ਰੌਣਕੀ

ਕਹਾਣੀਕਾਰ ਮਨਮੋਹਨ ਕੌਰ ਆਪਣੀਆਂ ਕਹਾਣੀਆਂ ਵਿਚ ਮੁਖ ਪਾਤਰ ਦਾ ਕਿਰਦਾਰ ਬੜੇ ਸਹਿਜ-ਭਾਅ ਇੰਜ ਸਿਰਜੀ ਜਾਂਦੀ ਹੈ ਕਿ ਪਾਠਕ ਆਪ-ਮੁਹਾਰੇ ਉਸ ਦੀ ਉਂਗਲ ਫੜੀ ਉਸ ਦੇ ਨਾਲ ਤੁਰ ਪੈਂਦਾ ਹੈ। ਅਚਾਨਕ ਉਹ ਅਜਿਹਾ ਤੁਣਕਾ ਮਾਰਦੀ ਹੈ ਕਿ ਪਾਠਕ ਜਜ਼ਬਾਤ ਦੇ ਵਹਿਣ ਵਿਚ ਵਹਿ ਜਾਂਦਾ ਹੈ। ਇਸ ਕਹਾਣੀ ਦੀ ਮੁੱਖ ਪਾਤਰ ਬੜੀ ਹਸਮੁੱਖ ਤੇ ਆਪਣੇ ਨਾਂ ਵਾਂਗ ਰੌਣਕੀ ਹੈ ਪਰ ਫਿਰ ਕੁਝ ਅਜਿਹਾ ਵਾਪਰਦਾ ਹੈ ਕਿ ਉਹ ਹੰਝੂਆਂ ਦੇ ਦਰਿਆ ਵਿਚ ਵਹਿ ਜਾਂਦੀ ਹੈ।

-ਸੰਪਾਦਕ

ਮਨਮੋਹਨ ਕੌਰ ਪਟਿਆਲਾ
ਫੋਨ: 91-98149-68849

ਰੌਣਕੀ ਨਾਮ ਸੀ ਉਸ ਦਾ। ਸਾਲ-ਛਿਮਾਹੀ ਉਹ ਸਾਡੇ ਮੁਹੱਲੇ ਚੱਕਰ ਲਾਉਂਦੀ ਤਾਂ ਬਾਹਰੋਂ ਹੀ ਆਵਾਜ਼ ਦਿੰਦੀ, “ਤੱਸਲੇ ਬਾਲਟੀ ਕੇ ਥੱਲੇ ਲਗਵਾ ਲਉæææਪੁਰਾਨੇ ਤੱਸਲੇ ਬਦਲਵਾ ਲਓ।”
ਸਾਡੇ ਘਰ ਮੂਹਰੇ ਖੜ੍ਹ ਕੇ ਆਵਾਜ਼ ਦਿੰਦੀ, “ਬੇਬੀਏ! ਅਰੇ! ਹੈ ਕੋਈ ਤੱਸਲਾ, ਬਾਲਟੀ-ਠੀਕ ਕਰਾ ਲੇ। ਥੱਲਾ ਲਗਵਾ ਲੇ।”
ਉਸ ਦੇ ਆਉਣ ਨਾਲ ਜਿਵੇਂ ਮੁਹੱਲੇ ‘ਚ ਰੌਣਕ ਲੱਗ ਜਾਂਦੀ। ਉਸ ਦੇ ਹੌਕੇ ਨਾਲ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ। ਭਾਵੇਂ ਤੱਸਲਾ, ਬਾਲਟੀ ਠੀਕ ਕਰਵਾਉਣੀ ਹੋਵੇ ਜਾਂ ਨਾ, ਮਰਦ-ਤੀਵੀਆਂ ਰੌਣਕੀ ਨੂੰ ਦੇਖਣ ਲਈ ਇੱਕ ਵਾਰ ਜ਼ਰੂਰ ਆਪਣੇ ਚਬੂਤਰੇ ‘ਤੇ ਖੜ੍ਹੇ ਹੋ ਜਾਂਦੇ।
ਵਾਕੱਈ ਰੌਣਕੀ ਸੋਹਣੀ ਵੀ ਬਹੁਤ ਸੀ। ਕਮਾਇਆ ਚਮਕੀਲਾ ਬਦਨ, ਬਨਫਸ਼ੀ ਹਿਰਨੀ ਵਰਗੀਆਂ ਅੱਖਾਂ-ਇੰਨੀਆਂ ਪਿਆਰੀਆਂ ਕਿ ਸਮੁੰਦਰ ‘ਚ ਡੁੱਬਿਆ ਤੈਰ ਕੇ ਬਾਹਰ ਨਿਕਲ ਸਕਦਾ ਹੈ ਪਰ ਰੌਣਕੀ ਦੀਆਂ ਅੱਖਾਂ ‘ਚ ਡੁੱਬਿਆ ਕੋਈ ਬੱਚ ਨਹੀਂ ਸੀ ਸਕਦਾ। ਖੂਬਸੂਰਤ ਸੁਡੌਲ ਛਾਤੀਆਂ ਜੋ ਉਸ ਦੀ ਕੱਸੀ ਹੋਈ ਚੌਲੀ ‘ਚੋਂ ਛਲਕਦੀਆਂ ਰਹਿੰਦੀਆਂ। ਗਰਮੀ ‘ਚ ਪਸੀਨੇ ਦੀਆਂ ਬੂੰਦਾਂ ਬਣਾਉਂਦੀ ਧਾਰ ਛਾਤੀਆਂ ਵਿਚ ਲੀਕ ਜਿਹੀ ਖਿੱਚ ਦਿੰਦੀਆਂ। ਉਸ ਦਾ ਲੁਗੜੀਂ ਦੀ ਓੜ੍ਹਨੀ (ਚੁੰਨੀ) ਓੜ੍ਹਨ ਦਾ ਆਪਣਾ ਹੀ ਸਟਾਈਲ ਸੀ। ਉਹ ਓੜ੍ਹਨੀ ਨਾਲ ਹੀ ਵਾਰ ਵਾਰ ਪਸੀਨਾ ਪੂੰਝਦੀ ਬੜੀ ਪਿਆਰੀ ਲੱਗਦੀ। ਭਾਵੇਂ ਰੰਗ ਗੰਦਮੀ ਸੀ ਉਸ ਦਾ, ਪਰ ਗੂੜ੍ਹੇ ਰੰਗ ਦੀਆਂ ਰੰਗ ਬਿਰੰਗੀਆਂ ਚੌਲੀਆਂ ਘੱਗਰੇ ਉਸ ‘ਤੇ ਬਹੁਤ ਹੀ ਫੱਬਦੇ। ਰੰਗ ਬਿਰੰਗੇ ਧਾਗੇ ਪਰੋ ਕੇ ਨਿੱਕੀਆਂ ਨਿੱਕੀਆਂ ਮੀਡੀਆਂ ਨਾਲ ਚੋਟੀ ਗੁੰਦੀ ਹੁੰਦੀ। ਗਲੇ ਵਿਚ ਸੁਹਾਗ ਦੌਹੜਾ ਪਾਇਆ ਹੁੰਦਾ ਜੋ ਚਾਹ ਪਾਣੀ-ਪੀਣ ਨਾਲ ਸ਼ੀਸ਼ੇ ਵਰਗੀ ਸੁਰਾਹੀਦਾਰ ਗਰਦਨ ਦੁਆਲੇ ਥਿਰਕਦਾ।
ਜਦੋਂ ਪਾਣੀ ਪੀਂਦੀ ਤਾਂ ਪਾਣੀ ਗਲੇ ‘ਚੋਂ ਉਤਰਦਾ ਮਹਿਸੂਸ ਹੁੰਦਾ। ਹੱਥ ਵਿਚ ਚੂੜਾ, ਨੱਕ ਵਿਚ ਨੱਥ, ਚਾਂਦੀ ਦੇ ਅਗੋਨੇ, ਗਲ ਵਿਚ ਖੰਗੋਲਾ, ਪੈਰਾਂ ਵਿਚ ਕੜੀਆਂ ਨੇਬਰੀਆਂ, ਲਗੜ ਸਾਥੀਆਂ ਉਂਗਲਾਂ ‘ਚ ਬਿਛੀਆ ਅਤੇ ਅੰਗੂਠੇ ‘ਚ ਗੁਛਲਾ, ਕਮਰ ‘ਤੇ ਕਰਧਨੀ ਜਾਂ ਕੰਧੋਰਾ, ਹੱਥਾਂ ਵਿਚ ਬਾਜੂਬੰਦ, ਡੋਡੀਆ, ਹੱਥ ਪਾਨ ਅਤੇ ਅੰਗੂਠੀਆਂ ਪਹਿਨਦੀ। ਕਦੀ ਕਦੀ ਰੌਣਕੀ ਦੇ ਨਾਲ ਉਸ ਦੀ ਬੁੱਢੀ ਸੱਸ ਵੀ ਆਉਂਦੀ। ਉਸ ਨੇ ਅਕਸਰ ਕਾਂਚਲੀ ਪਾਈ ਹੁੰਦੀ।
ਸਾਡੇ ਮੁਹੱਲੇ ਦੀ ਗਲੀ ਖਤਮ ਹੁੰਦਿਆਂ ਹੀ ਬਾਹਰ ਖੁੱਲ੍ਹੇ ਮੈਦਾਨ ਦੇ ਆਲੇ ਦੁਆਲੇ ਬਾਣੀਆਂ ਦੇ ਘਰ ਸਨ। ਵਣਜਾਰੇ ਮਰਦ ਉਸ ਮੈਦਾਨ ‘ਚ ਬੈਠ ਕੇ ਤੱਸਲੇ ਬਾਲਟੀਆਂ ਠੀਕ ਕਰਦੇ। ਇਨ੍ਹਾਂ ਦੇ ਮਰਦ ਲੋਕ ਸਿਰ ‘ਤੇ ਪੱਗੜੀ ਬੰਨਦੇ, ਕਮੀਜ਼ ਜਾਂ ਝੱਬਾ ਅਤੇ ਧੋਤੀ ਪਹਿਨਦੇ। ਹੱਥ ਵਿਚ ਨਾਰਮੁਖੀ ਕੜਾ ਅਤੇ ਕੰਨਾਂ ਵਿਚ ਮੁਰਕੀਆਂ ਜਾਂ ਝੇਲਾ ਪਹਿਨਦੇ। ਹੱਥਾਂ ਵਿਚ ਲਾਠੀ ਰੱਖਦੇ।
ਸਾਡਾ ਸਾਂਝਾ ਪਰਿਵਾਰ ਸੀ। ਮੇਰੇ ਦੋ ਤਾਏ ਸਾਡੇ ਨਾਲ ਹੀ ਰਹਿੰਦੇ ਸਨ। ਇਸ ਪੁਰਾਣੇ ਘਰ ਵਿਚ ਤਿੰਨ ਕਮਰੇ, ਤਿੰਨ ਰਸੋਈਆਂ ਅਤੇ ਵੱਡਾ ਸਾਰਾ ਵਿਹੜਾ ਸੀ। ਜਦੋਂ ਵੀ ਰੌਣਕੀ ਨੇ ਆਉਣਾ ਵਿਹੜੇ ਵਿਚ ਬੈਠ ਜਾਣਾ। ਉਹ ਅਕਸਰ ਚਾਹ-ਪਾਣੀ ਸਾਡੇ ਝਾਈ ਜੀ ਦੇ ਹੱਥੋਂ ਹੀ ਪੀਂਦੀ। ਮੇਰੇ ਵਾਲ ਲੰਬੇ ਭਾਰੇ ਸਨ, ਉਹ ਅਕਸਰ ਆਪਣੇ ਵਾਂਗ ਧਾਗਾ ਪਰੋ ਕੇ ਮੀਡੀਆ ਗੁੰਦ ਦਿੰਦੀ। ਹਾਸੇ ਮਜ਼ਾਕ ਨਾਲ ਥੋੜੇ ਬਹੁਤ ਕੰਨ, ਗਲੇ ਅਤੇ ਹੱਥਾਂ ‘ਚ ਆਪਣੇ ਗਹਿਣੇ ਵੀ ਮੈਨੂੰ ਪੁਆ ਦਿੰਦੀ। ਫਿਰ ਉਹ ਮੇਰਾ ਮੂੰਹ ਚੁੰਮ ਕੇ ਬੋਲਦੀ, “ਅਰੇ ਬੇਬੀ! ਤੁਮ ਤੋਂ ਅੰਗਰੇਜ਼ ਜਿਪਸੀ ਲਗਤੀ ਹੋæææਹਾ ਹਾ ਹਾ ਯੂਰਪੀ ਬਨਜਾਰਨ!”
“ਅਰੇ ਮਾਸੀ ਯੂਰਪੀ ਬਨਜਾਰੇ ਭੀ ਹੋਤੇ ਹੈ!” ਮੈਂ ਪੁੱਛਿਆ।
“ਹਾਂ ਹਾਂ ਬਿਟੀਆ! ਬਹੁਤ ਸਮਾਂ ਪਹਿਲੇ ਹਮਾਰੇ ਹੀ ਰਾਜਸਥਾਨ ਕੇ ਬਨਜਾਰੇ ਯੂਰਪ ਮੇਂ ਬਸ ਗਏ। ਹਮਾਰੀ ਤਰਹ ਹੀ ਘੂਮਤੇ ਹੈ, ਕੋਈ ਘਰ ਬਾਹਰ ਨਹੀਂ, ਵੋ ਭੀ ਟੈਂਟੋ ਮੇਂ ਰਹਿਤੇ ਹੈਂ। ਪਰ ਅਬæææਵੋ ਹਮਾਰੀ ਤਰਹ ਘੋੜਾ ਗਾੜੀ, ਊਠ, ਬੈਲੋਂ ਸੇ ਸਮਾਨ ਏਕ ਜਗਹ ਸੇ ਦੂਸਰੀ ਜਗਹ ਪੇ ਨਹੀਂ ਲੇਜਾਤੇ। ਵੋ ਤੋ ਅਬ ਬੜੀ ਬੜੀ ਮੋਟਰ ਗਾੜੀਓਂ ਮੇਂ ਘੂਮਤੇ ਹੈਂ, ਲੇਕਿਨ ਖਾਨ ਪਾਨ ਹਮਾਰੇ ਜੈਸਾ ਹੀ ਹੈ।”
“ਰੌਣਕੀ ਮਾਸੀ ਆਪ ਲੋਕ ਕਿਆ ਖਾਤੇ ਹੈਂ! ਆਪ ਕਾ ਬਦਨ ਇਤਨਾ ਚਮਕਤਾ ਕਿਉਂ ਹੈ?”
ਮੇਰੇ ਇਸ ਸਵਾਲ ‘ਤੇ ਹੱਸਣ ਲੱਗੀ, “ਅਰੇ ਬਿਟੀਆ ਚਮਕਤੀ ਤੋ ਤੂੰ ਭੀ ਹੈ। ਹਮ ਤੋਂ ਬੱਕਰੀ ਕਾ ਦੂਧ, ਮੀਟ, ਮੱਛੀ, ਅੰਡਾ, ਚਾਵਲ, ਜਵਾਰ-ਬਾਜਰੇ ਕੀ ਰੋਟੀ ਖਾਤੇ ਹੈਂ, ਖੁੱਲ੍ਹੀ ਹਵਾ ਮੈਂ ਸਾਂਸ ਲੇਤੇ ਹੈ, ਚਿੰਤਾ ਨਹੀਂ ਕਰਤੇ, ਸਿਰਫ ਅਬ ਕੀ ਸੋਚਤੇ ਹੈ।æææਕਹਿਤੇ ਹੈਂ ਕਿ ਇੰਗਲੈਂਡ ਕਾ ਏਕ ਬਾਦਸ਼ਾਹ ਜਿਪਸੀ ਲੋਗੋਂ ਔਰ ਉਨ ਕੇ ਜੀਵਨ ਕੋ ਇਤਨਾ ਅੱਛਾ ਮਾਨਨੇ ਲਗਾ ਕਿ ਵੋ ਰਾਜ ਪਾਟ ਛੋੜ ਕਰ ਜਿਪਸੀ ਲੋਗੋਂ ਕੇ ਸਾਥ ਰਹਿਨੇ ਲਗਾ।”
ਰੌਣਕੀ ਜਦੋਂ ਵੀ ਆਉਂਦੀ, ਸਾਰਾ ਦਿਨ ਸਾਡੇ ਕੋਲ ਹੀ ਬਿਤਾਉਂਦੀ। ਇਸ ਵਾਰ ਜਦੋਂ ਆਈ ਤਾਂ ਦੀਵਾਲੀ ਦਾ ਤਿਓਹਾਰ ਹੋਣ ਕਾਰਨ ਅਸੀਂ ਬੱਚੇ ਰੰਗੋਲੀ ਬਣਾ ਰਹੇ ਸਾਂ। ਰੌਣਕੀ ਸਾਡੇ ਨਾਲ ਹੀ ਬੈਠ ਕੇ ਰੰਗੋਲੀ ਬਣਾਉਣ ਲੱਗੀ। ਮੁਹੱਲੇ ਦੀਆਂ ਤੀਵੀਆਂ, ਕੁੜੀਆਂ-ਚਿੜੀਆਂ ਸਾਡੇ ਵਿਹੜੇ ਹੀ ਇਕੱਠੀਆਂ ਹੋ ਗਈਆਂ। ਉਸ ਨਾਲ ਉਸ ਦੀ ਬੇਟੀ ਸੰਧੂਰੀ ਅਤੇ ਦੋ ਤੀਵੀਆਂ ਹੋਰ ਵੀ ਸਨ। ਕਿਸੇ ਨੇ ਉਨ੍ਹਾਂ ਕੋਲੋਂ ਮਹਿੰਦੀ ਲਵਾਈ, ਕਿਸ ਨੇ ਟੈਟੂ ਗੁੰਦਵਾਇਆ ਅਤੇ ਕਿਸ ਨੇ ਪ੍ਰੇਮੀ ਜਾਂ ਪਤੀ ਦਾ ਨਾਮ ਖੁਣਵਾਇਆ। ਇਸ ਵਾਰ ਉਸ ਦਾ ਮਰਦ ਆਪਣੇ ਹੱਥ ਦੇ ਬੁਣੇ ਕੰਬਲ ਅਤੇ ਦਰੀਆ ਹੱਥੋ ਹੱਥ ਵੇਚ ਗਿਆ।
ਦਾਦੀ ਨੇ ਰੌਣਕੀ ਨੂੰ ਪੁੱਛਿਆ, “ਹਨੀ ਵੱਤ ਰੌਣਕੀ! ਤੁਸੀਂ ਵੀ ਰਾਤੀਂ ਦੀਵਾਲੀ ਮਨਾਸੋ?”
“ਹਾਂ ਬੇਜੀ! ਹਮ ਤੋ ਰਾਤ ਕੋ ਬੈਲ, ਪੇੜ ਔਰ ਦੇਵੀਉਂ ਕੀ ਪੂਜਾ ਕਰਤੇ ਹੈਂ। ਔਰ ਪਰੋਹਿਤ ਜਿਸ ਕੋ ਹਮ ਭਗਤ ਬੋਲਤੇ ਹੈਂ, ਵੋ ਹਮੇਂ ਮੰਤਰ ਸੁਨਾਤੇ ਹੈਂ। ਫਿਰ ਇੱਕਠੇ ਹੋ ਕਰ ਖਾਤੇ-ਪੀਤੇ ਔਰ ਸਾਰੀ ਰਾਤ ਨਾਚਤੇਂ ਹੈਂ।
“ਹੱਲਾ! ਵੱਤ ਤਾਂ ਬਹੁਤ ਖਰਾ ਕਰਦੇ ਹੋ। ਹੱਲਾ! ਵੱਤ ਇਹ ਤੇਰੀ ਕੁੜੀ ਏ?”
“ਹਾਂ ਬੇਜੀ ਯੇ ਸੰਧੂਰੀ ਹੈ! ਬੇਬੀ ਜੈਸੀ ਲਗਤੀ ਹੈ।”
ਸੰਧੂਰੀ ਨਾਮ ਵਾਂਗ ਰੰਗ ਦੀ ਲਾਲ ਗੁਲਾਲ ਸੀ। ਸ਼ਰਮਾਉਂਦੀ ਤਾਂ ਲੱਗਦਾ ਜਿਵੇਂ ਸਾਰੀ ਸ਼ਰਮ ਉਸ ਦੇ ਚਿਹਰੇ ਤੇ ਅੱਖਾਂ ‘ਚ ਹੀ ਸਿਮਟ ਜਾਂਦੀ ਹੋਵੇ। ਮਾਨੋ ਲਾਜਵੰਤੀ ਦਾ ਫੁੱਲ ਹੋਵੇ, ਕੱਚ ਵਰਗਾ ਸਰੀਰ, ਇੰਨਾ ਪਤਲਾ ਲੱਕ ਕਿ ਦੋ ਹੱਥਾਂ ਦੇ ਕਲਾਵੇ ‘ਚ ਆ ਜਾਵੇ। ਨਿਰੀ ਪੁਰੀ ਜਿਵੇਂ ਅੱਧ ਖਿੜ੍ਹੀ ਕਲੀ।
“ਬੇਜੀ! ਸੰਧੂਰੀ ਬੜੀਆ ਨਾਚ ਲੇਤੀ ਹੈ।” ਰੌਣਕੀ ਬੋਲੀ।
“ਹੱਲਾ! ਸੱਚ ਕਹਿੰਦੀ ਹੋਸੇ। ਪਾਕਿਸਤਾਨ ਸਾਡੇ ਗਰਾਂਹ ਵੀ ਤੁਹਾਡੇ ਲੋਕ ਮਦਾਰੀ ਬਾਜ਼ੀਗਰ ਆਉਂਦੇ ਆਏ। ਕਦੀ ਉਹ ਬੀਜ਼ੋ ਬਾਂਦਰੀ ਦਾ ਤਮਾਸ਼ਾ ਦਿਖਾਉਂਦੇ ਆਏ। ਬਾਂਦਰੀ ਰੁੱਸ ਜਾਂਦੀ ਆਈ। ਫੇਰ ਬਾਂਦਰ ਉਸ ਨੂੰ ਮਨਾ ਕੇ ਘਰ ਲਿਆਉਂਦਾ ਆਇਆ। ਕਦੀ ਕੁੜੀ ਬਾਂਸ ਪਕੜ ਕੇ ਰੱਸੀ ‘ਤੇ ਚਲਦੀ ਆਈ, ਕਦੀ ਢੇਰ ਸਾਰੀਆਂ ਵਲਟੋਹੀਆਂ (ਗਾਗਰਾਂ) ਸਿਰ ‘ਤੇ ਰੱਖ ਕੇ ਨੱਚਦੀਆਂ ਆਈਆਂ। ਘੱਘਰਾ ਇੰਨਾ ਤੇਜ਼ ਘੁੰਮਾਉਂਦੀਆਂ ਆਈਆਂ ਪਰ ਮਜ਼ਾਲ ਕੇਅ ਹਿੱਕ ਵਾਰ ਵੀ ਵਲਟੋਹੀ ਗਿਰ ਜਾਵੇ!”
ਰੌਣਕੀ ਨੂੰ ਕਈਂ ਵਾਰ ਦਾਦੀ ਮਾਂ ਦੀ ਗੱਲ ਸਮਝ ਨਾ ਆਉਂਦੀ। ਉਹ ਮਤਲਬ ਮੇਰੇ ਤੋਂ ਪੁੱਛ ਲੈਂਦੀ।
ਦਾਦੀ ਦੀ ਸਾਰੀ ਗੱਲ ਸੁਣ ਕੇ ਰੌਣਕੀ ਬੋਲੀ, “ਬੇਜੀ ਹਾਂ ਸੰਧੂਰੀ ਵੋਹੀ ਨਾਚ ਕਰਤੀ ਹੈ। ਇਸ ਕਾ ਨਾਨਾ ਗੁਜਰਾਤ ਮੇਂ ਹੈ, ਪਿਛਲੇ ਸਾਲ ਵਹਾਂ ਪਰ ਗਈ ਤੋ ਫਿਲਮ ਵਾਲੇ ਨੇ ਇਸ ਕੇ ਨਾਚ ਕੀ ਸ਼ੂਟਿੰਗ ਭੀ ਕੀ। ਹੈਦਰਾਬਾਦ ਮੇਂ ਹਮਾਰੀ ਬਨਜਾਰਾ ਬਸਤੀ ਮੇਂ ਬਨਜਾਰਾ ਫਿਲਮ ਕੀ ਸ਼ੂਟਿਗ ਹੂਈ ਥੀ, ਵੋ ਬਹੁਤ ਚਲੀ ਥੀ। ਉਸ ਕੇ ਬਾਅਦ ਸੇਠੋਂ ਨੇ ਹਮਾਰੀ ਬਸਤੀਓਂ ਕੋ ਉਜਾੜ ਕਰ ਬੜੇ ਬੜੇ ਮਹਿਲ ਖੜੇ ਕਰ ਲੀਏ ਔਰ ਉਸ ਜਗਹ ਕੋ ਬਨਜਾਰਾ ਹਿਲਸ ਕਾ ਨਾਮ ਦੇ ਦੀਆ।” ਉਹ ਸਾਹ ਲੈਣ ਲਈ ਰੁਕੀ।
“ਵੱਤ ਤੇਰਾ ਗੁਜਰਾਤ ਤਾਂ ਖਰਾ ਮੁਲਕ ਹੋਸੀ!” ਦਾਦੀ ਨੇ ਪੁੱਛਿਆ।
“ਹਾਂ ਹਾਂ ਬੇਜੀ, ਬਹੁਤ ਬੜੀਆ! ਮੇਰੇ ਬਾਪ ਦਾਦਾ ਤੋ ਪਹਿਲੇ ਨਮਕ ਬਨਾਤੇ ਥੇ, ਔਰ ਘੂਮਤੇ ਫਿਰਤੇ ਰਹਿਨੇ ਕੇ ਕਾਰਣ ਹਮਾਰੇ ਲੋਗੋ ਨੇ ਦੇਸ਼ ਕੀ ਆਜ਼ਾਦੀ ਕੇ ਲੀਏ ਸੰਦੇਸ਼ ਵਾਹਕ ਔਰ ਸੂਹੀਆ ਕੇ ਰੂਪ ਮੇਂ ਕਾਮ ਕੀਆ। ਅੰਗਰੇਜ਼ ਲੋਗੋਂ ਨੇ ਹਮੇਂ ਕਮਜ਼ੋਰ ਕਰਨੇ ਕੇ ਲੀਏ ਲੂਣ ਬਨਾਨੇ ਪਰ ਟੈਕਸ ਲਗਾ ਦੀਆ। ਗਾਂਧੀ ਕੇ ਡਾਂਡੀ ਮਾਰਚ ਮੇਂ ਹਮਰੇ ਲੋਕ ਹੀ ਤੋ ਜ਼ਿਆਦਾ ਥੇ, ਪਰ ਅੰਗਰੇਜ਼ੋਂ ਕੀ ਨੀਤੀ ਸੇ, ਨਮਕ ਕਾ ਧੰਦਾ ਜੈਸੇ ਛੂਟ ਸਾ ਹੀ ਗਿਆ। ਹਮਾਰੇ ਲੋਗੋਂ ਕੋ ਖਾਨੇ ਕੇ ਲਾਲੇ ਪੜ ਗਏ, ਉਹਨੋਂ ਨੇ ਅਬ ਤੋ ਨਮਕ ਬਨਾਨੇ ਕਾ ਧੰਦਾ ਹੀ ਛੋੜ ਦਿਆ। ਤਭੀ ਔਰ ਕਾਮੋਂ ਕੀ ਤਲਾਸ਼ ਮੇਂ ਸਾਰੇ ਦੇਸ਼ ਮੇਂ ਇਧਰ ਉਧਰ ਬਿਖ਼ਰ ਗਏ। ਹਮਾਰੇ ਮਰਦ ਕਹਿਤੇ ਹੈਂ ਕਿ ਸਰਕਾਰ ਨੇ ਹਮ ਲੋਗੋ ਕਾ ਕਭੀ ਆਜ਼ਾਦੀ ਕੀ ਲੜਾਈ ਮੇਂ ਨਾਮ ਹੀ ਨਹੀਂ ਲਿਆ! ਹਮੇਂ ਪੱਛੜੀ ਜਾਤੀਓ ਮੇਂ ਤੋ ਮਾਨਤੇ ਹੈਂ ਪਰ ਕਭੀ ਕੋਈ ਹੱਕ ਨਹੀਂ ਦੀਆ।” ਉਹ ਅੱਜ ਕਿਸੇ ਦਾਰਸ਼ਨਿਕ ਵਾਂਗ ਗੱਲਾਂ ਕਰ ਰਹੀ ਸੀ।
ਇੰਨੇ ‘ਚ ਤਾਈ ਜੀ ਸਾਰਿਆਂ ਲਈ ਗਰਮ ਗਰਮ ਚਾਹ ਅਤੇ ਸਮੋਸੇ ਲੈ ਆਏ। ਚਾਹ ਪੀਂਦਿਆ ਬੇਜੀ ਬੋਲੇ, “ਸੰਧੂਰੀ ਜ਼ਰਾ ਨਾਚ ਤਾਂ ਦਿਖਾ।”
ਸੰਧੂਰੀ ਨੇ ਨੱਚ ਨੱਚ ਧਮਾਲ ਮਚਾ ਦਿੱਤਾ। ਸਾਰੀਆਂ ਕੁੜੀਆਂ ਉਸ ਨਾਲ ਨੱਚ ਪਈਆਂ। ਹੋਰ ਤਾਂ ਹੋਰ ਬੇਜੀ ਨੇ Ḕਮੇਰਾ ਮਨ ਡੋਲੇ ਮੇਰਾ ਤਨ ਡੋਲੇḔ ਗਾਣਾ ਗਾਇਆ ਅਤੇ ਨੱਚੇ ਵੀ। ਕੁਝ ਦੇਰ ਬਾਅਦ ਹਨੇਰਾ ਹੋਣ ਕਾਰਣ ਰੌਣਕੀ, ਸੰਧੂਰੀ ਅਤੇ ਉਨ੍ਹਾਂ ਦੇ ਸਾਥੀ ਚਲੇ ਗਏ। ਸ਼ਾਇਦ ਇੰਨੀ ਮਜ਼ੇਦਾਰ ਦੀਵਾਲੀ ਮੁੜ ਕੇ ਨਾ ਆਈ।
ਦੋ ਤਿੰਨ ਦਿਨ ਬਾਅਦ ਰੌਣਕੀ ਸਭ ਦੇ ਤੱਸਲੇ ਬਾਲਟੀਆਂ ਵਾਪਿਸ ਕਰਨ ਆਈ ਥੋੜੀ ਉਦਾਸ ਜਿਹੀ ਲੱਗੀ। ਵਿਹੜੇ ‘ਚ ਮੰਜੇ ‘ਤੇ ਉਹ ਬੇਜੀ ਕੋਲ ਬੈਠ ਗਈ। ਝਾਈ ਜੀ ਨੇ ਉਸ ਨੂੰ ਪੈਸੇ ਅਤੇ ਚਾਹ ਦਿੰਦਿਆ ਉਦਾਸੀ ਦਾ ਕਾਰਣ ਪੁੱਛਿਆ, “ਰੌਣਕੀ ਕੀ ਗੱਲ ਵੇ, ਤੂੰ ਉਦਾਸ ਏਂ!”
“ਭਾਬੀ! ਕਿਆ ਬਤਾਊਂ ਸੰਧੂਰੀ ਸੇ ਮੇਰਾ ਬੇਟਾ ਗੁਲਾਬ, ਦਿੱਲੀ ਜੇਲ੍ਹ ਮੇਂ ਹੈ। ਹਮਾਰੇ ਲਾਡ ਪਿਆਰ ਨੇ ਉਸੇ ਮਸਤਾ ਦੀਆ ਥਾ, ਹਮ ਘੂਮਤੇ ਫਿਰਤੇ ਦਿੱਲੀ ਮੇਂ ਆਏ, ਕਾਮ ਬਹੁਤ ਥਾ। ਸਾਰੀ ਦਿੱਲੀ ਮੇਂ ਜਗਹ ਜਗਹ ਪੜਾਅ ਕਰਤੇ, ਕਾਮ ਕਰਤੇ ਹਮੇਂ ਛੇ ਮਹੀਨੇ ਗੁਜਰ ਗਏ। ਉਨ ਛੇ ਮਹੀਨੋਂ ਮੇਂ ਮੇਰਾ ਗੁਲਾਬ ਗਲਤ ਲੜਕੋਂ ਕੇ ਸਾਥ ਘੂਮਨੇ ਲੱਗਾ ਜੋ ਗਾਂਜਾ ਚਰਸ ਨਸ਼ਾ ਕਰਤੇ ਔਰ ਬੇਚਤੇ। ਰਾਤੇਂ ਵੇਸ਼ਵਾ ਕੇ ਕੋਠੇ ਔਰ ਹਿਜੜੋਂ ਕੇ ਪਾਸ ਬਿਤਾਤੇ।
ਏਕ ਦਿਨ ਪੁਲਿਸ ਨੇ ਗਾਂਜਾ ਚਰਸ ਕੀ ਸਪਲਾਈ ਮੇਂ ਔਰ ਲੜਕੋਂ ਕੇ ਸਾਥ ਇਸ ਕੋ ਭੀ ਗ੍ਰਿਫਤਾਰ ਕਰ ਲੀਆ। ਵੋ ਲੜਕੇ ਤੋ ਸੇਠੋਂ ਕੇ ਥੇ, ਪੈਸੇ ਦੇ ਕਰ ਛੂਟ ਗਏ ਔਰ ਸਾਰਾ ਕੇਸ ਇਸ ਪੇ ਡਾਲ ਦੀਆ, ਗੁਲਾਬ ਕੋ ਦੋ ਸਾਲ ਕੀ ਕੈਦ ਹੋ ਗਈ। ਅਬ ਹਮ ਉਸ ਕੋ ਮਿਲਨੇ ਜਾ ਰਹੇਂ ਹੈ।” ਦਾਦੀ ਦੇ ਪੈਰਾਂ ਛੂੰਹਦੀ ਰੌਣਕੀ ਰੋਂਦੀ ਚਲੀ ਗਈ। ਉਸ ਦਿਨ ਸਾਡਾ ਸਭ ਦਾ ਦਿਲ ਉਦਾਸ ਰਿਹਾ।
ਕੁਝ ਚਿਰ ਬਾਅਦ ਅਸੀਂ ਅਤੇ ਵੱਡੇ ਤਾਇਆ ਜੀ ਨੇ ਦੋ ਨਵੇਂ ਘਰ ਲੈ ਲਏ ਕਿਉਂਕਿ ਬੱਚਿਆਂ ਦੀ ਉਚੇਰੀ ਪੜ੍ਹਾਈ ਸ਼ੁਰੂ ਹੋ ਗਈ ਸੀ। ਵੀਰ ਨੂੰ ਮੈਡੀਕਲ ‘ਚ ਐਡਮਿਸ਼ਨ ਮਿਲ ਗਈ। ਇਸ ਲਈ ਇੱਕੋ ਕਮਰੇ ਵਿਚ ਰਹਿਣਾ ਔਖਾ ਲਗਦਾ। ਗਭਲੇ ਤਾਇਆ ਜੀ ਉਸ ਮਕਾਨ ਵਿਚ ਰਹਿ ਰਹੇ ਸਨ।
ਨਵੇਂ ਘਰ ਰਹਿੰਦਿਆਂ ਸਾਨੂੰ ਦੋ ਸਾਲ ਹੋ ਗਏ। ਇੱਕ ਵਾਰ ਅੱਧੀ ਰਾਤ ਮੇਨ ਗੇਟ ਦੀ ਕਾਲ ਬੈਲ ਵੱਜੀ। ਝਾਈ ਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਵੱਡੇ ਤਾਇਆ ਜੀ ਨਾਲ ਰੌਣਕੀ ਅਤੇ ਸੰਧੂਰੀ ਖੜ੍ਹੀਆਂ ਸਨ।
ਝਾਈ ਜੀ ਅਬੜਵਾਹੇ ਬੋਲੇ, “ਰੌਣਕੀ ਇਸ ਵਕਤ! ਸੁੱਖ ਤਾਂ ਹੈ?”
ਤਾਇਆ ਜੀ ਉਨ੍ਹਾਂ ਨੂੰ ਨਾਲ ਲੈ ਕੇ ਅੰਦਰ ਆ ਗਏ।
“ਭਾਬੀ ਹਮਾਰੀ ਸੰਧੂਰੀ!” ਗੱਲ ਅੱਧਵਾਟੇ ਛੱਡ ਉਹ ਫੁੱਟ ਫੁੱਟ ਰੋਣ ਲੱਗੀ।
ਸੰਧੂਰੀ ਨੇ ਸੱਜੀ ਛਾਤੀ ‘ਤੇ ਹੱਥ ਰੱਖਿਆ ਹੋਇਆ ਸੀ। ਉਹ ਦਰਦ ਨਾਲ ਦੂਹਰੀ ਹੋ ਰਹੀ ਸੀ। ਉਸ ਦਾ ਰੰਗ ਪੀਲਾ ਭੂਕ ਹੋਇਆ ਪਿਆ ਸੀ। ਦੋਵੇਂ ਦਾਦੀ ਦੇ ਬਿਸਤਰੇ ‘ਤੇ ਬੈਠ ਗਈਆਂ।
ਬੇਜੀ ਵੀ ਗੱਲਾਂ ਦੀ ਆਵਾਜ਼ ਸੁਣ ਜਾਗ ਪਏ। ਉਹ ਬੋਲੇ, “ਕੁੜੀ ਨੂੰ ਕੇਅ ਹੋਇਆਸ ਰੌਣਕੀ!”
ਝਾਈ ਜੀ ਤੋਂ ਪਾਣੀ ਦਾ ਗਿਲਾਸ ਲੈ ਪੀਂਦੀ ਬੋਲੀ, “ਬੇਜੀ! ਕਿਆ ਬਤਾਊਂ, ਸੰਧੂਰੀ ਕੀ ਛਾਤੀ ਪੇ ਬੜਾ ਸਾ ਫੋੜਾ ਹੂਆ ਹੈ। ਪਹਿਲੇ ਤੋਂ ਮੇਰੀ ਸਾਸ ਨੇ ਪਿਆਜ਼ ਕਾ ਛਿਲਕਾ ਬਾਂਧਾ ਔਰ ਆਧੀ ਕੱਚੀ ਰੋਟੀ ਪੇ ਤੇਲ ਔਰ ਹਲਦੀ ਲਗਾ ਕੇ ਬਾਂਧੀ, ਕੁਛ ਫਰਕ ਨਹੀਂ ਪੜਾ ਤੋ ਭਗਤ (ਪਰੋਹਿਤ) ਸੇ ਹਥੌਲਾ ਕਰਵਾਇਆ, ਉਸ ਨੇ ਰਾਖ ਬਾਂਧਨੇ ਕੋ ਦੀ, ਪਰ ਅਬ ਫੋੜਾ ਬਹੁਤ ਹੀ ਬੜ੍ਹ ਗਿਆ ਹੈ। ਸ਼ਾਮ ਸੇ ਯੇ ਮਾਰੇ ਦਰਦ ਕੇ ਤੜਫ ਰਹੀ ਹੈ। ਬਾਪ ਇਸ ਕਾ ਤਾੜੀ ਪੀ ਕਰ ਆ ਗਿਆ, ਹੋਸ਼ ਮੇਂ ਨਹੀਂ ਥਾ ਕਿ ਉਸ ਕੋ ਸਾਥ ਮੇਂ ਲੇਕਰ ਆਤੇ। ਮੇਰੀ ਸਾਸ ਨੇ ਬੋਲਾ ਕਿ ਤੁਮ ਬੇਬੀ ਕੇ ਘਰ ਜਾਓ, ਉਸ ਕੇ ਪਿਤਾ ਡਾਕਟਰ ਹੈਂ, ਵੋਹੀ ਦਵਾ ਦਾਰੂ ਕਰੇਂਗੇ। ਐਸੀ ਹਾਲਤ ਮੇਂ ਔਰ ਕਿਸ ਵੈਦ ਕੋ ਕਿਆ ਦਿਖਾਓਂਗੀ। ਬੱਚੀ ਕੀ ਸ਼ਰਮ ਕਾ ਮਾਮਲਾ ਹੈ! ਬੇਜੀ! ਡਾਕਟਰ ਸਾਹਿਬ ਸੇ ਬੋਲੋ, ਮੇਰੀ ਸੰਧੂਰੀ ਕੋ ਬਚਾ ਲੇਂ।” ਰੌਣਕੀ ਫਿਰ ਰੋਣ ਲੱਗ ਗਈ, “ਮੇਰਾ ਗੁਲਾਬ ਤੋ ਪਹਿਲੇ ਹੀ ਜੇਲ੍ਹ ਮੇਂ ਹੈ, ਬੱਚੋਂ ਕੋ ਕੁੱਛ ਹੂਆ ਤੋ ਮੈਂ ਜੀਤੇ ਜੀ ਮਰ ਜਾਊਂਗੀ।”
ਪਾਪਾ ਜੀ ਨੇ ਦੋਵਾਂ ਨੂੰ ਆਪਣੇ ਕਮਰੇ ‘ਚ ਬੁਲਾਇਆ, ਨਾਲ ਹੀ ਮੈਨੂੰ ਅਤੇ ਝਾਈ ਜੀ ਨੂੰ ਕੋਲ ਖੜ੍ਹਾ ਕਰ ਲਿਆ। ਸੰਧੂਰੀ ਦੀ ਨਬਜ਼ ਚੈਕ ਕੀਤੀ ਤਾਂ ਰੌਣਕੀ ਨੇ ਉਸ ਦੀ ਕਮੀਜ਼ ਚੁੱਕ ਕੇ ਦਿਖਾਇਆ, ਉਸ ਦੀ ਛਾਤੀ ਖਜੂਰ ਵਾਂਗ ਲਾਲ ਸੁਰਖ ਸੀ। ਅੰਬ ਵਰਗੀ ਸੋਹਣੀ ਛਾਤੀ ਨੂੰ ਜਿਵੇਂ ਬੱਝ ਲੱਗ ਗਿਆ ਸੀ। ਪਾਪਾ ਜੀ ਨੇ ਮੈਨੂੰ ਗਰਮ ਪਾਣੀ ਲਿਆਉਣ ਅਤੇ ਸਰਿੰਜ ਉਬਾਲਣ ਨੂੰ ਕਿਹਾ। ਉਦੋਂ ਡਿਸਪੋਜ਼ਏਬਲ ਸਰਿੰਜਾਂ ਨਹੀਂ ਸਨ ਹੁੰਦੀਆਂ। ਸੰਧੂਰੀ ਨੂੰ ਇੰਜੈਕਸ਼ਨ ਦੇਣ ਬਾਅਦ ਖਾਣ ਨੂੰ ਦਵਾਈ ਦਿੱਤੀ। ਦਸ ਮਿੰਟਾਂ ‘ਚ ਹੀ ਸੰਧੂਰੀ ਮੇਰੇ ਕਮਰੇ ‘ਚ ਆ ਕੇ ਮੇਰੇ ਬਿਸਤਰੇ ‘ਤੇ ਹੀ ਸੌਂ ਗਈ।
ਰਾਤ ਦੇ ਢਾਈ ਵਜੇ ਸਨ। ਤਾਇਆ ਜੀ ਆਪਣੇ ਘਰ ਪਰਤ ਗਏ ਅਤੇ ਪਾਪਾ ਜੀ ਆਪਣਾ ਤੌਲੀਆ-ਕਛਹਿਰਾ ਚੁੱਕ ਇਸ਼ਨਾਨ ਕਰਨ ਚਲੇ ਗਏ। ਸੁਵੱਖਤੇ ਉਠਣ ਅਤੇ ਪੰਜ ਬਾਣੀਆਂ ਦਾ ਪਾਠ ਕਰਨਾ ਪਾਪਾ ਜੀ ਦਾ ਨਿਤਨੇਮ ਸੀ। ਪਾਠ ਤੋਂ ਬਾਅਦ ਪਾਪਾ ਜੀ ਹਰ ਮਰੀਜ਼ ਦੇ ਠੀਕ ਹੋਣ ਲਈ ਅਰਦਾਸ ਕਰਦੇ।
ਇੰਜੈਕਸ਼ਨ ਦਾ ਅਸਰ ਖਤਮ ਹੋਣ ‘ਤੇ ਸੰਧੂਰੀ ਜਾਗ ਪਈ ਅਤੇ ਦਰਦ ਨਾਲ ਕਰਾਹੁਣ ਲੱਗੀ। ਝਾਈ ਜੀ ਨੇ ਮਾਂਵਾਂ ਧੀਆਂ ਨੂੰ ਚਾਹ ਪੀਣ ਅਤੇ ਕੁੱਝ ਖਾਣ ਲਈ ਦਿੱਤਾ। ਇੰਨੇ ‘ਚ ਪਾਪਾ ਜੀ ਨੇ ਝਾਈ ਜੀ ਨੂੰ ਬੁਲਾ ਕੇ ਕੋਈ ਗੱਲ ਦੱਸੀ। ਪਾਪਾ ਜੀ ਨੇ ਜਦੋਂ ਸੰਧੂਰੀ ਦੀ ਨਬਜ਼ ਚੈਕ ਕੀਤੀ ਤਾਂ ਉਨ੍ਹਾਂ ਨੂੰ ਸ਼ੰਕਾ ਹੋਈ। ਉਹ ਉਸ ਨੂੰ ਨਵਿਰਤ ਕਰਨਾ ਚਾਹੁੰਦੇ ਸਨ ਜਿਸ ਬਾਬਤ ਉਹ ਰੌਣਕੀ ਕੋਲ ਪੁੱਛਣ ਲਈ ਆਏ।
“ਰੌਣਕੀ! ਵੱਤ ਦਸ ਸੰਧੂਰੀ ਦੇ ਪੇਟ ‘ਚ ਬੱਚਾ ਵੇ?” ਰੌਣਕੀ ਨੇ ਹਾਂ ਵਿਚ ਸਿਰ ਹਿਲਾਇਆ, “ਹੋ, ਅਰੇ ਭਾਬੀ ਇਸ ਕੋ ਤੀਸਰਾ ਮਹੀਨਾ ਲਗਾ ਹੂਆ ਹੈ।”
“ਕੇਅ ਪਈ ਕਹਿਨੀ ਏਂ! ਕੁਆਰੀ ਕੁੜੀ ਪੇਟੋਂ? ਹਨੇਰ ਸਾਈਂ ਦਾ।” ਦਾਦੀ ਨੇ ਬੋਲਦਿਆਂ ਮੂੰਹ ‘ਤੇ ਹੱਥ ਰੱਖ ਲਿਆ।
“ਬੇਜੀ, ਹਮਾਰੇ ਮੇਂ ਜਬ ਲੜਕੀ ਔਰ ਲੜਕਾ ਪਸੰਦ ਕਰਤੇ ਹੈਂ ਤੋ ਤਬੀ ਸੇ ਉਸੀ ਕੇ ਸਾਥ ਸੋਨਾ ਸ਼ੁਰੂ ਕਰ ਦੇਤੇ ਹੈਂ। ਔਰ ਅਗਰ ਬੱਚਾ ਠਹਿਰ ਜਾਏ ਤੋ ਸ਼ਾਦੀ ਉਸ ਕੇ ਸਾਥ ਹੋ ਜਾਤੀ ਹੈ। ਅਗਰ ਬੱਚਾ ਨਹੀਂ ਠਹਿਰਤਾ ਤੋ ਵੋ ਸਬੰਧ ਟੂਟ ਜਾਤੇ ਹੈਂ ਔਰ ਦੂਸਰੀ ਨਯੀ ਜਗਹ ਲੜਕਾ ਔਰ ਲੜਕੀ ਅਪਨੇ ਸਬੰਧ ਬਨਾਤੇ ਹੈਂ।
ਹਮਾਰੇ ਭੀ ਕਈਂ ਜਾਤੀਆਂ ਹੈਂ। ਹਮਾਰੇ ਮੇਂ ਸਕੇ ਚਾਚੇ ਤਾਏ, ਮਾਸੀ ਭੂਆ ਕੇ ਬੱਚੇ ਆਪਸ ਮੇਂ ਸ਼ਾਦੀ ਕਰ ਲੇਤੇ ਹੈਂ। ਬੀਸ ਹਜ਼ਾਰ ਤੱਕ ਦਹੇਜ ਭੀ ਦੇਤੇ ਹੈਂ। ਹਮਾਰੇ ਮੇਂ ਕਈ ਲੱਖੀ ਵਣਜਾਰੇ ਕੇ ਖਾਨਦਾਨ ਸੇ ਹੈਂ, ਮੁਸਲਮਾਨ ਵਣਜਾਰੋਂ ਮੇਂ ਸੇ ਅਗਰ ਲੜਕੀ ਦੂਸਰੀ ਬਿਰਾਦਰੀ ਮੇਂ ਸ਼ਾਦੀ ਕਰਤੀ ਹੈ ਤੋ ਉਸੇ ਅਲਫ ਨੰਗਾ ਕਰਕੇ ਜ਼ਿਬਾਹ ਕਰਕੇ ਮਾਰਾ ਜਾਤਾ ਹੈ।”
“ਹੱਲਾ! ਮੁਸਲਮਾਨ ਪਖਤੂਨ ਕੌਮ ਹੁੰਦੀ ਏ। ਉਹ ਬੜਾ ਮਨ ‘ਚ ਖੋਰ ਰੱਖਦੀ ਏ।” ਬੇਬੇ ਬੋਲੀ।
ਇਧਰ ਪਾਪਾ ਜੀ ਨੇ ਸੰਧੂਰੀ ਦੀ ਛਾਤੀ ਦੇ ਫੋੜੇ ਨੂੰ ਚੀਰਾ ਦੇਣ ਦੀ ਤਿਆਰੀ ਕਰ ਲਈ। ਮੈਂ ਅਤੇ ਝਾਈ ਜੀ ਨੇ ਪਾਪਾ ਜੀ ਦੀ ਮਦਦ ਕੀਤੀ। ਚੀਰਾ ਦੇਣ ‘ਤੇ ਅੰਦਰੋਂ ਬਹੁਤ ਮਵਾਦ ਨਿਕਲਿਆ। ਪਾਪਾ ਜੀ ਨੇ ਸੰਧੂਰੀ ਨੂੰ ਖਾਣ ਨੂੰ ਦਵਾਈ ਅਤੇ ਦਰਦ ਦੂਰ ਕਰਨ ਲਈ ਇੰਜੈਕਸ਼ਨ ਦਿੱਤਾ, ਜਿਸ ਨਾਲ ਕੁੜੀ ਨੂੰ ਚੈਨ ਆ ਗਿਆ। ਸ਼ਾਮ ਤੱਕ ਸੰਧੂਰੀ ਕਾਫੀ ਠੀਕ ਹੋ ਗਈ ਤਾਂ ਮਾਂਵਾਂ-ਧੀਆਂ ਦਵਾਈ ਲੈ ਕੇ ਅਸੀਸਾਂ ਦਿੰਦੀਆਂ ਘਰ ਚਲੀਆਂ ਗਈਆਂ। ਪਰ ਹਰ ਦੋ ਦਿਨ ਬਾਅਦ ਉਨ੍ਹਾਂ ਨੂੰ ਡਰੈਸਿੰਗ ਕਰਵਾਉਣ ਲਈ ਆਉਣਾ ਪੈਂਦਾ। ਗੌਜਿੰਗ ਕਰਕੇ ਡਰੈਸਿੰਗ ਕਰਨੀ ਬੜੀ ਤਕਲੀਫਦੇਹ ਸੀ ਜਿਸ ਨਾਲ ਇੱਕ ਵਾਰ ਨਾਜ਼ੁਕ ਸੰਧੂਰੀ ਤੜਫ ਜਾਂਦੀ।
ਪੰਦਰਾਂ ਦਿਨਾਂ ‘ਚ ਜ਼ਖਮ ਭਰ ਗਿਆ। ਪਾਪਾ ਜੀ ਨੇ ਦਾਗ ਮਿਟਾਉਣ ਲਈ ਟਿਊਬ ਲਿਖ ਕੇ ਦਿੱਤੀ ਅਤੇ ਨਾਰੀਅਲ ਦੇ ਤੇਲ ਦੀ ਹਲਕੀ ਹਲਕੀ ਮਸਾਜ ਦੱਸੀ।
ਇਸ ਸਮੇਂ ਦਾਦੀ ਮਾਂ ਨੇ ਮੇਰੀ ਮੰਗਣੀ ਬਾਰੇ ਦੱਸਿਆ ਕਿ ਸਾਡਾ ਜਵਾਈ ਬੈਂਕ ‘ਚ ਨੌਕਰੀ ਕਰਦਾ ਹੈ ਤਾਂ ਰੌਣਕੀ ਅਤੇ ਸੰਧੂਰੀ ਸੁਣ ਬਹੁਤ ਖੁਸ਼ ਹੋਈਆਂ।
“ਰੌਣਕੀ! ਵੱਤ ਹੁਣ ਤੂੰ ਬੇਬੀ ਦੇ ਖਾਵੰਦ ਕੋਲ ਬੈਂਕ ‘ਚ ਪੈਸੇ ਰੱਖਾ ਦੇਵੇਂਸ।”
“ਨਾ ਬੇਜੀ! ਹਮ ਤੋ ਘੂਮਤੇ ਫਿਰਤੇ ਰਹਿਤੇ ਹੈਂ, ਏਕ ਜਗਹਾ ਪਰ ਹਮ ਨਹੀਂ ਬੈਠਤੇ। ਦਿਨ ਮੇਂ ਚਲਤੇ ਔਰ ਰਾਤ ਕੋ ਕਹੀਂ ਭੀ ਬਿਸਾਤ ਬਿਛਾਈ ਔਰ ਜੰਗਲ ਮੇਂ ਮੰਗਲ ਕਰ ਦੀਆ। ਜਬ ਦੀਆ ਜਲਤਾ ਹੈ ਹਮਾਰੇ ਪਾਂਵ ਮੇਂ ਘੂੰਘਰੂ ਔਰ ਲਬੋਂ ਪੇ ਗੀਤ ਥਿਰਕਨਾ ਸ਼ੁਰੂ ਹੋ ਜਾਤਾ ਹੈਂ। ਔਰ ਜਹਾਂ ਪਰ ਤੰਬੂ ਗਾੜਤੇ ਵਹੀਂ ਪਰ ਜ਼ਮੀਨ ਖੋਦ ਕਰ ਪੈਸੇ ਗਹਿਣੇ ਬਰਤਨ ਮੇਂ ਡਾਲ ਕਰ ਗਾੜ ਦੇਤੇ ਹੈਂ। ਜਬ ਫਿਰ ਖੇਮਾ ਉਖਾੜਤੇ ਹੈਂ, ਹਮ ਅਪਨਾ ਕੀਮਤੀ ਸਮਾਨ ਨਿਕਾਲ ਲੇਤੇ ਹੈਂ।
ਭਾਬੀ! ਹਮ ਬੇਬੀ ਕੀ ਸ਼ਾਦੀ ਮੇਂ ਨਹੀਂ ਆ ਸਕੇਂਗੇ ਕਿਉਂਕਿ ਰਾਜਸਥਾਨ ਮੇਂ ਜਾਕਰ ਸੰਦੂਰੀ ਕੀ ਸ਼ਾਦੀ ਕਰਨੀ ਹੈ। ਹਮਾਰੀ ਭੀ ਸ਼ਾਦੀਆਂ ਮੰਦਿਰ ਮੇਂ ਹੋਤੀ ਹੈਂ, ਹਮਾਰੇ ਖਾਨਦਾਨੀ ਭਗਤ ਸ਼ਾਦੀ ਕਰਤੇਂ ਹੈਂ।
ਸੰਧੂਰੀ ਕੀ ਸ਼ਾਦੀ ਕੇ ਬਾਅਦ ਹਮ ਗੁਜਰਾਤ ਚਲੇ ਜਾਏਂਗੇ। ਸ਼ਾਇਦ ਔਰ ਕੋਈ ਕਾਮ ਢੂੰਢਨਾ ਚਾਹਤੇ ਹੈਂ। ਅਬ ਇਸ ਕਮ ਮੇਂ ਮਿਹਨਤ ਜ਼ਿਆਦਾ ਔਰ ਪੈਸਾ ਕਮ ਹੈ। ਗੁਲਾਬ ਜੇਲ੍ਹ ਸੇ ਬਾਹਰ ਆ ਜਾਏਗਾ ਤੋ ਉਸ ਕੇ ਲੀਏ ਭੀ ਕਾਮ ਢੂੰਢਨਾ ਹੈ।”
ਮੇਰੀ ਸ਼ਾਦੀ ਹੋ ਗਈ, ਪਰ ਮੈਂ ਜਦੋਂ ਵੀ ਆਉਂਦੀ ਤਾਂ ਅਕਸਰ ਰੌਣਕੀ ਅਤੇ ਸੰਧੂਰੀ ਬਾਰੇ ਪੁੱਛਦੀ। ਝਾਈ ਜੀ ਨਾਂਹ ਵਿਚ ਸਿਰ ਹਿਲਾ ਦਿੰਦੇ।
ਅੱਠ ਨੌ ਸਾਲ ਬੀਤ ਗਏ। ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਸਾਂ। ਇਸ ਦੌਰਾਨ ਦਾਦੀ ਮਾਂ ਅਤੇ ਮੇਰੇ ਪਾਪਾ ਜੀ ਹਾਰਟ ਅਟੈਕ ਕਾਰਣ ਅਗੜ ਪਿਛੜ ਸਾਡਾ ਸਾਥ ਛੱਡ ਗਏ। ਦੋਵਾਂ ਦਾ ਜਾਣਾ ਸਾਡੇ ਪਰਿਵਾਰ ਲਈ ਇੱਕ ਵੱਡਾ ਸਦਮਾ ਸੀ।
ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਸਨ। ਮੈਂ ਬੱਚਿਆਂ ਨਾਲ ਕੁਝ ਦਿਨਾਂ ਲਈ ਪੇਕੀਂ ਆ ਗਈ ਕਿਉਂਕਿ ਪਾਪਾ ਜੀ ਦੇ ਵਿਛੋੜੇ ਕਾਰਣ ਝਾਈ ਜੀ ਬਹੁਤ ਉਦਾਸ ਰਹਿੰਦੇ ਸਨ। ਮੈਂ ਸੋਚਿਆ ਕਿ ਉਹ ਬੱਚਿਆਂ ਨਾਲ ਵਰਚ ਜਾਣਗੇ।
ਇੱਕ ਦਿਨ ਅਚਾਨਕ ਇੰਨੇ ਸਾਲਾਂ ਬਾਅਦ ਰੌਣਕੀ ਆਪਣੇ ਪਤੀ ਨਾਲ ਫਿਰ ਪ੍ਰਗਟ ਹੋ ਗਈ। ਦਾਦੀ ਮਾਂ ਅਤੇ ਪਾਪਾ ਜੀ ਦਾ ਸਦੀਵੀ ਜਾਣਾ ਸੁਣ ਉਹ ਝਾਈ ਜੀ ਦੇ ਗਲ ਲੱਗ ਬਹੁਤ ਰੋਈ, “ਅਰੇ ਮੈਂ ਤੋ ਡਾਕਟਰ ਸਾਹਿਬ ਕੋ ਮਿਲਨੇ ਆਈ ਥੀ, ਕੇਸਰ ਕੋ ਉਨ ਕੇ ਪਾਸ ਲਾਈ ਥੀ। ਪਿਛਲੇ ਛੇ ਮਹੀਨੇ ਸੇ ਯੇ ਕੁਛ ਖਾ ਪੀ ਨਹੀਂ ਰਹਾ। ਬਹੁਤ ਜਾਦੂ ਟੂਣੇ ਕੀਏ ਪਰ ਯੇ ਦਿਨ ਬਦਿਨ ਔਰ ਢੀਲ੍ਹਾ ਹੋ ਰਹਾ ਹੈ। ਯੇ ਅਪਨੇ ਆਪ ਹੀ ਕਹਿਨੇ ਲੱਗਾ ਕਿ ਮੁਝੇ ਬੇਬੀ ਕੇ ਪਾਸ ਲੇ ਚਲੋ।”
ਅਸਲ ਵਿਚ ਰੌਣਕੀ ਦੇ ਪਤੀ ਦੇ ਪੇਟ ਵਿਚ ਸਖਤ ਦਰਦ ਰਹਿਣ ਲੱਗਾ ਸੀ। ਸੰਧੂਰੀ ਦੇ ਠੀਕ ਹੋਣ ਕਾਰਣ ਉਸ ਨੂੰ ਪਾਪਾ ਜੀ ‘ਤੇ ਬਹੁਤ ਹੀ ਮਾਣ ਸੀ, ਇਸ ਲਈ ਉਹ ਆਪਣੇ ਪਤੀ ਨੂੰ ਪਾਪਾ ਜੀ ਨੂੰ ਦਿਖਾਉਣ ਲਈ ਆ ਗਈ। ਰੌਣਕੀ ਦਾ ਪਤੀ ਪੀਲਾ ਭੂਕ ਹੋਇਆ ਪਿਆ ਸੀ। ਮੋਢੇ ਝੁਕੇ ਹੋਏ ਅਤੇ ਬਹੁਤ ਕਮਜ਼ੋਰ ਸੀ। ਰੌਣਕੀ ਨੇ ਦੱਸਿਆ, “ਉਸਕੋ ਭੂਖ ਨਹੀਂ ਲੱਗਤੀ ਔਰ ਕਬਜ਼ੀ ਕਾਰਣ ਬਹੁਤ ਪਰੇਸ਼ਾਨ ਰਹਿਤਾ ਹੈ।”
ਛੋਟਾ ਵੀਰ ਡਾਕਟਰ ਬਣ ਚੁਕਾ ਸੀ। ਉਸ ਨੇ ਕੇਸਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਟੈਸਟਾਂ ਦਾ ਦੌਰ ਸ਼ੁਰੂ ਹੋਇਆ।
ਰੌਣਕੀ ਅਤੇ ਉਸ ਦੇ ਕੁਝ ਰਿਸ਼ਤੇਦਾਰ ਵੀ ਹਸਪਤਾਲ ਮਦਦ ਲਈ ਆ ਪਹੁੰਚੇ ਕਿਉਂਕਿ ਸ਼ੀਸ਼ ਮਹਿਲ ‘ਚ ਸਭਿਆਚਾਰਕ ਮੇਲਾ ਭਰਨ ਕਰਕੇ ਉਸ ਦੇ ਰਿਸ਼ਤੇਦਾਰਾਂ ਦੇ ਕੁਝ ਕਾਫਲੇ ਆਪਣੇ ਸਭਿਆਚਾਰ ਦੀ ਨੁਮਾਇਸ਼ ਦਿਖਾਉਣ ਲਈ ਪਹੁੰਚੇ ਹੋਏ ਸਨ ਜਿਵੇਂ ਦਸਤਕਾਰੀ, ਸ਼ਿਲਪਕਾਰੀ, ਨਾਚ ਗਾਣਾ, ਤਮਾਸ਼ਾ ਆਦਿ ਦਾ ਪ੍ਰਦਰਸ਼ਨ ਕਰ ਰਹੇ ਸਨ।
ਝਾਈ ਜੀ ਦੇ ਬੱਚਿਆਂ ਬਾਰੇ ਪੁੱਛਣ ‘ਤੇ ਰੌਣਕੀ ਨੇ ਦੱਸਿਆ, “ਸੰਧੂਰੀ ਅਬ ਬੰਬੇ ਮੇਂ ਹੈ ਵਹੀਂ ਵਹ ਨਾਚ ਗਾਣਾ ਕਰਤੀ ਹੈ, ਉਸ ਕੇ ਪਾਸ ਦੋ ਬੇਟੇ ਹੈਂ, ਔਰ ਅਬ ਗੁਲਾਬ ਜੇਲ੍ਹ ਸੇ ਬਾਹਰ ਆ ਗਿਆ ਹੈ, ਉਸ ਕੀ ਸ਼ਾਦੀ ਹੋ ਗਈ ਹੈ, ਉਸ ਕੀ ਬਿੰਦਣੀ ਉਮੀਦ ਸੇ ਥੀ, ਇਸ ਲੀਏ ਵੋ ਹਮਾਰੇ ਸਾਥ ਨਹੀਂ ਆਇਆ। ਅਬ ਵੋ ਸਰੀਰ ਗੋਦਨੇ ਕਾ ਕਾਮ ਕਰਤਾ ਹੈ, ਬੰਬੇ, ਗੋਆ, ਕੇਰਲਾ, ਮਦਰਾਸ ਕੇ ਬੀਚ ਪਰ ਕਾਮ ਮਿਲ ਜਾਤਾ ਹੈ, ਵਿਦੇਸ਼ੀ ਆਤੇ ਹੈਂ ਉਨ ਸੇ ਅੱਛੀ ਕਮਾਈ ਹੋ ਜਾਤੀ ਹੈ। ਅਬ ਪਲਾਸਟਿਕ ਕਾ ਰਾਜ ਹੋ ਗਿਆ ਹੈ, ਹਮਾਰਾ ਧੰਦਾ ਭੀ ਚੋਪਟ ਹੋ ਗਿਆ ਹੈ, ਅਬ ਮੈਂ ਫੂਲ ਬੇਚਨੇ ਕਾ ਕਾਮ ਕਰਤੀ ਹੂੰ ਔਰ ਕੇਸਰ ਦਰੀਆਂ, ਕੰਬਲ ਔਰ ਚਾਰਪਾਈ ਬੁਨਤਾ ਹੈ ਔਰ ਬੇਚਤਾ ਹੈ।”
ਟੈਸਟਾਂ ਦੀ ਰਿਪੋਰਟ ਆ ਗਈ ਸੀ, ਕੇਸਰ ਨੂੰ ਰੈਕਟਮ ਕੈਂਸਰ ਸੀ। ਉਸ ਲਈ ਸਰਜਨ ਡਾਕਟਰ ਨੇ ਪੇਟ ਦੀ ਸਰਜਰੀ ਕਰਨ ਨੂੰ ਕਿਹਾ, ਕੈਂਸਰ ਦਾ ਨਾਂ ਸੁਣ ਰੌਣਕੀ ਰੋ ਰੋ ਫਾਥੀ ਹੋ ਗਈ ਪਰ ਉਸ ਨੇ ਕੇਸਰ ਦੇ ਅਪਰੇਸ਼ਨ ਲਈ ਹਾਂ ਕਰ ਦਿੱਤੀ। ਉਹ ਕੇਸਰ ਦੇ ਠੀਕ ਹੋਣ ਦੀ ਦੁਆ ਕਰਨ ਲੱਗੀ। ਆਪਰੇਸ਼ਨ ਲਈ ਪੇਟ ਖੋਲਿਆ ਗਿਆ ਪਰ ਮੁੜ ਸੀ ਦਿੱਤਾ ਗਿਆ। ਕੈਂਸਰ ਵੱਡੀ ਧਮਣੀ ‘ਚ ਫੈਲ ਚੁਕਾ ਸੀ। ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਸਰ ਦੀ ਇਸ ਨਾਮੁਰਾਦ ਬੀਮਾਰੀ ਨੇ ਜਾਨ ਲੈ ਲਈ। ਝਾਈ ਜੀ ਕਹਿਣ ਲੱਗੇ, “ਹਿੱਕ ਵਾਰ ਚਾਕੂ ਲੱਗ ਜਾਏ ਤਾਂ ਕੈਂਸਰ ਜਲਦੀ ਫੈਲ ਜਾਂਦਾ ਹੈ।”
ਰੌਣਕੀ ਤਾਂ ਸੁੰਨ ਪੱਥਰ ਜਿਹੀ ਬਣ ਗਈ। ਉਹ ਕੇਸਰ ਦਾ ਰਾਜਸਥਾਨ ਸਸਕਾਰ ਕਰਨਾ ਚਾਹੁੰਦੀ ਸੀ। ਇਸ ਲਈ ਇਨ੍ਹਾਂ ਦੇ ਕੋਲ ਟਰੱਕ ਯੂਨੀਅਨ ਵਾਲਿਆਂ ਦੇ ਅਕਾਊਂਟ ਸਨ। ਇਸ ਲਈ ਰਾਜਸਥਾਨ ਜਾਣ ਵਾਲੇ ਟਰੱਕ ਦਾ ਪ੍ਰਬੰਧ ਕੀਤਾ ਅਤੇ ਕੇਸਰ ਦਾ ਪਾਰਥਿਵ ਸਰੀਰ ਬਰਫ ਦੀ ਸਿੱਲ ਟਿੱਕਾ ਦਿੱਤਾ ਗਿਆ।
ਝਾਈ ਜੀ ਨੇ ਰੌਣਕੀ ਨੂੰ ਕਲਾਵੇ ‘ਚ ਲੈਂਦਿਆਂ ਕਿਹਾ, “ਭੈਣ! ਤੂੰ ਵੀ ਮੇਰੇ ਹਰੋਂ (ਵਾਂਗ) ਹੋ ਗਈ ਏਂ। ਹਾਏ ਮੰਨੂੰ ਵਿਧਵਾ ਸ਼ਬਦ ਬੜਾ ਸਪੇਰੋ (ਭੈੜਾ) ਲੱਗਦਾ ਆਇਆ। ਦੇਖ! ਡਾਕਟਰ ਸਾਹਿਬ ਬਿਨਾਹ ਜੀਉਂਦੇ ਜੀਅ ਮਰ ਗਈ ਆਂ।”
ਸੁੰਨ ਹੋਈ ਰੌਣਕੀ ਝਾਈ ਜੀ ਦਾ ਪਿਆਰ ਪਾ ਚੀਕ ਉਠੀ। ਸੜਕ ‘ਤੇ ਹੀ ਬੈਠ ਛਾਤੀਆਂ ਕੁੱਟਣ ਲੱਗੀ, ਸਾਰੇ ਗਹਿਣੇ ਲਾਹ ਸੁੱਟੇ। ਉਸ ਦੀਆਂ ਚੀਕਾਂ ਨਾਲ ਧਰਤੀ ਅਤੇ ਅਸਮਾਨ ਹਿੱਲ ਗਿਆ। ਉਸ ਦੇ ਰੁਦਨ ਨਾਲ ਇੱਕਠੀ ਹੋਈ ਭੀੜ ਦੀਆਂ ਅੱਖਾਂ ‘ਚੋਂ ਨੀਰ ਵਹਿ ਤੁਰਿਆ। ਬੜੀ ਮੁਸ਼ਕਿਲ ਨਾਲ ਉਸ ਨੂੰ ਟਰੱਕ ‘ਚ ਬਿਠਾਇਆ।
ਰੌਣਕੀ ਚਲੀ ਗਈ, ਉਹ ਮੁੜ ਕਦੀ ਵੀ ਨਾ ਆਈ ਪਰ ਮਾਸੀ ਰੌਣਕੀ ਮੇਰੀਆਂ ਯਾਦਾਂ ‘ਚੋਂ ਕਦੀ ਮਨਫੀ ਨਹੀਂ ਹੋਈ। ਹੁਣ ਵੀ ਮੇਰੀ ਰੂਹ ਹਮੇਸ਼ਾਂ ਉਸ ਨੂੰ ਆਵਾਜ਼ਾਂ ਦਿੰਦੀ ਹੈ, ਇੱਕ ਵਾਰ ਫੇਰ ਆਵਾਜ਼ ਦੇਹ, “ਬੇਬੀਏ! ਅਰੇ ਬੇਬੀ!! ਤੁਮ ਘਰ ਮੇਂ ਹੋæææ? ਮੈਂ ਰੌਣਕੀ!”