ਪਿੰਗਲਵਾੜਾ, ਜੀ ਐਸ ਟੀ ਅਤੇ ਭਾਰਤ ਮਾਤਾ

ਜੀ ਐਸ ਟੀ ਨੇ ਆਵਾਮ ਅਤੇ ਖੈਰਾਤੀ ਸੰਸਥਾਵਾਂ ਉਤੇ ਸਿੱਧਾ ਅਸਰ ਪਾਇਆ ਹੈ। ਇਸ ਤਬਾਹਕੁਨ ਹਮਲੇ ਤੋਂ ਪਿੰਗਲਵਾੜਾ ਵੀ ਨਹੀਂ ਬਚਿਆ ਜਿਥੇ ਕਰੀਬ ਪੌਣੇ ਦੋ ਹਜ਼ਾਰ ਲਾਵਾਰਸ, ਅਪਾਹਜ ਤੇ ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਉਤੇ ਇਕ ਦਿਨ ਵਿਚ ਲਗਭਗ ਸਾਢੇ ਛੇ ਲੱਖ ਰੁਪਏ ਖਰਚ ਹੋ ਜਾਂਦੇ ਹਨ। ਪਹਿਲਾਂ ਪਿੰਗਲਵਾੜੇ ਵਿਚ ਖਪਤ ਹੁੰਦੇ ਸਾਰੇ ਸਾਮਾਨ ‘ਤੇ ਪੰਜਾਬ ਸਰਕਾਰ ਨੇ ਵਿਸ਼ੇਸ਼ ਨੋਟੀਫਿਕੇਸ਼ਨ ਰਾਹੀਂ ਟੈਕਸ ਤੋਂ ਛੋਟ ਦਿੱਤੀ ਹੋਈ ਸੀ। ਇਸ ਬਾਰੇ ਚਰਚਾ ਦਵੇਂਦਰ ਪਾਲ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਦਵੇਂਦਰ ਪਾਲ
ਨੋਟਬੰਦੀ ਜਾਂ ਜੀ ਐਸ ਟੀ ਦੇ ਤਬਾਹਕੁਨ ਹਮਲੇ ਤੋਂ ਪਿੰਗਲਵਾੜਾ ਵੀ ਨਹੀਂ ਬਚਿਆ ਜਿਥੇ ਕਰੀਬ ਪੌਣੇ ਦੋ ਹਜ਼ਾਰ ਲਾਵਾਰਸ, ਅਪਾਹਜ ਤੇ ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਉਤੇ ਇਕ ਦਿਨ ਵਿਚ ਲਗਭਗ ਸਾਢੇ ਛੇ ਲੱਖ ਰੁਪਏ ਖ਼ਰਚ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਪਿੰਗਲਵਾੜੇ ਵਿਚ ਖ਼ਪਤ ਹੁੰਦੇ ਸਾਰੇ ਸਾਮਾਨ ‘ਤੇ ਪੰਜਾਬ ਸਰਕਾਰ ਨੇ ਵਿਸ਼ੇਸ਼ ਨੋਟੀਫਿਕੇਸ਼ਨ ਰਾਹੀਂ ਟੈਕਸ ਤੋਂ ਛੋਟ ਦਿੱਤੀ ਹੋਈ ਸੀ ਜੋ ਹੁਣ ਨਹੀਂ ਮਿਲੇਗੀ। ਜੀæਐਸ਼ਟੀæ ਲਾਗੂ ਹੋਣ ਕਾਰਨ ਲੋਕਾਂ ਵੱਲੋਂ ਬੇਸਹਾਰਾ ਲੋਕਾਂ ਲਈ ਦਾਨ ਵਿਚ ਦਿੱਤੀ ਰਕਮ ਵਿਚੋਂ ਸਾਲਾਨਾ ਦੋ ਕਰੋੜ ਰੁਪਏ ਸਰਕਾਰ ਦੇ ਖ਼ਾਤੇ ਵਿਚ ਚਲੇ ਜਾਣਗੇ; ਭਾਵ ਪਿੰਗਲਵਾੜਾ ਸੰਸਥਾ ‘ਤੇ ਸਾਲਾਨਾ ਦੋ ਕਰੋੜ ਰੁਪਏ ਦਾ ਬੋਝ ਪਵੇਗਾ।
ਪਿੰਗਲਵਾੜੇ ਦੇ ਬੱਚੇ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕਰਦੇ ਹਨ। ਪ੍ਰਾਰਥਨਾ ਤੋਂ ਬਾਅਦ ਇਕ ਬੱਚਾ ਉਸ ਦਿਨ ਦੀਆਂ ਮੁੱਖ ਖਬਰਾਂ ਪੜ੍ਹ ਕੇ ਸੁਣਾਉਦਾ ਹੈ ਤੇ ਬਾਕੀ ਬੱਚੇ ਖਾਮੋਸ਼ੀ ਨਾਲ ਖਬਰਾਂ ਸੁਣਦੇ ਹਨ, ਪਰ ਦੇਸ਼ ਦੇ ਬੱਚਿਆਂ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਛਪੀਆਂ ਖਬਰਾਂ ਵਿਚੋਂ ਕਿਹੜੀ ‘ਪੇਡ ਨਿਊਜ਼’ ਹੈ ਤੇ ਕਿਹੜੀ ‘ਫੇਕ ਨਿਊਜ਼’। ਕਿਸੇ ਵੀ ਫ਼ਿਲਮਸਾਜ਼ ਲਈ ਦਸਤਾਵੇਜ਼ੀ ਫਿਲਮ ਬਣਾਉਣ ਲਈ ਇਹ ਦਿਲਚਸਪ ਵਿਸ਼ਾ ਤੇ ਢੁਕਵਾਂ ਸਮਾਂ ਹੋ ਸਕਦਾ ਹੈ ਕਿ ਪਿੰਗਲਵਾੜੇ ਦੇ ਬੱਚਿਆਂ ਉਤੇ, ਛਪ ਰਹੀਆਂ ਖਬਰਾਂ ਦਾ ਕਿਹੋ ਜਿਹਾ ਮਨੋਵਿਗਿਆਨਿਕ ਅਸਰ ਪੈ ਰਿਹਾ ਹੈ? ਦੇਸ਼ ਵਿਚ ਫੈਲ ਰਹੀ ਹਿੰਸਾ ਦੇ ਮਾਹੌਲ ਦਾ ਪਿੰਗਲਵਾੜੇ ਦੇ ਬੱਚਿਆਂ ਅਤੇ ਪਿੰਗਲਵਾੜੇ ਦੇ ਬਾਹਰ ਦੇ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਹੋ ਰਹੀਆਂ ਤਬਦੀਲੀਆਂ ਉਤੇ ਵੀ ਚਾਨਣ ਪਾਇਆ ਜਾ ਸਕਦਾ ਹੈ।
ਪਿੰਗਲਵਾੜੇ ਨੂੰ ਜੀæਐਸ਼ਟੀæ ਦੇ ਦਾਇਰੇ ਅੰਦਰ ਰੱਖਣ ਦੀ ਵਜ੍ਹਾ, ਸੰਵੇਦਨਹੀਣਤਾ ਦੇ ਨਾਲ-ਨਾਲ, ਕੀ ਇਸ ਬਾਰੇ ਅਣਭਿੱਜਤਾ ਵੀ ਹੋ ਸਕਦੀ ਹੈ? ਕੀ ਪਿੰਗਲਵਾੜੇ ਬਾਰੇ ਕਿਸੇ ਵੀ ਪੰਜਾਬੀ ਨੂੰ ਜਾਣਕਾਰੀ ਨਾ ਹੋਣਾ ਹੈਰਾਨੀ ਦੀ ਗੱਲ ਨਹੀਂ? ਕੀ ਵਿੱਤ ਮੰਤਰੀ ਅਰੁਣ ਜੇਟਲੀ (ਜੋ ਅੰਮ੍ਰਿਤਸਰ ਤੋਂ ਚੋਣਾਂ ਵਿਚ ਖੜ੍ਹੇ ਹੋਏ ਸੀ) ਨੇ ਕਦੇ ਪਿੰਗਲਵਾੜੇ ਦਾ ਨਾਂ ਨਹੀਂ ਸੁਣਿਆ? ਪਿੰਗਲਵਾੜੇ ਦੇ ਅੰਦਰ ਬਿਲਕੁਲ ਅਲੱਗ ਹੀ ਦੁਨੀਆ ਹੈ। ਉਥੇ ਬਹੁਤ ਸਾਰੇ ਅਜਿਹੇ ਮਨੋਰੋਗੀ ਹਨ ਜਿਨ੍ਹਾਂ ਦੀਆਂ ਘੜੀਆਂ ਵਿਚੋਂ ਸਮਾਂ ਅਤੇ ਨੀਂਦਾਂ ਵਿਚੋਂ ਸੁਪਨੇ ਗੁੰਮ ਹਨ। ਚੁੱਪ ਉਥੇ ਸੰਦੇਹ ਪੈਦਾ ਨਹੀਂ ਕਰਦੀ। ਉਥੇ ਜਿੱਤ ਦਾ ਹੰਕਾਰ ਜਾਂ ਹਾਰ ਦਾ ਖੌਫ਼ ਨਹੀਂ ਅਤੇ ਨਾ ਹੀ ਸਰਹੱਦਾਂ ਦੇ ਰੌਲੇ ਅਤੇ ਧਰਮਾਂ, ਜਾਤਾਂ ਦੇ ਝਗੜੇ ਹਨ। ਉਥੇ ਦੀਆਂ ਹਵਾਵਾਂ ਵਿਚ ਪਵਿਤਰਤਾ ਦਾ ਵਾਸ ਹੈ। ਭਗਤ ਪੂਰਨ ਸਿੰਘ ਇਸ ਨੂੰ ‘ਰੱਬ ਦਾ ਘਰ’ ਕਿਹਾ ਕਰਦੇ ਸਨ। ਪਿੰਗਲਵਾੜਾ ਲਫਜ਼ ਭਗਤ ਪੂਰਨ ਸਿੰਘ ਦਾ ਹੀ ਈਜਾਦ ਕੀਤਾ ਹੋਇਆ ਹੈ।
ਪਿੰਗਲਵਾੜੇ ਵਿਚ ਕਈ ਤਰ੍ਹਾਂ ਦੇ ਮਰੀਜ਼ ਹਨ। ਉਨ੍ਹਾਂ ਵਿਚੋਂ ਰਾਹੁਲ ਲਾਇਲਾਜ ਰੋਗ ਔਟਿਜ਼ਮ ਨਾਲ ਪੀੜਤ ਹੈ। ਸਰਕਾਰ ਦਾ ਸਿਹਤ ਬਜਟ ਘਟ ਰਿਹਾ ਹੈ ਤੇ ਦੇਸ਼ ਵਿਚ ਔਟਿਜ਼ਮ ਦੇ ਸ਼ਿਕਾਰ ਬੱਚਿਆਂ ਦੀ ਸੰਖਿਆ ਬੜੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਦੇਸ਼ ਵਿਚ ਤਕਰੀਬਨ ਇਕ ਕਰੋੜ ਜੀਅ ਔਟਿਜ਼ਮ ਰੋਗ ਦੇ ਸ਼ਿਕਾਰ ਹਨ, ਪਰ ਚੰਨ-ਤਾਰਿਆਂ ਤਕ ਪਹੁੰਚ ਜਾਣ ਦੀ ਹੁਕਮਰਾਨਾਂ ਦੀ ਜਲਦੀ ਵਿਚ ਧਰਤੀ ‘ਤੇ ਰਹਿੰਦਾ ਮਨੁੱਖ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਹੈ। ਮਨੁੱਖ ਦੀ ਹੋਂਦ ਬਾਰੇ ਲਾਪ੍ਰਵਾਹੀ ਤੇ ਹਾਕਮਾਂ ਦੀਆਂ ਘੜੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਅੱਜ ਕਿਸਾਨ ਖੁਦਕੁਸ਼ੀਆਂ ਨੂੰ ਕੌਮੀ ਸੰਕਟ ਐਲਾਨੇ ਜਾਣ ਦੀ ਮੰਗ ਵੀ ਹੋਣ ਲੱਗ ਪਈ ਹੈ। ਫਿਰ ਪਿੰਗਲਵਾੜਾ ਕਿਵੇਂ ਪਿੱਛੇ ਰਹਿ ਸਕਦਾ ਹੈ?
2006 ਵਿਚ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿਚੋਂ ਜਿਹੜੇ ਕੁਝ ਕੈਦੀ ਰਿਹਾ ਕੀਤੇ ਸਨ, ਉਨ੍ਹਾਂ ਵਿਚੋਂ ਰਿਸ਼ੀ ਤੇ ਗੁੰਗਾ ਮਰਨ ਕੰਢੇ ਪਏ ਮਨੋਰੋਗੀ ਸਨ। ਉਨ੍ਹਾਂ ਦਾ ਮਾਨਸਿਕ ਸੰਤੁਲਿਨ ਵਿਗੜਿਆ ਹੋਇਆ ਸੀ ਜਿਸ ਕਰ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਣਾ ਥੋੜ੍ਹਾ ਔਖਾ ਸੀ। ਸਰਕਾਰੀ ਮੁਲਾਜ਼ਮ ਇਹ ਪਤਾ ਨਹੀਂ ਕਰ ਸਕੇ ਕਿ ਉਹ ਲਾਪਤਾ ਫੌਜੀ, ਮਛੇਰੇ ਜਾਂ ਸ਼ਰਾਬ ਦੇ ਨਸ਼ੇ ਵਿਚ ਸਰਹੱਦ ਪਾਰ ਕਰਨ ਵਾਲੇ ਸਨ। ਸਰਕਾਰੀ ਮੁਲਾਜ਼ਮਾਂ ਨੇ ਔਖੇ ਕੰਮ ਦਾ ਸੌਖਾ ਹੱਲ ਇਹ ਲੱਭਿਆ ਕਿ ਦੋਵਾਂ ਨੂੰ ਪਿੰਗਲਵਾੜੇ ਦਾਖਲ ਕਰਾ ਗਏ। ਕਈ ਅਪਾਹਜ ਅਜਿਹੇ ਵੀ ਹਨ ਜਿਨ੍ਹਾਂ ਨੂੰ ਪਿੰਗਲਵਾੜੇ ਵਿਚ ਦਾਖਲਾ ਇਸ ਲਈ ਨਹੀਂ ਮਿਲਦਾ, ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਉਨ੍ਹਾਂ ਦੇ ਪਰਿਵਾਰਕ ਜੀਅ ਜਿਉਂਦੇ ਹੁੰਦੇ ਹਨ। ਇਹੋ ਜਿਹੇ ਨੂੰ ਉਨ੍ਹਾਂ ਦੇ ਮਾਪੇ ਪਿੰਗਲਵਾੜੇ ਦੇ ਗੇਟ ਅੱਗੇ ਜਾਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਕਿਤੇ ਵੀ ਰੱਖ ਕੇ ਨਿਕਲ ਜਾਂਦੇ ਹਨ। ਜੋ ਕੁੱਖ ਦੇ ਜਾਏ ਨੂੰ ਇੰਜ ਸੁੱਟ ਕੇ ਚਲੇ ਜਾਂਦੇ, ਉਹ ਮੁੜ ਕੇ ਕਦੇ ਨਹੀਂ ਆਉਂਦੇ।
ਉਂਜ ਅਪਵਾਦ ਹਰ ਜਗ੍ਹਾ ਹੁੰਦੇ ਹਨ। ਸੰਗਰੂਰ ਸ਼ਾਖਾ ਵਾਲੀ ਸ਼ੀਰੋ ਦੀ ਕਹਾਣੀ ਨੂੰ ਇਸ ਮਾਮਲੇ ਵਿਚ ਅਪਵਾਦ ਕਿਹਾ ਜਾ ਸਕਦਾ ਹੈ। ਸ਼ੀਰੋ ਚਾਰ ਕੁ ਸਾਲਾਂ ਦੀ ਸੀ ਜਦੋਂ ਉਸ ਦੀਆਂ ਲੱਤਾਂ ਪੋਲੀਓ ਦਾ ਸ਼ਿਕਾਰ ਹੋ ਗਈਆਂ ਸਨ। ਉਸ ਦਾ ਪਿਤਾ ਤੇ ਨਾਨੀ, ਮਾਂ ਤੋਂ ਚੋਰੀ ਮਿਆਦੀ ਬੁਖ਼ਾਰ ਨਾਲ ਤੜਫਦੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਛੱਡ ਗਏ ਸਨ। ਸ਼ੀਰੋ ਪਿੰਗਲਵਾੜੇ ਭਗਤ ਜੀ ਕੋਲ ਪਹੁੰਚ ਗਈ ਤੇ ਬਚ ਗਈ। ਅੱਜ ਕਲ੍ਹ ਉਹ ਸੰਗੀਤ ਅਧਿਆਪਕਾ ਹੈ। ਇਕ ਦਿਨ ਸ਼ੀਰੋ ਨੂੰ ਲੱਭਦੀ ਉਸ ਦੀ ਭੈਣ ਅੰਮ੍ਰਿਤਸਰ ਆ ਗਈ। ਉਸ ਨੂੰ ਸ਼ੀਰੋ ਬਾਰੇ ਉਸ ਦੀ ਮਾਂ ਨੇ ਦੱਸਿਆ ਸੀ ਜੋ ਪਛਤਾਵੇ ਜਾਂ ਅਪਰਾਧ-ਬੋਧ ਨਾਲ ਝੁਲਸ ਰਹੀ ਸੀ, ਪਰ ਸ਼ੀਰੋ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਛਾਣਨ ਤੇ ਮਿਲਣ ਤੋਂ ਇਨਕਾਰ ਕਰ ਦਿੱਤਾ- ‘ਮੈਂ ਪਿੰਗਲਵਾੜੇ ਦੀ ਧੀ ਹਾਂ।’
ਇਹੋ ਜਿਹੇ ਬਹੁਤ ਸਾਰੇ ਖੁਸ਼ਨਸੀਬ ਹਨ ਜੋ ਪਿੰਗਲਵਾੜੇ ਆ ਕੇ ਕਈ ਸਾਲ ਗੁਜ਼ਾਰਦੇ ਤੇ ਫਿਰ ਰਾਜ਼ੀ ਹੋ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਵਿਚੋਂ ਕਈਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਮਰ-ਮੁੱਕ ਚੁੱਕੇ ਸਮਝੀ ਬੈਠੈ ਹੁੰਦੇ ਹਨ; ਤੇ ਕਈਆਂ ਨੇ ਆਸ ਦਾ ਦਾਮਨ ਨਹੀਂ ਛੱਡਿਆ ਹੁੰਦਾ। ਅਜਿਹੇ ਕਈ ਮਰਦ ਤੇ ਔਰਤਾਂ 23-24 ਸਾਲਾਂ ਬਾਅਦ ਆਪਣੇ ਬੱਚਿਆਂ ਨੂੰ ਮਿਲੇ ਹਨ। ਅੰਜਨਾ, ਵਿਮਲਾ, ਕਾਂਤਾ, ਪੁਸ਼ਪਾ, ਜੈ ਸਿੰਘ, ਲਾਭ ਸਿੰਘ ਕੋਈ ਵੀ ਨਾਂ ਲੈ ਲਉ, ਉਸ ਨਾਂ ਨਾਲ ਜੁੜੀ ਕੋਈ ਨਾ ਕੋਈ ਵਿਛੋੜੇ ਜਾਂ ਮਿਲਾਪ ਦੀ ਕਹਾਣੀ ਤੁਹਾਨੂੰ ਪਿੰਗਲਵਾੜੇ ਦੇ ਵਿਹੜੇ ਵਿਚ ਜ਼ਰੂਰ ਮਿਲ ਜਾਏਗੀ।
ਹਾਕਮਾਂ ਨੇ ਜੇ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਵਿਗਾੜ ਕੇ ਨਾ ਰੱਖੇ ਹੁੰਦੇ ਤਾਂ ਬੰਗਲਾਦੇਸ਼ ਤੋਂ ਖ਼ਰੀਦ-ਫਰੋਖਤ ਦਾ ਸ਼ਿਕਾਰ ਹੋ ਕੇ ਆਈਆਂ ਤੇ ਪਿੰਗਲਵਾੜੇ ਵਿਚ ਰੋ-ਰੋ ਕੇ ਬੇਹਾਲ ਹੋ ਰਹੀਆਂ ਹੁਸੀਨਾ ਤੇ ਮੁਖਤਾਰ ਆਪਣੇ ਘਰ ਪਰਤ ਸਕਦੀਆਂ ਸਨ। ਮੋਦੀ ਸਰਕਾਰ ਹਰ ਕੰਮ ਲਈ ਆਧਾਰ ਕਾਰਡ ਨੂੰ ਲਾਜ਼ਮੀ ਬਣਾ ਕੇ ਪੂਰੇ ਦੇਸ਼ ਨੂੰ ਜੋੜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਦੇ ਸਭ ਦਾਅਵੇ ਖੋਖਲੇ ਸਾਬਤ ਹੋ ਜਾਣੇ ਹਨ ਜੇ ਪਿੰਗਲਵਾੜੇ ਵਿਚ ਪਿਛਲੇ 17 ਸਾਲਾਂ ਤੋਂ ਬੈਠੀ ਆਂਧਰਾ ਪ੍ਰਦੇਸ਼ ਦੀ ਤੈਲਗੂ ਭਾਸ਼ੀ ਨਾਗਲੇ ਲਤੱਮਾ ਆਪਣੇ ਪਤੀ ਸੁਬਰਾਡੂ ਤੇ ਪੰਜ ਬੱਚਿਆਂ ਤੱਕ ਨਹੀਂ ਪਹੁੰਚ ਸਕਦੀ। ਦੇਸ਼ ਦਾ ਭਵਿਖ ਬੱਚੇ ਹੁੰਦੇ ਹਨ। ਨੇਕ ਨੀਅਤ ਨਾਲ ਉਨ੍ਹਾਂ ਦੀ ਸਿੱਖਿਆ ਵੱਲ ਹਾਕਮਾਂ ਦਾ ਧਿਆਨ ਹੁੰਦਾ ਤਾਂ ਨਾ ਗੁਰਮਿਹਰ ਵਰਗੀਆਂ ਬੱਚੀਆਂ ਨਿਸ਼ਾਨੇ ਉਪਰ ਹੁੰਦੀਆਂ, ਤੇ ਨਾ ਹੀ ਪਿੰਗਲਵਾੜੇ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਮੁਫ਼ਤ ਕਿਤਾਬਾਂ ਜੀæਐਸ਼ਟੀæ ਦੇ ਦਾਇਰੇ ਵਿਚ ਆਉਂਦੀਆਂ। ਨੇਕ ਨੀਅਤੀ ਨਾਲ ਹਾਕਮ ਜੇ ਪਿੰਗਲਵਾੜੇ ਦੇ ਕੁਦਰਤੀ ਖੇਤੀ ਫਾਰਮ ਨੂੰ ਹੀ ਰੋਲ ਮਾਡਲ ਮੰਨ ਲੈਣ ਤਾਂ ਕਿਸਾਨਾਂ ਨੂੰ ਤਬਾਹੀ ਦੀ ਘੁੰਮਣਘੇਰੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਸੀ, ਪਰ ਇਹ ਕੋਈ ਜੰਗੀ ਜਹਾਜ਼ ਤਾਂ ਨਹੀਂ ਜਿਨ੍ਹਾਂ ਵਿਚ ਹਾਕਮਾਂ ਦੀ ਦਿਲਚਸਪੀ ਹੋਵੇ। ਅੱਜ ਧਾਰਮਿਕ ਕੱਟੜਤਾ ਤੇ ਰਾਸ਼ਟਰਵਾਦ ਦੀਆਂ ਹਵਾਵਾਂ ਨਾਲ ਦੇਸ਼ ਦਾ ਮਾਹੌਲ ਪ੍ਰਦੂਸ਼ਿਤ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੇਸ਼ ਦੇ ਵੱਡੇ ਸਰਮਾਏਦਾਰਾਂ ਦੇ ਮੁਨਾਫ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਜਿਵੇਂ ਨੀਤੀਆਂ ਘੜੀਆਂ ਜਾ ਰਹੀਆਂ ਹਨ, ਉਹਦੇ ਨਾਲ ਕੁਝ ਘਰਾਂ ਤੇ ਸਿਆਸੀ ਪਾਰਟੀਆਂ ਨੂੰ ਤਾਂ ਫਾਇਦਾ ਹੋ ਸਕਦਾ ਹੈ, ਪਰ ਦੇਸ਼ ਨੂੰ ਨਹੀਂ।
ਪਿੰਗਲਵਾੜੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਵੀ ਹੈ ਕਿ ਹਿੰਦੂ ਘਰ ਵਿਚ ਪੈਦਾ ਹੋਏ ਭਗਤ ਪੂਰਨ ਸਿੰਘ ਦੀ ਸਿੱਖ ਧਰਮ ਵਿਚ ਗਹਿਰੀ ਆਸਥਾ ਸੀ ਅਤੇ ਉਹ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਹਜ਼ਰਤ ਮੁਹੰਮਦ ਸਾਹਿਬ ਜਾਂ ਈਸਾ ਮਸੀਹ ਦੀ ਮਿਸਾਲ ਦਿੰਦੇ ਹੁੰਦੇ ਸਨ। ਉਨ੍ਹਾਂ ਨੇ ਸੇਵਾ ਕਾਰਜ ਵਿਚ ਕਿਸੇ ਵੀ ਧਰਮ ਦਾ ਕਾਪੀਰਾਈਟ ਨਹੀਂ ਮੰਨਿਆ ਅਤੇ ਹਰ ਮਜ਼ਹਬ ਦੇ ਮਨੁੱਖ ਲਈ ਪਿੰਗਲਵਾੜੇ ਦੇ ਦਰਵਾਜ਼ੇ ਖੁੱਲ੍ਹੇ ਰੱਖੇ। ਪਿੰਗਲਵਾੜਾ ਉਹ ਪਰਿਵਾਰ ਹੈ ਜਿਥੇ ਧਰਮਾਂ ਦਾ ਕੋਈ ਪਾੜਾ ਨਹੀਂ। ਇਹ ਘੱਟ ਗਿਣਤੀ ਜਾਂ ਬਹੁ ਗਿਣਤੀ ਦੀ ਮਨੋਗ੍ਰੰਥੀ ਅਤੇ ਅਸੁਰੱਖਿਆ ਦੀ ਭਾਵਨਾ ਤੋਂ ਮੁਕਤ ਪਰਿਵਾਰ ਹੈ।
ਮਾਈਕਲ ਏਂਜਲੋ ਨੂੰ ਆਪਣੀ ਸ਼ਾਹਕਾਰ ਪੇਂਟਿੰਗ ‘ਦਿ ਲਾਸਟ ਸਪਰ’ ਵਿਚ ਈਸਾ ਮਸੀਹ ਨੂੰ ਚਿਤਰਨ ਲਈ ਮਾਡਲ ਦੀ ਲੋੜ ਸੀ ਤੇ ਆਖ਼ਿਰ ਉਸ ਨੇ ਜਿਸ ਬੰਦੇ ਨੂੰ ਇਹਦੇ ਲਈ ਚੁਣਿਆ, ਉਹ ਥੋੜ੍ਹਾ ਚਿਰ ਪਹਿਲਾਂ ਹੀ ਕਤਲ ਮਾਮਲੇ ਵਿਚ ਸਜ਼ਾ ਕੱਟ ਕੇ ਆਇਆ ਸੀ। ਜਦੋਂ ਲੋਕਾਂ ਨੇ ਉਸ ਨੂੰ ਉਹਦੀ ਚੋਣ ਬਾਰੇ ਸਵਾਲ ਕੀਤੇ ਤਾਂ ਉਹਦਾ ਜਵਾਬ ਸੀ- ‘ਮੈਨੂੰ ਇਸ ਬੰਦੇ ਦੀ ਸੂਰਤ ਵਿਚ ਈਸਾ ਮਸੀਹ ਨਜ਼ਰ ਆਉਂਦਾ ਹੈ’। ਭਗਤ ਪੂਰਨ ਸਿੰਘ ਨੂੰ ਵੀ ਹਰ ਬੰਦੇ ਦੀ ਸੂਰਤ ਵਿਚ ਰੱਬ ਦਿਸਦਾ ਸੀ। ਉਹ ਭਾਵੇਂ ਕਿਸੇ ਮਜ਼ਹਬ ਦਾ ਹੋਵੇ, ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ। ਦੁਨੀਆ ਵਿਚ ਭਾਰਤ ਦੀ ਪਛਾਣ ਵੀ ਅਜਿਹੀਆਂ ਨੇਕ ਪਵਿਤਰ ਰੂਹਾਂ ਕਰ ਕੇ ਹੈ। ਹਾਕਮ ਆਉਂਦੇ ਜਾਂਦੇ ਰਹਿਣਗੇ, ਪਰ ਹਾਕਮਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਪਿੰਗਲਵਾੜਾ ਸੰਸਥਾ ਨੂੰ ਤਾਂ ਹਾਕਮਾਂ ਨੂੰ ਬਖਸ਼ ਦੇਣਾ ਚਾਹੀਦਾ ਹੈ। ਇਸ ਵਿਚ ਹੀ ‘ਭਾਰਤ ਮਾਤਾ’ ਦੀ ਜੈ ਹੈ।