ਬਸ ਆ ਲੱਗੀ…

ਅਜ ਪੰਜਾਬ ਦਰਦੀਆਂ ਨੂੰ ਇਹ ਚਿੰਤਾ ਵੱਢ-ਵੱਢ ਖਾ ਰਹੀ ਹੈ ਕਿ ਆਬੋ-ਹਵਾ ਦੇ ਪ੍ਰਦੂਸ਼ਣ ਵਿਚ ਗ੍ਰਸੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ? ਸਨਅਤਕਾਰਾਂ ਅਤੇ ਸਿਆਸੀ ਆਗੂਆਂ ਦੀ ਲਾਲਸਾ ਇਸ ਪ੍ਰਦੂਸ਼ਣ ਨੂੰ ਰੋਕਣ ਦੀ ਥਾਂ ਵਧਾਉਣ ਦੇ ਰਾਹ ਪਈ ਹੋਈ ਹੈ। ਇਸ ਲੇਖ ਵਿਚ ਲੇਖਿਕਾ ਨੇ ਪੰਜਾਬ ਦਰਦੀਆਂ ਨੂੰ ਗੁਹਾਰ ਲਾਈ ਹੈ, ਆਓ, ਸਾਰੇ ਰਲ ਕੇ ਆਪਣੇ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ, ਤੰਦਰੁਸਤ, ਖੁਸ਼ਹਾਲ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ‘ਤੇ ਮਾਣ ਕਰ ਸਕਣ।

-ਸੰਪਾਦਕ

ਸੁਕੰਨਿਆ ਭਾਰਦਵਾਜ
ਕ੍ਰਿਸਟਲ ਲੇਕ, ਇਲੀਨਾਏ

ਆਪਣਿਆਂ ਨੂੰ ਗੁਆ ਕੇ ਕਿੰਨੀ ਕੁ ਦੇਰ ਅਸੀਂ ਇਸ ‘ਬਸ ਆ ਲੱਗੀ’ ਘਸੀ ਪਿਟੀ ਧਾਰਨਾ ਨੂੰ ਸੱਥਰ ‘ਤੇ ਬੈਠੇ ਕਹਿ ਆਪਣੇ ਦਿਲ ਨੂੰ ਝੂਠੀਆਂ ਤਸੱਲੀਆਂ ਦਿੰਦੇ ਰਹਾਂਗੇ। ਇਹ ਆਪਣੀ ਜਿੰਮੇਵਾਰੀ ਤੋਂ ਭਗੌੜੇ ਹੋਣ ਵਾਲੀ ਗੱਲ ਹੈ। ਇਹ ਅੱਜ ਘਰ ਘਰ ਦੀ ਕਹਾਣੀ ਬਣ ਚੁਕੀ ਹੈ। ਭਾਵੇਂ ਸਮੁੱਚੀ ਡਾਕਟਰੀ ਪ੍ਰਕ੍ਰਿਆ ਨੂੰ ਤਾਂ ਨਹੀਂ ਇਸ ਕਟਹਿਰੇ ਵਿਚ ਖੜਾ ਕੀਤਾ ਜਾ ਸਕਦਾ ਪਰ ਬਹੁਗਿਣਤੀ ਡਾਕਟਰਾਂ ਨੇ ਇਸ ਮਾਨਵੀ ਕਿੱਤੇ ਨੂੰ ਲਾਲਚ ਤੇ ਭ੍ਰਿਸ਼ਟਾਚਾਰ ਦੇ ਅੱਡੇ ਚਾੜ੍ਹ ਦਿੱਤਾ ਹੈ। ਇਹੋ ਕਾਰਨ ਹੈ ਕਿ ਮਾੜਾ-ਧੀੜਾ ਤਾਂ ਇਸ ਗੁੰਝਲਦਾਰ ਚਿਕਿਤਸਾ ਪ੍ਰਕ੍ਰਿਆ ਦੇ ਚੱਕਰ ਵਿਚ ਪੈਣ ਤੋਂ ਕੰਨੀ ਹੀ ਕਤਰਾਉਂਦਾ ਹੈ। ਟੈਸਟਾਂ ਦੀ ਲੰਬੀ ਪ੍ਰਕ੍ਰਿਆ ਹੀ ਮਰੀਜ ਦੀ ਅੱਧੀ ਜਾਨ ਲੈ ਲੈਂਦੀ ਹੈ। ਪਹਿਲੇ ਇਲਾਜ ਤੋਂ ਹੋਏ ਸਿਹਤ ਨਿਰੀਖਣਾਂ ਨੂੰ ਨਵਾਂ ਡਾਕਟਰ ਨਹੀਂ ਮੰਨਦਾ, ਉਹ ਆਪਣੀ ਮਨਪਸੰਦ ਦੀ ਲੈਬ ਤੋਂ ਦੁਬਾਰਾ ਕਰਵਾਉਂਦਾ ਹੈ, ਜਿਥੇ ਉਸ ਨੇ ਆਪਣਾ ਹਿੱਸਾ ਪੱਤੀ ਕੀਤਾ ਹੁੰਦਾ ਹੈ। ਅਗਰ ਰੱਬ ਨਾ ਕਰੇ ਤੀਜੀ ਚੌਥੀ ਥਾਂ ਜਾਣਾ ਪੈ ਜਾਵੇ ਤਾਂ ਉਥੇ ਫਿਰ ਇਹ ਸਾਰੇ ਟੈਸਟ ਦੁਬਾਰਾ ਕਰਵਾਏ ਜਾਂਦੇ ਹਨ, ਜਿਸ ਨਾਲ ਮਰੀਜ ਦਾ ਬਹੁਤ ਸਾਰਾ ਸਮਾਂ ਤੇ ਮਿਹਨਤ ਦੀ ਕਮਾਈ ਬਰਬਾਦ ਹੋ ਜਾਂਦੀ ਹੈ, ਇਲਾਜ ਹਾਲੇ ਬਕਾਇਆ ਹੈ।
ਉਘੇ ਚਿੰਤਕ ਤੇ ਬਾਬਾ ਫਰੀਦ ਯੂਨੀਵਰਸਟੀ, ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾæ ਪਿਆਰੇ ਲਾਲ ਗਰਗ ਦਾ ਕਹਿਣਾ ਹੈ ਕਿ ਐਲੋਪੈਥੀ ਦਵਾਈਆਂ ਦਾ 20 ਸਾਲ ਹੋਰ ਸਮਾਂ ਹੈ ਇਸ ਦੀ ਥਾਂ ਕੋਈ ਨਵੀਂ ਇਲਾਜ ਵਿਧਾ ਅਪਨਾਉਣੀ ਪਵੇਗੀ ਕਿਉਂਕਿ ਮੌਜੂਦਾ ਐਲੋਪੈਥਿਕ ਇਲਾਜ ਵਿਧਾ ਮਰੀਜ ਨੂੰ ਕਿਸੇ ਕੰਢੇ ਨਹੀਂ ਲਾਉਂਦੀ ਸਗੋਂ ਮੌਤ ਦੇ ਹੋਰ ਨੇੜੇ ਆਉਣ ਵਿਚ ਹੀ ਮਦਦ ਕਰਦੀ ਹੈ। ਪੰਜਾਬ ਵਿਚ ਫੈਲੇ ਹਵਾ, ਪਾਣੀ, ਖਾਧ ਖੁਰਾਕਾਂ ਦੇ ਪ੍ਰਦੂਸ਼ਣ ਅਤੇ ਸਰਕਾਰੀ ਤੰਤਰ ਦੀ ਨਾਕਾਮੀ ਨੇ ਲੋਕਾਂ ਦੀ ਭਰੋਸੇਯੋਗਤਾ ਨੂੰ ਹੀ ਖਤਮ ਕਰ ਦਿੱਤਾ ਹੈ। ਉਹ ਕਿਸ ‘ਤੇ ਯਕੀਨ ਕਰਨ! ਲੰਬਾ ਸਮਾਂ ਦਵਾਈਆਂ ਵਰਤਣ ਦੇ ਬਾਵਜੂਦ ਮਰੀਜ ਨੂੰ ਕੋਈ ਫਾਇਦਾ ਨਹੀਂ ਹੁੰਦਾ। ਸਰਜਰੀ ਨੂੰ ਛੱਡ ਕੇ ਡਾਇਗਨੋਜ਼ ਪੱਖੋਂ ਅਜੋਕੀ ਐਲੋਪੈਥੀ ਮੈਡੀਕਲ ਪ੍ਰਕ੍ਰਿਆ ਨਾਂਹ ਪੱਖੀ ਰੋਲ ਹੀ ਨਿਭਾ ਰਹੀ ਹੈ।
ਪੰਜਾਬ ਕੈਂਸਰ, ਦਿਲ, ਪੇਟ, ਹੈਪੇਟਾਇਟਸ, ਜੋੜਾਂ, ਗੋਡਿਆਂ ਦੇ ਰੋਗ ਨਾਲ ਪੂਰੀ ਤਰਾਂ ਗ੍ਰਸਤ ਹੈ। ਨਾ ਕੇਵਲ ਬਠਿੰਡਾ, ਪੂਰੀ ਮਾਲਵਾ ਬੈਲਟ ਕੈਂਸਰ ਦੀ ਮਾਰ ਹੇਠ ਹੈ। ਉਥੋਂ ਇੱਕ ਗੱਡੀ ਬੀਕਾਨੇਰ (ਰਾਜਸਥਾਨ) ਲਈ ਚਲਦੀ ਹੈ ਜਿਸ ਦਾ ਨਾਂ ਹੀ ‘ਕੈਂਸਰ ਟਰੇਨ’ ਪੈ ਗਿਆ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋਵੇਗਾ? ਇਹ ਨਹੀਂ ਕਿ ਉਥੇ ਮਰੀਜ ਤੰਦਰੁਸਤ ਹੋ ਜਾਂਦੇ ਹਨ ਬਲਕਿ ਉਹ ਸਸਤਾ ਤੇ ਕਈ ਵਾਰ ਪਹਿਲੀ ਸਟੇਜ Ḕਤੇ ਕੁਝ ਰਾਹਤ ਦੇਣ ਵਾਲਾ ਹੁੰਦਾ ਹੈ, ਇਸ ਲਈ ਲੋਕ ਬੀਕਾਨੇਰ ਨੂੰ ਤਰਜੀਹ ਦਿੰਦੇ ਹਨ। ਪਰ ਇਸ ਕੈਂਸਰ ਟਰੇਨ ਵਿਚ ਅਕਸਰ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦੀ ਤੇ ਮਰੀਜ ਟਰੇਨ ਦੇ ਫਰਸ਼ ‘ਤੇ ਹੀ ਲੇਟ ਕੇ ਸਫਰ ਕਰਦੇ ਹਨ। ਇਸ ਲਈ ਲੁਧਿਆਣਾ ਤੋਂ ਜਾਂਦੇ ਗੰਦੇ ਨਾਲੇ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਵਿਚ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਪੈਂਦਾ ਹੈ। ਚੋਣਾਂ ਦੇ ਸਮੇਂ ਇਸ ਨਾਲੇ ਖਿਲਾਫ ਆਵਾਜ਼ ਕੁਝ ਦੇਰ ਲਈ ਥੋੜ੍ਹੀ ਉਚੀ ਉਠਦੀ ਹੈ ਪਰ ਸਰਕਾਰਾਂ ਬਣਦੇ ਹੀ ਠੰਢੇ ਬਸਤੇ ਹਵਾਲੇ ਹੋ ਜਾਂਦੀ ਹੈ। ਲੋਕ ਭੁਗਤਦੇ ਹਨ।
ਬਠਿੰਡਾ ਬੈਲਟ ਨੂੰ ਤਾਂ ਨਸ਼ੇ, ਕਿਸਾਨ ਖੁਦਕੁਸ਼ੀਆਂ ਤੇ ਕੈਂਸਰ ਨੇ ਉਂਜ ਹੀ ਵਿਹਲਾ ਕਰ ਛੱਡਿਆ ਹੈ! ਹਾਲਤ ਤਾਂ ਇਹ ਹੈ ਕਿ ਲੋਕ ਅਨਪੜ੍ਹਤਾ ਤੇ ਸਭਿਆਚਾਰਕ-ਸਮਾਜਕ ਦਬਾਅ ਹੇਠ ਇਹ ਮੰਨਣ ਲਈ ਤਿਆਰ ਨਹੀਂ ਕਿ ਉਹ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਹਨ। ਬਹੁਗਿਣਤੀ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਉਨ੍ਹਾਂ ਦੇ ਧੀਆਂ-ਪੁੱਤਾਂ ਦੇ ਕਾਰਜ ਨਹੀਂ ਹੋਣੇ। ਬਹੁਤਾ ਤਾਂ ‘ਕੈਂਸਰ ਟਰੇਨ’ ਤੋਂ ਹੀ ਪਤਾ ਲਗਦਾ ਹੈ ਕਿ ਕਿਸ ਕਿਸ ਘਰ ਮੁਰਦੇਹਾਣੀ ਛਾਉਣ ਵਾਲੀ ਹੈ।
ਇਸ ਸਮੁੱਚੇ ਵਰਤਾਰੇ ਲਈ ਸਰਕਾਰਾਂ ਦੇ ਨਾਲ ਨਾਲ ਖੁਦ ਅਸੀਂ ਵੀ ਘੱਟ ਜਿੰਮੇਵਾਰ ਨਹੀਂ। ਅਸੀਂ ਧਰਤੀ ਹੇਠਲਾ ਸ਼ੁੱਧ ਪਾਣੀ ਮੁਕਾ ਲਿਆ ਹੈ। ਚੱਪੇ ਚੱਪੇ ‘ਤੇ ਬੋਰ ਕਰਕੇ ਪਾਣੀ ਦੀ ਤੀਜੀ ਤਹਿ ਨੂੰ ਜਾ ਹੱਥ ਲਾਇਆ ਹੈ। ਅੰਧਾ ਧੁੰਦ ਕੀਟਨਾਸ਼ਕ, ਨਕਲੀ ਰੇਹਾਂ ਪਾ ਕੇ ਧਰਤੀ ਦੀ ਸਿਹਤ ਨੂੰ ਖਰਾਬ ਕਰ ਲਿਆ ਹੈ। ਖੁਸ਼ਹਾਲੀ ਤੇ ਸਿਹਤਯਾਬੀ ਦੇ ਸਾਰੇ ਰਸਤੇ ਬੰਦ ਕਰ ਲਏ ਹਨ।
ਪ੍ਰਦੂਸ਼ਿਤ ਵਾਤਾਵਰਣ ਨੇ ਪੰਜਾਬ ਵਾਸੀਆਂ ਨੂੰ ਰੋਗਾਂ ਦੀ ਗ੍ਰਿਫਤ ਵਿਚ ਲੈ ਲਿਆ ਹੈ। ਉਤੋਂ ਸਿਤਮਜ਼ਰੀਫੀ ਇਹ ਕਿ ਵਾਤਾਵਰਣ ਪ੍ਰੇਮੀਆਂ, ਖੁਦ ਲੋਕਾਂ ਤੇ ਸਰਕਾਰਾਂ ਦਾ ਇਧਰਲੇ ਪਾਸੇ ਧਿਆਨ ਨਹੀਂ। ਕਦੋਂ ਤਕ ‘ਬਸ ਆ ਲੱਗੀæææ’ ਦੇ ਸਹਾਰੇ ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਦਿੰਦੇ ਰਹਾਂਗੇ? ਅੱਜ ਇਹ ਘਰ ਘਰ ਦਾ ਵਰਤਾਰਾ ਬਣ ਚੁਕਾ ਹੈ। ਲੋਕ ਨਾ ਮੁਰਾਦ ਰੋਗਾਂ ਦੀ ਜਕੜ ਤੋਂ ਸਿਹਤਯਾਬੀ ਲਈ ਕਥਿਤ ਮਾਹਰ ਡਾਕਟਰੀ ਪ੍ਰਕ੍ਰਿਆ ਨਾਲ ਦੋ ਚਾਰ ਹੋ ਰਹੇ ਹਨ।
ਕਣਕ-ਝੋਨਾ ਬੀਜਣ ਦੀ ਅੰਨੀ ਹੋੜ ਲੱਗੀ ਹੈ ਤੇ ਕਿਸਾਨ ਘਰ ਦੀਆਂ ਲੋੜ ਜੋਗੀਆਂ ਦਾਲਾਂ-ਸਬਜੀਆਂ ਬੀਜਣ ਤੋਂ ਵੀ ਇਨਕਾਰੀ ਹੈ। ਉਹ ਡੰਗ ਦੀ ਸਬਜੀ ਵੀ ਸ਼ਹਿਰੋਂ ਲੈ ਕੇ ਆਉਂਦਾ ਹੈ ਜੋ ਵੱਧ ਝਾੜ ਲੈਣ ਲਈ ਅੰਨ੍ਹੇਵਾਹ ਕੀੜੇਮਾਰ ਦਵਾਈਆਂ, ਨਕਲੀ ਖਾਦਾਂ ਤੇ ਟੀਕਿਆਂ ਨਾਲ ਤਿਆਰ ਕੀਤੀ ਹੁੰਦੀ ਹੈ। ਨੌਜੁਆਨ ਬੱਚੀਆਂ ਵਿਚ ਹਾਰਮੋਨ ਦੀ ਗੜਬੜ ਹੋ ਰਹੀ ਹੈ ਤੇ ਚਿਹਰਿਆਂ Ḕਤੇ ਦਾੜ੍ਹੀਆਂ ਆ ਰਹੀਆਂ ਹਨ। ਔਰਤਾਂ ਵਿਚ ਬੱਚੇ ਜਣਨ ਦੀ ਸਮਰੱਥਾ ਵੀ ਘਟਦੀ ਜਾ ਰਹੀ ਹੈ। ਰਹਿੰਦੀ ਕਸਰ ਸਮੈਕ ਹੈਰੋਇਨ ਨੇ ਕੱਢ ਦਿੱਤੀ ਹੈ।
ਦੁੱਧ ਦੀਆਂ ਨਦੀਆਂ ਵਹਾਉਣ ਵਾਲਾ ਪੰਜਾਬ ਅੱਜ ਰੇਗਿਸਤਾਨ ਵੱਲ ਵੱਧ ਰਿਹਾ ਹੈ। ਨਹਿਰੀ ਪਾਣੀ ਤੋਂ ਵਾਂਝਾ ਹੈ। ਨਦੀਆਂ ਸੂਏ ਖਾਲਿਆਂ ਵਿਚ ਝੋਨੇ ਦੇ ਸੀਜਨ ਸਮੇਂ ਪਾਣੀ ਛੱਡਿਆ ਜਾਂਦਾ ਹੈ ਜੋ ਟੇਲ ਦੇ ਪਿੰਡਾਂ ਤਕ ਤਾਂ ਪਹੁੰਚਦਾ ਹੀ ਨਹੀਂ ਪਰ ਮਾਲੀਏ ਲਈ ਸਰਕਾਰੀ ਵਿਭਾਗ ਜਿਮੀਂਦਾਰਾਂ ਦੀ Ḕਢਿਬਰੀ ਟੈਟḔ ਕਰ ਦਿੰਦੇ ਹਨ। ਪਿੰਡਾਂ ਦੇ ਛੱਪੜ ਲੋਕਾਂ ਨੇ ਪੂਰ ਲਏ ਹਨ। ਬਾਰਸ਼ਾਂ ਦਾ ਪਾਣੀ ਸਾਂਭਣ ਦਾ ਕੋਈ ਪ੍ਰਬੰਧ ਨਹੀਂ। ਐਸ ਵਾਈ ਐਲ ਵਰਗੀਆਂ ਨਹਿਰਾਂ ਕੱਢ ਕੇ ਪਾਣੀ ਹਰਿਆਣਾ-ਰਾਜਸਥਾਨ ਨੂੰ ਭੇਜਣ ਲਈ ਸਰਕਾਰਾਂ ਕਾਹਲੀਆਂ ਨੇ। ਪੰਜਾਬ ਪਾਣੀ ਕਿਥੋਂ ਲਵੇ?
ਦੂਜੇ ਪਾਸੇ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਆਸਟ੍ਰੇਲੀਆ ਵਰਗੇ ਦੇਸ਼ ਹਨ ਜਿਥੇ ਸ਼ੁੱਧ ਪਾਣੀ ਦੀ ਕੋਈ ਕਮੀ ਨਹੀਂ। ਉਥੇ ਪ੍ਰਾਇਮਰੀ ਸਿੱਖਿਆ ਤੋਂ ਹੀ ਬੱਚਿਆਂ ਨੂੰ ਬਿਜਲੀ, ਪਾਣੀ, ਹਵਾ ਦੀ ਸਹੀ ਵਰਤੋਂ ਤੇ ਧਰਤੀ ਦੀ ਸਿਹਤ ਨੂੰ ਸੰਭਾਲਣ ਲਈ ਕੀ ਉਪਰਾਲੇ ਕੀਤੇ ਜਾਣ? ਬਾਰੇ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਹੈ। ਧਰਤੀ ਦਾ ਇੰਨਾ ਸਤਿਕਾਰ ਕਿ ਕੁੱਤੇ ਨੂੰ ਬਾਹਰ ਘੁਮਾਉਣ ਵਾਲਾ ਉਸ ਦੇ ਮਲ ਨੂੰ ਹੱਥ ਵਿਚ ਫੜੇ ਲਿਫਾਫੇ ਨਾਲ ਚੁੱਕ ਕੇ ਕੂੜੇਦਾਨ ਵਿਚ ਪਾਉਂਦਾ ਹੈ, ਖੁੱਲ੍ਹਾ ਨਹੀਂ ਪਿਆ ਰਹਿਣ ਦਿੰਦਾ। ਪਲਾਸਟਿਕ, ਬੋਤਲਾਂ, ਡੱਬੇ ਆਦਿ ਤੇ ਹੋਰ ਕੂੜਾ ਵੱਖੋ ਵੱਖਰੇ ਕੂੜੇਦਾਨਾਂ ਵਿਚ ਪਾ ਕੇ ਰੀ-ਸਾਇਕਲ ਲਈ ਭੇਜਿਆ ਜਾਂਦਾ ਹੈ। ਘਰ ਦਾ ਵੇਸਟ ਪਾਣੀ ਤਾਂ ਕੀ, ਬਾਰਸ਼ਾਂ ਦਾ ਪਾਣੀ ਵੀ ਵੇਸਟ ਨਹੀਂ ਹੋਣ ਦਿੱਤਾ ਜਾਂਦਾ, ਸਭ ਰੀ-ਸਾਇਕਲ ਲਈ ਜਾਂਦਾ ਹੈ।
ਪ੍ਰਦੂਸ਼ਿਤ ਆਬੋ ਹਵਾ ਨਾਲ ਅਸੀਂ ਤਾਂ ਵਾਤਾਵਰਣ ਦੇ ਵਕੀਲ ਜਾਨਵਰ, ਇੱਲਾਂ, ਚਿੜੀਆਂ, ਘੁੱਗੀਆਂ, ਗੁਟਾਰਾਂ, ਕਬੂਤਰ-ਸਭ ਖਤਮ ਕਰ ਲਏ ਹਨ। ਕਾਂ ਦੀ ਨਸਲ ਵੀ ਖਤਮ ਹੋਈ ਸਮਝੋ। ਧਰਤੀ ਵਿਚੋਂ ਗੰਡੋਇਆ ਲਗਭਗ ਖਤਮ ਹੋ ਚੁਕਾ ਹੈ। ਮੁੱਲ ਖਰੀਦ ਕੇ ਗੰਡੋਇਆ ਜ਼ਮੀਨ ਵਿਚ ਪਾ ਰਹੇ ਹਾਂ ਜੋ ਇਸ ਗੈਰਸਿਹਤਮੰਦ ਮਾਹੌਲ ਵਿਚ ਪਲਣਾ ਮੁਸ਼ਕਿਲ ਹੈ। ਪੰਛੀ ਤਾਂ ਪੰਜਾਬ ਤੋਂ ਉਂਜ ਹੀ ਬੇਮੁਖ ਹੋ ਗਏ ਹਨ। ਨਵੇਂ ਤਾਂ ਕੀ ਲਾਉਣੇ, ਅਸੀਂ ਪਹਿਲੇ ਲੱਗੇ ਦਰੱਖਤਾਂ ‘ਤੇ ਵੀ ਆਰਾ ਫੇਰਨ ਨੂੰ ਕਾਹਲੇ ਹੋਏ ਪਏ ਹਾਂ। ਜੰਗਲ, ਰੱਖਾਂ, ਦਰੱਖਤਾਂ ਤੇ ਪਾਣੀ ਦੇ ਸਰੋਤਾਂ ਨੂੰ ਖਤਮ ਕਰਕੇ ਪੰਛੀਆਂ ਨੂੰ ਰਿਝਾਉਣ ਲਈ ਤਥਾਕਥਿਤ ਸਮਾਜ ਸੇਵੀਆਂ ਵਲੋਂ ਲੱਕੜੀ/ਪਲਾਸਟਿਕ ਦੇ ਬਣੇ ਆਲ੍ਹਣੇ ਵੰਡੇ ਜਾਂਦੇ ਹਨ, ਤਾਂ ਕਿ ਅਖਬਾਰ ਵਿਚ ਫੋਟੋ ਲਗ ਸਕੇ। ਅਸੀਂ ਕਿਹੜੇ ਰਾਹ ਪੈ ਗਏ ਹਾਂ?
ਸਰਕਾਰਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ। ਉਂਜ ਕਿਤੇ ਕਿਤੇ ਲੋਕਾਂ ਨੇ ਸਰਕਾਰਾਂ ਉਪਰ ਟੇਕ ਛੱਡ ਕੇ ਆਪਣੇ ਉਪਰਾਲੇ ਵੀ ਅਰੰਭੇ ਹਨ। ਜਗਰਾਉਂ ਤਹਿਸੀਲ ਵਿਚ ਰਾਏਕੋਟ ਦੇ ਨੇੜੇ ਪਿੰਡ ਚਕਰ ਆਲੇ-ਦੁਆਲੇ ਦੇ ਪਿੰਡਾਂ ਲਈ ਚਾਨਣ ਮੁਨਾਰਾ ਹੈ। ਉਥੋਂ ਦੇ ਬਾਸ਼ਿੰਦਿਆਂ ਤੇ ਪਰਵਾਸੀ ਵੀਰਾਂ ਨੇ ਪਿੰਡ ਦੀ ਨੁਹਾਰ ਬਦਲੀ ਹੈ। ਇਸੇ ਤਰ੍ਹਾਂ ਮਹਾਂਰਾਸ਼ਟਰ ਵਿਚ ਪੂਨੇ ਦੇ ਨੇੜੇ ਪਿੰਡ ਹਿਬੜੇ ਬਾਜ਼ਾਰ ਹੈ ਜਿਥੇ ਪਿੰਡ ਦੇ ਲੋਕਾਂ ਨੇ ਨਾਂ ਕੇਵਲ ਰੋਗਾਂ ਤੋਂ ਨਿਜਾਤ ਪਾਈ ਹੈ ਬਲਕਿ ਪਿੰਡ ਦੀ ਜੀਅ ਪ੍ਰਤੀ ਆਮਦਨ ਵੀ ਵਧਾਈ ਹੈ। ਉਨ੍ਹਾਂ ਸ਼ਰਤ ਲਾਈ ਹੈ ਕਿ ਕੋਈ ਉਨ੍ਹਾਂ ਦੇ ਪਿੰਡ ਵਿਚੋਂ ਇੱਕ ਵੀ ਮੱਛਰ ਫੜ੍ਹ ਕੇ ਦਿਖਾਏ, ਉਹ ਇਨਾਮ ਦੇਣਗੇ, ਜਦੋਂਕਿ ਪੰਜਾਬ ਵਿਚ ਡੇਂਗੂ, ਮਲੇਰੀਆ, ਸਵਾਇਨ ਫਲੂ ਤੇ ਕਈ ਕਿਸਮ ਦੇ ਫਲੂ ਅਤੇ ਕਈ ਜਾਨਲੇਵਾ ਮੌਸਮੀ ਬਿਮਾਰੀਆਂ ਹਰ ਸਾਲ ਆ ਦਸਤਕ ਦਿੰਦੀਆਂ ਨੇ। ਮੱਛਰ ਪੋਹ-ਮਾਘ ਵਿਚ ਵੀ ਖਤਮ ਨਹੀਂ ਹੁੰਦਾ।
ਸਰਕਾਰ ਤੇ ਸੂਬੇ ਦੀ ਜਨਤਾ ਨੂੰ ਚਾਹੀਦਾ ਹੈ ਕਿ ਦਵਾਈਆਂ ‘ਤੇ ਟੇਕ ਰੱਖਣ ਦੀ ਥਾਂ ਕੁਝ ਕੁ ਉਤਮ ਬਚਾਓ ਕਾਰਜ ਅਪਨਾ ਕੇ ਸਮਾਜ ਨੂੰ ਰੋਗ ਗ੍ਰਸਤ ਹੋਣ ਤੋਂ ਬਚਾਇਆ ਜਾਵੇ। ਜਿਵੇਂ ਪਿੰਡਾਂ-ਸ਼ਹਿਰਾਂ ਦੀ ਗੰਦਗੀ ਤੋਂ ਬਾਇਓਮਾਸ ਪਲਾਂਟ ਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਗੰਦੇ ਤੇ ਬਾਰਸ਼ਾਂ ਦੇ ਪਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਰੀ-ਸਾਇਕਲ ਕਰਕੇ ਖੇਤਾਂ ਤੇ ਪੀਣ ਲਈ ਵਰਤਿਆ ਜਾ ਸਕਦਾ ਹੈ। ਪਿੰਡਾਂ ਦੇ ਛੱਪੜਾਂ, ਨਹਿਰਾਂ, ਸੂਇਆਂ ਨੂੰ ਮੁੜ ਸੁਰਜੀਤ ਕਰਕੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇੰਜ ਵਾਤਾਵਰਣ ਵੀ ਸ਼ੁੱਧ ਰਹੇਗਾ ਤੇ ਕੁਝ ਹੱਦ ਤਕ ਰੋਗਾਂ ਤੋਂ ਵੀ ਨਿਜਾਤ ਮਿਲੇਗੀ।
ਸੋ ਆਓ, ਸਾਰੇ ਰਲ ਕੇ ਲੀਹੋਂ ਲੱਥੇ ਆਪਣੇ ਪੰਜਾਬ ਨੂੰ ਲੀਹ ‘ਤੇ ਲਿਆਉਣ ਲਈ, ਫਿਰ ਤੋਂ ਹਰਿਆ ਭਰਿਆ, ਤੰਦਰੁਸਤ, ਖੁਸ਼ਹਾਲ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ‘ਤੇ ਮਾਣ ਕਰ ਸਕਣ।