ਤਾਜ ਮਹੱਲ ਦੀ ਪ੍ਰਮਾਣਿਕਤਾ

ਗੁਲਜ਼ਾਰ ਸਿੰਘ ਸੰਧੂ
ਸਾਡੇ ਦੇਸ਼ ਵਿਚ ਬਾਬਰੀ ਮਸਜਿਦ ਢਾਹੇ ਜਾਣ ਦਾ ਰੇੜ੍ਹਕਾ ਕਿਸੇ ਕੰਢੇ ਨਹੀਂ ਲੱਗਿਆ ਪਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਇੱਕ ਨਵਾਂ ਬਿਆਨ ਦਾਗ ਦਿੱਤਾ ਹੈ। ਉਹ ਦੁਨੀਆਂ ਦੇ ਮੰਨੇ ਪ੍ਰਮੰਨੇ ਵਿਰਸਾ ਸਥਾਨਾਂ ਵਿਚ ਤਾਜ ਮਹੱਲ ਨੂੰ ਭਾਰਤੀ ਸਭਿਅਤਾ ਦਾ ਅੰਗ ਮੰਨਣ ਲਈ ਤਿਆਰ ਨਹੀਂ। ਕੱਲ ਨੂੰ ਲਿਸਟ ਵਿਚ ਕੁਤਬ ਮੀਨਾਰ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਤੇ ਤੁਗਲਕ ਫੋਰਟ ਹੀ ਨਹੀਂ, ਘਟ ਗਿਣਤੀ, ਬੋਧੀਆਂ-ਜੈਨੀਆਂ ਜਾਂ ਸਿੱਖਾਂ ਦੀਆਂ ਵਿਰਾਸਤੀ ਯਾਦਗਾਰਾਂ ਵੀ ਆ ਸਕਦੀਆਂ ਹਨ।

ਮਿਰਜ਼ਾ ਗਾਲਿਬ, ਮੌਲਾਨਾ ਹਾਲੀ, ਮੁਹੰਮਦ ਇਕਬਾਲ ਤੇ ਫੈਜ਼ ਅਹਿਮਦ ਫੈਜ਼ ਦਾ ਕਲਾਮ ਤਾਂ ਕੀ ਗੁਰੂ ਸਾਹਿਬਾਨ ਦੀ ਗੁਰਬਾਣੀ ਵੀ। ਉਸ ਦਾ ਇਹ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਅਤੇ ਧਾਰਨਾ ਉਤੇ ਮੋਹਰ ਲਾਉਂਦਾ ਹੈ। ਅਸੀਂ ਦੁਨੀਆਂ ਭਰ ਦੇ ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ ਤੇ ਸਿੱਖਾਂ ਨੂੰ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ, ਸਮਝ ਨਹੀਂ ਆਉਂਦੀ!
ਇਸ ਬਿਆਨ ਬਾਰੇ ਮੁਲਾਇਮ ਸਿੰਘ ਯਾਦਵ ਵਰਗੇ ਮਹਾਰਥੀਆਂ ਦਾ ਘੇਸਲ ਵੱਟ ਕੇ ਚੁੱਪ ਰਹਿਣਾ ਵੀ ਸਮਝ ਨਹੀਂ ਆਉਂਦਾ। ਦੇਸ਼ ਦੇ ਚਿੰਤਕਾਂ ਤੇ ਬੁੱਧੀ ਜੀਵੀਆਂ ਦਾ ਫਰਜ਼ ਬਣਦਾ ਹੈ ਕਿ ਅਜਿਹੇ ਗੁਝੇ ਅਰਥਾਂ ਵਾਲੇ ਬਿਆਨਾਂ ਦਾ ਖੰਡਨ ਕਰਨ। ਖਾਸ ਕਰਕੇ ਇਸ ਲਈ ਕਿ ਦੁਨੀਆਂ ਭਰ ਦੇ ਅਤਿਵਾਦੀ ਪਹਿਲਾਂ ਹੀ ਭੁੱਬਲ ਵਿਚੋਂ ਅੱਗ ਦੀ ਚੰਗਿਆੜੀ ਲੱਭਣ ਲਈ ਫਰੋਲਾ ਫਰਾਲੀ ਵਿਚ ਸਰਗਰਮ ਹਨ।
ਹਿਟਲਰ ਦਾ ਜਨਮ ਸਥਾਨ ਬਨਾਮ ਗੋਰੀ ਹਿਰਨੀ: ਜੂਨ 2017 ਦੇ ਆਖਰੀ ਹਫਤੇ ਆਸਟ੍ਰੀਆ ਦੀ ਉਚ ਅਦਾਲਤ ਨੇ ਬਰਾਓਨਾਓ ਇਨ ਵਿਚ ਸਥਿਤੀ ਅਡੌਲਫ ਹਿਟਲਰ ਦੇ ਜਨਮ ਸਥਾਨ ਨੂੰ ਸਰਕਾਰੀ ਕਬਜ਼ੇ ਵਿਚ ਲੈਣ ਉਤੇ ਮੋਹਰ ਲਾ ਦਿੱਤੀ ਹੈ। ਇਹ ਤਿੰਨ ਮੰਜ਼ਿਲੀ ਇਮਾਰਤ 1913 ਵਿਚ ਮਿਸਿਜ਼ ਪਾਮਰ ਐਂਗਲੋਹਰ ਦੇ ਪੜਦਾਦਾ ਨੇ ਖਰੀਦ ਸੀ ਜੋ ਕਿਸੇ ਕਾਰਨ ਉਨ੍ਹਾਂ ਨੂੰ 1938 ਵਿਚ ਵੇਚਣੀ ਪੈ ਗਈ ਸੀ। ਹੋਇਆ ਇਹ ਕਿ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ‘ਤੇ ਇਸ ਇਮਾਰਤ ਨੂੰ ਮਿਸਿਜ਼ ਐਂਗਲੋਹਰ ਦੀ ਮਾਂ ਨੇ ਮੁੜ ਖਰੀਦ ਲਿਆ। ਉਦੋਂ ਤੋਂ ਹੁਣ ਤੱਕ ਹਿਟਲਰ ਦੇ ਨਾਜ਼ੀ ਸਿਧਾਂਤਾਂ ਨੂੰ ਪ੍ਰਨਾਏ ਯਾਤਰੀ ਇੱਕ ਤਰ੍ਹਾਂ ਨਾਲ ਇਥੇ ਨਤਮਸਤਕ ਹੁੰਦੇ ਆ ਰਹੇ ਹਨ। ਆਸਟ੍ਰੀਆ ਦੀ ਸਰਕਾਰ ਹਿਟਲਰਸ਼ਾਹੀ ਦੀ ਸਮਰਥਕ ਨਹੀਂ। ਸਰਕਾਰ ਨੇ ਨਾਜ਼ੀ ਸਿਧਾਂਤ ਦੇ ਬੋਲ ਬਾਲੇ ਨੂੰ ਨੱਥ ਪਾਉਣ ਦੇ ਮੰਤਵ ਨਾਲ ਫੈਸਲਾ ਲਿਆ ਹੈ ਕਿ ਇਸ ਇਮਾਰਤ ਵਿਚ ਸੋਧ ਸੁਧਾਈ ਕਰਕੇ ਇਸ ਨੂੰ ਮੰਦ ਬੁਧੀ ਵਿਦਿਆਰਥੀਆਂ ਦੀ ਚੰਗੇਰੀ ਵਿਦਿਆ ਦੀ ਸੰਸਥਾ ਵਜੋਂ ਵਰਤਿਆ ਜਾਵੇ। ਮਿਸਿਜ਼ ਐਂਗਲੋਹਰ ਨੇ ਸਰਕਾਰੀ ਕਬਜ਼ੇ ਵਿਚ ਜਾਣ ਤੋਂ ਰੋਕਣ ਲਈ ਉਚ ਅਦਾਲਤ ਦਾ ਬੂਹਾ ਖੜਕਾਇਆ ਸੀ ਜੋ ਠੁਕਰਾ ਦਿੱਤਾ ਗਿਆ ਹੈ। ਦਲੀਲ ਇਹ ਕਿ ਇਸ ਦੀ ਵਰਤਮਾਨ ਵਰਤੋਂ ਨਾਜ਼ੀ ਸਿਧਾਂਤ ਨੂੰ ਪੱਠੇ ਪਾਉਂਦੀ ਹੈ ਜੋ ਆਸਟ੍ਰੀਆ ਦੀ ਸਰਕਾਰੀ ਨੀਤੀ ਦੇ ਉਲਟ ਹੈ।
ਸੂਤਰਾਂ ਦਾ ਕਹਿਣਾ ਹੈ ਕਿ 26 ਜੁਲਾਈ 2017 ਤੋਂ ਸਰਕਾਰ ਮਿਸਿਜ਼ ਐਂਗਲੋਹਰ ਨੂੰ ਯੋਗ ਮੁਆਵਜ਼ਾ ਲੈਣ ਲਈ ਮਨਾਉਣ ਵਾਸਤੇ ਉਹਦੇ ਨਾਲ ਵਾਰਤਾਲਾਪ ਅਰੰਭੇਗੀ ਭਾਵੇਂ ਉਸ ਦਾ ਵਕੀਲ ਇਸ ਕੇਸ ਨੂੰ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ, ਸਟਰਾਮਬਰਗ ਲਿਜਾਣ ਦੀ ਧਮਕੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਮਾਲਕਣ ਨੂੰ ਤਿੰਨ ਲੱਖ ਯੂਰੋ (3,42,090 ਡਾਲਰ) ਦੀ ਨਕਦੀ ਦੇਣ ਦੀ ਪੇਸ਼ਕਸ਼ ਕਰ ਚੱਕੀ ਹੈ। ਦੇਖੀਏ, ਫੈਸਲਾ ਕੀ ਹੁੰਦਾ ਹੈ!
ਮੈਂ ਇੱਕ ਐਂਡਰੀਆ ਨਾਂ ਦੀ ਜਰਮਨ ਮਹਿਲਾ ਨੂੰ ਜਾਣਦਾ ਹਾਂ ਜਿਸ ਦੀ ਮਾਂ ਹਿਟਲਰ ਦੇ ਯੁਵਾ ਬ੍ਰਿਗੇਡ ਦੀ ਉਘੀ ਕਾਰਕੁਨ ਸੀ। ਉਹ ਮੇਰੇ ਹਮਜਮਾਤੀ ਅਤੇ ਸਵਰਨ ਸਿੰਘ ਭੰਗੂ ਦੇ ਘਰ ਜਰਮਨੀ ਦੇ ਉਦਯੋਗਿਕ ਸ਼ਹਿਰ ਹਮਬਰਗ ਵਿਚ ਰਹਿੰਦੀ ਹੈ। ਮੈਂ ਉਸ ਦੀ ਮਾਂ ਦੇ ਜੀਵਨ ‘ਤੇ ਆਧਾਰਤ ਇਕ ਨਾਵਲ Ḕਗੋਰੀ ਹਿਰਨੀ’ (ਲੋਕ ਗੀਤ ਪ੍ਰਕਾਸ਼ਨ, ਮੋਹਾਲੀ) ਲਿਖਿਆ ਹੈ ਜਿਸ ਦਾ ਪਹਿਲਾ ਐਡੀਸ਼ਨ ਕਦੋਂ ਦਾ ਵਿਕ ਚੁਕਾ ਹੈ। ਇਸ ਸਬੰਧ ਵਿਚ ਹਿਟਲਰ ਦੇ ਸਥਾਪਤ ਕੀਤੇ ਕਨਸੈਂਟਰਸ਼ਨ ਕੈਂਪ (ਤਸੀਹਾ ਕੇਂਦਰ) ਹੀ ਨਹੀਂ ਤੱਕੇ, ਉਹ ਭੋਰਾ (ਬੰਕਰ) ਵੀ ਤੱਕਿਆ ਹੈ, ਜਿੱਥੇ ਉਸ ਨੇ ਬੁਰੀ ਤਰ੍ਹਾਂ ਘਿਰ ਜਾਣ ਪਿੱਛੋਂ ਆਪਣੇ ਆਪ ਅਤੇ ਅਪਣੀ ਸਹੇਲੀ ਏਵਾ ਬਰਾਊਨ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੇ ਬਲੌਂਡੀ ਨਾਂ ਦੇ ਵਫਾਦਾਰ ਅਲਸੇਸ਼ਨ ਕੁੱਤੇ ਨੂੰ ਗੋਲੀ ਮਾਰੀ ਸੀ। ਹਿਟਲਰ ਕਿੰਨਾ ਜ਼ਾਲਮ ਸੀ, ਤਸੀਹਾ ਕੇਂਦਰਾਂ ਰਾਹੀਂ ਦਿੱਤੀ ਕੁਮੈਂਟਰੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸ਼ਾਇਦ ਉਸ ਤੋਂ ਵੀ ਨਹੀਂ! ਮੇਰੇ ਨਾਵਲ ਦੀ ਨਾਇਕਾ ਦੇ ਬਿਆਨ ਤੇ ਵਾਰਤਾਲਾਪ ਸਹਾਈ ਹੋ ਸਕਦੇ ਹਨ। ਸ਼ਾਇਦ ਉਹ ਵੀ ਨਹੀਂ।
ਆਸਟ੍ਰੀਆ ਦੀ ਸਰਕਾਰ ਵਲੋਂ ਉਸ ਦੇ ਜਨਮ ਵਾਲੀ ਇਮਾਰਤ ਨੂੰ ਜ਼ਬਤ ਕਰਨ ਦੇ ਫੈਸਲੇ ਦਾ ਸਵਾਗਤ ਕਰਨਾ ਉਨਾ ਹੀ ਉਚਿਤ ਹੈ, ਜਿੰਨਾ ਯੋਗੀ ਦੇ ਤਾਜ ਮਹੱਲ ਬਾਰੇ ਬਿਆਨ ਦਾ ਖੰਡਨ। ਆਸਟ੍ਰੀਅਨ ਅਦਾਲਤ ਦੇ ਫੈਸਲੇ ਨੇ ਮੈਨੂੰ ਮੇਰਾ ਉਹ ਨਾਵਲ ਚੇਤੇ ਕਰਵਾ ਦਿੱਤਾ ਹੈ, ਜੋ ਅੰਗਰੇਜ਼ੀ ਵਿਚ ਅਨੁਵਾਦ ਹੋ ਰਿਹਾ ਹੈ ਤੇ ਜਰਮਨ ਵਿਚ ਹੋਣ ਦੀ ਸੰਭਾਵਨਾ ਹੈ।
ਅੰਤਿਕਾ:
ਵੁਹ ਵਕਤ ਭੀ ਦੇਖੇ ਹੈਂ
ਤਵਾਰੀਖ ਕੀ ਘੜੀਓਂ ਨੇ,
ਲਮਹੋਂ ਨੇ ਖਤਾ ਕੀ ਥੀ,
ਸਦੀਓਂ ਨੇ ਸਜ਼ਾ ਪਾਈ।