ਗੁਰਬਾਣੀ ਦੇ ਸ਼ਬਦੀ ਅਰਥ ਬਨਾਮ ਭਾਵ ਅਰਥ

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਕੋਈ ਗੱਲ ਸਮਝਾਉਣ ਲਈ ਥਾਂ ਥਾਂ ਮਿਸਾਲਾਂ ਦਿੱਤੀਆਂ ਗਈਆਂ ਹਨ ਪਰ ਕਈ ਭੁੱਲੜ ਸਿੱਖ ਇਨ੍ਹਾਂ ਮਿਸਾਲਾਂ ਦਾ ਮਕਸਦ ਅਤੇ ਭਾਵ ਸਮਝਣ ਦੀ ਥਾਂ ਇਨ੍ਹਾਂ ਦੇ ਸ਼ਬਦੀ ਅਰਥ ਕਰ ਬੈਠਦੇ ਹਨ ਜਿਸ ਨਾਲ ਗੱਲ ਦੇ ਭਾਵ ਹੀ ਉਲਟ ਹੋ ਜਾਂਦੇ ਹਨ। ਆਪਣੇ ਇਸ ਲੇਖ ਵਿਚ ਲੇਖਕ ਗੁਰਮੀਤ ਸਿੰਘ ਬਰਸਾਲ ਨੇ ਇਹੋ ਗੱਲ ਨਿਖਾਰਨ ਦਾ ਯਤਨ ਕੀਤਾ ਹੈ ਕਿ ਜੇ ਅੱਖਰੀ ਅਰਥ ਲਈਏ ਤਾਂ ਸ਼ੱਕ ਹੁੰਦਾ ਹੈ ਕਿ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ! ਪਰ ਜੇ ਭਾਵ ਅਰਥ ਲਈਏ ਤਾਂ ਇਹ ਸ਼ੰਕਾ ਨਵਿਰਤ ਹੋ ਜਾਂਦੀ ਹੈ।

-ਸੰਪਾਦਕ

ਗੁਰਮੀਤ ਸਿੰਘ ਬਰਸਾਲ

ਅਸੀਂ ਲੋਕ ਨਾ ਕਿਸੇ ਦੀ ਪੂਰੀ ਗੱਲ ਸੁਣਦੇ ਹਾਂ ਅਤੇ ਨਾ ਅਗਲੇ ਦੀ ਭਾਵਨਾ ਸਮਝਦੇ ਹਾਂ, ਬਸ ਕਹੇ ਗਏ ਸ਼ਬਦ ਦੇ ਅੱਖਰੀ ਅਰਥ ਕਰ ਖੁਦ ਨੂੰ ਸਮਝ ਆ ਰਹੇ ਅਰਥਾਂ ਅਨੁਸਾਰ ਝੱਟ ਜੱਜ ਹੋਣ ਦਾ ਪ੍ਰਗਟਾਵਾ ਕਰ ਦਿੰਦੇ ਹਾਂ। ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ? ਇਹ ਪੜ੍ਹ ਕੇ ਕਈਆਂ ਦੇ ਮਨ ਵਿਚ ਖਿਆਲ ਆ ਵੀ ਗਏ ਹੋਣਗੇ ਕਿ ਕੀ ਲਿਖਣ ਵਾਲੇ ਨੂੰ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ‘ਤੇ ਕੋਈ ਸ਼ੱਕ ਹੈ? ਜਦ ਕਿ ਸਵਾਲ ਤਾਂ ਇਹ ਹੈ ਕਿ ਗੁਰਬਾਣੀ ਦੇ ਅੱਖਰ ਅੱਖਰ ਸੱਚ ਹੋਣ ਦਾ ਭਾਵ ਕੋਈ ਕਿਵੇਂ ਲੈਂਦਾ ਹੈ।
ਜਿਸ ਤਰ੍ਹਾਂ ਰੱਬ ਦੀ ਹੋਂਦ ਦੇ ਸਵਾਲ ‘ਤੇ ਪ੍ਰਸ਼ਨ ਕਰਤਾ ਦੀ ਭਾਵਨਾ ਸਮਝਣ ਦੀ ਲੋੜ ਹੈ ਕਿ ਉਹ ਅਨਮਤਾਂ ਵਾਲੇ, ਅਸਮਾਨ ਵਿਚ ਸਵਰਗਾਂ/ਨਰਕਾਂ/ਜਮਦੂਤਾਂ ਦੇ ਵਿਭਾਗ ਅਨੁਸਾਰ ਉਪਰ ਬੈਠ ਕੇ ਕੰਟਰੋਲ ਕਰਨ ਵਾਲੇ ਕਿਸੇ ਅਖੌਤੀ ਰੱਬ ਦੀ ਗੱਲ ਕਰਦਾ ਹੈ ਜਾਂ ਗੁਰਬਾਣੀ ਵਾਲੇ, ਕਾਲ ਰਹਿਤ/ਨਿਰੰਤਰ ਇਕ ਸਾਰ ਵਹਿ ਰਹੇ/ਸੈਭੰ/ਅਜੂੰਨੀ/ਕਿਰਤ ਵਿਚ ਸਮਾਏ ਰੱਬ ਦੀ। ਕਿਉਂਕਿ ਇਕ ਸੋਚ ਵਾਲੇ ਰੱਬ ਦਾ ਆਸਤਕ ਦੂਜੀ ਸੋਚ ਲਈ ਨਾਸਤਕ ਬਣ ਜਾਂਦਾ ਹੈ।
ਗੁਰਬਾਣੀ ਵਿਚ ਮਨੁੱਖ ਨੂੰ ਸਰਬ ਖੇਤਰੀ ਸੇਧ ਦੇ ਕੇ, ਗੁਰ ਸਿੱਖਿਆਵਾਂ ਨੂੰ ਜੀਵਨ ਵਿਚ ਅਪਨਾ ਕੇ, ਜ਼ਿੰਦਗੀ ਨੂੰ ਸਫਲ ਕਰਨ/ਵਰਤਣ ਲਈ ਆਖਿਆ ਗਿਆ ਹੈ। ਇਹ ਸਿਖਿਆਵਾਂ ਅੱਵਲ ਦਰਜੇ ਦੀ ਸ਼ਾਇਰੀ/ਕਾਵਿ/ਰਾਗਾਂ ਵਿਚ ਦਰਜ ਹਨ। ਕਵਿਤਾ ਵਿਚ ਸਿਖਿਆ ਦੇਣ ਦੇ ਵੀ ਵੱਖ ਵੱਖ ਤਰੀਕੇ ਹਨ। ਕਈ ਵਾਰ ਸਿੱਧਿਆਂ ਹੀ ਅਤੇ ਕਈ ਵਾਰ ਪ੍ਰਚਲਿਤ ਪ੍ਰਸੰਗਾਂ ਦੀ ਵਰਤੋਂ ਕਰਕੇ। ਗੁਰਬਾਣੀ ਵਿਚ ਗੁਰ ਸਿਧਾਂਤ ਨੂੰ ਸਮਝਾਉਣ ਲਈ ਕਈ ਵਾਰ ਮੁਹਾਵਰੇ ਅਤੇ ਪ੍ਰਚਲਿਤ ਧਾਰਨਾਵਾਂ ਵਰਤੀਆਂ ਗਈਆਂ ਹਨ। ਅਜਿਹੇ ਮੁਹਾਵਰੇ ਜਾਂ ਸਮਾਜ ਵਿਚ ਪ੍ਰਚਲਿਤ ਹੋ ਚੁਕੀਆਂ ਧਾਰਨਾਵਾਂ ਗੁਰਬਾਣੀ ਦਾ ਸਿਧਾਂਤ ਨਹੀਂ ਹਨ ਸਗੋਂ ਕੇਵਲ ਸਮਝਾਉਣ ਲਈ ਮਿਸਾਲਾਂ ਹੀ ਹਨ। ਕਈ ਵਾਰ ਕਿਸੇ ਸ਼ਬਦ ਦੇ ਅਰਥ ਕਰਦੇ ਸਮੇਂ ਪੂਰੇ ਸ਼ਬਦ ਦੇ ਅਗਲੇ ਪਿਛਲੇ ਸ਼ਬਦਾਂ ਦੇ ਅਰਥ ਜਾਣੇ ਬਿਨਾ ਅਰਥਾਤ ਸਮੁੱਚੇ ਪ੍ਰਸੰਗ ਨੂੰ ਜਾਣੇ ਬਿਨਾ, ਅਰਥਾਂ ਦੇ ਅਨਰਥ ਹੋ ਜਾਣੇ ਸੁਭਾਵਿਕ ਹੁੰਦੇ ਹਨ।
ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ। ਕਵਿਤਾ ਦਾ ਸੰਦੇਸ਼ ਜਾਣਨ ਲਈ ਕਵਿਤਾ ਦੀ ਜਾਣਕਾਰੀ ਵੀ ਚਾਹੀਦੀ ਹੈ। ਬਹੁਤ ਸਾਰੀ ਕਵਿਤਾ ਤਾਂ ਹਰ ਇਕ ਦੀ ਸਿੱਧਿਆਂ ਹੀ ਸਮਝ ਪੈ ਜਾਂਦੀ ਹੈ ਪਰ ਕਦੇ ਅਜਿਹਾ ਵੀ ਹੁੰਦਾ ਹੈ ਕਿ ਪੜ੍ਹਨ ਵਾਲਾ, ਲਿਖਣ ਵਾਲੇ ਦੀ ਲਿਖਤ ਨਾਲ ਇਨਸਾਫ ਨਹੀਂ ਕਰ ਪਾਉਂਦਾ, ਸਗੋਂ ਖੁਦ ਨੂੰ ਸਮਝ ਆ ਰਹੇ ਅਰਥ ਹੀ ਕੱਢ ਬੈਠਦਾ ਹੈ। ਇਸ ਲਈ ਗੁਰਬਾਣੀ ਕਾਵਿ ਤਾਂ ਹੋਰ ਵੀ ਜ਼ਿਆਦਾ ਧਿਆਨ ਮੰਗਦਾ ਹੈ। ਸਾਡੇ ਕੀਤੇ ਗੁਰਬਾਣੀ ਦੇ ਅਰਥ ਕਈ ਵਾਰ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ। ਅਜਿਹੇ ਸਮੇਂ ਵਿਚਾਰਨ ਵਾਲੀ ਗੱਲ ਕੇਵਲ ਇਹ ਹੈ ਕਿ ਕਿਸੇ ਵੀ ਰੂਪ ਵਿਚ ਅਰਥ ਗੁਰਬਾਣੀ ਦੇ ਮੂਲ ਉਪਦੇਸ਼ ਦੇ ਉਲਟ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਬਿਪਰੀ/ਪੁਰਾਣਿਕ/ਵੈਦਿਕ ਹੋਣੇ ਚਾਹੀਦੇ ਹਨ ਕਿਉਂਕਿ ਬਾਣੀਕਾਰ ਅਜਿਹੀ ਪ੍ਰਣਾਲੀ ਦੇ ਸਦਾ ਵਿਰੁਧ ਰਹੇ ਹਨ।
ਗੁਰਬਾਣੀ ਕੋਈ ਕਰਮਕਾਂਡ ਕਰਨ ਵਾਲਾ ਮੰਤਰ ਨਹੀਂ ਸਗੋਂ ਇਕ ਜੀਵਨ ਜਾਚ ਹੈ। ਇਸ ਵਿਚ ਜੀਵਨ ਦੇ ਹਰ ਪਹਿਲੂ ਦੀਆਂ ਸਿਖਿਆਵਾਂ ਹਨ ਜਿਨ੍ਹਾਂ ‘ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਵਲ ਇਸ਼ਾਰਾ ਕਰਕੇ ਆਖਦੇ ਹਾਂ ਕਿ ਗੁਰਬਾਣੀ ਇਸ ਵਿਸ਼ੇ ‘ਤੇ ਸੇਧ ਕਿਉਂ ਨਹੀਂ ਦਿੰਦੀ। ਜਦ ਕਿ ਸਮਝਣ ਵਾਲੀ ਗੱਲ ਇਹ ਹੀ ਹੁੰਦੀ ਹੈ ਕਿ ਗੁਰਬਾਣੀ ਸੇਧ ਤਾਂ ਦਿੰਦੀ ਹੈ ਪਰ ਕਿਸੇ ਵੱਡੇ ਅੰਦਾਜ਼ ਨਾਲ ਸਿਧਾਂਤ ਰੂਪ ਵਿਚ। ਸਿਧਾਂਤ ਸਮਝ ਅਸੀਂ ਹਰ ਗੱਲ ਦਾ ਨਿਰਣਾ ਖੁਦ ਕਰਨਾ ਹੁੰਦਾ ਹੈ। ਮਿਸਾਲ ਵਜੋਂ ਅਗਰ ਕੋਈ ਕਹੇ ਕਿ ਗੁਰਬਾਣੀ ਖਾਣ-ਪਕਾਉਣ ਦੀ ਹਰ ਵਸਤੂ ਬਾਰੇ ਜਾਂ ਵੱਖ ਵੱਖ ਤਰ੍ਹਾਂ ਦੇ ਨਸ਼ੇ ਬਾਰੇ ਕਿਉਂ ਨਹੀਂ ਕੁਝ ਕਹਿੰਦੀ? ਜਦ ਕਿ ਗੁਰਬਾਣੀ ਵਿਚ ਸਪੱਸ਼ਟ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥੧॥ ਰਹਾਉ॥ (ਪੰਨਾ 16)
ਜਿਤੁ ਪੀਤੈ ਮਤ ਦੂਰ ਹੋਇ
ਬਰਲ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ॥ (ਪੰਨਾ 554)
ਗੁਰੂ ਗ੍ਰੰਥ ਸਾਹਿਬ ਵਿਚ ਗੁਰੂਆਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ ਜੋ ਵੱਖ ਵੱਖ ਜਗ੍ਹਾ ਅਤੇ ਵੱਖ ਵੱਖ ਸਮੇਂ ਵਿਚਰੇ। ਸਮੇਂ, ਹਾਲਾਤ ਅਤੇ ਜਗ੍ਹਾ ਅਨੁਸਾਰ ਉਨ੍ਹਾਂ ਦੀ ਬੋਲੀ, ਲਹਿਜਾ ਅਤੇ ਲਿਖਣਸ਼ੈਲੀ ਬਦਲਦੀ ਰਹੀ ਪਰ ਸਿਧਾਂਤ ਇਕ ਹੀ ਰਿਹਾ। ਹਾਲਾਤ ਅਨੁਸਾਰ ਕੁਝ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਅਤੇ ਕੁਝ ਗੁਰੂ ਪਹਿਲਾਂ ਲਿਖੀ ਬਾਣੀ ਦਾ ਪ੍ਰਚਾਰ ਕਰਦੇ ਰਹੇ। ਧਰਮ ਦੇ ਪ੍ਰਚਾਰ ਲਈ ਉਸ ਸਮੇਂ ਲੋਕਾਂ ਵਿਚ ਅਨੇਕਾਂ ਇਤਿਹਾਸਕ-ਮਿਥਿਹਾਸਕ ਕਹਾਣੀਆਂ ਪ੍ਰਚਲਿਤ ਸਨ। ਜਿਸ ਇਲਾਕੇ ਵਿਚ ਜਿਹੜੀ ਕਥਾ ਪ੍ਰਚਲਿਤ ਹੁੰਦੀ ਸੀ, ਬਾਣੀਕਾਰਾਂ ਨੇ ਉਸੇ ਨੂੰ ਮਿਸਾਲ ਬਣਾ, ਉਥੋਂ ਦੇ ਹੀ ਹਵਾਲੇ ਲੈ ਕੇ ਸੱਚ ਦੀ ਗੱਲ ਸਮਝਾਈ। ਸਥਾਨਕ ਪ੍ਰਚਲਿਤ ਹਵਾਲਿਆਂ ਰਾਹੀਂ ਗੱਲ ਕਰਨੀ/ਸਮਝਾਉਣੀ ਆਸਾਨ ਹੁੰਦੀ ਹੈ। ਗੁਰਬਾਣੀ ਵਿਚ ਬਹੁਤ ਸਾਰੇ ਇਤਿਹਾਸਕ-ਮਿਥਿਹਾਸਕ ਹਵਾਲਿਆਂ ਦਾ ਜ਼ਿਕਰ ਕੇਵਲ ਇਸੇ ਕਾਰਨ ਹੈ:
ਲੰਕਾ ਗਢੁ ਸੋਨੇ ਕਾ ਭਇਆ॥
ਮੂਰਖ ਰਾਵਨੁ ਕਿਆ ਲੇ ਗਇਆ॥੩॥
ਕਹਿ ਕਬੀਰ ਕਿਛੁ ਗੁਨੁ ਬੀਚਾਰਿ॥
ਚਲੇ ਜੁਆਰੀ ਦੁਇ ਹਥ ਝਾਰਿ॥੪॥ (ਪੰਨਾ 1157)
ਵਿਚਾਰਨ ਵਾਲੀ ਗੱਲ ਹੈ ਕਿ ਇਥੇ ਕਿਸੇ ਸੋਨੇ ਦੀ ਲੰਕਾ (ਇੱਕ ਦੇਸ਼) ਜਾਂ ਸੋਨੇ ਦੇ ਕਿਲੇ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਸਗੋਂ ਪ੍ਰਚਲਿਤ ਹੋਈ ਕਹਾਣੀ ਦਾ ਹਵਾਲਾ ਦੇ ਕੇ ਭਗਤ ਜੀ ਸਮਝਾਉਂਦੇ ਹਨ, ਹੇ ਦੁਨੀਆਂ ਦੇ ਲੋਕੋ! ਤੁਹਾਡੀਆਂ ਕਹਾਣੀਆਂ ਅਨੁਸਾਰ ਸੋਨੇ ਦੀ ਲੰਕਾ ਜਾਂ ਸੋਨੇ ਦੇ ਕਿਲੇ ਵਾਲਾ ਰਾਵਣ ਵੀ ਹੱਥ ਝਾੜ ਕੇ ਚਲਾ ਗਿਆ। ਸੋ ਲੋਕਾਂ ਨੂੰ ਉਨ੍ਹਾਂ ਵਿਚ ਪ੍ਰਚਲਿਤ ਸਾਖੀ ਦੀ ਹੀ ਮਿਸਾਲ ਨਾਲ ਚੰਗੇ ਗੁਣ ਵਿਚਾਰ ਕੇ ਧਾਰਨ ਦੀ ਗੱਲ ਸਮਝਾਈ ਗਈ ਹੈ, ਨਾ ਕਿ ਰਾਵਣ ਜਾਂ ਉਸ ਦੇ ਸੋਨੇ ਦੇ ਕਿਲੇ ਦੀ ਪੁਸ਼ਟੀ ਕਰਕੇ ਉਸ ‘ਤੇ ਮੋਹਰ ਲਾਈ ਗਈ ਹੈ। ਹੁਣ ਜੇ ਕੋਈ ਇਹ ਆਖੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਲੰਕਾ ਵਿਚਲੇ ਸੋਨੇ ਦੇ ਕਿਲੇ ਦਾ ਜ਼ਿਕਰ ਹੈ ਅਤੇ ਗੁਰਬਾਣੀ ਅੱਖਰ ਅੱਖਰ ਸੱਚ ਹੈ ਤਾਂ ਵਿਚਾਰ ਤਾਂ ਕਰਨੀ ਹੀ ਪਵੇਗੀ!
ਇਸੇ ਤਰ੍ਹਾਂ ਇਤਿਹਾਸਕ-ਮਿਥਿਹਾਸਕ ਪਾਤਰਾਂ, ਰਾਜਿਆਂ ਜਾਂ ਅਵਤਾਰਾਂ ਦੇ ਨਾਂਵਾਂ ਅਤੇ ਕੁਝ ਪ੍ਰਚਲਿਤ ਘਟਨਾਵਾਂ ਦਾ ਜ਼ਿਕਰ ਉਨ੍ਹਾਂ ਦੀ ਹੋਂਦ ਸਬੰਧਤ ਪ੍ਰਚਾਰੀ ਗਈ ਘਟਨਾ ‘ਤੇ ਮੋਹਰ ਵਜੋਂ ਨਹੀਂ ਸਗੋਂ ਸਮਝਾਉਣ ਲਈ ਵਰਤੀਆਂ ਗਈਆਂ ਮਿਸਾਲਾਂ ਜਾਂ ਹਵਾਲਿਆਂ ਵਜੋਂ ਹੈ। ਗਨਕਾ, ਪ੍ਰਹਿਲਾਦ, ਧਰੂ, ਹਰਣਾਖਸ, ਅਜਾਮਲ, ਬਾਲਮੀਕ, ਸੁਦਾਮਾ, ਬਿਦਰ, ਰਾਜਾ ਜਨਕ, ਗੋਰਖ ਨਾਥ, ਭੰਗਰਨਾਥ, ਭਰਥਰ ਜੋਗੀ, ਮਸੰਦਰ, ਕੰਸ, ਇੰਦਰ, ਅਹੱਲਿਆ ਆਦਿ ਅਨੇਕਾਂ ਦਾ ਜ਼ਿਕਰ ਵੀ ਇੰਜ ਹੀ ਹੈ। ਜਦੋਂ ਗੁਰਬਾਣੀ ਦਾ ਰੱਬ ਅਕਾਲ ਹੈ ਤਾਂ ਪ੍ਰਚਲਿਤ ਹੋਏ ਕ੍ਰਿਸ਼ਨ, ਰਾਮਚੰਦਰ, ਸ਼ਿਵ, ਪਾਰਬਤੀ ਅਤੇ ਅਨੇਕਾਂ ਹੋਰਾਂ ਦਾ ਜ਼ਿਕਰ ਮਨੁੱਖਾਂ ਵਾਂਗ ਹੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚ ਅਸਲ ਉਪਦੇਸ਼ ਅਕਸਰ ਰਹਾਉ ਵਾਲੀ ਪੰਗਤੀ ਵਿਚ ਜਾਂ ਅਖੀਰ ਵਿਚ ਹੁੰਦਾ ਹੈ ਜਦ ਕਿ ਬਾਕੀ ਸਤਰਾਂ ਉਸ ਰਹਾਉ ਵਾਲੇ ਗੁਰ ਸਿਧਾਂਤ ‘ਤੇ ਪਹੁੰਚਣ ਲਈ ਪ੍ਰਚਲਿਤ ਮਾਨਤਾਵਾਂ ਵਜੋਂ ਵੀ ਹੋ ਸਕਦੀਆਂ ਹਨ:
ਅੰਤਿ ਕਾਲਿ ਜੋ ਲਛਮੀ ਸਿਮਰੈ
ਐਸੀ ਚਿੰਤਾ ਮਹਿ ਜੇ ਮਰੇ॥
ਸਰਪ ਜੋਨਿ ਵਲਿ ਵਲਿ ਅਉਤਰੈ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ॥
ਬੇਸਵਾ ਜੋਨਿ ਵਲਿ ਵਲਿ ਅਉਤਰੈ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ॥
ਸੂਕਰ ਜੋਨਿ ਵਲਿ ਵਲਿ ਅਉਤਰੈ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ
ਪੀਤੰਬਰੁ ਵਾ ਕੇ ਰਿਦੈ ਬਸੈ॥੫॥ (ਪੰਨਾ 526)
ਪਹਿਲੀ ਗੱਲ ਅਜਿਹੇ ਮਰਨ ਉਪਰੰਤ ਆਵਾਗਵਣ ਦਾ ਸਿਧਾਂਤ ਗੁਰਮਤਿ ਅਨੁਸਾਰੀ ਨਹੀਂ ਹੈ। ਗੁਰਮਤਿ ਮਰਨ ਉਪਰੰਤ ਨਹੀਂ ਸਗੋਂ ਜਿਉਂਦੇ ਜੀ ਆਵਾਗਵਣ ਵਿਚ ਫਸੇ ਮਨੁੱਖ ਨੂੰ ਸੁਚੇਤ ਕਰਦੀ ਹੈ। ਸੋ ਇਹ ਅੰਤ ਕਾਲ ਵਾਲੀਆਂ ਸਤਰਾਂ ਉਸ ਵੇਲੇ ਦੀਆਂ ਪ੍ਰਚਲਿਤ ਧਾਰਨਾਵਾਂ ਹਨ ਪਰ ਭਗਤ ਤ੍ਰਿਲੋਚਨ ਪ੍ਰਚਲਿਤ ਹੋਈਆਂ ਮਿਸਾਲਾਂ ਦਾ ਜ਼ਿਕਰ ਕਰ ਰਹਾਉ ਵਾਲੀ ਪੰਗਤੀ ਵਿਚ ਕਦੀ ਵੀ ਰੱਬ ਨੂੰ ਨਾ ਵਿਸਾਰਨ ਦੀ ਤਾਕੀਦ ਕਰਦੇ ਹਨ। ਪਰ ਇਥੇ ਅੱਖਰ ਅੱਖਰ ਸੱਚ ਕਹਿਣ ਵਾਲੇ ਬਿਪਰੀ ਆਵਾਗਵਣ ਨੂੰ ਹੀ ਸੱਚ ਜਾਣ ਬਹਿੰਦੇ ਹਨ। ਇਸੇ ਕਾਰਨ ਮਰਨ ਉਪਰੰਤ ਆਵਾਗਵਣ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਖ ਬਿਪਰੀ ਪ੍ਰਚਾਰ ਕਰੀ ਜਾਂਦੇ ਹਨ।
ਏਕਾ ਮਾਈ ਜੁਗਤਿ ਵਿਆਈ
ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ
ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ
ਜਿਵ ਹੋਵੈ ਫੁਰਮਾਣੁ॥
ਓਹੁ ਵੇਖੈ ਓਨਾ ਨਦਰਿ ਨ ਆਵੈ
ਬਹੁਤਾ ਏਹੁ ਵਿਡਾਣੁ॥ (ਪੰਨਾ 7)
ਇਥੇ ਵੀ ਮਿਥਿਹਾਸਕ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਗੱਲ ਹੈ। ਬਿਪਰ ਅਨੁਸਾਰ ਬ੍ਰਹਮਾ ਸੰਸਾਰ ਨੂੰ ਪੈਦਾ ਕਰਦਾ, ਵਿਸ਼ਨੂੰ ਪਾਲਣਾ ਕਰਦਾ ਅਤੇ ਮਹੇਸ਼ (ਸ਼ਿਵ) ਸੰਘਾਰ ਕਰਨ ਵਾਲਾ ਹੈ। ਅੱਖਰ ਅੱਖਰ ਸੱਚ ਕਹਿਣ ਵਾਲੇ ਪ੍ਰਚਲਿਤ ਬਿਪਰੀ ਮਨੌਤਾਂ ਨੂੰ ਵੀ ਗੁਰਬਾਣੀ ਦਾ ਸੱਚ ਮੰਨ ਬੈਠਦੇ ਹਨ। ਭਗਤ ਨਾਮਦੇਵ ਜੀ ਟੋਡੀ ਰਾਗ ਵਿਚ ਲਿਖਦੇ ਹਨ:
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ॥
ਜਲ ਕੀ ਮਾਛੁਲੀ ਚਰੈ ਖਜੂਰਿ॥੧॥
ਕਾਂਇ ਰੇ ਬਕਬਾਦੁ ਲਾਇਓ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ॥੧॥ ਰਹਾਉ॥ (ਪੰਨਾ 718)
ਇਥੇ ਜਲ ਕੀ ਮਾਛੁਲੀ ਦਾ ਖਜੂਰ ਚੜ੍ਹਨਾ ਮੁਹਾਵਰੇ ਵਜੋਂ ਵਰਤਿਆ ਹੈ, ਭਾਵ ਹਰ ਜਗ੍ਹਾ ਰਮੇ ਰੱਬ ਨੂੰ ਕਿਸੇ ਖਾਸ ਥਾਂ ਜਾ ਕੇ ਲੱਭਣ ਵਾਲਿਆਂ ਨੂੰ ਮੱਛੀ ਖਜੂਰ ‘ਤੇ ਚਾੜ੍ਹ ਲੱਭਣ ਵਾਲੇ ਕੰਮ ਵਜੋਂ ਸਮਝਾਇਆ ਹੈ। ਸ਼ਬਦੀ ਅਰਥਾਂ ਵਾਲੇ ਜਾਂ ਅੱਖਰ ਅੱਖਰ ਸੱਚ ਕਹਿਣ ਵਾਲੇ ਕੀ ਮੱਛੀ ਨੂੰ ਖਜੂਰ ‘ਤੇ ਹੀ ਚਾੜ੍ਹਨਗੇ? ਕੀ ਉਹ ਆਖਣਗੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ ਤਾਂ ਮੱਛੀ ਜਰੂਰ ਹੀ ਖਜੂਰ ਚੜ੍ਹੀ ਹੋਵੇਗੀ?
ਭਗਤ ਕਬੀਰ ਜੀ ਗਉੜੀ ਰਾਗ ਵਿਚ ਲਿਖਦੇ ਹਨ:
ਐਸੋ ਅਚਰਜੁ ਦੇਖਿਓ ਕਬੀਰ॥
ਦਧਿ ਕੈ ਭੋਲੈ ਬਿਰੋਲੈ ਨੀਰੁ॥੧॥ ਰਹਾਉ॥
ਹਰੀ ਅੰਗੂਰੀ ਗਦਹਾ ਚਰੈ॥
ਨਿਤ ਉਠਿ ਹਾਸੈ ਹੀਗੈ ਮਰੈ॥੧॥
ਮਾਤਾ ਭੈਸਾ ਅੰਮੁਹਾ ਜਾਇ॥
ਕੁਦਿ ਕੁਦਿ ਚਰੈ ਰਸਾਤਲਿ ਪਾਇ॥੨॥
ਕਹੁ ਕਬੀਰ ਪਰਗਟੁ ਭਈ ਖੇਡ॥
ਲੇਲੇ ਕਉ ਚੂਘੈ ਨਿਤ ਭੇਡ॥੩॥
ਰਾਮ ਰਮਤ ਮਤਿ ਪਰਗਟੀ ਆਈ॥
ਕਹੁ ਕਬੀਰ ਗੁਰਿ ਸੋਝੀ ਪਾਈ॥੪॥ (ਪੰਨਾ 326)
ਇਥੇ ਵੀ ਭਗਤ ਕਬੀਰ ਨਾਂਵਾਂ ਦੇ ਭਾਵ ਅਰਥਾਂ ਵਿਚ ਸਮਝਾਉਂਦੇ ਹਨ। ਸਿੱਧੇ ਹੀ ਸ਼ਬਦੀ ਅਰਥ ਗੁਰਮਤਿ ਅਤੇ ਕੁਦਰਤ ਦੇ ਨਿਯਮਾਂ ਤੋਂ ਦੂਰ ਲੈ ਜਾਂਦੇ ਹਨ। ਅਜਿਹੇ ਅਰਥਾਂ ਵਾਲੇ ਕਰਾਮਾਤੀ ਕਹਾਣੀ ਘੜ ਕੇ ਲੇਲਿਆਂ ਨੂੰ ਭੇਡਾਂ ਚੁੰਘਣ ਲਾ ਦਿੰਦੇ ਹਨ।
ਅਖੀ ਬਾਝਹੁ ਵੇਖਣਾ
ਵਿਣੁ ਕੰਨਾ ਸੁਨਣਾ॥
ਪੈਰਾ ਬਾਝਹੁ ਚਲਣਾ
ਵਿਣੁ ਹਥਾ ਕਰਣਾ॥
ਜੀਭੈ ਬਾਝਹੁ ਬੋਲਣਾ
ਇਉ ਜੀਵਤ ਮਰਣਾ॥
ਨਾਨਕ ਹੁਕਮੁ ਪਛਾਣਿ ਕੈ
ਤਉ ਖਸਮੈ ਮਿਲਣਾ॥੧॥ (ਪੰਨਾ 139)
ਇਸ ਸ਼ਬਦ ਦੇ ਵੀ ਭਾਵ ਅਰਥ ਅਕਾਲ ਪੁਰਖ ਨਾਲ ਇਕ ਮਿਕ ਹੋਣ ਲਈ ਇੰਦਰੀਆਂ ਨੂੰ ਮਨਮਤਿ ਛੱਡ ਕੇ ਗੁਰਮਤਿ ਮਾਰਗ ‘ਤੇ ਚੱਲਣ ਲਈ ਪ੍ਰੇਰਦੇ ਹਨ। ਸ਼ਬਦੀ ਅਰਥਾਂ ਵਾਲੇ ਤਾਂ ਅਲੌਕਿਕ ਸਾਖੀਆਂ ਹੀ ਘੜਨਗੇ।
ਤੈ ਸਾਹਿਬ ਕੀ ਬਾਤ ਜਿ ਆਖੈ
ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ
ਵਿਣੁ ਸਿਰ ਸੇਵ ਕਰੀਜੈ॥ (ਪੰਨਾ 558)
ਇਥੇ ਵੀ ਭਾਵ ਅਰਥਾਂ ਅਨੁਸਾਰ ਆਪਾ ਖਤਮ ਕਰਨ ਦੀ ਗੱਲ ਹੈ, ਸਿਰ ਵੱਢ ਕੇ ਸੇਵਾ ਕਰਨ ਦੀ ਨਹੀਂ ਜੋ ਸ਼ਬਦੀ ਅਰਥਾਂ ਵਾਲੇ ਕਰਨਗੇ।
ਗੁਰਬਾਣੀ ਵਿਚ ਅਨੇਕਾਂ ਸ਼ਬਦ ਹਨ ਜਿਨ੍ਹਾਂ ਵਿਚ ਜਾਨਵਰਾਂ-ਪੰਛੀਆਂ ਆਦਿ ਦਾ ਜ਼ਿਕਰ ਹੈ। ਇਨ੍ਹਾਂ ਦੀਆਂ ਮਿਸਾਲਾਂ ਰਾਹੀਂ ਇਨਸਾਨ ਨੂੰ ਕਿਸੇ ਖਾਸ ਤਰ੍ਹਾਂ ਦੇ ਵਧੀਆ ਗੁਣ ਧਾਰਨ ਦੀ ਤਾਕੀਦ ਕੀਤੀ ਗਈ ਹੈ ਅਤੇ ਇਨਸਾਨ ਦੇ ਅਵਗੁਣਾਂ ਨੂੰ ਪਸ਼ੂ ਬਿਰਤੀਆਂ ਆਖ ਸੁਧਰਨ ਦੀ ਤਾਕੀਦ ਕੀਤੀ ਗਈ ਹੈ। ਕਈ ਸ਼ਬਦਾਂ ਵਿਚ ਕੁਝ ਭੈੜੇ ਕਰਮਾਂ ਕਾਰਨ ਇਨਸਾਨ ਅੰਦਰ ਵੱਖ ਵੱਖ ਪਸ਼ੂਆਂ ਦੇ ਜਨਮ ਲੈਣ ਦਾ ਵੀ ਜ਼ਿਕਰ ਹੈ ਜਾਂ ਕਹਿ ਲਵੋ ਅਜਿਹੇ ਇਨਸਾਨ ਨੂੰ ਪਸ਼ੂ ਜੀਵਨ ਹੀ ਆਖਿਆ ਗਿਆ ਹੈ। ਫਰੀਦ ਜੀ ਸੂਹੀ ਰਾਗ ਵਿਚ ਲਿਖਦੇ ਹਨ:
ਕਾਲੀ ਕੋਇਲ ਤੂ ਕਿਤ ਗੁਨ ਕਾਲੀ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥ (ਪੰਨਾ 794)
ਫਰੀਦ ਜੀ ਕੋਇਲ ਨੂੰ ਸਵਾਲ ਕਰਦੇ ਹਨ ਅਤੇ ਕੋਇਲ ਅੱਗੋਂ ਜਵਾਬ ਦਿੰਦੀ ਹੈ।
ਹੁਣ ਜੇ ਕੋਈ ਇਹ ਕਹੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੱਖਰ ਅੱਖਰ ਸੱਚ ਹੈ, ਇਸ ਲਈ ਉਸ ਵੇਲੇ ਕੋਇਲਾਂ ਜਰੂਰ ਗੱਲਾਂ ਕਰਦੀਆਂ ਹੋਣਗੀਆਂ। ਹੁਣ ਉਹ ਇਹ ਸਮਝਣ ਲਈ ਤਿਆਰ ਹੀ ਨਾ ਹੋਣ ਕਿ ਇਹ ਭਗਤ ਜੀ ਦਾ ਸਵਾਲ-ਜਵਾਬ ਦੀ ਸ਼ੈਲੀ ਵਿਚ ਕਾਵਿ ਲਿਖਣ ਦਾ ਤਰੀਕਾ ਹੈ। ਇਹੋ ਤਰੀਕਾ ਗੁਰੂ ਨਾਨਕ ਸਾਹਿਬ ਵੀ ਜਪੁਜੀ ਵਿਚ ਵਰਤਦੇ ਹਨ:
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ॥ (ਸਵਾਲ)
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ॥੧॥ (ਜਵਾਬ)
ਗੁਰਬਾਣੀ ਵਿਚ ਬੇਅੰਤ ਮੁਹਾਵਰੇ ਵਰਤੇ ਗਏ ਹਨ। ਮੁਹਾਵਰਿਆਂ ਦੇ ਵੀ ਸ਼ਬਦੀ ਅਰਥਾਂ ਦੀ ਜਗ੍ਹਾ ਭਾਵ ਸਮਝਣ ਦੀ ਲੋੜ ਹੁੰਦੀ ਹੈ। ਅੱਖਰ ਅੱਖਰ ਸੱਚ ਆਖਣ ਵਾਲੇ ਇਥੇ ਵੀ ਅਕਸਰ ਉਲਝ ਜਾਂਦੇ ਹਨ।
ਤਾਤੀ ਵਾਉ ਨ ਲਗਈ
ਪਾਰਬ੍ਰਹਮ ਸਰਣਾਈ॥ (ਪੰਨਾ 819)
‘ਤਾਤੀ ਵਾਉ ਨਾ ਲੱਗਣੀ’ ਮੁਹਾਵਰਾ ਹੈ ਜਿਸ ਦਾ ਅਰਥ ਗਰਮ ਹਵਾ ਤੋਂ ਨਹੀਂ ਸਗੋਂ ਦੁੱਖਾਂ ਤਕਲੀਫਾਂ ਤੋਂ ਮੁਕਤ ਹੋਣਾ ਹੈ।
ਗੁਰ ਕੇ ਚਰਣ ਧੋਇ ਧੋਇ ਪੀਵਾ॥੧॥ (ਪੰਨਾ 239)
ਗੁਰ ਕੇ ਚਰਣ ਧੋਇ ਧੋਇ ਪੀਣ ਤੋਂ ਭਾਵ ਗੰਦਾ ਪਾਣੀ ਪੀਣ ਤੋਂ ਨਹੀਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਮਨੁੱਖਾਂ ਵਾਂਗ ਚਰਣ ਹਨ। ਇਸ ਮੁਹਾਵਰੇ ਦਾ ਅਰਥ ਗੁਰੂ ਦੀ ਬਾਣੀ ਨੂੰ ਸਮਝ ਵਿਚਾਰ ਕੇ ਆਪਣੇ ਜੀਵਨ ਵਿਚ ਲਾਗੂ ਕਰਨ ਤੋਂ ਹੈ।
ਸਾਧ ਕੀ ਧੂਰਿ ਕਰਹੁ ਇਸਨਾਨੁ॥ (ਪੰਨਾ 283)
ਸਾਧ ਸੰਗਤ ਵਿਚ ਬੈਠ ਗੁਰਮਤਿ ਵਿਚਾਰਾਂ ਸਿੱਖਣ/ਸਮਝਣ ਦੀ ਗੱਲ ਹੈ, ਨਾ ਕਿ ਸਾਧਾਂ ਦੀ ਮਿੱਟੀ ਨਾਲ ਇਸ਼ਨਾਨ ਦੀ।
ਫਰੀਦਾ ਰੋਟੀ ਮੇਰੀ ਕਾਠ ਕੀ
ਲਾਵਣੁ ਮੇਰੀ ਭੁਖ॥
ਜਿਨਾ ਖਾਧੀ ਚੋਪੜੀ
ਘਣੇ ਸਹਨਿਗੇ ਦੁਖ॥੨੮॥ (ਪੰਨਾ 1379)
ਕਾਠ ਦੀ ਰੋਟੀ ਤੋਂ ਭਾਵ ਸਖਤ ਮਿਹਨਤ ਦੀ ਰੋਟੀ ਹੈ ਨਾ ਕਿ ਲਕੜੀ ਦੀ ਰੋਟੀ, ਜੈਸਾ ਕਿ ਸ਼ਬਦੀ ਅਰਥਾਂ ਵਾਲੇ ਸਾਖੀਕਾਰ ਆਖਦੇ ਹਨ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ॥
ਤਿਹ ਰਾਵਨ ਘਰ ਖਬਰਿ ਨ ਪਾਈ॥੧॥
ਕਿਆ ਮਾਗਉ ਕਿਛੁ ਥਿਰੁ ਨ ਰਹਾਈ॥
ਦੇਖਤ ਨੈਨ ਚਲਿਓ ਜਗੁ ਜਾਈ॥੧॥ ਰਹਾਉ॥
ਇਕੁ ਲਖੁ ਪੂਤ ਸਵਾ ਲਖੁ ਨਾਤੀ॥
ਤਿਹ ਰਾਵਨ ਘਰ ਦੀਆ ਨ ਬਾਤੀ॥੨॥
ਚੰਦੁ ਸੂਰਜੁ ਜਾ ਕੇ ਤਪਤ ਰਸੋਈ॥
ਬੈਸੰਤਰੁ ਜਾ ਕੇ ਕਪਰੇ ਧੋਈ॥੩॥
ਗੁਰਮਤਿ ਰਾਮੈ ਨਾਮਿ ਬਸਾਈ॥
ਅਸਥਿਰੁ ਰਹੈ ਨ ਕਤਹੂੰ ਜਾਈ॥੪॥
ਕਹਤ ਕਬੀਰ ਸੁਨਹੁ ਰੇ ਲੋਈ॥
ਰਾਮ ਨਾਮ ਬਿਨੁ ਮੁਕਤਿ ਨ ਹੋਈ॥੫॥ (ਪੰਨਾ 481)
ਕਬੀਰ ਜੀ ਇਸ ਹਵਾਲੇ ਨਾਲ ਇਤਿਹਾਸ-ਮਿਥਿਹਾਸ ‘ਤੇ ਮੋਹਰ ਨਹੀਂ ਲਾ ਰਹੇ ਬਲਕਿ ਲੋਕਾਂ ਵਿਚ ਪ੍ਰਚਲਿਤ ਹੋ ਚੁਕੀ ਧਾਰਨਾ ਦਾ ਹੀ ਹਵਾਲਾ ਦੇ ਕੇ ਰਹਾਉ ਦੀ ਪੰਗਤੀ ਰਾਹੀਂ ਦੱਸਦੇ ਹਨ, ਐ ਦੁਨੀਆਂ ਦੇ ਲੋਕੋ! ਜਿਵੇਂ ਕਿ ਤੁਸੀਂ ਉਪਰੋਕਤ ਗੱਲਾਂ ਮੰਨਦੇ ਹੋ ਕਿ ਅਜਿਹਾ ਸ਼ਕਤੀਸ਼ਾਲੀ ਰਾਵਣ ਵੀ ਲੰਕਾ ਛੱਡ ਗਿਆ, ਸੋ ਸੰਸਾਰ ਥਿਰ ਨਹੀਂ ਹੈ, ਸਭ ਕੁਝ ਚਲਿਆ ਜਾ ਰਿਹਾ ਹੈ।
ਕੇਸਾ ਕਾ ਕਰਿ ਚਵਰੁ ਢੁਲਾਵਾ
ਚਰਣ ਧੂੜਿ ਮੁਖਿ ਲਾਈ॥੧॥ ਰਹਾਉ॥ (ਪੰਨਾ 748)
ਇਥੇ ਵੀ ਗੱਲ ਮੁਹਾਵਰੇ ਵਿਚ ਸਤਿਕਾਰ ਤੇ ਨਿਮਰਤਾ ਦੀ ਹੈ, ਨਾ ਕਿ ਸੱਚ ਮੁੱਚ ਹੀ ਦੇ ਕੇਸਾਂ ਦਾ ਚੌਰ ਜਾਂ ਚਰਨ ਧੂੜ ਮੁੱਖ ਲਾਉਣ ਦੀ ਗੱਲ ਹੈ।
ਸੁਇਨ ਕਟੋਰੀ ਅੰਮ੍ਰਿਤ ਭਰੀ॥
ਲੈ ਨਾਮੈ ਹਰਿ ਆਗੈ ਧਰੀ॥੨॥ (ਪੰਨਾ 1163)
ਕੀ ਭਗਤ ਨਾਮਦੇਵ ਇੰਨੇ ਅਮੀਰ ਸਨ ਕਿ ਸੋਨੇ ਦੀਆਂ ਕਟੋਰੀਆਂ ਵਿਚ ਰੱਬ ਨੂੰ ਦੁੱਧ ਪਿਆਉਂਦੇ ਸਨ? ਨਾਮਦੇਵ ਜੀ ਦਾ ਰੱਬ ਅਜਿਹਾ ਅਨਮਤੀ ਨਹੀਂ ਸੀ। ਅਸਲ ਵਿਚ ਬੁੱਧੀ ਨੂੰ ਸੱਚੇ ਗਿਆਨ ਨਾਲ ਭਰਨ ਦੀ ਗੱਲ ਹੈ।
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥
ਮ੍ਰਿਗਛਾਲਾ ਪਰ ਬੈਠੇ ਕਬੀਰ॥੨॥ (ਪੰਨਾ 1162)
ਕਬੀਰ ਜੀ ਸੱਚ ਦੇ ਗਿਆਨ ਨਾਲ ਕਰਮ ਕਾਂਡ ਦੀਆਂ ਜੰਜੀਰਾਂ ਟੁੱਟਣ ਦੀ ਗੱਲ ਕਰਦੇ ਹਨ।
ਗੁਰਬਾਣੀ ਵਿਚ ਅਨੇਕਾਂ ਪੁਰਾਣੇ ਪ੍ਰਚਲਿਤ ਹੋਏ ਸ਼ਬਦ ਮਿਲਦੇ ਹਨ ਪਰ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਪੁਰਾਣੇ ਨਹੀਂ, ਸਗੋਂ ਨਵੇਂ ਅਰਥ ਦਿੱਤੇ ਹਨ। ਜਿਵੇਂ ਸਵਰਗ, ਨਰਕ, ਸੱਚਖੰਡ, ਬੈਕੁੰਠ, ਭੂਤ, ਪਰੇਤ, ਸਿਮਰਣ, ਜਪਣਾ, ਨਾਮ, ਹੁਕਮ, ਧਰਮਰਾਜ, ਆਵਾਗਉਣ, ਜਨਮ, ਮਰਣ, ਚਉਰਾਸੀ ਲੱਖ ਜੂਨਾਂ, ਦਰਗਾਹ, ਜਮਰਾਜ, ਚਿਤਰਗੁਪਤ, ਜਾਪ, ਦਸਵਾਂ ਦੁਆਰ, ਤ੍ਰਿਕੁੱਟੀ, ਆਤਮਾ, ਬ੍ਰਹਮ ਗਿਆਨੀ, ਸੰਤ, ਸਾਧ ਆਦਿ ਪਰ ਅਸੀਂ ਗੁਰੂ ਦੇ ਸੁਝਾਏ ਅਰਥਾਂ ਦੀ ਥਾਂ ਬਿਪਰੀ ਅਰਥ ਕਰ ਸਾਰੇ ਮਜਹਬਾਂ/ਵਰਗਾਂ ਤੋਂ ਨਿਆਰੀ ਗੁਰਬਾਣੀ ਨੂੰ ਵੀ ਬਿਪਰਵਾਦ ਹੀ ਸਾਬਤ ਕਰੀ ਜਾ ਰਹੇ ਹਾਂ।
ਅੱਜ ਕਲ ਅਸੀਂ ਗੁਰਬਾਣੀ ਵਿਚ ਆਏ ਮੁਹਾਵਰਿਆਂ ਵਜੋਂ ਅਵਤਾਰਾਂ, ਰਾਜਿਆਂ, ਦੇਵੀ, ਦੇਵਤਿਆਂ ਆਦਿ ਦੇ ਨਾਂਵਾਂ ਨੂੰ ਗੁਰੂ ਵਲੋਂ ਇਨ੍ਹਾਂ ਦੀ ਹੋਂਦ ਅਤੇ ਸਬੰਧਤ ਪ੍ਰਚਾਰੀ ਗਈ ਘਟਨਾ ‘ਤੇ ਮੋਹਰ ਜਾਣ ਕੇ, ਅਸਲ ਗੁਰਬਾਣੀ ਸਿਧਾਂਤਾਂ ਨੂੰ ਛੱਡ ਕੇ ਅਨਮਤਾਂ ਦੇ ਗ੍ਰੰਥਾਂ ਵਿਚੋਂ ਇਨ੍ਹਾਂ ਦੇ ਪਾਠ ਲੱਭਦੇ ਫਿਰਦੇ ਹਾਂ। ਜਾਪਦਾ ਹੈ, ਅਨਮਤੀ ਅਵਤਾਰਾਂ ਦੇ ਗ੍ਰੰਥਾਂ ਵਾਂਗ ਜਾਨਵਰਾਂ-ਪੰਛੀਆਂ ਦੇ ਗੁਣਾਂ-ਔਗੁਣਾਂ ਵਾਲੀਆਂ ਮਿਸਾਲਾਂ ਕਾਰਨ ਵੀ ਭਵਿੱਖ ਵਿਚ ਪੰਚ ਤੰਤਰ ਦੀਆਂ ਕਹਾਣੀਆਂ ਦੇ ਪਾਠ ਇਹ ਕਹਿ ਕੇ ਕੀਤੇ-ਕਰਾਏ ਜਾਣਗੇ ਕਿ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦਾ ਜ਼ਿਕਰ ਕਰਕੇ ਇਸ਼ਾਰਾ ਕੀਤਾ ਹੈ, ਜਦ ਕਿ ਪੂਰੀ ਕਹਾਣੀ ਇਸ ਗ੍ਰੰਥ (ਪੰਚ-ਤੰਤਰ) ਵਿਚ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਅਤੇ ਪੰਚ-ਤੰਤਰ ਇੱਕ ਹੀ ਗੱਲ ਹੈ, ਜਿਹਾ ਕਿ ਅੱਜ ਕਲ ਬਿਪਰੀ ਗ੍ਰੰਥਾਂ ਨੂੰ ਵੀ ਗੁਰਬਾਣੀ ਅਨੁਕੂਲ ਸਾਬਤ ਕਰਨ ਲਈ ਕੀਤਾ ਜਾ ਰਿਹਾ ਹੈ।
ਅੰਤ ਵਿਚ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦਾ ਅੱਖਰ ਅੱਖਰ ਸੱਚ ਦਾ ਭਾਵ ਗੁਰਬਾਣੀ ਦੇ ਹਰ ਉਪਦੇਸ਼-ਸਿੱਖਿਆ ਅਤੇ ਸਿਧਾਂਤਾਂ-ਆਦਰਸ਼ਾਂ ਦਾ ਅੱਖਰ ਅੱਖਰ ਸੱਚ ਹੋਣਾ ਹੈ ਜੋ ਕਿ ਅਨੰਤ ਕਾਲ ਤੱਕ ਹਮੇਸ਼ਾ ਸੱਚ ਰਹੇਗਾ ਜਦ ਕਿ ਸਿਖਿਆ ਦੇਣ ਲਈ ਵਰਤੀ ਜਾ ਰਹੀ ਭਾਸ਼ਾ ਅਤੇ ਤਰੀਕਿਆਂ ਦੇ ਅੱਖਰ ਅੱਖਰ ਸੱਚ ਹੋਣ ਦਾ ਭਾਵ ਤਾਂ ਹਰ ਇਤਿਹਾਸਕ-ਮਿਥਿਹਾਸਕ ਪਾਤਰ, ਮੁਹਾਵਰੇ, ਮਿਸਾਲਾਂ, ਮਿੱਥਾਂ ਆਦਿ ਨੂੰ ਵੀ ਗੁਰਬਾਣੀ ਦਾ ਸੱਚ ਸਮਝਣ ਦਾ ਭੁਲੇਖਾ ਖਾਣਾ ਹੀ ਹੈ।