ਬੁੱਢੇ ਨੇ ਕਾਰਪੋਰੇਟੀ ਧੱਕੇਸ਼ਾਹੀ ਨਾਲ ਲਾਇਆ ਮੱਥਾ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।

ਕੋਠੀ ਲੱਗੇ ਬਜ਼ੁਰਗਾਂ ਦੀ ਵਾਰਤਾ ਪਾਠਕ ਪ੍ਰਿੰæ ਬਾਜਵਾ ਦੀਆਂ ਲਿਖਤਾਂ ਵਿਚ ਪੜ੍ਹਦੇ ਆ ਰਹੇ ਹਨ। ਇਸ ਲੇਖ ਵਿਚ ਉਨ੍ਹਾਂ ਇਕ ਅਜਿਹੇ ਬਜ਼ੁਰਗ ਦੀ ਗਾਥਾ ਸੁਣਾਈ ਹੈ ਜਿਸ ਨੇ ਕੈਨੇਡਾ ਦੇ ਕਾਰਪੋਰੇਟੀ ਸਿਸਟਮ ਨਾਲ ਲੋਹਾ ਲਿਆ, ਹਿੰਮਤ ਨਾ ਹਾਰੀ ਤੇ ਅਖੀਰ ਜਿੱਤ ਵੀ ਹਾਸਲ ਕੀਤੀ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ

ਵਾਹ ਓਏ ਕਾਦਰਾ! ਵਾਹ ਨੇ ਤੇਰੀਆਂ ਕੁਦਰਤਾਂ ਤੂੰ ਡਾਹਢਾ ਬੇਪ੍ਰਵਾਹ! ਪੂਰੇ ਕਾਰਪੋਰੇਟੀ ਆਲਮ ‘ਚ ਵਿਡੰਬਣਾ ਹੀ ਵਿਡੰਬਣਾ, ਕਟਾਖਸ਼ ਹੀ ਕਟਾਖਸ਼! ਇੱਕ ਪਾਸੇ ਕਰੂਰੀ ਕਹਿਰ, ਦੂਜੇ ਪਾਸੇ ਉਪਕਾਰੀ ਮਿਹਰਾਂ! ਕਿੰਨੇ ਸੋਹਣੇ ਨਜ਼ਾਰੇ ਬੰਨ੍ਹੇ ਨੇ ਤੇਰੀ ਪੱਤਝੜ ਨੇ! ਚਾਰ-ਚੁਫੇਰੇ ਮੈਪਲ ਦੇ ਰੰਗ-ਬਰੰਗੇ, ਛੋਟੇ-ਵੱਡੇ ਬਿਰਖ ਮਸਤੀ ‘ਚ ਝੂਲ ਰਹੇ ਨੇ! ਪਰ ਦੂਜੇ ਪਾਸੇ ਮਾਨਵਤਾ ‘ਤੇ ਅਨੇਕ ਘੋਰ ਸਿਤਮ! ਸੂਹੀ ਸਵੇਰ ਦੀਆਂ ਰਿਸ਼ਮਾਂ ‘ਚ ਆਹ ਜਿਹੜੇ ਹਰੇ, ਪੀਲੇ, ਸੰਤਰੀ, ਭੂਰੇ, ਬਦਾਮੀ, ਖਾਕੀ, ਲਾਲ ਰੰਗਾਂ ਦੇ ਕ੍ਰਿਸਮਸੀ ਬੂਟੇ ਚਮਕ ਰਹੇ ਨੇ, ਇਨ੍ਹਾਂ ਵਿਚ ਵੀ ਕਿਰਤੀਆਂ ਦਾ ਲਹੂ ਦੌੜਦਾ ਲੱਗਦੈ। ਇਕਨਾਂ ਦੇ ਪੈਰੀਂ ਲੱਖ ਹੀਰੇ ਮੋਤੀ, ਇੱਕ ਰੋਟੀ ਖਾਤਰ ਰੁਲ ਜਾਂਦੇ ਨੇ। ਆਹ ਵੱਡੇ ਬਿਰਖ ਤਾਂ ਵੱਡੇ ਸਰਮਾਏਦਾਰੀ ਮਲਟੀਕਾਰਪੋਰੇਟ ਹੀ ਲੱਗਦੇ ਨੇ। ਆਹ ਛੋਟੇ ਵੀ ਆਪੋ ਆਪਣੇ ਰੰਗਾਂ ਵਿਚ ਛੋਟੀਆਂ-ਮੋਟੀਆਂ ਕਾਰਪੋਰੇਟ ਕੰਪਨੀਆਂ ਹੀ ਨੇ। ਇਨ੍ਹਾਂ ਦੀ ਅਮੀਰੀ ਦਾ ਆਲਮ ਕਿਹੜਾ ਕਿਸੇ ਵੱਡੇ ਨਾਲੋਂ ਘੱਟ ਐ। ਵਕਤ ਤੇ ਸਮੇਂ ਦੇ ਹਰ ਦੌਰ ‘ਚ ਇਨ੍ਹਾਂ ਦੀਆਂ ਤਿਜੋਰੀਆਂ ਭਰਦੀਆਂ ਹੀ ਰਹਿੰਦੀਆਂ ਨੇ। ਸਰਮਾਏਦਾਰੀ ਨਿਜ਼ਾਮ ‘ਚ ਮਾਲਕ ਵਧੀ ਫੁੱਲੀ ਜਾਂਦੇ ਨੇ ਤੇ ਕਿਰਤੀ ਔਖਿਆਈਆਂ ਨਾਲ ਜੂਝਦੇ, ਨਿਭਦੇ ਰਹਿੰਦੇ ਨੇ! ਕੀ ਇਸ ਅਮੀਰੀ ਵਿਚ ਕਿਰਤੀਆਂ ਦਾ ਕੋਈ ਹਿੱਸਾ ਨਹੀਂ?
ਆਹ ਰੁੱਖ ਬੰਦਿਆਂ ਦੇ ਦੁੱਖ ਜਾਣਦੇ ਨੇ, ਪਰ ਬੋਲ ਸਕਦੇ ਨਹੀਂ! ਯਾਰੋ! ਸੁਰਜੀਤ ਪਾਤਰ ਠੀਕ ਕਹਿੰਦੈ: ‘ਰੁੱਖ ਬੋਲ ਨਾ ਸਕਦੇ ਭਾਵੇਂ, ਬੰਦਿਆਂ ਦਾ ਦੁੱਖ ਜਾਣਦੇ।’ ਕਿਰਤੀਆਂ ਦੇ ਪੱਲੇ ਤਾਂ ‘ਰੁੱਖਾਂ ਦੀ ਜੀਰਾਂਦ’ ਹੀ ਪਈ ਹੋਈ ਐ। ਲੋਕੋ! ਮੈਂ ਮੁੱਕ ਜਾਵਾਂਗਾ ਪਰ ਲੜਦਿਆਂ, ਲੜਦਿਆਂ! ਕਦੀ ਖੁਦਕਸ਼ੀ ਨਹੀਂ ਕਰਾਂਗਾ। ਪਾਤਰ ਦੇ ਸ਼ੇਅਰ ‘ਬਲਦਾ ਬਿਰਖ ਹਾਂ, ਖਤਮ ਹਾਂ, ਬੱਸ ਸ਼ਾਮ ਤੀਕ ਹਾਂ। ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ’ ਵਾਂਗ ਅਸੀਂ ਹੁਣ ਬਿਰਖ ਵਾਲੀ ਹਾਅ ਬਣ ਕੇ ਨਹੀਂ ਰਹਿਣਾ। ਟੱਕਰਾਂਗਾ ਹੁਣ ਇਨ੍ਹਾਂ ਕਾਰਪੋਰੇਟੀ ਏਜੰਸੀਆਂ ਨੂੰ ਜੋ ਸਾਡੀ ਦਸਾਂ ਨਹੁੰਆਂ ਦੀ ਹੱਕੀ ਕਿਰਤ ਕਮਾਈ ‘ਤੇ ਡਾਕੇ ਮਾਰਦੀਆਂ ਨੇ। ਆਪਣਾ ਹੱਕ ਛੱਡਦਾ ਨਹੀਂ, ਭਾਵੇਂ ਝੁੱਗਾ ਚੌੜ ਵੀ ਕਿਉਂ ਨਾ ਹੋ ਜਾਵੇ! ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਅਤੇ ਸਰਵਣ ਸਿੰਘ ਦੀ ਕਹਾਣੀ ‘ਬੁੱਢਾ ਤੇ ਬੀਜ’ ਵਾਂਗ ਮੈਂ ਵੀ ਹੁਣ ‘ਬੁੱਢਾ ਤੇ ਕਿਰਤ’ ਬਣੂੰ।
ਸਵੇਰੇ ਸੈਰ ਕਰਦਿਆਂ ਬਾਈ ਜੁਝਾਰ ਸਿੰਘ ਦੇ ਪਿੱਛੇ ਪਿੱਛੇ ਆਉਂਦਿਆਂ ਐਨ ਬਰਾਬਰ ਹੋ ਪੁੱਛਿਆ, ਬਾਈ ਕੀ ਕਿੱਸਾ ਏ? ਬੜੀਆਂ ਦਾਰਸ਼ਨਿਕ, ਰੋਹ ਭਰੀਆਂ ਗੱਲਾਂ ਕਰੀ ਜਾਨੈਂ। ਕਿਸ ਮਸਲੇ, ਚੱਕਰ ‘ਚ ਫਸਿਆ ਪਿਐਂ! ਬੋਲਿਆ, ਮੇਰੀ ਅਜੋਕੀ ਮਨੋਦਸ਼ਾ ਦੀ ਗੱਲ ਏ। ਆ ਸੁਣ ਬਾਈ ਫਿਰ ਇਸ ਅੱਸੀ ਸਾਲਾ ਬੁੱਢੇ ਕਿਰਤੀ ਦੀ ਸੰਘਰਸ਼ੀ ਬਾਤ, ਜੋ ਹੁਣ ਸਿਖਰ ‘ਤੇ ਪਹੁੰਚਣ ਵਾਲੀ ਐ।
ਆਪਣੀ ਮਾਤ ਭੂਮੀ ‘ਚ ਉਗਣਾ, ਵਿਗਸਣਾ, ਮੌਲਣਾ ਤੇ ਫਲਣਾ ਸੌਖਾ ਹੁੰਦੈ। ਪਰ ਬਿਗਾਨੀ ਧਰਤੀ ਤੇ ਸਭਿਆਚਾਰ ‘ਚ ਉਗਣਾ, ਵਿਗਸਣਾ, ਮੌਲਣਾ ਤੇ ਫਲਣਾ ਕਾਫੀ ਔਖਾ ਹੁੰਦੈ। ਬੁੱਢੇ ਸਿਰੜੀ ਬਿਗਾਨੇ ਧਰਾਤਲਾਂ ‘ਚ ਵੀ ਔਖੇ, ਔਝੜੇ ਰਾਹਾਂ ਨੂੰ ਸਰ ਕਰਦੇ ਆਏ ਨੇ ਤੇ ਕਰਦੇ ਰਹਿਣਗੇ। ਇੱਕੀਵੀਂ ਸਦੀ ਦੇ ਅਰੰਭ ਵਿਚ ਉਹ ਇੱਕ ਚੰਗੇ ਅਹੁਦੇ ਤੋਂ ਰਿਟਾਇਰ ਹੋ ਕੈਨੇਡਾ ਦੀ ਧਰਤੀ ‘ਤੇ ਪਹੁੰਚਿਆ ਸੀ। ਲਿੰਕ (æੀਂਛ) ਸਕੂਲ ਤੋਂ ਸ਼ੁਰੂ ਕਰਕੇ, ਗਾਰਡੀਅਨ ਵੇਅਰ ਹਾਊਸ ‘ਚ ਫਲਾਇਰਜ਼ ਨਾਲ ਜੱਫੇ ਲਾਉਂਦਿਆਂ, ਬਰਫਾਂ ਮਿੱਧਦਿਆਂ ਵਾਟਾਂ ਵਾਹੀਆਂ ਤੇ ਸਕਿਓਰਿਟੀ ਜਾਬ ਕਰਦਿਆਂ ਅਨੁਵਾਦਕ ਦੀ ਓਂਟਾਰੀਓ ਦੀ ਕਠਨ ਪ੍ਰੀਖਿਆ ਡਿੱਗਦਿਆਂ-ਢਹਿੰਦੀਆਂ ਅਖੀਰ ਪਾਸ ਕਰ ਲਈ। ਲਿਖਣ ਪੜ੍ਹਨ ਦੇ ਸ਼ੌਕ ਵਿਚ ਇਹ ਕੰਮ ਹੀ ਫਿੱਟ ਬੈਠਦਾ ਸੀ। ਵੱਖ ਵੱਖ ਕਾਰਪੋਰੇਟੀ ਫਰਮਾਂ, ਏਜੰਸੀਆਂ ਦੀਆਂ ਵਿਭਿੰਨ ਟਰਾਂਸਲੇਸ਼ਨ ਜਾਬਾਂ ਪੂਰੇ ਸ਼ੌਕ ਤੇ ਮਿਹਨਤ ਨਾਲ ਕੀਤੀਆਂ। ਸਿਲਸਿਲਾ 2015 ਤੱਕ ਖੂਬ ਚੱਲਦਾ ਰਿਹੈ। ਵਿਚ ਵਿਚ ਕਾਰਪੋਰੇਟੀ ਖਸਲਤੀ ਏਜੰਸੀਆਂ ਨਾਲ ਇਵਜ਼ਾਨਾ ਕਢਾਉਣ ਲਈ ਆਢੇ ਵੀ ਲੱਗਦੇ ਰਹੇ। ਨਿੱਕੀਆਂ ਮੋਟੀਆਂ ਬਾਤਾਂ ਛੱਡ ਉਸ ਸਿੱਧੀ ਇੱਕ ਵੱਡੇ ਆਢੇ ਦੀ ਗੱਲ ਸਾਂਝੀ ਕੀਤੀ।
ਉਹ ਮਿਸੀਸਾਗਾ ਸਥਿਤ ਇੱਕ ਟਰਾਂਸਲੇਸ਼ਨ ਏਜੰਸੀ ਨਾਲ ਕੋਈ ਦਸ ਸਾਲ ਤੋਂ ਨਿਰੰਤਰ ਕੰਮ ਕਰਦਾ ਆ ਰਿਹਾ ਸੀ। ਏਜੰਸੀ ਨੇ 2013 ਤੋਂ ਹੀ ਫੀਸ ਅਦਾਇਗੀ ਵਿਚ ਬੇਕਾਇਦਗੀ ਕਰਨੀ ਸ਼ੁਰੂ ਕਰ ਦਿੱਤੀ। ਅੱਗਾ-ਪਿੱਛਾ ਤੇ ਟਾਲ-ਮਟੋਲ ਹੋਣ ਲੱਗ ਪਿਆ। ਪਰ ਸਿਰੜੀ ਬੁੱਢਾ ਕੰਮ ਕਰਦਾ ਗਿਆ ਤੇ ਫੀਸ ਇਨਵਾਇਸਾਂ ਜਮ੍ਹਾਂ ਹੁੰਦੀਆਂ ਗਈਆਂ। 2015 ਦੇ ਮਾਰਚ ਤੱਕ ਕੋਈ 25000 ਡਾਲਰ ਦੀ ਕਿਰਤ ਕਮਾਈ ਦਾ ਬੋਹਲ ਲੱਗ ਗਿਆ। ਬਥੇਰੇ ਰਿਮਾਈਂਡਰ ਦਿੱਤੇ ਪਰ ਕੋਈ ਅਸਰ ਨਾ ਹੋਵੇ। ਇੱਕ ਵਾਰ ਤਾਂ ਸਾਲ ਤੋਂ ਵੱਧ ਦੀਆਂ ਇਨਵਾਇਸਾਂ ਜਮ੍ਹਾਂ ਹੋ ਗਈਆਂ। ਕੇਰਾਂ ਉਨ੍ਹਾਂ ਅਟਕਲਪੱਚੂ ਜਿਹੀ ਇੱਕ ਅਦਾਇਗੀ ਭੇਜ ਦਿੱਤੀ ਜਿਹੜੀ ਕਿਸੇ ਵੀ ਇਨਵਾਇਸ ਨਾਲ ਮੇਲ ਨਹੀਂ ਸੀ ਖਾਂਦੀ। ਪੁੱਛਿਆ ਤਾਂ ਜਵਾਬ ਮਿਲਿਆ, ਅਸੀਂ ਸਭ ਅਦਾਇਗੀਆਂ ਕਰ ਚੁਕੇ ਹਾਂ।
ਜੁਝਾਰੂ ਕਿਰਤੀ ਸਮਝ ਗਿਆ, ਇਹ ਹੁਣ ਪੈਸੇ ਮਾਰਨਗੇ ਤੇ ਖਰਾਬ ਕਰਨਗੇ। ਕੁਝ ਪੁਰਾਣੇ ਮਿੱਤਰ ਅਨੁਵਾਦਕਾਂ ਨਾਲ ਗੱਲ ਕੀਤੀ। ਜਵਾਬ ਮਿਲਿਆ, ਇਹ ਏਜੰਸੀ ਸਾਡੇ ਵੀ ਪੈਸੇ ਮਾਰ ਚੁਕੀ ਹੈ। ਭੁੱਲ ਜਾ, ਹੁਣ ਤੈਨੂੰ ਕੁਝ ਨਹੀਂ ਦਿੰਦੀ। ਇਹ ਆਪਣੇ ਆਪ ਨੂੰ ਦੀਵਾਲੀਆ ਵੀ ਐਲਾਨ ਕਰ ਸਕਦੀ ਹੈ। ਰੁੜਦੀ ਜਾਂਦੀ ਕਿਰਤ ਕਮਾਈ ਵੇਖ ਝਟਕਾ ਜ਼ਰੂਰ ਲੱਗਾ, ਪਰ ਬੁੱਢੇ ਨੇ ਹੌਂਸਲਾ ਨਾ ਛੱਡਿਆ। ਚਾਰਾਜੋਈ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ।
ਵੱਖ ਵੱਖ ਸੂਬਾਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਇੰਪਲਾਇਮੈਂਟ ਸਟੈਂਡਰਡ ਇਨਫਰਮੇਸ਼ਨ ਸੈਂਟਰ ਨੂੰ ਈਮੇਲਾਂ ਭੇਜੀਆਂ। ਖੂਹ ਵਿਚ ਡਿੱਗੀ ਗਾਗਰ ਕੱਢਣ ਵਾਂਗ ਕੁੰਡੇ ਏਧਰ-ਓਧਰ ਬਥੇਰੇ ਫੇਰੇ। ਗੱਲ ਕਿਸੇ ਤਣ-ਪੱਤਣ ਨਾ ਲੱਗੀ। ‘ਕੇਰਾਂ ‘ਬੈਟਰ ਬਿਜਨਸ ਬਿਊਰੋ’ ਨੂੰ ਕੇਸ ਈਮੇਲ ਕੀਤਾ। ਈਮੇਲ ਦਾ ਪ੍ਰਤੀਕਰਮ ਕਾਫੀ ਅਰਸੇ ਬਾਅਦ ਸੀæਬੀæਸੀæ ਦੀ ਪੱਤਰਕਾਰ ਜੈਨੀਫਰ ਫਾਉਲਰ ਰਾਹੀਂ ਮਿਲਿਆ। ਫੋਨ ਆਇਆ, ਕੇਸ ਦੱਸੋ। ਇਹ ਕੇਸ ਸੀæਬੀæਸੀæ ਦੁਆਰਾ ਨਸ਼ਰ ਕੀਤਾ ਜਾਵੇਗਾ। ਉਦੋਂ ਤੱਕ ਕੇਸ ਸਮਾਲ ਕਲੇਮ ਕੋਰਟ ਵਿਚ ਜਾ ਚੁਕਾ ਸੀ। ਹੋਰਨਾਂ ਮਿੱਤਰਾਂ, ਸਨੇਹੀਆਂ ਸਮੇਤ ਇੱਕ ਵਾਰ ਬਰੈਂਪਟਨ ਦੀ ਉਤਰੀ ਰਾਈਡਿੰਗ ਵਿਚ ਫੈਡਰਲ ਚੋਣ ਲੜ ਰਹੇ ਕਮਿਊਨਿਸਟੀ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਅਜ਼ੀਜ਼ ਹਰਿੰਦਰ ਹੁੰਦਲ ਨਾਲ ਮਸਲਾ ਸਾਂਝਾ ਕੀਤਾ। ਨੌਜਵਾਨ ਕਾਮਰੇਡ ਕਹਿੰਦੈ, “ਚੱਲ ਭਾਊ, ਕਮਿਊਨਿਸਟ ਪਾਰਟੀ ਆਫ ਕੈਨੇਡਾ ਵੱਲੋਂ ਏਜੰਸੀ ਦੇ ਦਫਤਰ ਅੱਗੇ ਮੁਜਾਹਰਾ ਕਰਦੇ ਹਾਂ, ਧਰਨਾ ਮਾਰਦੇ ਹਾਂ।” ਇਥੋਂ ਦੇ ਸਮੁੱਚੇ ਸਿਸਟਮ ਵਿਚ ਇਹ ਗੱਲ ਬਹੁਤੀ ਕਾਰਗਰ ਹੋਣ ਵਾਲੀ ਨਾ ਲੱਗੀ।
ਕਈ ਦੋਸਤਾਂ ਨੇ ਕਿਹਾ ਕਿ ਤੁਹਾਨੂੰ ਐਸੀ ਇੱਕ ਲੀਗਲ ਫਰਮ ਨਾਲ ਮਿਲਾਵਾਂਗੇ ਜਿਹੜੀ ਠੇਕਾ ਕਰੇਗੀ। ਇਹ ਸੌਦੇਬਾਜ਼ੀ ਵੀ ਉਹਨੂੰ ਜਾਇਜ਼ ਨਾ ਜਾਪੀ, ਜਿਹੜੀ ਨਿਰੋਲ ਠੇਕੇਬਾਜ਼ੀ ਵਾਲੀ ਦਲਾਲਬਾਜ਼ੀ ਲੱਗੀ। ਕਮਾਈ ਦੀ ਕੁੱਤੇ ਗੁਆਉਣੀ ਕਰਨਾ ਬੁਰਾ ਲੱਗਾ। ਆਖਰ ਕਿਰਤ ਕਮਾਈ ਸੀ, ਚੋਰੀ ਦਾ ਮਾਲ ਥੋੜ੍ਹਾ ਸੀ! ਕਿਰਤ ਕਮਾਈ ਨੂੰ ਡਾਂਗਾਂ ਦੇ ਗਜ਼ਾਂ ਨਾਲ ਕਿਉਂ ਉਡਾਇਆ ਜਾਵੇ? ਫਿਰ ਇੱਕ ਵੱਡੀ ਪੈਰਾ ਲੀਗਲ ਫਰਮ ਨਾਲ ਸੰਪਰਕ ਕੀਤਾ। ਮਿਲਣ ਦਾ ਸਮਾਂ ਦੇਣ ਵਾਸਤੇ ਮੈਸੇਜ ਛੱਡਿਆ। ਸਮਾਂ ਤਾਂ ਮਿਲ ਗਿਆ। ਸਵਾਲ ਪੈਦਾ ਹੋਇਆ ਕਿ ਇਸ ਕੋਲ ਆਉਣ-ਜਾਣ ਲਈ ਰਾਈਡ ਕੌਣ ਦੇਵੇਗਾ? ਏਧਰ-ਓਧਰ ਭੱਜਣਾ ਔਖਾ ਜਾਪਿਆ। ਕਈ ਕਿਸਮ ਦੀਆਂ ਨਿਜੀ ਸੀਮਾਵਾਂ ਸਨ। ਪਰਿਵਾਰ ਦੇ ਜੀਅ ਆਪੋ ਆਪਣੇ ਧੰਦਿਆਂ ‘ਚ ਰੁੱਝੇ ਹੋਏ ਸਨ। ਨਾਲ ਕੌਣ ਜਾਇਆ ਕਰੂ? ਬੱਸਾਂ ‘ਚ ਰੁਲਣ ਤੇ ਖਜਲ-ਖੁਆਰੀ ਤੋਂ ਬੁੱਢਾ ਝਿਜਕਦਾ ਸੀ। ਸੋਚਦਾ, ਇਹ ਕਿਰਤ ਕਮਾਈ ਦੀ ਲੜਾਈ ਲੜਦਿਆਂ ਕਿਤੇ ਜਾਹ ਜਾਂਦੀ ਹੀ ਨਾ ਹੋ ਜਾਵੇ! ਪੱਲੇ ਵੀ ਕੁਝ ਨਾ ਪਵੇ।
ਇਸੇ ਅਵਸਥਾ ‘ਚ ਸਹਿਵਨ ਹੀ ਇੱਕ ਦਿਨ ਇੱਕ ਰੋਜ਼ਾਨਾ ਪੰਜਾਬੀ ਅਖਬਾਰ ਆਨਲਾਈਨ ਪੜ੍ਹਦਿਆਂ ਇੱਕ ਨੌਜਵਾਨ ਸਮਾਰਟ ਪੈਰਾ ਲੀਗਲ ਲੇਡੀ ਦੀ ਐਡ ਵੇਖੀ। ਫੋਨ ‘ਤੇ ਗੱਲ ਕੀਤੀ। ਸਮੱਸਿਆ ਦੱਸੀ। ਆਪਣੀ ਰਾਈਡ ਸਮੱਸਿਆ ਦਾ ਹਵਾਲਾ ਵੀ ਦੇ ਦਿੱਤਾ। ਉਹ ਪਿੱਛੋਂ ਲਾਹੌਰ ਪਾਕਿਸਤਾਨ ਤੋਂ ਸੀ। ਬੁੱਢੇ ਦੀ ਆਪਣੀ ਜਨਮ ਭੂਮੀ ਸਿਆਲਕੋਟ ਦੀ ਗੁਆਂਢਣ ਵਸਨੀਕ। ਬੁੱਢੇ ਨੂੰ ਅਪਣੱਤ ਜਿਹੀ ਮਹਿਸੂਸ ਹੋਈ। ਉਸ ਯਕੀਨ ਦਿਵਾਇਆ ਕਿ ਉਹ ਆਪ ਉਹਦੇ ਘਰ ਆ ਕੇ ਗੱਲ-ਬਾਤ ਕਰਿਆ ਕਰੇਗੀ। ਜੇ ਕੋਰਟ ‘ਚ ਜਾਣਾ ਪਏ ਤਾਂ ਨਾਲ ਲੈ ਕੇ ਜਾਵੇਗੀ। ਇੰਗਲਿਸ਼ ਤੇ ਪੰਜਾਬੀ ਚੰਗੀ ਬੋਲਦੀ ਸੀ। ਫੀਸ ਵੀ ਵਾਜਬ ਸੀ ਤੇ ਵਕੀਲਾਂ ਵਾਲੇ ਹੋਰ ਲਾਗ-ਲੂਗ ਵੀ ਨਹੀਂ ਸਨ। ਇੱਕ ਟੁੱਕ ਸਾਫ ਗੱਲ ਕਰਦੀ। ਬੁੱਢੇ ਸੋਚਿਆ ਕੇਸ ਸਾਰਾ ਈਮੇਲ ਇਨਵਾਇਸਾਂ ‘ਤੇ ਆਧਾਰਤ ਹੈ, ਜੋ ਉਹਦੀਆਂ ਲਿਖਤੀ ਵੀ ਤੇ ਆਨਲਾਈਨ ਰਿਕਾਰਡ ‘ਚ ਸਾਂਭੀਆਂ ਹੋਈਆਂ ਸਨ। ਬਾਕਾਇਆ ਇਨਵਾਇਸਾਂ ਨੂੰ ਸਾਲ ਵਾਰ, ਮਹੀਨਾ ਵਾਰ, ਮਿਤੀ ਵਾਰ ਐਕਸੈਲ ‘ਚ ਪਾ ਕੇ ਰੱਖਿਆ ਹੋਇਆ ਸੀ। ਰਿਕਾਰਡ ਵੇਖ ਉਸ ਨੇ ਬੜੀ ਸ਼ਲਾਘਾ ਕੀਤੀ ਅਤੇ ਪੂਰੇ ਆਤਮ ਵਿਸ਼ਵਾਸ ਵਿਚ ਹੋਈ ਜਾਪੀ। ਕੋਈ ਗਵਾਹੀ ਪੇਸ਼ ਕਰਨ ਦੀ ਲੋੜ ਨਹੀਂ ਸੀ। ਕੇਸ ਦਸਤਾਵੇਜ਼ਾਂ ‘ਤੇ ਆਧਾਰਤ ਸੀ। ਬੱਸ ਫੈਸਲਾ ਹੋ ਗਿਆ। ਫੀਸ ਅਦਾ ਕਰ ਦਿੱਤੀ। ਕੇਸ ਦੇ ਅੰਤ ਤੱਕ ਦਾ ਸਾਰਾ ਲੈਣ ਦੇਣ ਵੀ ਤੈਅ ਹੋ ਗਿਆ। ਹੁਣ ਤੱਕ ਦੀਆਂ ਚਾਰਾਜੋਈਆਂ ਦੇ ਸੰਦਰਭ ਵਿਚ ਉਸ ਨੂੰ ਲੱਗਦਾ ਸੀ ਕਿ ਸਮਾਲ ਕਲੇਮ ਕੋਰਟ ‘ਚ ਜਾਏ ਬਿਨਾ ਕਹਾਣੀ ਸਿਰੇ ਨਹੀਂ ਲੱਗਣੀ। ਉਸ ਪੈਰਾ ਲੀਗਲ ਬੀਬੀ ਨੂੰ ਕੇਸ ਦਾ ਸਾਰਾ ਦਸਤਾਵੇਜ਼ੀ ਰਿਕਾਰਡ ਸੌਂਪ ਦਿੱਤਾ। ਉਸ ਨੇ ਢੁਕਵੇਂ ਅਤੇ ਉਚਿੱਤ ਤਰੀਕੇ ਨਾਲ ਤੁਰੰਤ ਕੇਸ ਤਿਆਰ ਕੀਤਾ ਤੇ ਦਾਇਰ ਕਰ ਦਿੱਤਾ।
ਨੇਕ ਕਮਾਈ ਨੇ ਕ੍ਰਿਸ਼ਮਾ ਕਰ ਵਿਖਾਇਆ। ਨੋਟਿਸ ਮਿਲਦਿਆਂ ਹੀ ਟਰਾਂਸਲੇਸ਼ਨ ਕੰਪਨੀ ਨੇ ਜਵਾਬੀ ਦਾਅਵੇ ਵਿਚ ਸਾਰੀਆਂ ਬਕਾਇਆ ਇਨਵਾਇਸਾਂ ਸਬੰਧੀ ਆਪਣੀ ਦੇਣਦਾਰੀ ਪ੍ਰਵਾਨ ਕਰ ਲਈ। ਛੇ ਕੁ ਹਜ਼ਾਰ ਦਾ ਇੱਕ ਚੈਕ ਪਹਿਲੀ ਸੈਟਲਮੈਂਟ ਮੀਟਿੰਗ ਵਿਚ ਐਕਸਪਰੈਸ ਪੋਸਟ ਰਾਹੀਂ ਭੇਜਣ ਦਾ ਵਾਅਦਾ ਵੀ ਕਰ ਦਿੱਤਾ। ਸੰਖੇਪ ‘ਚ ਬਾਕੀ ਸਾਰਾ ਬਕਾਇਆ ਸਮੇਤ ਕੋਰਟ ਖਰਚਿਆਂ, ਲੇਟ ਅਦਾਇਗੀ ‘ਤੇ ਸੂਦ ਅਤੇ ḙ350 ਦਾ ਡੈਮੇਜ ਅਦਾ ਕਰਨਾ ਵੀ ਪ੍ਰਵਾਨ ਕਰ ਲਿਆ। ਨਾਲ ਹੀ ਬੁੱਢੇ ਦੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਲੇਟ ਅਦਾਇਗੀ ਵਾਸਤੇ ਖਿਮਾ ਵੀ ਮੰਗੀ।
ਸੈਟਲਮੈਂਟ ਮੀਟਿੰਗਾਂ ਦੀ ਲੰਬੀ ਲੜੀ ਦੀ ਗੱਲ ਕੀ ਕਰਨੀ ਏਂ। ਏਜੰਸੀ ਨੇ ਇੱਕ ਆਖਰੀ ਲੜੀਵਾਰ ਸੈਟਲਮੈਂਟ ਮੀਟਿੰਗ ਵਿਚ ਸਾਰੀ ਬਕਾਇਆ ਰਾਸ਼ੀ ਦੀਆਂ ਕਿਸ਼ਤਾਂ ਨੂੰ ਚਾਰ ਮਹੀਨੇ ਲਮਕਾਉਣ ਦੀ ਬਜਾਏ ਦੋ ਮਹੀਨਿਆਂ ਵਿਚ ਦੇਣੀਆਂ ਅਤੇ ਡੈਮੇਜ ਭਰੌਤੀ ḙ500 ਦੇਣਾ ਮੰਨ ਲਿਆ। ਇਸ ਤਰ੍ਹਾਂ ਦੋਸਤੋ! ਉਸ ਬੁੱਢੇ ਨੇ ਆਪਣੀ ਕਿਰਤ ਕਮਾਈ ਦੀ ਲੜਾਈ ਲੜੀ ਤੇ ਕਾਰਪੋਰੇਟੀ ਸਿਸਟਮ ਨੂੰ ਧੂੜ ਚੱਟਣ ਲਈ ਮਜਬੂਰ ਵੀ ਕਰ ਦਿੱਤਾ।
ਇਸ ਸਿਰੜੀ ਬੁੱਢੇ ਨੇ ਕੇਵਲ ਇਹ ਹੀ ਲੜਾਈ ਨਹੀਂ ਸੀ ਲੜੀ, ਸਗੋਂ ਹੋਰ ਵੀ ਕਈ ਮੋਰਚੇ ਮਾਰੇ ਹੋਏ ਸਨ। ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਂਗ ਨਿੱਕੇ ਮੋਟੇ ਹੋਰ ਵੀ ਕਈ ਕੇਸ ਸਨ। ਪਹਿਲਾਂ ਆਪਣੀ ਸਰਵਿਸ ਦੌਰਾਨ ਤੇ ਫਿਰ ਇਥੇ। ਇਥੇ ਜਦੋਂ ਗੱਡੀ ਆਪ ਚਲਾ ਲੈਂਦਾ ਸੀ, ਉਦੋਂ ਵੀ ਇੱਕ ਏਜੰਸੀ 2500 ਡਾਲਰ ਦੀ ਅਦਾਇਗੀ ਤੋਂ ਨਾਂਹ-ਨੁੱਕਰ ਕਰਨ ਲੱਗ ਪਈ। ਪਹਿਲਾਂ ਤਾਂ ਉਸ ਏਜੰਸੀ ਦੇ ਸੀæਈæਓæ ਦੀ ਭਾਲ ਕੀਤੀ। ਫਿਰ ਉਸ ਕੋਲ ਸਾਰਾ ਬਕਾਇਆ ਅਦਾਇਗੀ ਦਾ ਮਾਮਲਾ ਈਮੇਲ ਕੀਤਾ ਅਤੇ ਦਖਲ ਦੇਣ ਦੀ ਬੇਨਤੀ ਕੀਤੀ। ਉਸ ਨੇ ਹਾਮੀ ਜ਼ਰੂਰ ਭਰੀ ਪਰ ਹੇਠਲੀ ਪੱਧਰ ਦੇ ਕਾਰਿੰਦੇ ਗੱਲ ਨੂੰ ਗਧੀ-ਗੇੜ ‘ਚ ਪਾਉਣ ਲੱਗ ਪਏ। ਉਦੋਂ ਹਿੰਮਤ ਵੀ ਸੀ ਅਤੇ ਕਾਰ ਰਾਈਡ ਸਾਧਨ ਆਪਣਾ ਸੀ। ਸਮਾਲ ਕਲੇਮ ਕੋਰਟ ਵਿਚ ਉਸ ਨੇ ਆਪ ਹੀ ਕੇਸ ਤਿਆਰ ਕਰਕੇ ਦਾਇਰ ਕਰ ਦਿੱਤਾ। ਨੋਟਿਸ ‘ਤੇ ਹੀ ਏਜੰਸੀ ਸੈਟਲਮੈਂਟ ਕਰਨ ਲਈ ਸਹਿਮਤ ਹੋ ਗਈ ਅਤੇ ਬਕਾਏ ਸਮੇਤ ਕੋਰਟ ਖਰਚੇ ਦੇ ਚੈਕ ਭੇਜ ਦਿੱਤਾ ਅਤੇ ਕੇਸ ਵਾਪਸ ਲੈਣ ਲਈ ਕਹਿ ਦਿੱਤਾ। ‘ਸੁਲ੍ਹਾ ਕੀਤਿਆਂ ਜੇ ਫਤ੍ਹੇ ਹੱਥ ਆਵੇ, ਕਮਰ ਜੰਗ ਦੇ ਮੂਲ ਨਾ ਕੱਸੀਏ ਜੀ’ ਗੱਲ ਠੀਕ ਸਿੱਧ ਹੋਈ। ਏਦਾਂ ਕਿਸੇ ਕੇਸ ਵਿਚ ਵੀ ਹਾਰ ਨਹੀਂ ਹੋਈ। ਕਿਸੇ ਨੂੰ ਆਪਣੇ ਹੱਕਾਂ ‘ਤੇ ਡਾਕਾ ਨਹੀਂ ਮਾਰਨ ਦਿੱਤਾ। “ਹਾਸ਼ਮ ਫਤ੍ਹੇ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ” ਉਤੇ ਅਮਲ ਹੀ ਮੰਜ਼ਲਾਂ ‘ਤੇ ਪਹੁੰਚਾਉਂਦੈ। ‘ਹਿੰਮਤੇ ਮਰਦ, ਮਰਦੇ ਖੁਦਾ’ ਵਾਲਾ ਕਥਨ ਸਹੀ ਸਿੱਧ ਹੁੰਦਾ ਰਿਹੈ। ਇਸ ਬੁੱਢੇ ਦੀ ਇਹ ਸੰਖੇਪ ਸੰਘਰਸ਼ ਗਾਥਾ ਸਬਕ ਭਰਪੂਰ ਹੈ। ਜੇ ਅਰਨੈਸਟ ਹੈਮਿੰਗਵੇ ਦਾ ਓਲਡ ਮੈਨ ਸ਼ਾਰਕਾਂ ਨਾਲ ਜੂਝਿਆ ਸੀ, ਇੱਕ ਪੇਂਡੂ ਬੁੱਢਾ ਡਬਲਯੂ ਐਲ 711 ਦੇ ਬੀਜ ਲਈ, ਤਾਂ ਇਹ ਬੁੱਢਾ ਕਾਰਪੋਰੇਟੀ ਸ਼ਾਰਕਾਂ ਨਾਲ ਦਸਤਪੰਜਾ ਲੈਣੋਂ ਕਦੀ ਪਿੱਛੇ ਨਾ ਹਟਿਆ।