ਵਿਰੋਧੀ ਧਿਰ ਲਈ ਨਵੇਂ ਸਿਰੇ ਤੋਂ ਨਵੇਂ ਪੱਖ ਸੋਚਣ ਦਾ ਵੇਲਾ

-ਜਤਿੰਦਰ ਪਨੂੰ
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਵਿਚ ਇਸ ਵਾਰੀ ਇੱਕ ਸਵਾਲ ਬੜੀ ਸ਼ਿੱਦਤ ਨਾਲ ਉਭਰਿਆ ਸੀ ਕਿ ਜਦੋਂ ਪਤਾ ਸੀ, ਵਿਰੋਧੀ ਧਿਰ ਕੋਲ ਹਾਕਮ ਗੱਠਜੋੜ ਦੇ ਮੁਕਾਬਲੇ ਮਸਾਂ ਅੱਧੀਆਂ ਵੋਟਾਂ ਹਨ ਤਾਂ ਚੋਣ ਕਰਾਉਣ ਦੀ ਲੋੜ ਕੀ ਸੀ? ਇਸ ਤੋਂ ਚੰਗਾ ਕੀ ਇਹ ਨਹੀਂ ਸੀ ਹੋਣਾ ਕਿ ਹਾਕਮ ਧਿਰ ਨੂੰ ਇਹ ਨਹੋਰਾ ਮਾਰ ਕੇ ਪਾਸੇ ਹੋ ਜਾਂਦੇ, ਅਸੀਂ ਸਰਬ-ਸੰਮਤੀ ਦੀ ਇੱਛਾ ਰੱਖਦੇ ਸਾਂ, ਭਾਜਪਾ ਵਾਲਿਆਂ ਨੂੰ ਇਹ ਵੀ ਗੱਲ ਪਸੰਦ ਨਹੀਂ, ਇਸ ਲਈ ਅਸੀਂ ਇਸ ਚੋਣ ਦਾ ਬਾਈਕਾਟ ਕਰ ਰਹੇ ਹਾਂ?

ਕਾਂਗਰਸ ਪਾਰਟੀ ਨਾਲ ਜੁੜੇ ਇਹ ਲੋਕ ਕਹਿੰਦੇ ਹਨ ਕਿ ਹਾਰ ਜਾਂ ਜਿੱਤ ਤੋਂ ਵੱਡਾ ਸਵਾਲ ਇੱਕ ਵਿਚਾਰਧਾਰਾ ਉਤੇ ਪਹਿਰਾ ਦੇਣ ਦਾ ਹੈ, ਜਿਸ ਲਈ ਇਸ ਚੋਣ ਵਿਚ ਕੁੱਦਣਾ ਜ਼ਰੂਰੀ ਸੀ। ਉਹ ਇਹ ਵੀ ਕਹਿੰਦੇ ਹਨ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਇਸੇ ਤਰ੍ਹਾਂ ਬਾਕੀ ਸਾਰੇ ਖਾਸ ਅਹੁਦੇ ਇੱਕ ਖਾਸ ਵਿਚਾਰਧਾਰਾ ਦੇ ਲੋਕਾਂ ਨਾਲ ਭਰੀ ਜਾਂਦੇ ਹਨ। ਸਥਿਤੀ ਦਾ ਵਰਣਨ ਉਹ ਠੀਕ ਕਰਦੇ ਹਨ, ਪਰ ਅਹੁਦੇ ਜਦੋਂ ਸੰਵਿਧਾਨ ਵਿਚ ਦਿੱਤੀ ਪ੍ਰਕ੍ਰਿਆ ਨਾਲ ਭਰ ਰਹੇ ਹੋਣ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ।
ਦੇਸ਼ ਦੇ ਲੋਕ ਜਿਨ੍ਹਾਂ ਲੀਡਰਾਂ ਦਾ ਕਿਹਾ ਮੰਨ ਰਹੇ ਹਨ, ਉਹ ਚੌਕੇ-ਛਿੱਕੇ ਮਾਰ ਰਹੇ ਹਨ। ਨਰਿੰਦਰ ਮੋਦੀ ਬਾਰੇ ਬਹੁਤ ਪ੍ਰਸਿੱਧ ਪੰਜਾਬੀ ਅਖਾਣ ਫਿੱਟ ਬੈਠਦਾ ਹੈ, ‘ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ।’ ਇਸ ਵੇਲੇ ਉਹ ਪਾਣੀ ਵੀ ਵੇਚਦਾ ਹੈ ਤਾਂ ਆਰਾਮ ਨਾਲ ਵਿਕਦਾ ਜਾ ਰਿਹਾ ਹੈ। ਜਦੋਂ ਤੱਕ ਨਰਿੰਦਰ ਮੋਦੀ ਦਾ ਇਹ ਦਬਦਬਾ ਕਾਇਮ ਹੈ, ਉਦੋਂ ਤੱਕ ‘ਵਿਚਾਰਧਾਰਾ ਦੀ ਲੜਾਈ’ ਲੜਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਕੋਲ ਆਪਣੇ ਘਰ ਬੈਠ ਕੇ ਇਹ ਸੋਚਣ ਦਾ ਮੌਕਾ ਹੈ ਕਿ ਅੱਜ ਵਾਲੇ ਹਾਲਾਤ ਪੈਦਾ ਕਿਸ ਨੇ ਕੀਤੇ ਹਨ?
ਅਜੇ ਤੱਕ ਵਿਰੋਧ ਦੀ ਮੁੱਖ ਧਿਰ ਮੰਨੀ ਜਾਂਦੀ ਕਾਂਗਰਸ ਉਹੋ ਪਾਰਟੀ ਹੈ, ਜਿਸ ਕੋਲ ਆਜ਼ਾਦੀ ਤੋਂ ਪਿੱਛੋਂ ਕਈ ਸਾਲਾਂ ਤੱਕ ਇਸ ਦੇਸ਼ ਵਿਚ ਏਨੀ ਤਾਕਤ ਸੀ, ਜਿਸ ਦੇ ਸਾਹਮਣੇ ਕੋਈ ਟਿਕਦਾ ਨਹੀਂ ਸੀ। ਉਸ ਦੇ ਆਗੂ ਵੀ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਲੀਡਰ ਹੋਇਆ ਕਰਦੇ ਸਨ।
ਅੱਜ ਦੀ ਕਾਂਗਰਸ ਉਦੋਂ ਵਾਲੀ ਕਾਂਗਰਸ ਨਹੀਂ ਤੇ ਇਸ ਦੀ ਅਗਵਾਈ ਦੀ ਰਸਮ-ਪੂਰਤੀ ਕਰ ਰਹੀ ਸੋਨੀਆ ਗਾਂਧੀ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਛਾਂਵੇ ਵਿਚ ਕਿਸੇ ਨੁੱਕਰ-ਖੂੰਜੇ ਵਿਚ ਖੜੀ ਨਹੀਂ ਲੱਭ ਸਕਦੀ। ਨਹਿਰੂ ਇਸ ਪਾਰਟੀ ਦਾ ਆਗੂ ਨਹੀਂ, ਆਗੂਆਂ ਦਾ ਮੋਹਰੀ ਹੁੰਦਾ ਸੀ ਤੇ ਸੋਨੀਆ ਗਾਂਧੀ ਅੱਜ ਦੇ ਪਾਰਟੀ ਆਗੂਆਂ ਨੂੰ ਆਪਣੇ ਕੱਚ-ਘਰੜ ਜਵਾਕ ਦੇ ਪਿੱਛੇ ਘੁੰਮਦੇ ਛੋਟੀ ਉਮਰ ਦੇ ਜਵਾਕਾਂ ਦੀ ‘ਰੇਲ ਗੱਡੀ ਆਈ’ ਵਾਲੀ ਖੇਡ ਦੇ ਡੱਬੇ ਬਣੇ ਵੇਖਣਾ ਚਾਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਵਰਗਾ ਉਮਰ ਦੇ ਤਜਰਬੇ ਤੇ ਪੰਜਾਬ ਵਰਗੇ ਪਰਪੱਕ ਰਾਜਸੀ ਮੈਦਾਨ ਦਾ ਖਿਡਾਰੀ ਵੀ ਆਪਣੀ ਸਰਕਾਰ ਵਿਚ ਚਾਰ ਵਜ਼ੀਰ ਹੋਰ ਮਿਲਾਉਣ ਦੀ ਪ੍ਰਵਾਨਗੀ ਲੈਣ ਲਈ ਜਦੋਂ ਦਿੱਲੀ ਵਿਚ ‘ਰਾਹੁਲ ਜੀ’ ਨੂੰ ਮਿਲਣ ਜਾਂਦਾ ਹੈ ਤਾਂ ਲੋਕ ਹੱਸ ਪੈਂਦੇ ਹਨ। ਸੋਨੀਆ ਗਾਂਧੀ ਦੇ ਘੇਰੇ-ਘੇਰੇ ਜੁੜੀ ਹੋਈ ਜੁੰਡੀ ਇਸ ਪਾਰਟੀ ਨੂੰ ਇਸੇ ਤਰ੍ਹਾਂ ‘ਚਲਾਉਣਾ’ ਚਾਹੁੰਦੀ ਹੈ।
ਹਾਲਾਤ ਕਿਸ ਤਰ੍ਹਾਂ ਵਿਗੜੇ ਸਨ, ਇਸ ਦੀ ਕਹਾਣੀ ਬਹੁਤ ਲੰਮੀ ਹੈ। ਜਵਾਹਰ ਲਾਲ ਨਹਿਰੂ ਸਿਰਫ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਣ ਕਰ ਕੇ ਉਸ ਦੇ ਨਾਂ ਨਾਲ ਰਵਾਇਤ ਵਜੋਂ ‘ਪੰਡਿਤ’ ਲੱਗਦਾ ਸੀ, ਜੀਵਨ ਵਿਚ ਧਰਮ-ਕਰਮ ਅਤੇ ਜਾਤ-ਪਾਤ ਵਿਚ ਉਹ ਰਚਦਾ-ਮਿਚਦਾ ਨਹੀਂ ਸੀ। ਉਸ ਦੀ ਪੰਡਿਤਾਈ ਅਕਲ ਦੇ ਉਸ ਪੱਖ ਵਿਚੋਂ ਦਿੱਸ ਸਕਦੀ ਸੀ, ਜੋ ਉਸ ਦੀਆਂ ਲਿਖੀਆਂ ਉਚ ਪਾਏ ਵਾਲੀਆਂ ਕਿਤਾਬਾਂ ਵਿਚ ਲਿਖਿਆ ਹੈ। ਰਾਜਨੀਤਕ ਲੋੜਾਂ ਲਈ ਆਪ ਉਸ ਨੇ ਕਦੀ ਧਰਮ ਦੀ ਵਰਤੋਂ ਨਹੀਂ ਸੀ ਕੀਤੀ, ਸਗੋਂ ਪਹਿਲੀ ਚੋਣ ਵਿਚ ਜਦੋਂ ਹਿੰਦੂ ਮਹਾਂ ਸਭਾ ਵਾਲਿਆਂ ਦਾ ਖੜਾ ਕੀਤਾ ਗਿਆ ਸੰਤ ਉਸ ਦੇ ਸੈਕੂਲਰਿਜ਼ਮ ਨੂੰ ਢਾਹ ਲਾਉਣ ਲਈ ਮੈਦਾਨ ਵਿਚ ਸੀ, ਉਸ ਨੇ ਐਲਾਨ ਕਰ ਦਿੱਤਾ ਸੀ ਕਿ ਮੈਂ ਹਲਕੇ ਵਿਚ ਹੀ ਨਹੀਂ ਜਾਵਾਂਗਾ ਤੇ ਲੋਕਾਂ ਨੂੰ ਸਾਡੇ ਦੋਵਾਂ ਵਿਚੋਂ ਇੱਕ ਦੀ ਚੋਣ ਕਰਨ ਦੇਵਾਂਗਾ। ਨਹਿਰੂ ਦੀ ਜਿੱਤ ਹੋਈ ਤੇ ਹਿੰਦੂ ਸੰਤ ਦੀ ਜਦੋਂ ਜ਼ਮਾਨਤ ਜ਼ਬਤ ਹੋ ਗਈ, ਉਸ ਨੇ ਨਹਿਰੂ ਨੂੰ ਟੈਲੀਗਰਾਮ ਭੇਜ ਕੇ ਕਿਹਾ ਸੀ, ‘ਤੁਹਾਡਾ ਸੈਕੂਲਰਿਜ਼ਮ ਜਿੱਤ ਗਿਆ, ਮੇਰੇ ਵੱਲੋਂ ਵਧਾਈ ਪ੍ਰਵਾਨ ਕਰੋ।’ ਉਸੇ ਪਾਰਟੀ ਦੀ ਅਗਲੀ ਪੀੜ੍ਹੀ ਨੇ ਧਰਮ ਦੀ ਦੁਰਵਰਤੋਂ ਕਰਨ ਵਾਸਤੇ ਹਰ ਪਾਪੜ ਵੇਲਿਆ ਤੇ ਸਾਰੀ ਸਾਖ ਗੁਆ ਬੈਠੀ। ਸ਼ੰਕਰਾਚਾਰੀਆ ਦੇ ਇੱਕ ਗਰੁਪ ਨੂੰ ਨਾਲ ਗੰਢਣ ਤੋਂ ਲੈ ਕੇ ਹਰ ਚੋਣ ਵਿਚ ਪਾਸਾ ਬਦਲਣ ਵਾਲੇ ਜਾਮਾ ਮਸਜਿਦ ਦੇ ਇਮਾਮ ਬੁਖਾਰੀ ਤੱਕ ਕੋਲੋਂ ਵੋਟਾਂ ਲਈ ਅਪੀਲਾਂ ਕਰਵਾਉਂਦੀ ਰਹੀ ਕਾਂਗਰਸ ਅੱਜ ਕਿਸ ‘ਵਿਚਾਰਧਾਰਾ’ ਦੀ ਲੜਾਈ ਲੜ ਰਹੀ ਹੈ!
ਪੰਡਿਤ ਨਹਿਰੂ ਨੇ ਰਾਜਨੀਤੀ ਲਈ ਆਪ ਧਰਮ ਦੀ ਵਰਤੋਂ ਨਾ ਕੀਤੀ ਤਾਂ ਦੂਸਰਿਆਂ ਨੂੰ ਵੀ ਕਦੇ ਨਹੀਂ ਸੀ ਕਰਨ ਦਿਤੀ। ਉਹਦੇ ਹੁੰਦਿਆਂ ਕਦੇ ਪੰਜਾਬ ਦੇ ਸਿੱਖ ਮੁੱਦਿਆਂ ਨੂੰ ਵਰਤਣ ਲਈ ‘ਦਿੱਲੀ’ ਦੀ ਤਾਕਤ ਦੀ ਵਰਤੋਂ ਨਹੀਂ ਸੀ ਕਰਨ ਦਿੱਤੀ ਜਾਂਦੀ, ਪਰ ਉਸ ਦੀ ਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਇਸ ਤਰ੍ਹਾਂ ਕਰਨ ਦੀ ਉਹ ਪੂਰੀ ਖੁੱਲ੍ਹ ਦਿੱਤੀ, ਜਿਸ ਦਾ ਖਮਿਆਜ਼ਾ ਦੇਸ਼ ਨੂੰ ਭੁਗਤਣਾ ਪਿਆ, ਪੰਜਾਬ ਨੂੰ ਵੀ ਅਤੇ ਕਾਂਗਰਸ ਨੂੰ ਵੀ। ਗਿਆਨੀ ਜ਼ੈਲ ਸਿੰਘ ਖੁਦ ਏਡਾ ‘ਠੋਸ’ ਪੈਂਤੜੇ ਦਾ ਆਗੂ ਸੀ ਕਿ ਉਸ ਨੇ ਇਹ ਕਹਿਣ ਤੋਂ ਝਿਜਕ ਨਹੀਂ ਸੀ ਵਿਖਾਈ ਕਿ ਇੰਦਰਾ ਗਾਂਧੀ ਕਹੇਗੀ ਤਾਂ ਝਾੜੂ ਲਾਉਣ ਨੂੰ ਵੀ ਤਿਆਰ ਹਾਂ ਤੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਸੰਵਿਧਾਨ ਦੀ ਕਿਤਾਬ ਨੁੱਕਰੇ ਸੁੱਟ ਕੇ ਇੰਦਰਾ ਗਾਂਧੀ ਦੇ ਪੁੱਤਰ ਨੂੰ ਪਾਰਟੀ ਆਗੂ ਚੁਣੇ ਜਾਣ ਤੋਂ ਬਿਨਾ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ।
ਇਨ੍ਹਾਂ ਹਾਲਾਤ ਵਿਚ ਪ੍ਰਧਾਨ ਮੰਤਰੀ ਬਣੇ ਇੰਦਰਾ ਗਾਂਧੀ ਦੇ ਪੁੱਤਰ ਤੇ ਸੋਨੀਆ ਗਾਂਧੀ ਦੇ ਮਰਹੂਮ ਪਤੀ ਨੇ ਪਾਰਲੀਮੈਂਟ ਚੋਣਾਂ ਵਿਚ ਅਜਿਹੇ ਪੋਸਟਰ ਛਾਪੇ ਸਨ, ਜਿਨ੍ਹਾਂ ਵਿਚ ਫਿਰਕੂ ਮੁੱਦੇ ਉਛਾਲ ਕੇ ਵੋਟਾਂ ਮੰਗੀਆਂ ਗਈਆਂ ਸਨ। ‘ਵਿਚਾਰਧਾਰਾ’ ਦੇ ਜਿਹੜੇ ਰਾਹ ਉਤੇ ਭਾਰਤ ਨੂੰ ਰਾਜੀਵ ਤੇ ਇੰਦਰਾ ਗਾਂਧੀ ਪਾ ਗਏ ਸਨ, ਹੁਣ ਉਹੀ ਅੱਗੇ ਵਧ ਰਹੀ ਹੈ। ਕੁਝ ਹੋਰ ਮਿਸਾਲਾਂ ਚਾਹੀਦੀਆਂ ਹੋਣ ਤਾਂ ਬਾਬਰੀ ਮਸਜਿਦ ਦਾ 39 ਸਾਲਾਂ ਤੋਂ ਬੰਦ ਤਾਲਾ ਰਾਜੀਵ ਗਾਂਧੀ ਵੱਲੋਂ ਖੋਲ੍ਹਣ ਦਾ ਚੇਤਾ ਕੀਤਾ ਜਾ ਸਕਦਾ ਹੈ ਤੇ ਨਾਲ ਇਹ ਵੀ ਕਿ ਲੀਡਰਾਂ ਦੀ ਜਿਸ ਜੁੰਡੀ ਪਿੱਛੇ ਲੱਗ ਕੇ ਅਜਿਹੇ ਪੈਂਤੜੇ ਰਾਜੀਵ ਗਾਂਧੀ ਨੇ ਵਰਤੇ ਸਨ, ਸਮਾਂ ਪਾ ਕੇ ਉਹ ਸਾਰੇ ਜਣੇ ਉਸ ਪਾਰਟੀ ਵਿਚੋਂ ਨਿਕਲ ਗਏ। ਜਿਹੜੇ ਬਾਕੀ ਰਹਿ ਗਏ, ਇਨ੍ਹਾਂ ਵਿਚੋਂ ਕਿੰਨਿਆਂ ਦੀ ਤਾਰ ਇਸ ਵਕਤ ਵੀ ਦੂਸਰੇ ਪਾਸੇ ਜੁੜੀ ਹੈ, ਪਤਾ ਨਹੀਂ।
ਆਪਣੀ ਅਸਲੀ ਵਿਚਾਰਧਾਰਾ ਵਾਲੇ ਸੈਕੂਲਰਿਜ਼ਮ ਨੂੰ ਛੱਡ ਦਿੱਤਾ ਤਾਂ ਕਾਂਗਰਸ ਪਾਰਟੀ ਈਮਾਨ ਦੇ ਪੱਲੇ ਨੂੰ ਹੀ ਦਾਗੀ ਹੋਣ ਤੋਂ ਬਚਾ ਲੈਂਦੀ। ਉਹ ਇਹ ਵੀ ਨਾ ਕਰ ਸਕੀ। ਭ੍ਰਿਸ਼ਟਾਚਾਰ ਤਾਂ ਆਜ਼ਾਦੀ ਮਿਲਦੇ ਸਾਰ ਪਹਿਲੇ ਪੰਜ ਸਾਲਾਂ ਅੰਦਰ ਹੀ ਸਿਰ ਚੁੱਕ ਖੜੋਤਾ ਸੀ, ਪਰ ਇਸ ਦੀ ਜਿਹੜੀ ਸੜ੍ਹਿਆਂਦ ਸੋਨੀਆ ਗਾਂਧੀ ਦੇ ਪਤੀ ਅਤੇ ਫਿਰ ਖੁਦ ਸੋਨੀਆ ਗਾਂਧੀ ਦੇ ‘ਰਿਮੋਟ ਰਾਜ’ ਦੌਰਾਨ ਦੇਸ਼ ਦੇ ਲੋਕਾਂ ਨੇ ਹੰਢਾਈ, ਉਸ ਦੀ ਤੁਲਨਾ ਕਰਨ ਲਈ ਲੋਕਾਂ ਨੂੰ ਦੁਨੀਆਂ ਦੇ ‘ਮੋਸਟ ਕੁਰੱਪਟ’ ਗਿਣੇ ਜਾਂਦੇ ਦੇਸ਼ਾਂ ਵਾਲੀ ਸੂਚੀ ਫੋਲਣੀ ਪਵੇਗੀ। ਇਹ ਸਭ ਕੁਝ ਉਸ ਸੋਨੀਆ ਗਾਂਧੀ ਦੀ ਕਮਾਂਡ ਹੇਠ ਹੋਇਆ, ਜੋ ਇੱਕ ਵੇਲੇ ਤਿਆਗ ਦੀ ਮੂਰਤੀ ਗਿਣੀ ਜਾਂਦੀ ਸੀ। ਵਾਜਪਾਈ ਰਾਜ ਮਗਰੋਂ ਜਦੋਂ ਵਿਰੋਧ ਦੀਆਂ ਸਾਰੀਆਂ ਧਿਰਾਂ ਨੇ ਸੋਨੀਆ ਗਾਂਧੀ ਨੂੰ ਆਗੂ ਚੁਣਿਆ ਸੀ ਤਾਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਜਦੋਂ ਤੱਕ ਦੇਸ਼ ਵਿਚ ਸੋਨੀਆ ਗਾਂਧੀ ਦਾ ਰਾਜ ਰਹੇਗਾ, ਮੈਂ ਚਿੱਟੇ ਕੱਪੜੇ ਪਾਵਾਂਗੀ, ਫਰਸ਼ ਉਤੇ ਸੌਵਾਂਗੀ ਅਤੇ ਸਿਰਫ ਭੁੱਜੇ ਛੋਲੇ ਖਾ ਕੇ ਗੁਜ਼ਾਰਾ ਕਰਾਂਗੀ। ਉਮਾ ਭਾਰਤੀ ਕਹਿੰਦੀ ਸੀ ਕਿ ਸਿਰ ਮੁੰਨਾ ਕੇ ਪਰਬਤਾਂ ਉਤੇ ਤਪ ਕਰਨ ਚਲੀ ਜਾਵਾਂਗੀ। ਉਸ ਤੋਂ ਅਗਲੇ ਦਿਨ ਜਦੋਂ ਸੋਨੀਆ ਗਾਂਧੀ ਨੇ ਕਹਿ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ, ਕਾਰਨ ਭਾਵੇਂ ਕੋਈ ਵੀ ਹੋਵੇ, ਦੇਸ਼ ਵਿਚ ਇਹ ਗੱਲਾਂ ਹੁੰਦੀਆਂ ਸਨ ਕਿ ਸੋਨੀਆ ਗਾਂਧੀ ਨੇ ਸੁਸ਼ਮਾ ਤੇ ਉਮਾ ਦੋਵਾਂ ਨੂੰ ਦੱਸ ਦਿੱਤਾ ਹੈ ਕਿ ਤਿਆਗੀ ਵੀ ਬਣਨਾ ਹੋਵੇ ਤਾਂ ਚਿੱਟੇ ਕੱਪੜੇ ਪਾਉਣ ਤੇ ਸਿਰ ਮੁੰਨਾਉਣ ਦੀ ਲੋੜ ਨਹੀਂ, ਇਸ ਤਰ੍ਹਾਂ ਵੀ ਬਣ ਜਾਈਦਾ ਹੈ।
ਤਿਆਗ ਦੀ ਉਸ ਦਿਨ ਵਾਲੀ ਉਹ ਮੂਰਤੀ ਬਾਅਦ ਵਿਚ ਉਸ ਸਰਕਾਰ ਦੀ ਅਗਵਾਈ ਕਰਦੀ ਰਹੀ, ਜੋ ਇਸ ਦੇਸ਼ ਦੀ ਸਭ ਤੋਂ ਭ੍ਰਿਸ਼ਟ ਟੀਮ ਵਜੋਂ ਜਾਣੀ ਜਾਂਦੀ ਸੀ। ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਖੁਦ ਕੋਈ ਬੁਰਾ ਕੰਮ ਨਹੀਂ ਕੀਤਾ, ਅਸੀਂ ਬਹਿਸ ਵਿਚ ਪੈਣੋਂ ਬਚਣ ਲਈ ਇਹ ਮੰਨ ਲੈਂਦੇ ਹਾਂ, ਪਰ ਭ੍ਰਿਸ਼ਟਾਚਾਰ ਦੇ ਅੱਗੇ ਕਦੀ ਅੜਿੱਕਾ ਵੀ ਬਣਨ ਦੀ ਲੋੜ ਨਹੀਂ ਸਮਝੀ। ਸਾਰੀ ਉਮਰ ਦੀ ਬਣੀ ਭੱਲ ਗਵਾ ਬੈਠਾ। ਉਸ ਦਾ ਸਿਰਫ ਏਨਾ ਕੰਮ ਸੀ ਕਿ ਜਿੱਥੇ ਵੀ ਬੋਲਣਾ ਹੈ, ਸੋਨੀਆ ਗਾਂਧੀ ਨੂੰ ਪਹਿਲਾਂ ਮੌਕਾ ਦੇਵੇ ਤੇ ਰਾਹੁਲ ਗਾਂਧੀ ਦਾ ਨਾਂ ਆਪਣੇ ਭਾਸ਼ਣ ਵਿਚ ਇੱਕ-ਅੱਧੀ ਵਾਰ ਜ਼ਰੂਰ ਬੋਲ ਛੱਡਿਆ ਕਰੇ। ਦਿੱਲੀ ਦੇ ਇੱਕ ਸਟੇਡੀਅਮ ਵਿਚ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਦੇ ਸਾਹਮਣੇ ਜਦੋਂ ਇਹ ਕਹਿ ਦਿੱਤਾ ਕਿ ‘ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਮੈਂ ਅੱਜ ਸ਼ਾਮ ਨੂੰ ਸੰਭਾਲ ਸਕਦਾ ਹਾਂ’, ਤਾਂ ਇਸ ਦਾ ਅਰਥ ਸਭ ਨੂੰ ਸਮਝ ਆ ਗਿਆ ਸੀ ਕਿ ਮਨਮੋਹਨ ਸਿੰਘ ਤਾਂ ਕੁਰਸੀ ਨਿੱਘੀ ਰੱਖਣ ਨੂੰ ਬਿਠਾਇਆ ਹੈ, ਜਦੋਂ ਮਨ ਬਣ ਗਿਆ, ਉਠਾ ਦਿਆਂਗੇ। ਸਤਿਕਾਰ ਤੋਂ ਸੱਖਣੀ ਇਹ ਕੁਰਸੀ ਛੱਡਣ ਦੀ ਹਿੰਮਤ ਮਨਮੋਹਨ ਸਿੰਘ ਨਹੀਂ ਸੀ ਕਰ ਸਕਿਆ ਤੇ ਵੋਟਾਂ ਪਾ ਕੇ ਲੋਕਾਂ ਵੱਲੋਂ ਉਠਾ ਦਿੱਤੇ ਜਾਣ ਤੱਕ ਬੈਠਾ ਰਿਹਾ ਸੀ।
ਇੱਕ ਨਹੀਂ, ਇਸ ਤਰ੍ਹਾਂ ਦੀਆਂ ਭੁੱਲਾਂ ਦੀ ਇੱਕ ਲੰਮੀ ਲੜੀ ਹੈ, ਜਿਸ ਨੇ ਦੇਸ਼ ਨੂੰ ਇਥੋਂ ਤੱਕ ਲਿਆਂਦਾ ਹੈ। ਹੁਣ ਕਾਂਗਰਸ ਉਸ ‘ਵਿਚਾਰਧਾਰਾ’ ਦੀ ਲੜਾਈ ਲੜਨ ਦਾ ਦਾਅਵਾ ਕਰਦੀ ਹੈ, ਜਿਸ ਦੀਆਂ ਜੜ੍ਹਾਂ ਖੁਦ ਟੁੱਕੀਆਂ ਸੀ, ਪਰ ਗਲਤੀਆਂ ਦਾ ਅਹਿਸਾਸ ਕਦੇ ਨਹੀਂ ਕੀਤਾ ਗਿਆ। ਬਹੁਤ ਪਾਣੀ ਪੁਲਾਂ ਹੇਠੋਂ ਲੰਘ ਚੁਕਾ ਹੈ। ਹੁਣ ਮੋੜਾ ਪਾਉਣਾ ਹੈ ਤਾਂ ਰਾਸ਼ਟਰਪਤੀ ਚੋਣ ਵਰਗੇ ਰਾਜਸੀ ਡਰਾਮੇ ਕਰਨ ਨਾਲ ਨਹੀਂ ਪੈ ਜਾਣਾ। ਜਵਾਹਰ ਲਾਲ ਨਹਿਰੂ ਵਾਂਗ ਆਗੂ ਦੀ ਬਜਾਏ ‘ਆਗੂਆਂ ਵਿਚੋਂ ਇੱਕ’ ਹੋਣ ਵਾਲੀ ਉਹ ਸੋਚ ਮੰਨਣੀ ਪਵੇਗੀ, ਜਿਸ ਬਾਰੇ ਸੋਨੀਆ ਗਾਂਧੀ ਤੇ ਉਸ ਦਾ ਪੁੱਤਰ ਅਜੇ ਮਾਨਸਿਕ ਪੱਖੋਂ ਤਿਆਰ ਨਹੀਂ ਹਨ। ਜਵਾਹਰ ਲਾਲ ਨਹਿਰੂ ਭਾਵੇਂ ‘ਪੰਡਿਤ’ ਸੀ, ਉਹ ਫਿਲਾਸਫੀ ਦਾ ਪੰਡਿਤ ਕਿਹਾ ਜਾਂਦਾ ਸੀ, ਅੱਕੀਂ-ਪਲਾਹੀਂ ਮੱਥੇ ਟੇਕਣ ਅਤੇ ਗੁੱਗਾ ਪੂਜਦੇ ਫਿਰਨ ਵਾਲੇ ਲੋਕਾਂ ਵਿਚ ਕਦੇ ਨਹੀਂ ਸੀ ਗਿਣਿਆ ਗਿਆ। ਵਿਰੋਧੀ ਧਿਰ ਦੀ ਅਜੋਕੀ ਮੋਹਰੀ ਧਿਰ ਕਾਂਗਰਸ ਪਾਰਟੀ ਉਸ ਰਾਹ ਮੁੜਨ ਜੋਗੀ ਰਹੀ ਹੀ ਨਹੀਂ।
ਹੁਣ ਤਾਂ ਬਾਕੀ ਵਿਰੋਧੀ ਪਾਰਟੀਆਂ ਲਈ ਇਹ ਸੋਚਣ ਦਾ ਵਕਤ ਹੈ ਕਿ ਸਿਆਸੀ ਸਮਾਧਾਂ ਪੂਜਣ ਵਰਗੀ ਖੇਡ ਜਾਰੀ ਰੱਖਣੀ ਹੈ ਜਾਂ ਮਿਲਦੀ ਸੋਚ ਵਾਲਿਆਂ ਦਾ ਨਵਾਂ ਪਿੰਡ ਬੰਨ੍ਹਣ ਦਾ ਯਤਨ ਕਰਨਾ ਹੈ। ਹਰ ਮਾਮਲੇ ਵਿਚ ‘ਰਾਹੁਲ ਜੀ’ ਤੋਂ ਪੁੱਛਣ ਦੀ ਮੁਹਾਰਨੀ ਦੌਰਾਨ ਵਿਚਾਰਧਾਰਾ ਦੀ ਲੜਾਈ ਲੜਨ ਦਾ ਡਰਾਮਾ ਜਿੰਨਾ ਮਰਜ਼ੀ ਹੁੰਦਾ ਰਹੇ, ਅਮਲ ਵਿਚ ਏਦਾਂ ਦੀ ਲੜਾਈ ਨਾ ਲੜੀ ਜਾ ਸਕਦੀ ਹੈ ਤੇ ਨਾ ਕਦੇ ਲੜੀ ਜਾ ਸਕਣੀ ਹੈ।