬੰਦ ਕੀਤਾ ਜਾਵੇ ਤੇ ਜਾਪਾਨੀ ਫੌਜ ਹਥਿਆਰ ਸੁੱਟ ਦੇਵੇ। ਇਸ ਚਿਤਾਵਨੀ ਨੂੰ ਨਾ ਸਰਕਾਰ ਤੇ ਨਾ ਹੀ ਫੌਜ ਨੇ ਗੰਭੀਰਤਾ ਨਾਲ ਲਿਆ। ਉਹ ਇਹਨੂੰ ਹੈਰੀ ਟਰੂਮੈਨ ਦੀ ਫੋਕੀ ਧਮਕੀ ਹੀ ਸਮਝਦੇ ਸਨ ਪਰ ਹੈਰੀ ਟਰੂਮੈਨ ਸਟਾਲਿਨ ਦੀ ਤਾਕਤ ਨੂੰ ਹਰ ਹਾਲਤ ਵਿਚ ਰੋਕਣਾ ਚਾਹੁੰਦਾ ਸੀ ਤੇ ਉਹਨੇ ਇਹ ਫੈਸਲਾ ਲੈ ਹੀ ਲਿਆ ਸੀ ਕਿ ਹੁਣ ਐਟਮ ਬੰਬ ਤੋਂ ਬਿਨਾ ਗੱਲ ਨਹੀਂ ਬਣਨੀ।
ਵਾਸ਼ਿੰਗਟਨ ਡੀæਸੀæ ਦੇ ਯੁੱਧ ਮਹਿਕਮੇ ਨੇ 4 ਅਗਸਤ ਨੂੰ ਹੁਕਮ ਕਰ ਦਿੱਤੇ। ਬਸ ਹੁਣ ਮੌਸਮ ਨੂੰ ਦੇਖਿਆ ਜਾ ਰਿਹਾ ਸੀ ਕਿਉਂਕਿ ਉਸ ਦਿਨ ਜਪਾਨ ਵੱਲ ਨੂੰ ਇੱਕ ਤੂਫਾਨ ਆ ਰਿਹਾ ਸੀ ਜੋ ਹਵਾਈ ਉਡਾਣ ਤੇ ਟਾਰਗੈਟ ਲੱਭਣ ਵਿਚ ਮੁਸ਼ਕਿਲ ਪੈਦਾ ਕਰ ਸਕਦਾ ਸੀ। 5 ਅਗਸਤ ਨੂੰ ਮੌਸਮ ਠੀਕ ਹੋ ਗਿਆ ਤੇ ਨਾਲ ਹੀ 6 ਅਗਸਤ ਨੂੰ ਐਟਮ ਬੰਬ ਸੁੱਟਣ ਦਾ ਵੀ ਫੈਸਲਾ ਹੋ ਗਿਆ।
ਹੀਰੋਸ਼ੀਮਾ ‘ਤੇ ਐਟਮ ਬੰਬ ਸੁੱਟਣ ਲਈ 7 ਬੀ-29 ਬੰਬਰ ਹਵਾਈ ਜਹਾਜ਼ ਚੁਣੇ ਗਏ ਜਿਨ੍ਹਾਂ ਵਿਚੋਂ ਐਟਮ ਬੰਬ ਸਿਰਫ ਇੱਕ ਵਿਚ ਹੋਣਾ ਸੀ ਤੇ ਉਹਨੂੰ ਚਲਾਉਣ ਵਾਲੇ ਪਾਇਲਟ ਦਾ ਨਾਂ ਪੌਲ ਟਿੱਬਟ ਸੀ। ਉਸ ਦੇ ਨਾਲ 11 ਹੋਰ ਮੈਂਬਰ ਉਸੇ ਜਹਾਜ਼ ਵਿਚ ਸਨ, ਜਿਨ੍ਹਾਂ ਦਾ ਕੰਮ ਵੱਖੋ ਵੱਖੋ ਸੀ। ਇਨ੍ਹਾਂ ਸਭ ਨੂੰ ਵਿਸ਼ੇਸ਼ ਟਰੇਨਿੰਗ ਅਮਰੀਕਾ ਵਿਚ ਦੇ ਕੇ ਕੁਝ ਦਿਨ ਪਹਿਲਾਂ ਹੀ ਟੀਨੀਅਨ ਟਾਪੂ ‘ਤੇ ਇੱਕ ਖਾਸ ਮਿਸ਼ਨ ਦੱਸ ਕੇ ਲਿਆਂਦਾ ਗਿਆ ਸੀ ਕਿ ਦੂਜੇ ਵਿਸ਼ਵ ਯੁੱਧ ਨੂੰ ਬੰਦ ਕਰਨ ਵਿਚ ਤੁਹਾਡੀ ਭੂਮਿਕਾ ਅਹਿਮ ਹੋਣੀ ਹੈ। 4 ਅਗਸਤ ਵਾਲੇ ਦਿਨ ਸਭ ਨੂੰ ਕੈਪਟਨ ਪਾਰਸਨ, ਜਿਸ ਨੇ ਐਟਮ ਬੰਬ ਨੂੰ ਜੋੜਨ ਦੀ ਅੰਤਿਮ ਕਾਰਵਾਈ ਕਰਨੀ ਸੀ, ਨੇ ਦੱਸ ਦਿੱਤਾ ਸੀ ਕਿ ਹੀਰੋਸ਼ੀਮਾ ‘ਤੇ ਵੱਡਾ ਬੰਬ ਸੁੱਟਿਆ ਜਾਣਾ ਹੈ ਪਰ ਇਹ ਭਿਣਕ ਨਹੀਂ ਕੱਢੀ ਕਿ ਉਹ ਬੰਬ ਐਟਮ ਬੰਬ ਹੈ। ਪਰ ਉਸ ਤੋਂ ਹੋਣ ਵਾਲੀ ਤਬਾਹੀ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਸੁਣ ਕੇ ਸਾਰੇ ਮੈਂਬਰ ਹੱਕੇ ਬੱਕੇ ਰਹਿ ਗਏ।
5 ਅਗਸਤ ਨੂੰ ਪੌਲ ਟਿੱਬਟ ਨੇ ਜਿਸ ਜਹਾਜ਼ ‘ਤੇ ਬੰਬ ਲੈ ਕੇ ਜਾਣਾ ਸੀ, ਉਹਦੇ ਉਡਾਣ ਦੀ ਪ੍ਰੈਕਟਿਸ 8500 ਫੁੱਟ ਲੰਬੇ ਰਨਵੇ ‘ਤੇ ਕਰਵਾਈ ਗਈ ਅਤੇ ਸ਼ਾਮ ਨੂੰ ਲਿਟਲ ਬੁਆਏ ਨਾਂ ਦਾ ਐਟਮ ਬੰਬ, ਜੋ 10 ਫੁੱਟ ਲੰਬਾ ਲੰਮਾ ਤੇ 28 ਇੰਚ ਗੋਲਾਕਾਰ ਸੀ ਤੇ ਭਾਰ ਤਕਰੀਬਨ ਪੰਜ ਟਨ ਸੀ, ਬੀ-29 ਬੰਬਰ ਜਿਸ ਦਾ ਨਾਮ ਪੌਲ ਟਿੱਬਟ ਨੇ ਆਪਣੀ ਮਾਂ ਦੇ ਨਾਂ ਤੇ Ḕਇਨੋਲਾ ਗੇ’ ਉਸੇ ਦਿਨ ਰਖਿਆ ਸੀ, ਇੱਕ ਖਾਸ ਤਰਕੀਬ ਨਾਲ ਲੋਡ ਕੀਤਾ ਗਿਆ। ਐਨਾ ਵੱਡਾ ਤੇ ਭਾਰਾ ਬੰਬ ਕਦੇ ਇਨ੍ਹਾਂ ਜਹਾਜ਼ਾਂ ਵਿਚ ਨਹੀਂ ਸੀ ਲੋਡ ਕੀਤਾ ਗਿਆ। ਇਸ ਨੂੰ ਅੰਤਿਮ ਤੌਰ ‘ਤੇ ਜੋੜਨ ਦਾ ਕੰਮ ਜਹਾਜ਼ ਵਿਚ ਉਡਾਣ ਭਰਨ ਪਿਛੋਂ ਕੈਪਟਨ ਪਾਰਸਨ ਤੇ ਉਹਦੇ ਇੱਕ ਸਹਿਯੋਗੀ ਨੇ ਕਰਨਾ ਸੀ। ਇਹ ਡਰ ਸੀ ਕਿ ਜੇ ਇਹਨੂੰ ਪਹਿਲਾਂ ਹੀ ਪੂਰੀ ਤਰ੍ਹਾਂ ਜੋੜ ਦਿੱਤਾ ਗਿਆ ਤਾਂ ਉਡਾਣ ਭਰਨ ਸਮੇਂ ਜੇ ਕਿਤੇ ਜਹਾਜ਼ ਨੂੰ ਕੋਈ ਹਾਦਸਾ ਵਾਪਰ ਗਿਆ ਤਾਂ ਇਸ ਐਟਮ ਬੰਬ ਨੇ ਟੀਨੀਅਨ ਟਾਪੂ ਨੂੰ ਦੁਨੀਆਂ ਦੇ ਨਕਸ਼ੇ ਤੋਂ ਸਦਾ ਲਈ ਮਿਟਾ ਦੇਣਾ ਹੈ। ਇਸ ਕਰਕੇ ਇਹ ਕੰਮ ਜਹਾਜ਼ ਵਿਚ ਕਰਨ ਦਾ ਫੈਸਲਾ ਕੀਤਾ ਗਿਆ। ਰਾਤੀਂ ਦਸ ਵਜੇ ਖਾਣਾ ਖਾਣ ਤੋਂ ਬਾਅਦ ਕੈਥੋਲਿਕ ‘ਤੇ ਸਾਢੇ ਦਸ ਵਜੇ ਪ੍ਰੋਟੈਸਟੈਂਟ ਪ੍ਰੇਅਰ ਕੀਤੀ ਗਈ ਜਿਸ ਵਿਚ ਪੌਲ ਟਿੱਬਟ ਤੋਂ ਸਿਵਾਏ ਬਾਕੀ ਸਾਰੇ ਸ਼ਾਮਿਲ ਹੋਏ। ਇਸ ਤੋਂ ਬਾਅਦ ਮਿਸ਼ਨ ‘ਤੇ ਜਾਣ ਵਾਲੇ ਸਾਰੇ ਮੈਂਬਰਾਂ ਨੂੰ ਆਖਰੀ ਹਦਾਇਤਾਂ ਦਿੱਤੀਆਂ ਗਈਆਂ ਤੇ ਦੱਸਿਆ ਗਿਆ ਕਿ ਇਹ ਐਟਮ ਬੰਬ ਹੈ, ਜੋ ਹੀਰੋਸ਼ੀਮਾ ‘ਤੇ ਸੁੱਟਿਆ ਜਾਣਾ ਹੈ। ਇਸ ਵਿਚ ਕੀਤੀ ਨਿੱਕੀ ਜਿਹੀ ਅਣਗਹਿਲੀ ਜਿਥੇ ਸਾਰੇ ਮੈਂਬਰਾਂ ਦੀ ਜ਼ਿੰਦਗੀ ਦੀ ਅਖੀਰਲੀ ਗਲਤੀ ਤਾਂ ਹੋਵੇਗੀ, ਉਥੇ ਅਮਰੀਕਾ ਨੂੰ ਵੀ ਨਾ ਸਹਿਣਯੋਗ ਨਮੋਸ਼ੀ ਵਿਚ ਪਾ ਦੇਵੇਗੀ ਤੇ ਆਉਣ ਵਾਲਾ ਦੁਨੀਆਂ ਦਾ ਇਤਿਹਾਸ ਵੱਖਰਾ ਹੋਵੇਗਾ। ਇਹ ਖਾਸ ਹਦਾਇਤ ਕੀਤੀ ਗਈ ਕਿ ਜੇ ਜਹਾਜ਼ ਜਾਪਾਨੀ ਫੌਜ ਦੇ ਹੱਥ ਲੱਗ ਜਾਂਦਾ ਹੈ ਤਾਂ ਕਿਸੇ ਵੀ ਸੂਰਤ ਵਿਚ ਆਪਣੇ ਆਪ ਨੂੰ ਜਿਉਂਦੇ ਉਨ੍ਹਾਂ ਦੇ ਹਵਾਲੇ ਨਹੀਂ ਕਰਨਾ। ਇਸ ਲਈ ਹਰੇਕ ਨੂੰ ਸਾਈਨਾਈਡ ਦਾ ਇੱਕ ਕੈਪਸੂਲ ਦਿੱਤਾ ਗਿਆ ਤੇ ਪੌਲ ਟਿੱਬਟ ਕੋਲ ਇੱਕ ਲੋਡਿਡ ਰਿਵਾਲਵਰ ਦਿੱਤਾ ਗਿਆ।
6 ਅਗਸਤ ਨੂੰ ਤੜਕੇ 1:30 ‘ਤੇ 3 ਬੀ-29 ਜਹਾਜ਼ਾਂ ਨੇ ਇੱਕ ਇਕ ਕਰਕੇ ਉਡਾਣ ਭਰੀ, ਜਿਨ੍ਹਾਂ ਨੇ ਹੀਰੋਸ਼ੀਮਾ ਦੇ ਹਾਲਤ ਤੇ ਮੌਸਮ ਦੀ ਜਾਣਕਾਰੀ ਟਿੱਬਟ ਨੂੰ ਕੋਡ ਭਾਸ਼ਾ ਵਿਚ ਦੇਣੀ ਸੀ। ਠੀਕ ਇੱਕ ਘੰਟੇ ਬਾਅਦ ਪੌਲ ਟਿੱਬਟ ਇਨੋਲਾ ਗੇ ‘ਤੇ ਸਵਾਰ ਹੋ ਕੇ ਖੱਬੀ ਸੀਟ ‘ਤੇ ਬਹਿ ਗਿਆ ਤੇ ਬਾਕੀ 11 ਮੈਂਬਰ ਵੀ ਜਹਾਜ਼ ਵਿਚ ਆਪੋ ਆਪਣੀ ਜਗ੍ਹਾ ਬਹਿ ਗਏ। ਉਸ ਵਕਤ ਜਹਾਜ਼ ਵਿਚ 7000 ਗੈਲਨ ਤੇਲ, ਜੋ 1500 ਮੀਲ ਦੂਰ ਹੀਰੋਸ਼ੀਮਾ ਜਾਣ ਤੇ ਆਉਣ ਦੇ 12 ਘੰਟੇ ਲਈ ਚਾਹੀਦਾ ਸੀ, ਭਰਿਆ ਹੋਇਆ ਸੀ। ਐਟਮ ਬੰਬ ਅਤੇ ਤੇਲ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨੋਲਾ ਗੇ 7 ਟਨ ਓਵਰਲੋਡ ਹੋ ਗਿਆ। ਢਾਈ ਵਜੇ 2200 ਹਾਰਸ ਪਾਵਰ ਦੇ ਇਨੋਲਾ ਗੇ ਨੂੰ ਪੌਲ ਟਿੱਬਟ ਨੇ ਸਟਾਰਟ ਕੀਤਾ ਤਾਂ ਗਰਜ਼ਵੀਂ ਆਵਾਜ਼ ਨੇ ਰਾਤ ਦੀ ਚੁੱਪ ਤੋੜ ਦਿੱਤੀ। ਉਸ ਵਕਤ ਫੌਜ ਦੇ ਸਾਰੇ ਅਫਸਰ ਰਨਵੇ ਦੇ ਨਾਲ ਖੜੇ ਮਿਸ਼ਨ ਹੀਰੋਸ਼ੀਮਾ ਦੀਆਂ ਸ਼ੁਭ ਕਾਮਨਾਵਾਂ ਦੇ ਰਹੇ ਸਨ। ਪੌਲ ਟਿੱਬਟ ਨੇ ਕੌਕਪਿੱਟ ਦਾ ਸ਼ੀਸ਼ਾ ਥੱਲੇ ਕਰਕੇ ਸਭ ਨੂੰ ਹੱਥ ਹਿਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਜਹਾਜ਼ ਨੂੰ ਰਨਵੇ ‘ਤੇ ਤੋਰ ਲਿਆ। ਜ਼ਿਆਦਾ ਭਾਰ ਹੋਣ ਕਰਕੇ ਇਨੋਲਾ ਗੇ ਜਦੋਂ ਰਨਵੇ ‘ਤੇ ਭਜਿਆ ਤਾਂ ਸਾਰੇ ਦਾ ਸਾਰਾ ਜ਼ੋਰ ਨਾਲ ਕੰਬਣ ਲੱਗ ਪਿਆ। ਪੌਲ ਨੇ ਇਹਨੂੰ ਵੱਧ ਤੋਂ ਵੱਧ ਸਪੀਡ 155 ਮੀਲ ‘ਤੇ ਭਜਾ ਕੇ ਪੂਰਾ ਰਨਵੇ ਕਵਰ ਕਰਕੇ ਉਡਾਇਆ, ਤੇ ਇਹ ਮੌਤ ਦੇ ਫਰਿਸ਼ਤੇ ਚੱਲ ਪਏ 1500 ਮੀਲ ਦੂਰ ਹੀਰੋਸ਼ੀਮਾ ਨੂੰ।
ਟਿੱਬਟ ਜਹਾਜ਼ ਨੂੰ ਜ਼ਿਆਦਾ ਉਚਾਈ ‘ਤੇ ਉਡਾਉਣਾ ਚਾਹੁੰਦਾ ਸੀ ਤਾਂ ਕਿ ਤੇਲ ਦੀ ਬੱਚਤ ਹੋ ਸਕੇ ਪਰ ਓਵਰਲੋਡ ਹੋਣ ਕਰਕੇ ਉਹ ਇਸ ਨੂੰ 31000 ਫੁੱਟ ਦੀ ਉਚਾਈ ਤੋਂ ਉਤਾਂਹ ਨਾ ਲੈ ਜਾ ਸਕਿਆ। ਜਦੋਂ ਜਹਾਜ਼ ਆਰਾਮ ਨਾਲ ਉਡ ਰਿਹਾ ਸੀ ਤਾਂ ਕੈਪਟਨ ਪਾਰਸਨ ਨੇ ਐਟਮ ਬੰਬ ਵਿਚ ਗੰਨ ਪਾਊਡਰ ਵਾਲੀ ਪਾਈਪ ਫਿੱਟ ਕਰਕੇ ਇਲੈਕਟ੍ਰਿਕ ਪਲੱਗ ਫਿੱਟ ਕਰਨੇ ਸ਼ੁਰੂ ਕਰ ਦਿੱਤੇ। ਹਰ ਚੀਜ਼ ਨੂੰ ਉਹ ਬੜੇ ਧਿਆਨ ਨਾਲ ਬਲੂ ਪ੍ਰਿੰਟ ਸਮਝ ਕੇ ਕਰ ਰਿਹਾ ਸੀ, ਕਿਉਂਕਿ ਇੱਕ ਵੀ ਤਾਰ ਦੇ ਗਲਤ ਕੁਨੈਕਸ਼ਨ ਨੇ ਮਿਸ਼ਨ ਨੂੰ ਫੇਲ੍ਹ ਕਰ ਦੇਣਾ ਸੀ।
ਸਵੇਰੇ 7:10 ‘ਤੇ ਪਹਿਲੇ ਤਿੰਨ ਜਹਾਜ਼ ਹੀਰੋਸ਼ੀਮਾ ‘ਤੇ ਉਡਣ ਲੱਗੇ ਤਾਂ ਸਾਇਰਨ ਵੱਜਣ ਨਾਲ ਲੋਕ ਮੋਰਚਿਆਂ ਵਿਚ ਵੜ ਗਏ। ਉਨ੍ਹਾਂ ‘ਤੇ ਕੋਈ ਜ਼ਮੀਨ ਤੋਂ ਫਾਇਰਿੰਗ ਨਹੀਂ ਹੋਈ। ਮੌਸਮ ਵੀ ਸਾਫ ਸੀ ਤੇ ਟਾਰਗੈਟ ਪੁਆਇੰਟ ਜੋ ਡਾਊਨ ਟਾਊਨ ਵਿਚ ਟੀ ਸ਼ੇਪ ਪੁੱਲ ਸੀ, ਸਾਫ ਦਿਖਾਈ ਦੇ ਰਿਹਾ ਸੀ। ਉਨ੍ਹਾਂ ਨੇ ਇਹ ਰਿਪੋਰਟ ਪਿਛੇ ਆ ਰਹੇ ਪੌਲ ਟਿੱਬਟ ਨੂੰ ਦੇ ਦਿੱਤੀ। 7:30 ‘ਤੇ ਦੁਬਾਰਾ ਸਾਇਰਨ ਖਤਰਾ ਟਲਣ ਦੇ ਵੱਜਣ ਨਾਲ ਲੋਕ ਫਿਰ ਬਾਹਰ ਨਿਕਲ ਆਏ। ਉਸ ਦਿਨ ਸੋਮਵਾਰ ਸੀ ਤੇ ਹਫਤੇ ਦੇ ਕੰਮ ਦਾ ਪਹਿਲਾ ਦਿਨ ਹੋਣ ਕਰਕੇ ਅੱਠ ਵਜੇ ਤੱਕ ਕੰਮਾਂ ਕਾਰਾਂ ਵਾਲੇ ਸਾਰੇ ਸੜਕਾਂ ‘ਤੇ ਨਿਕਲ ਆਏ ਸਨ। ਅੱਠ ਵਜੇ ਇਨੋਲਾ ਗੇ ਹੀਰੋਸ਼ੀਮਾ ‘ਤੇ ਉਡ ਰਿਹਾ ਸੀ ਤਾਂ ਪੌਲ ਨੇ ਕਿਹਾ, ਅਸੀਂ ਹੀਰੋਸ਼ੀਮਾ ‘ਤੇ ਹਾਂ। ਰਾਡਾਰ ਨੇ ਖਤਰੇ ਦਾ ਸਾਇਰਨ ਇੱਕ ਫਿਰ ਵਜਾਇਆ ਪਰ ਲੋਕਾਂ ਨੇ ਇਹਨੂੰ ਬਹੁਤੀ ਅਹਿਮੀਅਤ ਨਾ ਦਿੱਤੀ ਕਿਉਂਕਿ ਉਹ ਸਮਝਦੇ ਸਨ ਕਿ ਅਮਰੀਕਾ ਸਿਰਫ ਡਰਾਉਣ ਲਈ ਹੀ ਭਾਰੀ ਆਵਾਜ਼ ਵਾਲੇ ਬੀ-29 ਬੰਬਰ ਜਹਾਜ਼ ਹੀਰੋਸ਼ੀਮਾ ‘ਤੇ ਉਡਾ ਰਿਹਾ ਹੈ। ਕੋਈ ਵੀ ਸੁਰਖਿਅਤ ਮੋਰਚਿਆਂ ਵਿਚ ਨਾ ਗਿਆ। ਮੱਛੀਆਂ ਫੜਨ ਵਾਲੇ ਸਵੇਰੇ ਆਪਣੇ ਕੰਮ ਵਿਚ ਮਸ਼ਰੂਫ ਸਨ, ਕੰਮ ਵਾਲੇ ਰੁਟੀਨ ਵਿਚ ਕੰਮਾਂ ‘ਤੇ ਜਾ ਰਹੇ ਸਨ। ਇਨੋਲਾ ਗੇ ਬਿਨਾ ਕਿਸੇ ਜ਼ਮੀਨੀ ਤੇ ਹਵਾਈ ਹਮਲੇ ਦੇ ਆਪਣੇ ਨਿਸ਼ਾਨੇ ‘ਤੇ ਪਹੁੰਚ ਗਿਆ।
ਪੌਲ ਟਿੱਬਟ ਨੇ ਕਿਹਾ, ਅਸੀਂ ਆਪਣੇ ਨਿਸ਼ਾਨੇ ‘ਤੇ ਪਹੁੰਚ ਚੁਕੇ ਹਾਂ ਤੇ ਟੀ ਸ਼ੇਪ ਪੁਲ ਹੇਠ ਸਾਫ ਦਿਖਾਈ ਦੇ ਰਿਹਾ ਹੈ। ਬੰਬ ਸੁੱਟਣ ਦਾ ਸਾਰਾ ਕੰਮ ਬੰਬ ਇੰਚਾਰਜ ਥੌਮਸ ਫਰਬੀ ਕੋਲ ਸੀ ਤੇ ਉਹਨੇ ਰੇਡੀਓ ‘ਤੇ ਅਨਾਊਂਸ ਕੀਤਾ ਕਿ ਸਾਰੇ ਮੈਂਬਰ ਖਾਸ ਗੂੜ੍ਹੇ ਰੰਗ ਦੀਆਂ ਐਨਕਾਂ ਲਾ ਲੈਣ, ਹੁਣੇ ਹੀ ਲਿਟਲ ਬੁਆਏ ਸੁਟਿਆ ਜਾ ਰਿਹਾ ਹੈ। ਜਹਾਜ਼ ਦੀ ਸਪੀਡ ਵਧਾ ਕੇ 330 ਮੀਲ ਕਰ ਦਿੱਤੀ ਤੇ ਉਚਾਈ 30900 ਫੁੱਟ। ਪੌਲ ਟਿੱਬਟ ਨੇ ਕਿਹਾ, ਇੱਕ ਮਿੰਟ ਆਊਟ, ਤੀਹ ਸੈਕੰਡ, ਵੀਹæææਦਸ਼æਪੰਜ਼ææਦੋæææਇੱਕ, ਤੇ ਨਾਲ ਹੀ ਐਟਮ ਬੰਬ ਜੋ ਇੱਕ ਆਟੋਮੈਟਿਕ ਕੁੰਡੀ ਨਾਲ ਬੰਨਿਆ ਹੋਇਆ ਸੀ, 8:15æ17 ‘ਤੇ ਖੋਲ੍ਹ ਦਿੱਤਾ। ਪੰਜ ਟਨ ਬੰਬ ਦੇ ਭਾਰ ਨਿਕਲਣ ਨਾਲ ਇਨੋਲਾ ਗੇ ਇੱਕ ਵੱਡਾ ਹੁਝਕਾ ਜਿਹਾ ਮਾਰ ਕੇ ਉਪਰ ਨੂੰ ਉਠਿਆ ਜਿਵੇਂ ਛੇ ਘੰਟੇ ਦੇ ਭਾਰ ਨੇ ਉਹਦਾ ਕਚੂਮਰ ਕੱਢਿਆ ਹੋਵੇ ਤੇ ਉਹਨੂੰ ਸੌਖਾ ਸਾਹ ਆਇਆ ਹੋਵੇ। ਪੌਲ ਟਿੱਬਟ ਕੋਲ ਪੰਜਾਹ ਸੈਕੰਡ ਤੋਂ ਘੱਟ ਦਾ ਸਮਾਂ ਸੀ ਕਿ ਉਹ ਇਨੋਲਾ ਗੇ ਨੂੰ ਜਿੰਨੀ ਛੇਤੀ ਤੋਂ ਛੇਤੀ ਦੂਰ ਲਿਜਾ ਸਕੇ, ਲੈ ਜਾਵੇ, ਨਹੀਂ ਤਾਂ ਇਹ ਬੰਬ ਦੀ ਲਪੇਟ ਵਿਚ ਆ ਜਾਵੇਗਾ। ਲਿਟਲ ਬੁਆਏ ਨੂੰ ਸੁੱਟਣ ਸਾਰ ਹੀ ਉਹਨੇ ਜਹਾਜ਼ ਨੂੰ ਇੱਕ ਦਮ ਸੱਜੇ ਪਾਸੇ 155 ਡਿਗਰੀ ‘ਤੇ ਪਰਾਂ ਨੂੰ ਕੰਨੀ ਸੀਖ ਭਾਰ ਕਰਕੇ ਪੂਰਾ ਖਤਰਾ ਲੈ ਕੇ ਮੋੜ ਕੇ ਪੂਰੀ ਸਪੀਡ ਨਾਲ ਉਡਾ ਤੁਰਿਆ।
ਜਹਾਜ਼ ਵਿਚੋਂ ਡਿਗਣ ਸਾਰ ਲਿਟਲ ਬੁਆਏ ਨੇ ਥੋੜ੍ਹੀਆਂ ਜਿਹੀਆਂ ਐਧਰ ਓਧਰ ਲੋਟਣੀਆਂ ਖਾਧੀਆਂ ਤੇ ਫਿਰ ਨੱਕ ਭਾਰ ਸਿੱਧਾ ਜ਼ਮੀਨ ਵੱਲ ਸੁੱਤੇ ਨਾਗ ਵਾਂਗ 43 ਸੈਕੰਡ ਤੱਕ ਗਿਆ। ਫਿਰ 1900 ਫੁੱਟ ਦੀ ਉਚਾਈ ਤੋਂ ਇਹ ਫੱਟ ਗਿਆ ਤੇ ਫਟਣ ਸਾਰ ਅੱਗ ਦਾ ਗੋਲਾ 45000 ਫੁੱਟ ਉਚਾ ਚਲਾ ਗਿਆ। ਉਦੋਂ ਤੱਕ ਇਨੋਲਾ ਗੇ 12 ਮੀਲ ਦੂਰ ਜਾ ਚੁਕਾ ਸੀ ਤੇ ਉਚਾਈ 31000 ਫੁੱਟ ਸੀ। ਬੰਬ ਦੀ ਤਪਸ਼ 1200 ਫੁੱਟ ਪ੍ਰਤੀ ਸੈਕੰਡ ਨਾਲ ਵੱਧ ਰਹੀ ਸੀ। ਪੌਲ ਟਿੱਬਟ ਦੇ ਮੂੰਹ ਵਿਚ ਇੱਕ ਜ਼ਬਰਦਸਤ ਝਰਨਾਹਟ ਹੋਈ ਤੇ ਉਹਨੂੰ ਲੱਗਿਆ ਕਿ ਜਹਾਜ਼ ‘ਤੇ ਜਮੀਨ ਤੋਂ ਹਮਲਾ ਹੋ ਗਿਆ ਹੈ। ਉਹ ਇੱਕ ਦਮ ਚਿਲਾਇਆ ḔਫਲੈਕḔ ਜਿਸ ਦਾ ਮਤਲਬ ਸੀ ਅਸੀਂ ਜਮੀਨੀ ਹਮਲੇ ਦੀ ਮਾਰ ਵਿਚ ਹਾਂ। ਪਰ ਜਹਾਜ਼ ਠੀਕ ਜਾ ਰਿਹਾ ਸੀ ਤਾਂ ਉਹਨੂੰ ਮਹਿਸੂਸ ਹੋਇਆ ਕਿ ਇਹ ਐਟਮ ਬੰਬ ਜਿਹੜਾ ਹੁਣੇ ਸੁੱਟ ਕੇ ਆਇਆਂ, ਉਹਦਾ ਜਲਵਾ ਹੈ। ਜੇ ਉਹ ਜਹਾਜ਼ ਨੂੰ ਮੋੜਨ ਵਿਚ ਕੁਝ ਸੈਕੰਡ ਦੀ ਵੀ ਦੇਰੀ ਕਰ ਦਿੰਦਾ ਤਾਂ ਲਿਟਲ ਬੁਆਏ ਨੇ ਉਨ੍ਹਾਂ ਨੂੰ ਵੀ ਭਸਮ ਕਰ ਦੇਣਾ ਸੀ। ਇਸ ਤੋਂ ਛੇ ਘੰਟੇ ਬਾਅਦ ਉਹ ਦੋਬਾਰਾ ਟੀਨੀਅਨ ਪਹੁੰਚ ਗਏ ਤੇ ਉਸ ਜਿੱਤ ਦੇ ਜਸ਼ਨ ਮਨਾਉਣ ਲੱਗੇ ਜੋ ਉਹ ਹੀਰੋਸ਼ੀਮਾ ਨੂੰ ਨਰਕ ਵਿਚ ਬਦਲ ਕੇ ਆਏ ਸਨ।
ਐਟਮ ਬੰਬਾਂ ਵਿਚੋਂ ਇਹ ਹੀਰੋਸ਼ੀਮਾ ‘ਤੇ ਸੁੱਟਿਆ ਲਿਟਲ ਬੁਆਏ ਸਭ ਤੋਂ ਘੱਟ ਤਾਕਤ ਵਾਲਾ ਬੰਬ ਹੈ। ਇਸ ਤੋਂ ਬਾਅਦ ਰੂਸ ਨੇ ਵੀ 1949 ਵਿਚ ਐਟਮ ਬੰਬ ਬਣਾ ਲਿਆ। ਦੁਨੀਆਂ ਦਾ ਸਭ ਤੋਂ ਵੱਡਾ ਨਿਊਕਲੀਅਰ ਬੰਬ ਜਿਸ ਨੂੰ Ḕਜ਼ਾਰ ਬੰਬḔ ਕਿਹਾ ਜਾਂਦਾ ਹੈ, ਰੂਸ ਨੇ 1961 ਬਣਾ ਲਿਆ ਜਿਸ ਦੀ ਮਾਰੂ ਤਾਕਤ ਐਨੀ ਹੈ ਕਿ ਉਹ ਇੱਕਲਾ ਹੀ ਦੁਨੀਆਂ ਦੇ ਕਿਸੇ ਵੀ ਵੱਡੇ ਤੋਂ ਵੱਡੇ ਸ਼ਹਿਰ ਜਿਵੇਂ ਬੰਬਈ, ਕਲਕੱਤਾ, ਲੰਡਨ, ਪੈਰਿਸ ਤੇ ਨਿਊ ਯਰਕ ਨੂੰ ਸਕਿੰਟਾਂ ਵਿਚ ਤਬਾਹ ਕਰ ਸਕਦਾ ਹੈ। ਅਜਿਹੇ ਪੰਦਰਾਂ ਹਜ਼ਾਰ ਬੰਬ ਸਾਰੀ ਧਰਤੀ ਨੂੰ ਕੋਲਾ ਬਣਾਉਣ ਦੇ ਸਮਰਥ ਹਨ।
ਅੱਜ ਦੁਨੀਆਂ ਦੇ ਜਿਨ੍ਹਾਂ ਸੱਤ ਦੇਸ਼ਾਂ ਕੋਲ ਨਿਊਕਲੀਅਰ ਬੰਬ ਹਨ, ਉਨ੍ਹਾਂ ਪਾਸ 15000 ਦੇ ਕਰੀਬ ਬੰਬ ਹਨ। ਅਸੀਂ ਦੁਨੀਆਂ ਦੇ ਸਾਰੇ ਵਸਨੀਕ ਅੱਗ ਦੇ ਸ਼ਾਂਤ ਗੋਲੇ ‘ਤੇ ਬੈਠੇ ਹਾਂ। ਕਿਸੇ ਖਰ ਦਿਮਾਗ ਲੀਡਰ ਦੀ ਲਾਈ ਚੰਗਿਆੜੀ ਨੇ ਕੀ ਗੁਲ ਖਿਲਾ ਦੇਣਾ ਹੈ, ਸਮਝਣਾ ਕੋਈ ਔਖਾ ਨਹੀਂ। ਸੱਤ ਨਿਊਕਲੀਅਰ ਦੇਸ਼ਾਂ ਵਿਚ ਭਾਰਤ ਤੇ ਪਾਕਿਸਤਾਨ ਵੀ ਹਨ, ਜਿਥੇ ਹਰ ਰੋਜ਼ ਲੀਡਰ ਇੱਕ ਦੂਸਰੇ ਨੂੰ ਸਬਕ ਸਿਖਾਉਣ ਦੀਆਂ ਬੜ੍ਹਕਾਂ ਮਾਰਦੇ ਰਹਿੰਦੇ ਹਨ।