ਬੁੱਕਲ ਰੁੱਸ ਜਾਵੇ ਤਾਂ…

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਕਿਸੇ ਪਿਆਰੇ ਦੇ ਤੁਰ ਜਾਣ ਦੇ ਦਰਦ ਨੂੰ ਬੇਹਦ ਕਰੁਣਾਮਈ ਤਰੀਕੇ ਨਾਲ ਬਿਆਨਿਆ ਹੈ ਜਿਸ ਨੂੰ ਪੜ੍ਹ ਕੇ ਪਾਠਕ ਦੇ ਅੱਥਰੂ ਆਪ ਮੁਹਾਰੇ ਵਹਿ ਤੁਰਦੇ ਹਨ।

ਹਥਲੇ ਲੇਖ ਵਿਚ ਡਾæ ਭੰਡਾਲ ਨੇ ਰੱਬ ਅੱਗੇ ਤਰਲਾ ਲਿਆ ਹੈ, ਕਦੇ ਨਾ ਰੁੱਸੇ ਕਿਸੇ ਬਾਲ ਦੀ ਨਿੱਘੀ ਬੁੱਕਲ। ਕਦੇ ਦੂਰ ਨਾ ਜਾਵੇ ਤਿੱਖੜ ਦੁਪਹਿਰਾਂ ਵਿਚ ਲੋੜੀਂਦੀ ਠੰਢੀ ਛਾਂ, ਉਨੀਂਦਰੇ ਨੈਣਾਂ ਲਈ ਲੋਰੀ ਸੁਣਾਉਂਦੀ ਮਾਂ, ਰਾਹ-ਦਸੇਰਾ ਬਣਨ ਵਾਲੀ ਆਗੋਸ਼ ਦੀ ਰਹਿਨੁਮਾਈ ਅਤੇ ਲਾਡ ਲਡਾਉਣ ਵਾਲੀ ਮਮਤਾਈ। ਕਦੇ ਨਾ ਖਫਾ ਹੋਵੇ ਵਾਲਾਂ ਵਿਚ ਹੱਥ ਫੇਰਨ ਵਾਲੇ ਪਲਾਂ ਦਾ ਬਸੇਰਾ, ਤੀਲਾ ਤੀਲਾ ਨਾ ਹੋਵੇ ਸੁਪਨਿਆਂ ਦਾ ਡੇਰਾ ਅਤੇ ਨਾ ਹੀ ਮਾਤਮੀ ਚੁੱਪ ਹੰਢਾਵੇ ਨਿੱਕੀਆਂ ਪਰ ਕੋਸੀਆਂ ਕੋਸੀਆਂ ਗੱਲਾਂ ਅਤੇ ਉਨ੍ਹਾਂ ਦਾ ਹੁੰਗਾਰਾ। ਕੋਈ ਨਾ ਉਜਾੜੇ ਬਾਪ ਦੇ ਸ਼ਮਲੇ ਦੀ ਉਚੀ ਸ਼ਾਨ, ਵੀਰਾਂ ਦਾ ਤੂਤ ਦੇ ਮੋਛੇ ਜਿਹਾ ਮਾਣ ਅਤੇ ਭੈਣਾਂ ਦਾ ਪੇਕੇ ਘਰ ਵਿਚ ਸਨਮਾਨ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਰੰਗੀਂ ਵੱਸਦਾ ਪਰਿਵਾਰ। ਜੀਵਨ ਦੀਆਂ ਸਭੇ ਨਿਆਮਤਾਂ ਨਾਲ ਮਾਲੋ-ਮਾਲ। ਸਮਾਜ ਵਿਚ ਚੰਗਾ ਰੁਤਬਾ। ਘਰ ਵਿਚ ਮੋਹ-ਮੁਹੱਬਤ ਦਾ ਭਰ ਵਗਦਾ ਦਰਿਆ। ਹਰ ਇਕ ਲਈ ਘਰ ਦੇ ਦਰਵਾਜੇ ਖੁੱਲ੍ਹੇ। ਲੋੜਵੰਦ ਲਈ ਮਦਦਗਾਰ। ਘਰ ਗਿਆ ਕਦੇ ਵੀ ਖਾਲੀ ਝੋਲੀ ਨਾ ਮੁੜਦਾ। ਇਕ ਸਵੇਰ ਘਰ ਵਾਲੇ ਦੇ ਜਰਾ ਕੁ ਦਰਦ ਹੋਈ ਅਤੇ ਘੰਟੇ ਵਿਚ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਵੱਸਦੇ ਰੱਸਦੇ ਘਰ ਵਿਚ ਪੈ ਗਿਆ ਰੋਣਾ-ਧੋਣਾ ਅਤੇ ਚੀਕ ਚਿਹਾੜਾ। ਖੁਸ਼ੀਆਂ ਨੂੰ ਲੱਗ ਗਈ ਨਜ਼ਰ ਅਤੇ ਝੁਲਸੀ ਗਈ ਚਾਵਾਂ ਦੀ ਭਰਪੂਰ ਫਸਲ। ਸਦਾ ਲਈ ਬਹੁਤ ਦੂਰ ਤੁਰ ਗਈ ਇਕ ਨਿੱਘੀ ਬੁੱਕਲ ਜਿਸ ਨੇ ਕਦੇ ਵੀ ਪਰਤ ਕੇ ਘਰ-ਪਰਿਵਾਰ ਦੀ ਸਾਰ ਨਹੀਂ ਲੈਣੀ।
ਬੁੱਕਲ ਜਦ ਰੁੱਸਦੀ ਏ ਤਾਂ ਬਹੁਤ ਕੁਝ ਰੁੱਸ ਕੇ ਬਹਿ ਜਾਂਦਾ ਏ। ਜੀਵਨ ਦੇ ਬਦਲ ਜਾਂਦੇ ਨੇ ਅਰਥ। ਘਰ ਨੂੰ ਆਪਣੀ ਹੋਂਦ ਦਾ ਅਹਿਸਾਸ ਹੀ ਗਵਾਰਾ ਨਹੀਂ ਹੁੰਦਾ। ਨਾ ਹੀ ਘਰ ਵੱਲ ਨੂੰ ਪਰਤਦੀਆਂ ਪੈੜਾਂ ਨੂੰ ਦਰਾਂ ਵਿਚ ਚੋਇਆ ਜਾਣ ਵਾਲਾ ਤੇਲ ਅਤੇ ਡੋਲ੍ਹਿਆ ਜਾਣ ਵਾਲਾ ਪਾਣੀ ਨਸੀਬ ਹੁੰਦਾ ਏ। ਸੱਖਣੇ ਦਰਾਂ ਦੀ ਜੂਨ ਵਿਚ ਸਦੀਵੀ ਹਉਕੇ ਧਰੇ ਜਾਂਦੇ ਨੇ।
ਬੁੱਕਲ ਜੇ ਕੁਝ ਚਿਰ ਲਈ ਵੀ ਰੁੱਸ ਜਾਵੇ ਤਾਂ ਮੁਰਝਾ ਜਾਂਦੇ ਨੇ ਸੱਧਰਾਂ ਦੇ ਸਬਜ-ਬਾਗ। ਆਪਣੀ ਰੰਗਤ ਨੂੰ ਗਵਾ ਬਹਿੰਦੇ ਨੇ ਲਹਿਰਾਉਂਦੇ ਮਹਿੰਦੀ ਦੇ ਬੂਟੇ ਅਤੇ ਰੀਝਾਂ ਦੀ ਸੰਦਲੀ ਬਹਾਰ ‘ਤੇ ਉਤਰ ਆਉਂਦੀ ਏ ਪਤਝੜ। ਮਿੱਠੜੇ ਬੋਲਾਂ ਸੰਗ ਲਰਜ਼ਦੇ ਕਮਰਿਆਂ ਵਿਚ ਪਸਰ ਜਾਂਦੀ ਏ ਚੁੱਪ ਅਤੇ ਨਿੱਕੇ ਨਿੱਕੇ ਹਾਸਿਆਂ ਦੀ ਨਗਰੀ ਵਿਚ ਲੱਗ ਜਾਂਦਾ ਏ ਖਾਮੋਸ਼ੀ ਦਾ ਪਹਿਰਾ।
ਪਰ ਜੇ ਬੁੱਕਲ ਸਦਾ ਲਈ ਹੀ ਰੁੱਸ ਕੇ ਦੂਰ ਚਲੀ ਜਾਵੇ ਤਾਂ ਪੱਲੇ ਵਿਚ ਸਿਰਫ ਕੁਝ ਹਉਕੇ ਅਤੇ ਹਾਵੇ ਹੀ ਬੱਚਦੇ ਨੇ। ਕੁਝ ਬਚਦੀਆਂ ਨੇ ਯਾਦਾਂ ਅਤੇ ਕੁਝ ਕੁ ਬਚਦੇ ਨੇ ਪਲਾਂ ਦੇ ਵਿਸਥਾਰ ਜਿਨ੍ਹਾਂ ਦੇ ਸਹਾਰੇ ਢੋਣਾ ਪੈਂਦਾ ਏ ਜ਼ਿੰਦਗੀ ਦਾ ਭਾਰ। ਤਰਸ ਦੀ ਪਾਤਰ ਬਣ ਕੇ ਭਲਾ ਕਿੰਨੇ ਕੁ ਸਾਹਾਂ ਨੂੰ ਜਿਉਣ ਦੀ ਦਾਅਵਤ ਦਿੱਤੀ ਜਾ ਸਕਦੀ ਏ!
ਜੇ ਇਹ ਬੁੱਕਲ ਸਿਰ ਦਾ ਸਾਈਂ ਹੋਵੇ ਤਾਂ ਸਿਰ ‘ਤੇ ਫੈਲ ਜਾਂਦੀ ਏ ਚਿੱਟੀ ਚੁੰਨੀ। ਭੱਜ ਜਾਂਦੀਆਂ ਨੇ ਚੂੜੀਆਂ ਅਤੇ ਸਦਾ ਲਈ ਅੱਖਾਂ ਵਿਚ ਲਟਕਦੇ ਨੇ ਹੰਝੂ। ਹਵਾ ਵਿਚ ਉਡ ਜਾਂਦਾ ਏ ਸੰਧੂਰ। ਸੁੰਨੀ ਸੇਜ ‘ਤੇ ਵੱਢ ਵੱਢ ਖਾਂਦਾ ਏ ਇਕੱਲਾਪਣ। ਹਰ ਰਾਤ ਸਿਰਜਦੀ ਏ ਅੱਖਾਂ ਵਿਚ ਸੁਪਨਿਆਂ ਦੀ ਕਤਲਗਾਹ ਅਤੇ ਹਰ ਸਰਘੀ ਰੋਂਦੀ ਹੋਈ ਦਰਾਂ ‘ਤੇ ਦਸਤਕ ਦਿੰਦੀ ਏ। ਘਰ ਦੀ ਹਰ ਜਿੰਮੇਵਾਰੀ ਦਾ ਬੋਝ ਚੁੱਕਣ ਵਾਲੇ ਰਹਿਬਰ ਦੀ ਗੁੰਮਸ਼ੁਦਗੀ ਇਕ ਪਹਾੜ ਬਣ ਕੇ ਜ਼ਿੰਦਗੀ ਦਾ ਬੋਝ ਬਣਦੀ ਏ।
ਮਾਂ ਦੀ ਨਿੱਘੀ ਬੁੱਕਲ ਰੁੱਸ ਜਾਵੇ ਤਾਂ ਸਾਹਾਂ ਵਿਚ ਉਗਦੀਆਂ ਨੇ ਸਿਸਕੀਆਂ। ਬੋਲਾਂ ਵਿਚ ਪਨਪ ਪੈਂਦੇ ਨੇ ਹਾਵੇ ਅਤੇ ਚੇਤਿਆਂ ਵਿਚੋਂ ਸਦੀਵੀ ਗੁੰਮ ਜਾਂਦੇ ਨੇ ਦਾਅਵੇ। ਕਦਮਾਂ ਵਿਚ ਫੈਲ ਜਾਂਦੀਆਂ ਨੇ ਖਾਈਆਂ ਅਤੇ ਮਨ ਦੇ ਸੁਨਹਿਰੀ ਅੰਬਰ ‘ਤੇ ਛਾ ਜਾਂਦੀਆਂ ਨੇ ਬੱਦਲਵਾਈਆਂ। ਸੌਂ ਜਾਂਦੀ ਏ ਨਸੀਹਤਾਂ ਅਤੇ ਸਿਆਣਪਾਂ ਦੀ ਜਾਗਦੀ ਅੱਖ। ਹਰ ਗਲਤ ਕਦਮ ਨੂੰ ਉਠਣ ਤੋਂ ਹੋੜਨ ਵਾਲੀ ਬੇਲਾਗ ਅਤੇ ਦਮਦਾਰ ਆਵਾਜ਼ ਚੁੱਪ ਦੀ ਜੂਨ ਹੰਢਾਉਂਦੀ ਅਤੇ ਮਨ ਦੇ ਚਹੁੰ-ਕੂੰਟੀਂ ਮਾਤਮੀ ਸੁੰਨ ਦਾ ਪਹਿਰਾ ਲਾਉਂਦੀ। ਜ਼ਿੰਦਗੀ ਦੀਆਂ ਨਰੋਈਆਂ ਕਦਰਾਂ ਕੀਮਤਾਂ ਦਾ ਇਲਹਾਮੀ ਸੰਦੇਸ਼ ਪੌਣਾਂ ਵਿਚ ਆਪਣੀ ਹੋਂਦ ਲਈ ਸਹਿਕਦਾ ਅਤੇ ਟੁੱਟਦੇ ਸਾਹਾਂ ਦੀ ਤੰਦੀ ਦਾ ਇਕ ਟੋਟਾ ਤਿੜਕਣ ਤੋਂ ਪਹਿਲਾਂ ਆਖਰੀ ਕੁਝ ਕੁ ਪਲਾਂ ਲਈ ਟਹਿਕਦਾ।
ਕੁਝ ਸਾਲ ਹੋਏ ਇਕ ਫੋਟੋ ਜਿਸ ਵਿਚ ਇਕ ਬਿਸ਼ਨੋਈ ਔਰਤ ਆਪਣੇ ਬੱਚੇ ਅਤੇ ਮਾਂ ਮਛੋਰ ਹਿਰਨ ਦੇ ਬੱਚੇ ਨੂੰ ਇਕੱਠਿਆਂ ਦੁੱਧ ਚੁੰਘਾ ਰਹੀ ਸੀ, ਨੇ ਅੰਤਰਰਾਸ਼ਟਰੀ ਪੱਧਰ ‘ਤੇ ਬਿਹਤਰੀਨ ਫੋਟੋ ਦਾ ਰੁਤਬਾ ਹਾਸਲ ਕੀਤਾ ਸੀ। ਕੁਦਰਤ ਕਿੰਨੀ ਬੇਅੰਤ ਏ ਕਿ ਜਦ ਇਕ ਮਾਂ ਖੁੱਸ ਗਈ ਤਾਂ ਇਕ ਮਮਤਾ ਹੋਰ ਜਾਗ ਪਈ ਅਤੇ ਉਸ ਮਮਤਾ ਨੇ ਮਾਨਵਤਾ ਤੋਂ ਉਪਰ ਉਠ ਕੇ ਇਕ ਹਿਰਨ ਦੇ ਬੱਚੇ ਨੂੰ ਮਮਤਾ ਦਾ ਨਿੱਘ ਅਤੇ ਚੋਗ ਦੇਣ ਦਾ ਪਰਮ-ਧਰਮ ਨਿਭਾਇਆ। ਮਮਤਾਈ ਲੋਰ ਵਿਚ ਲਬਰੇਜ਼ ਅਜਿਹੀਆਂ ਮਾਂਵਾਂ ਹੀ ਸਰਬ-ਮਾਂ ਦਾ ਮਾਣ ਹਾਸਲ ਕਰਕੇ ਮਾਨਵ ਜਾਤੀ ਦਾ ਮਾਣ ਬਣਦੀਆਂ ਨੇ। ਅਜਿਹੀਆਂ ਮਾਂਵਾਂ ਦੂਰ ਤੁਰ ਗਈ ਨਿੱਘੀ ਬੁੱਕਲ ਦਾ ਦਰਦ ਚੂਸ ਕੇ ਖੇੜਿਆਂ ਅਤੇ ਖੁਸ਼ੀਆਂ ਦਾ ਖਜਾਨਾ ਮਾਂ ਮਛੋਰਾਂ ਦੀ ਝੋਲੀ ਪਾਉਂਦੀਆਂ ਨੇ।
ਜਦ ਕੋਈ ਔਰਤ ਆਪਣੀ ਕਰਨੀਆਂ ਭੋਗਦੀ ਜਾਂ ਸਮਾਜ ਦੀ ਸਤਾਈ ਆਪਣੀ ਕੁੱਖ ਵਿਚਲੇ ਜੀਵ ਨੂੰ ਕਿਸੇ ਗੰਦਗੀ ਦੇ ਢੇਰ ‘ਤੇ ਸੁਟੱਦੀ ਏ ਜਾਂ ਲਾਵਾਰਸ ਛੱਡ ਕੇ ਅਲੋਪ ਹੋ ਜਾਂਦੀ ਏ ਤਾਂ ਕੋਈ ਰਹਿਮ-ਦਿਲ ਉਸ ਨੂੰ ਆਪਣੇ ਗਲ ਨਾਲ ਲਾਉਂਦਾ, ਉਸ ਲਈ ਮਾਂ-ਬਾਪ ਬਣਦਾ, ਉਸ ਨੂੰ ਦੁਨੀਆਂ ਦੇ ਤਮਾਮ ਸੁੱਖ ਦੇਣ ਵਿਚ ਆਪਣੇ ਆਪ ਨੂੰ ਵਡਭਾਗਾ ਸਮਝਦਾ ਏ। ਵੱਖੋ-ਵੱਖਰੇ ਸ਼ਹਿਰਾਂ ਵਿਚ ਕਰਮਯੋਗੀਆਂ ਵਲੋਂ ਚਲਾਏ ਜਾ ਰਹੇ ਲਾਵਰਸ ਬੱਚੇ-ਬੱਚੀਆਂ ਲਈ ਅਦਾਰੇ ਦਰਅਸਲ ਮਾਨਵਤਾ ਦੀ ਸੱਚੀ-ਸੁੱਚੀ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਦੀ ਜੀਵਨ-ਸ਼ੈਲੀ ਵਿਚ ਕਿਸੇ ਨੂੰ ਸਾਹ ਬਖਸ਼ਣ ਦੀ ਤਮੰਨਾ ਭਾਰੂ ਹੁੰਦੀ ਏ ਅਤੇ ਉਹ ਚਾਹੁੰਦੇ ਨੇ ਧਰਤ ‘ਤੇ ਆਇਆ ਹਰ ਜੀਵ ਆਪਣੀ ਅਉਧ ਮਾਣੇ।
ਕਈਆਂ ਲਈ ਝੋਂਪੜੀ ਇਕ ਗੋਦ, ਮਾੜੇ ਵਕਤਾਂ ਲਈ ਠਾਹਰ। ਭੈੜੇ ਪਲਾਂ ਵਿਚ ਕੁਝ ਕੁ ਸੁਖਨ ਦਾ ਸਬੱਬ। ਜਦ ਇਕ ਮਾਂ ਸੜਕ ਦੇ ਕੰਢੇ ਦਿਹਾੜੀ ਕਰਨ ਵਿਚ ਰੁੱਝੀ ਹੁੰਦੀ ਏ ਤਾਂ ਗੋਦ ਟੋਕਰੀ ਦਾ ਰੂਪ ਧਾਰ ਕਿਸੇ ਦਰੱਖਤ ਦੀ ਚਿੱਤਕਬਰੀ ਛਾਂ ਵਿਚ ਸੁਖਨ ਦਾ ਅਹਿਸਾਸ, ਨਵਜਾਤ ਦੀ ਮਾਸੂਮ ਸੋਚ ਵਿਚ ਧਰ ਜਾਂਦੀ ਏ ਅਤੇ ਉਸ ਲਈ ਅਸਲੀ ਗੋਦ ਸਿਰਫ ਕੁਝ ਪਲਾਂ ਦਾ ਹੀ ਨਿੱਘ ਬਣ ਕੇ ਰਹਿ ਜਾਂਦੀ ਏ।
ਧਾਰਮਿਕ ਦੰਗੇ ਗੋਦਾਂ ਨੂੰ ਮਲੀਆਮੇਟ ਵੀ ਕਰਦੇ ਅਤੇ ਗੋਦਾਂ ਸੁੰਨੀਆਂ ਵੀ ਕਰਦੇ। ਬੰਬਾਂ ਦੇ ਸਾਏ ਵਿਚ ਸਹਿਮ ਜਾਂਦੀਆਂ ਨੇ ਨਿੱਘੀਆਂ ਬੁੱਕਲਾਂ। ਕਿਸੇ ਜ਼ਾਲਮ ਦੀ ਦੋ-ਧਾਰੀ ਤਲਵਾਰ ਦੋਫਾੜ ਕਰ ਦਿੰਦੀ ਏ, ਛਾਂ ਅਤੇ ਨਿੱਘ ਦੇ ਗੋਦਨੁਮਾ ਭੰਡਾਰ ਨੂੰ। ਹਾਕਮ ਨੂੰ ਕੀ ਸਾਰ ਏ ਕਿ ਕਿੰਨੇ ਮਾਸੂਮ ਆਪਣੀ ਮਾਂ ਦੀ ਗੋਦ ਤੋਂ ਵਿਰਵੇ ਹੋ ਜਾਂਦੇ ਨੇ, ਕਿੰਨੀਆਂ ਲੋਰੀਆਂ ਹਉਕੇ ਬਣ ਜਾਂਦੀਆਂ ਨੇ, ਕਿੰਨੇ ਮਾਸੂਮਾਂ ਦੇ ਹਾਸਿਆਂ ਵਿਚ ਹਿਚਕੀਆਂ ਦੀ ਗੁੰਜ ਪੈਦਾ ਹੁੰਦੀ ਏ, ਕਿੰਨਿਆਂ ਦੀਆਂ ਸ਼ਰਾਰਤਾਂ ਵਿਚ ਲੇਰਾਂ ਜਜ਼ਬ ਹੋ ਜਾਂਦੀਆਂ ਨੇ, ਕਿੰਨਿਆਂ ਦੀਆਂ ਬਾਲ-ਖੇਡਾਂ ਰੁੱਸ ਜਾਂਦੀਆਂ ਨੇ ਅਤੇ ਕਿੰਨੇ ਕੋਮਲ-ਭਾਵੀ ਬਚੂੰਗੜਿਆਂ ਦੀ ਕਾਗਜ਼ ਦੀ ਬੇੜੀ ਤੈਰਨ ਤੋਂ ਪਹਿਲਾਂ ਹੀ ਗਲ੍ਹ ਜਾਂਦੀ ਏ ਅਤੇ ਕਿੰਨਿਆਂ ਦੇ ਗਲਾਂ ਵਿਚ ਸਹਿਮ ਜਾਂਦੀ ਏ ਕਿਲਕਾਰੀ। ਕਿਸੇ ਹਾਕਮ ਨੂੰ ਕੋਈ ਸਰੋਕਾਰ ਨਹੀਂ ਇਸ ਨਾਲ। ਸਿਰਫ ਕੁਰਸੀ ਸਲਾਮਤ ਰਹਿਣੀ ਚਾਹੀਦੀ ਏ।
ਬਚਪਨੇ ਵਿਚ ਰੁੱਸੀ ਹੋਈ ਗੋਦ, ਮਾਨਸਿਕ ਉਲਝਣਾਂ ਦਾ ਮੁੱਢ, ਅਸਾਵੀਂ ਸ਼ਖਸੀਅਤ ਦਾ ਵਿਕਾਸ, ਮਾਨਵੀ ਕਰਮ ਦਾ ਵਿਨਾਸ਼, ਸਮਾਜਿਕ ਕਦਰਾਂ-ਕੀਮਤਾਂ ਦਾ ਨਿਘਾਰ, ਮਾਰੂ ਬਿਰਤੀਆਂ ਦਾ ਉਲਾਰ, ਆਪਸੀ ਖਿਚੋਤਾਣ ਦਾ ਆਧਾਰ ਅਤੇ ਪਲ ਪਲ ਖੁਰ ਰਿਹਾ ਕਿਰਦਾਰ। ਅੰਦਰੋਂ ਅੰਦਰ ਤਿੜਕ ਰਹੇ ਵਿਅਕਤੀ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਅਤੇ ਨਾ ਜੱਗ ਜ਼ਾਹਰ ਹੁੰਦਾ ਏ। ਦੁਨੀਆਂ ਨੂੰ ਪਤਾ ਹੀ ਸਿਰਫ ਉਦੋਂ ਲੱਗਦਾ ਏ ਜਦ ਉਹ ਚਾਰ ਮਿੱਤਰਾਂ ਦੇ ਕੰਧਾੜੇ ਚੜ੍ਹ ਕੇ ਸਿਵਿਆਂ ਦਾ ਰਾਹ ਮੱਲਦਾ ਏ। ਕੁਝ ਚਿਰ ਉਸ ਦੀ ਗੱਲਾਂ ਹੋਣ ਤੋਂ ਬਾਅਦ ਜ਼ਮਾਨਾ ਉਸ ਨੂੰ ਸਦਾ ਲਈ ਭੁਲਾ ਦਿੰਦਾ ਏ ਕਿਉਂਕਿ ਕਿਸੇ ਦੀ ਲਾਸ਼ ‘ਤੇ ਪੈਰ ਧਰ ਕੇ ਅੱਗੇ ਵੱਧਣਾ, ਅਜੋਕੇ ਮਾਹੌਲ ਦੀ ਫਿਤਰਤ ਏ।
ਬੜੀ ਤੇਜ ਰਫਤਾਰ ਨਾਲ ਰੁੱਸ ਜਾਂਦੀਆਂ ਨੇ ਇਹ ਗੋਦਾਂ ਜਦ ਕਿਸੇ ਮਜ਼ਲੂਮ ਦੇ ਸਿਰ ਦਾ ਦੁਪੱਟਾ ਲੀਰੋ-ਲੀਰ ਕੀਤਾ ਜਾਂਦਾ ਏ, ਕਿਸੇ ਦੀ ਅਜ਼ਮਤ ਦੀ ਨਿਲਾਮੀ ਕੀਤੀ ਜਾਂਦੀ ਏ, ਕਾਨੂੰਨ ਦੇ ਰਖਵਾਲੇ ਦਰਿੰਦਿਆਂ ਦਾ ਭੇਸ ਬਦਲ ਲੈਂਦੇ ਨੇ ਜਾਂ ਕੁਝ ਸਿੱਕਿਆਂ ਵਿਚ ਤੋਲੀ ਜਾਂਦੀ ਏ ਕਿਸੇ ਗਰੀਬ ਦੀ ਇੱਜਤ। ਪੋਹ ਦੀ ਚਾਨਣੀ ਜਿਹੀ ਗਰੀਬ ਦੀ ਧੀ ਨੂੰ ਚੌਰਾਹੇ ਵਿਚ ਬੇਇੱਜਤ ਕੀਤਾ ਜਾਂਦਾ ਏ, ਜਗੀਰੂ ਸੋਚ ਦੇ ਆਰਿਆਂ ਨਾਲ ਚੀਰਿਆ ਜਾਂਦਾ ਏ ਸੁਹਾਗ ਦਾ ਸੰਧੂਰ।
ਬਹੁਤ ਡੂੰਘਾ ਹੁੰਦਾ ਏ ਰੁੱਸੀਆਂ ਗੋਦਾਂ ਦਾ ਗਮ ਸਹਿ ਰਹੇ ਲੋਕਾਂ ਦਾ ਦਰਦ। ਖੁਸ਼ੀ ਦੇ ਪਲਾਂ ‘ਚ ਕਿਸ ਪੀੜ ਨਾਲ ਚੀਰਿਆ ਜਾਂਦਾ ਹੋਵੇਗਾ ਮਾਂ-ਪਿਉ, ਭੈਣ-ਭਰਾ ਬਾਹਰੇ ਉਸ ਨੌਜਵਾਨ ਦਾ ਹਿਰਦਾ ਜੋ ਨਵੀਂ ਜ਼ਿੰਦਗੀ ਦੀ ਸ਼ੁਰੁਆਤ ਲਈ ਘੋੜੀ ਚੜ੍ਹਦਾ ਏ। ਉਸ ਦੇ ਅੰਤਰੀਵ ਦੀ ਚੀਸ ਦਾ ਸਿਰਫ ਉਹੀ ਕਿਆਸ ਕਰ ਸਕਦਾ ਏ ਜੋ ਅਜਿਹੀ ਤ੍ਰਾਸਦੀ ਦਾ ਸ਼ਿਕਾਰ ਹੋਇਆ ਹੋਵੇ। ਸੰਵੇਦਨਸ਼ੀਲ ਮਨ ਸਿਰਫ ਖੁਦਾ ਅੱਗੇ ਅਰਦਾਸ ਹੀ ਕਰ ਸਕਦਾ ਏ ਕਿ ਕਿਸੇ ਨੂੰ ਵੀ ਅਜਿਹੇ ਦੁਖਦਾਈ ਵਕਤ ਦੇ ਰੂਬਰੂ ਨਾ ਹੋਣਾ ਪਵੇ। ਅਜਿਹੇ ਵਕਤ ਸ਼ਗਨ ਮਨਾਉਣ ਵਾਲੀਆਂ ਮਾਂਵਾਂ, ਮਾਣ-ਮੱਤੇ ਬਾਬਲ ਦਾ ਤੁਰਲਾ, ਚਾਅ ਵਿਚ ਬੁੱਲਬੁਲੀ ਚੀਕ ਬਣਨ ਵਾਲੇ ਵੀਰੇ ਅਤੇ ਵਾਗ ਫੜ੍ਹਨ ਵਾਲੀਆਂ ਭੈਣਾਂ ਬਹੁਤ ਸ਼ਿਦਤ ਨਾਲ ਯਾਦ ਆਉਂਦੀਆਂ, ਅੱਥਰੂ-ਅੱਥਰੂ ਕਰ ਜਾਂਦੀਆਂ ਨੇ।
ਚਾਰੇ ਪਾਸੇ ਛਾ ਜਾਂਦਾ ਏ ਹਨੇਰ ਜਦ ਰੁੱਸਦੀ ਏ ਸਕੂਨ ਦੇਣ ਵਾਲੀ ਯਾਰ ਦੀ ਬੁੱਕਲ। ਨਿੱਕੀਆਂ ਗੱਲਾਂ ਵਿਚ ਲੱਗਦਾ ਚੁੱਪ ਦਾ ਪਹਿਰਾ, ਹੁੰਗਾਰੇ ਬਣ ਜਾਂਦੇ ਹੁੰਗਰ, ਸਿਰ ਰੱਖ ਕੇ ਬੇਫਿਕਰੀ ਦੇ ਆਲਮ ਵਾਲੀ ਹਿੱਕ ਵਿਚਲਾ ਹਉਕਾ ਬਣ ਜਾਂਦਾ ਜੀਵਨ ਦਾ ਸੰਤਾਪ ਅਤੇ ਇਨ੍ਹਾਂ ਸੰਤਾਪੇ ਪਲਾਂ ਵਿਚ ਸਾਹਾਂ ਨੂੰ ਸਾਹ ਕਹਿਣਾ ਵੀ ਗੁਨਾਹ ਬਣ ਜਾਂਦਾ। ਜੀਵਨ ਦੀ ਅਕਾਰਥਾ ਵਿਚ ਸੋਚ ਜੰਗਾਲੀ ਜਾਂਦੀ।
ਰੁੱਸੀ ਹੋਈ ਬੁੱਕਲ ਕਾਰਨ ਜੀਵਨ ਦੀਆਂ ਤਲਖੀਆਂ ਬਹੁਤ ਸ਼ਿਦਤ ਨਾਲ ਨਪੀੜਦੀਆਂ ਅਤੇ ਅਜਿਹੇ ਸਮੇਂ ਵਿਚ ਖੁਦ ਦੀ ਜਾਮਾ ਤਲਾਸ਼ੀ ਕਰਕੇ ਆਪਣੇ ਆਪੇ ਨੂੰ ਸਮਿਆਂ ਦੇ ਹਾਣ ਦਾ ਬਣਾਉਣ ਵਾਲੇ ਲੋਕ ਹੀ ਤਹਿਜ਼ੀਬ ਦਾ ਮੁਹਾਂਦਰਾ ਸਿਰਜਦੇ ਨੇ। ਉਨ੍ਹਾਂ ਦੀਆਂ ਰੋਸ਼ਨ ਪੈੜਾਂ ਵਿਚ ਕਾਫਲਿਆਂ ਦੇ ਰਾਹ ਵੀ ਰੁਸ਼ਨਾ ਜਾਂਦੇ ਅਤੇ ਉਹ ਕਈ ਪੀੜ੍ਹੀਆਂ ਲਈ ਰੋਲ ਮਾਡਲ ਬਣ ਜਾਂਦੇ। ਅਜਿਹੇ ਵਿਅਕਤੀਆਂ ਨੂੰ ਗੁੰਮੀ ਗੋਦ ਦਾ ਗਹਿਰਾ ਅਹਿਸਾਸ ਹੁੰਦਾ ਅਤੇ ਕਿਸੇ ਦੇ ਦਰਦ ਵਿਚ ਉਨ੍ਹਾਂ ਦੀ ਅੱਖ ਸਿੰਮਦੀ ਏ। ਉਨ੍ਹਾਂ ਦੀ ਕਰਮ-ਸਾਧਨਾ, ਕਿਸੇ ਵੀ ਕੌਮ ਲਈ ਅਜ਼ੀਮ ਖਜਾਨਾ। ਉਨ੍ਹਾਂ ਦੇ ਜੀਵਨ-ਦਿਸਹੱਦਿਆਂ ਨੂੰ ਆਪਣੇ ਮੱਥਿਆਂ ‘ਤੇ ਉਕਰਨ ਵਾਲੇ ਲੋਕ ਨਵੀਂ ਸਿਰਜਣਾ ਦਾ ਰਾਹ ਪੱਧਰਾ ਕਰਦੇ ਨੇ। ਰੁੱਸੀਆਂ ਗੋਦਾਂ ਦੀ ਰਹਿੰਦ-ਖੂੰਹਦ ਵਿਚੋਂ ਹੀ ਪਨਪਦੇ ਨੇ ਇਤਿਹਾਸ, ਫਿਜ਼ਾ ਵਿਚ ਪਸਰੀ ਹੋਈ ਮਹਿਕ ਬਣਦੇ ਅਤੇ ਪੌਣਾਂ ਦੇ ਪਿੰਡਿਆਂ ‘ਤੇ ਨਵੀਂਆਂ ਪੈੜਾਂ ਦੀ ਕਲਾ-ਨਿਕਾਸ਼ੀ ਕਰਦੇ।
ਰੱਬ ਕਰੇ ਕਦੇ ਨਾ ਰੁੱਸੇ ਕਿਸੇ ਬਾਲ ਦੀ ਨਿੱਘੀ ਬੁੱਕਲ। ਕਦੇ ਦੂਰ ਨਾ ਜਾਵੇ ਤਿੱਖੜ ਦੁਪਹਿਰਾਂ ਵਿਚ ਲੋੜੀਂਦੀ ਠੰਢੀ ਛਾਂ, ਉਨੀਂਦਰੇ ਨੈਣਾਂ ਲਈ ਲੋਰੀ ਸੁਣਾਉਂਦੀ ਮਾਂ, ਰਾਹ-ਦਸੇਰਾ ਬਣਨ ਵਾਲੀ ਆਗੋਸ਼ ਦੀ ਰਹਿਨੁਮਾਈ ਅਤੇ ਲਾਡ ਲਡਾਉਣ ਵਾਲੀ ਮਮਤਾਈ। ਕਦੇ ਨਾ ਖਫਾ ਹੋਵੇ ਵਾਲਾਂ ਵਿਚ ਹੱਥ ਫੇਰਨ ਵਾਲੇ ਪਲਾਂ ਦਾ ਬਸੇਰਾ, ਤੀਲਾ ਤੀਲਾ ਨਾ ਹੋਵੇ ਸੁਪਨਿਆਂ ਦਾ ਡੇਰਾ ਅਤੇ ਨਾ ਹੀ ਮਾਤਮੀ ਚੁੱਪ ਹੰਢਾਵੇ ਨਿੱਕੀਆਂ ਪਰ ਕੋਸੀਆਂ ਕੋਸੀਆਂ ਗੱਲਾਂ ਅਤੇ ਉਨ੍ਹਾਂ ਦਾ ਹੁੰਗਾਰਾ। ਕੋਈ ਨਾ ਉਜਾੜੇ ਬਾਪ ਦੇ ਸ਼ਮਲੇ ਦੀ ਉਚੀ ਸ਼ਾਨ, ਵੀਰਾਂ ਦਾ ਤੂਤ ਦੇ ਮੋਛੇ ਜਿਹਾ ਮਾਣ ਅਤੇ ਭੈਣਾਂ ਦਾ ਪੇਕੇ ਘਰ ਵਿਚ ਸਨਮਾਨ।
ਰੁੱਸੀਆਂ ਗੋਦਾਂ ਦੀ ਆਰਜਾ ਜਦ ਵਕਤ ਦੇ ਸਫੇ ‘ਤੇ ਉਕਰੀ ਜਾਂਦੀ ਏ ਤਾਂ ਸਾਡੇ ਸਭਨਾਂ ਦੇ ਦਰਾਂ ‘ਤੇ ਹੁੰਦੀ ਏ ਭਲੇ ਵਕਤਾਂ ਦੀ ਦਸਤਕ ਅਤੇ ਅਜਿਹੀ ਦਸਤਕ ਵਿਚ ਹੀ ਸ਼ੁਭ ਸ਼ਗਨਾਂ ਦੀ ਤਾਣ ਸੁਣਾਈ ਦਿੰਦੀ ਏ। ਅਜਿਹਾ ਮਧੁਰ ਸਹਿਜ-ਸੰਗੀਤ ਸਭ ਦਾ ਹਾਸਲ ਹੋਵੇ, ਇਹ ਸਾਡੀ ਸਭ ਦੀ ਕਾਮਨਾ ਹੋਣੀ ਚਾਹੀਦੀ ਏ।