ਅਵਤਾਰ ਗੋਂਦਾਰਾ
ਚੋਰਾਂ ਨੂੰ ਮੋਰ ਪੈਣ ਦੀ ਕਹਾਵਤ ਤਾਂ ਕਈ ਵਾਰ ਸੁਣੀ ਹੈ, ਪਰ ਇਸ ਨੂੰ ਜ਼ਿੰਦਗੀ ‘ਚ ਵਾਪਰਦਿਆਂ ਪਹਿਲੀ ਵਾਰ ਦੇਖਿਆ। ਕਈ ਸਾਲ ਪਹਿਲਾਂ ਦੀ ਗੱਲ ਹੈ, ਪੰਜਾਬ ਵਿਚ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਇਕ ਜਿਮੀਂਦਾਰ ਨਾਲ ਇਕ ਕੌਤਕ ਵਾਪਰਿਆ। ਸਵੇਰੇ ਸਵੇਰੇ ਜਦੋਂ ਉਹ ਆਪਣੇ ਵਾੜੇ ‘ਚ ਪਸੂਆਂ ਨੂੰ ਪੱਠੇ ਪਾਉਣ ਗਿਆ ਤਾਂ ਕਿੱਲੇ ਨਾਲ ਬੱਝੇ ਇਕ ਓਪਰੇ ਕੱਟੇ ਨੂੰ ਦੇਖ ਕੇ ਥਾਓਂ ਹਿੱਲ ਗਿਆ। ਨੇੜੇ ਬੰਨੇ ਘਰ ਦੇ ਪਸੂ ਉਸ ਵਲ ਡੈਂਬਰਿਆਂ ਵਾਂਗ ਝਾਕ ਰਹੇ ਸਨ।
ਕੱਟੇ ਦੇ ਗਲ ਫੁੱਲਾਂ ਦਾ ਹਾਰ, ਮੱਥੇ ਸੰਧੂਰ ਦਾ ਟਿੱਕਾ ਅਤੇ ਉਪਰ ਫੁਲਕਾਰੀ ਦਿੱਤੀ ਹੋਈ ਸੀ, ਤੇ ਉਹ ਸਹਿਮਿਆ ਖੜਾ ਸੀ।
ਬਿਨਾ ਪੱਠੇ ਪਾਇਆਂ, ਜਿਮੀਂਦਾਰ ਪੰਚਾਇਤ ਸੱਦ ਲਿਆਇਆ ਅਤੇ ਮਿੰਟਾਂ ‘ਚ ਤਮਾਸ਼ਬੀਨਾਂ ਦੀ ਭੀੜ ਲੱਗ ਗਈ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਤੇ ਕਿਆਫੇ ਲੱਗਣ ਲੱਗੇ। ਉਤਸੁਕਤਾ ਅਤੇ ਵਾਪਰਨ ਵਾਲੀ ਕਿਸੇ ਮਾੜੀ ਘਟਨਾ ਦੇ ਡਰ ਨਾਲ ਸਭ ਦਾ ਸਾਹ ਸੂਤਿਆ ਪਿਆ ਸੀ। ਪਿੰਡ ਵਾਲਿਆਂ ਦਾ ਖਿਆਲ ਸੀ ਕਿ ਪਿਛਲੇ ਵਰ੍ਹੇ ਉਨ੍ਹਾਂ ਦੀ ਫਸਲ ਨੂੰ ਗੜ੍ਹੇ ਮਾਰ ਹੋਈ ਸੀ ਤੇ ਇਸ ਵਾਰ ਵੀ ਕੋਈ ਦੋਖੀ ਟੂਣੇਹਾਰੇ ਕੱਟੇ ਰਾਹੀਂ ਉਨ੍ਹਾਂ ਦੇ ਪਿੰਡ ਨੂੰ ਤਬਾਹ ਕਰਨ ‘ਤੇ ਤੁਲਿਆ ਹੋਇਆ ਹੈ।
ਸਭ ਕਿਆਸਅਰਾਈਆਂ ਲਾ ਰਹੇ ਸਨ, ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ। ਕਈਆਂ ਦੀ ਰਾਏ ਸੀ ਕਿ ਪੈੜ ਦੱਬਣ ਵਾਲੇ ਨੂੰ ਲਿਆਂਦਾ ਜਾਵੇ ਤਾਂ ਜੋ ਉਸ ਬੰਦੇ ਦਾ ਪਤਾ ਲਾਇਆ ਜਾ ਸਕੇ ਜੋ ਕੱਟਾ ਬੰਨ ਕੇ ਗਿਆ ਹੈ। ਵੱਡੇ ਰਾਏ ਦੇ ਰਹੇ ਸਨ, ਗੱਭਰੂ ਗੁੱਸੇ ਵਿਚ ਮੋਢਿਆਂ ਉਤੋਂ ਦੀ ਥੁੱਕ ਰਹੇ ਸਨ ਅਤੇ ਕੱਟੇ ਦੇ ਮਾਲਕ ਨੂੰ ਸਬਕ ਸਿਖਾਉਣ ਲਈ ਕਾਹਲੇ ਸਨ। ਬੱਚਿਆਂ ਲਈ ਇਹ ਤਮਾਸ਼ਾ ਸੀ ਅਤੇ ਉਹ ਇਸ ਨੂੰ ਉਤਸੁਕਤਾ ਅਤੇ ਅਚੰਭੇ ਨਾਲ ਦੇਖ ਰਹੇ ਸਨ।
ਇਸ ਘਟਨਾ ਨੂੰ ਕਿਸੇ ਹੋਰ ਢੰਗ ਨਾਲ ਦੇਖਿਆ ਹੀ ਨਹੀਂ ਸੀ ਜਾ ਸਕਦਾ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿਚ ਵੀ ਸਾਰੇ ਫਿਰਕੇ ਅੰਧਵਿਸ਼ਵਾਸਾਂ, ਜਾਦੂ ਟੂਣਿਆਂ, ਜੰਤਰ ਮੰਤਰ, ਹਥੌਲਿਆਂ, ਸ਼ਗਨ ਅਪਸ਼ਗਨ, ਪੁੱਛਾਂ ਕਢਾਉਣ ਵਾਲੇ ਸਿਆਣਿਆਂ ਮਗਰ ਫਿਰਦੇ ਰਹਿੰਦੇ ਹਨ। ਮਸਲਿਆਂ ਦੇ ਹੱਲ ਸਮਝਣ ਅਤੇ ਘਟਨਾਵਾਂ ਦੇ ਕਾਰਨ ਜਾਣਨ ਦੀ ਰੁਚੀ ਬਹੁਤ ਹੀ ਘੱਟ ਹੈ। ਬੇਸ਼ਕ ਸਿੱਖ ਧਰਮ ਦੇ ਪ੍ਰਚਾਰਕ ਇਨ੍ਹਾਂ ਗੱਲਾਂ ਦੇ ਖਿਲਾਫ ਕਈ ਸਦੀਆਂ ਤੋਂ ਟਿਲ ਲਾ ਰਹੇ ਹਨ ਪਰ ਦੂਜੇ ਫਿਰਕਿਆਂ ਵਾਂਗ ਸਿੱਖਾਂ ਵਿਚ ਵੀ ਇਹ ਕੁਰੀਤੀਆਂ ਬਾਦਸਤੂਰ ਜਾਰੀ ਹਨ। ਇਕੋ Ḕਰੱਬ’ ਦੀ ਪੂਜਾ ਦੇ ਸਿਧਾਂਤ ਦੇ ਪੈਰੋਕਾਰ ਵਰਤ ਰਖਦੇ ਹਨ, ਦੇਵੀਆਂ ਦੀ ਪੂਜਾ ਕਰਦੇ ਹਨ, ਜੋਤਸ਼ੀਆਂ ਦੇ ਚਰਨੀਂ ਲੱਗਦੇ ਹਨ ਤੇ ਹਵਨ ਕਰਾਉਂਦੇ ਹਨ। ਜੇ ਲੋਟ ਲੱਗੇ ਤਾਂ ਮੜ੍ਹੀਆਂ ਮਸਾਣਾਂ ਨੂੰ ਵੀ ਪੂਜਣ ਤੋਂ ਨਹੀਂ ਹਿਚਕਚਾਉਂਦੇ। ਬਹੁਤੇ ਸਿੱਖ ਸਿੱਖਣ ਦੀ ਬਜਾਏ ਮੱਥਾ ਟੇਕਣ ਦੇ ਸੌਖੇ ਢੰਗ ਤੱਕ ਹੀ ਆਪਣੀ ਸ਼ਰਧਾ ਨੂੰ ਸੀਮਤ ਰੱਖਦੇ ਹਨ। ਅਜਿਹੇ ਹੀ ਸੰਸਕਾਰਾਂ ਦਾ ਪ੍ਰਦਰਸ਼ਨ ਹੋ ਰਿਹਾ ਸੀ ਪਿੰਡ ਵਿਚ।
ਖੈਰ! ਇਕੱਠ ‘ਚੋਂ ਇਕ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਕੱਟੇ ਦਾ ਰੱਸਾ ਖੋਲ੍ਹ ਦਿਓ, ਜਿਸ ਦਾ ਹੋਇਆ ਆਪੇ ਉਨ੍ਹਾਂ ਦੇ ਘਰ ਚਲਾ ਜਾਵੇਗਾ। ਇਸ ਨਾਲ ਕੱਟੇ ਦੇ ਮਾਲਕ ਅਤੇ ਇਸ ਨੂੰ ਸ਼ਿੰਗਾਰਨ ਵਾਲੇ ਦਾ ਪਤਾ ਲੱਗ ਜਾਵੇਗਾ। ਇਸ ਸਲਾਹ ‘ਤੇ ਚਰਚਾ ਛਿੜ ਪਈ-ਕੋਈ ਹੱਕ ਵਿਚ ਬੋਲ ਰਿਹਾ ਸੀ, ਕੋਈ ਵਿਰੋਧ ਵਿਚ। ਕੁਝ ਮੋਹਤਬਰਾਂ ਨੇ ਰੌਲਾ ਪਾ ਰਹੀ ਮੁੰਡੀਰ ਨੂੰ ਵਰਜਿਆ। ਲੰਮੀ ਸਾਰੀ ਘੀਰ ਘੀਰ ਤੋਂ ਬਾਅਦ ਸਲਾਹ ਸਭ ਨੂੰ ਜਚ ਗਈ, ਪਰ ਕੱਟਾ ਖੋਲ੍ਹਣ ਲਈ ਕੋਈ ਅੱਗੇ ਨਾ ਆਵੇ। ਹਰ ਕੋਈ ਟੂਣੇ ਦੇ ਕਥਿਤ ਮਾੜੇ ਅਸਰ ਤੋਂ ਡਰ ਰਿਹਾ ਸੀ। ਹੋ ਸਕਦਾ ਹੈ, ਖੋਲ੍ਹਣ ਵਾਲਾ ਹੀ ਮਾਰਿਆ ਜਾਵੇ। ਸਾਰੇ ਇਕ ਦੂਜੇ ਵੱਲ ਉਤਸੁਕਤਾ ਵਸ ਦੇਖ ਰਹੇ ਸਨ। ਭੀੜ ਵਿਚ ਪੜ੍ਹੇ-ਲਿਖੇ, ਅਧਪੜ੍ਹ ਅਤੇ ਧਰਮੀ ਵੀ ਖੜ੍ਹੇ ਸਨ। ਇੰਨੇ ਨੂੰ ਪਿੰਡ ਵਿਚ ਇਕ ਨਾਸਤਿਕ ਵਜੋਂ ਜਾਣਿਆ ਜਾਂਦਾ ਮੁੰਡਾ ਅੱਗੇ ਵਧਿਆ ਅਤੇ ਉਸ ਨੇ ਹੌਂਸਲਾ ਕਰ ਕੇ ਕੱਟਾ ਕਿੱਲੇ ਨਾਲੋਂ ਖੋਲ੍ਹ ਦਿੱਤਾ। ਮੁੰਡੀਰ ਨੇ ਤਾੜੀਆਂ ਵਜਾਈਆਂ।
ਭੂਤਰਿਆ ਹੋਇਆ ਕੱਟਾ ਵਾੜੇ ‘ਚੋਂ ਨਿਕਲ ਕੇ ਵਾਹਰ ਦੇ ਮੂਹਰੇ ਹੋ ਤੁਰਿਆ। ਉਸ ਉਪਰ ਦਿੱਤੀ ਫੁਲਕਾਰੀ ਭੂੰਜੇ ਡਿੱਗ ਪਈ। ਕੱਟੇ ਦੀ ਤੋਰ ਤੇਜ ਹੋ ਗਈ। ਪੰਚਾਇਤ ਅਤੇ ਵਾਹਰ ਕੱਟੇ ਦੇ ਮਗਰ ਮਗਰ ਹੋ ਤੁਰੀ। ਕੱਟਾ ਤੁਰਦਾ ਤੁਰਦਾ ਨਾਲ ਦੇ ਪਿੰਡ ਬੰਬੀਹਾ ਭਾਈ ਦੀ ਸੜਕ ਪੈ ਗਿਆ। ਭੀੜ ਨੇ ਇਕ ਜਲੂਸ ਦੀ ਸ਼ਕਲ ਅਖਤਿਆਰ ਕਰ ਲਈ। ਕੁਝ ਬੰਦੇ ਆਪੋ ਆਪਣੇ ਘਰਾਂ ਨੂੰ ਰਿਸ਼ਕ ਗਏ।
ਕੱਟੇ ਮਗਰ ਲੱਗੀ ਵਾਹਰ ਨੇ ਦੋ ਤਿੰਨ ਮੀਲ ਲੰਮਾ ਪੈਂਡਾ ਤੈਅ ਕੀਤਾ। ਕੱਟਾ ਮੂਹਰੇ ਮੂਹਰੇ ਇAੁਂ ਭੱਜਿਆ ਜਾ ਰਿਹਾ ਸੀ, ਜਿਵੇਂ ਕੋਈ ਨੇਤਾ Ḕਗੌਰਵ ਯਾਤਰਾ’ ਵੇਲੇ ਆਪਣੇ ਪੈਰੋਕਾਰਾਂ ਨੂੰ ਲੀਡ ਦੇ ਰਿਹਾ ਹੋਵੇ। ਸਭ ਨੇ ਕਿਆਸ ਅਰਾਈਆਂ ਨਾਲ ਖਿੱਦੋ-ਖੂੰਡੀ ਖੇਡਣੀ ਜਾਰੀ ਰੱਖੀ। ਇਕ ਬੰਦੇ ਨੇ ਰਾਏ ਦਿੱਤੀ ਕਿ ਜਿਸ ਪਿੰਡ ਦਾ ਵੀ ਕੱਟਾ ਹੋਇਆ, ਉਸ ਪਿੰਡ ਦੇ ਸਰਪੰਚ ਨੂੰ ਜਰੂਰ ਮਿਲਿਆ ਜਾਵੇ ਅਤੇ ਗੱਲ ਉਸ ਦੀ ਹਾਜਰੀ ਵਿਚ ਹੀ ਹੋਵੇ। ਕੋਈ ਸਬਰ ਰੱਖਣ ਦੀ ਰਾਏ ਦੇ ਰਿਹਾ ਸੀ। ਜਿੰਨੇ ਮੂੰਹ ਉਨੀਆਂ ਹੀ ਗੱਲਾਂ।
ਜਦ ਕੱਟਾ ਖੜ੍ਹ ਜਾਂਦਾ ਤਾਂ ਮੁੰਡੀਰ ਛਿਛਕੇਰ ਦਿੰਦੀ, ਕੱਟਾ ਫਿਰ ਭੱਜ ਪੈਂਦਾ। ਆਖਰ ਕੱਟਾ ਤੁਰਦਾ ਤੁਰਦਾ ਬੰਬੀਹਾ ਭਾਈ ਦੇ ਪਿੰਡ ਦੇ ਇਕ ਜਿਮੀਂਦਾਰ ਦੇ ਘਰ ਜਾ ਵੜਿਆ, ਜਿਥੇ ਬਧਨੀ ਕਲਾਂ ਦਾ ਚੇਲਾ ਨਛੱਤਰ ਸਿੰਘ ਹੁਣੇ ਹੁਣੇ ਚੌਕੀ ਲਾ ਕੇ ਹਟਿਆ ਸੀ। ਆਲੇ ਦੁਆਲੇ ਸਮਾਨ ਖਿਲਰਿਆ ਪਿਆ ਸੀ। ਉਸ ਦੇ ਗਲ ਕਾਲਾ ਚੋਲਾ ਅਤੇ ਤੇੜ ਕਾਲੀ ਚਾਦਰ ਬੰਨੀ ਹੋਈ ਸੀ। ਇਕ ਤਲੈਬੜ ਅਤੇ ਚਿਮਟਾ ਉਸ ਦੇ ਮੰਜੇ ਦੀ ਬਾਹੀ ਨਾਲ ਪਿਆ ਸੀ। ਘਰ ਦੇ ਜੀਅ ਉਸ ਦੀ ਟਹਿਲ ਸੇਵਾ ‘ਚ ਲੱਗੇ ਹੋਏ ਸਨ। ਗੁੱਸੇ ਨਾਲ ਭਰੀ ਪੰਚਾਇਤ ਅਤੇ ਵਾਹਰ ਨੇ ਵਾਵੇਲਾ ਖੜ੍ਹਾ ਕਰ ਦਿੱਤਾ। ਮੁੰਡੀਰ ‘ਕੱਠੀ ਹੋ ਗਈ ਅਤੇ ਬੰਬੀਹਾ ਭਾਈ ਦੀ ਪੰਚਾਇਤ ਵੀ ਆ ਗਈ। ਆਪਣੀਆਂ ਲਾਲ ਅੱਖਾਂ ਨਾਲ ਚੇਲਾ ਸਭ ਨੂੰ ਘੂਰ ਰਿਹਾ ਸੀ। ਇਥੇ ਵੀ ਮੇਲਾ ਲੱਗ ਗਿਆ।
ਦੋਨਾਂ ਪੰਚਾਇਤਾਂ ਵਿਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਮਾਹੌਲ ਤਣਾਅ ਭਰਿਆ ਬਣ ਗਿਆ। ਬੁਰਜ ਵਾਲੀ ਪੰਚਾਇਤ ਕਹੇ, ਬਈ ਕੱਟਾ ਤੁਸੀਂ ਇਸ ਕਰਕੇ ਸਾਡੇ ਪਿੰਡ ਛੱਡਿਆ ਤਾਂ ਕਿ ਇਸ ਵਾਰ ਗੜ੍ਹੇ ਤੁਹਾਡੇ ਪਿੰਡ ਦੀ ਬਜਾਏ ਸਾਡੇ ਪਿੰਡ ਪੈਣ। ਜਦੋਂ ਕਿ ਬੰਬੀਹਾ ਪਿੰਡ ਦੀ ਪੰਚਾਇਤ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਤੋਂ ਇਨਕਾਰੀ ਸੀ। ਕਾਫੀ ਵਾਵੇਲੇ ਤੋਂ ਬਾਅਦ, ਗੱਲ ਇਹ ਨਿਕਲੀ ਕਿ ਕੱਟੇ ਦੇ ਮਾਲਕ ਦੀ ਲੜਕੀ Ḕਓਪਰੀ ਸ਼ੈਅ’ ਤੋਂ ਪੀੜਤ ਸੀ, ਲੜਕੀ ਗੁੰਮ ਸੁੰਮ ਰਹਿੰਦੀ ਸੀ। ਕੁੜੀ ਦਾ ਵਿਆਹ ਬੰਨਿਆ ਹੋਣ ਕਰਕੇ ਸਾਰਾ ਟੱਬਰ ਘਬਰਾਇਆ ਹੋਇਆ ਸੀ। ਉਹ ਨਾ ਕੁਝ ਖਾਂਦੀ, ਨਾ ਪੀਂਦੀ। ਮੰਗ ਛੁਟ ਜਾਣ ਦਾ ਖਦਸ਼ਾ ਸੀ। ਉਸ ਨੇ ਚੇਲੇ ਤਕ ਪਹੁੰਚ ਕੀਤੀ ਅਤੇ ਆਪਣਾ ਦੁੱਖ ਰੋ ਸੁਣਾਇਆ।
ਚੇਲੇ ਨੇ ਲੜਕੀ ਨੂੰ ਠੀਕ ਕਰਨ ਬਦਲੇ 1200 ਰੁਪਏ ਲੈਣੇ ਤੈਅ ਕੀਤੇ ਸਨ। ਇਸ ਵਿਚੋਂ ਉਸ ਨੇ 700 ਰੁਪਏ ਪਹਿਲਾਂ ਲੈ ਲਏ ਸਨ ਤੇ ਬਾਕੀ ਬਾਅਦ ਵਿਚ ਲੈਣੈ ਸਨ। ਉਸ ਨੇ ਕੁੜੀ ਦਾ ਸਿੱਕੇਬੰਦ ਇਲਾਜ ਕਰਨ ਅਤੇ ਔਲ੍ਹੀ ਟਾਲਣ ਲਈ ਕੁਝ ਸਮੱਗਰੀ, ਕਾਲਾ ਕੁੱਕੜ ਤੇ ਸ਼ਰਾਬ ਦੀ ਬੋਤਲ ਭੈਰੋਂ ਨੂੰ ਚੜ੍ਹਾਉਣ ਅਤੇ ḔਮੰਤਰਿਆḔ ਹੋਇਆ ਕੱਟਾ ਨਾਲ ਦੇ ਪਿੰਡ ਦੀ ਜੂਹ ‘ਚ ਛੱਡ ਕੇ ਆਉਣ ਦੀ ਹਦਾਇਤ ਕੀਤੀ। ਪਰ ਘਰ ਵਾਲੇ ਵਾਪਸ ਮੁੜ ਆਉਣ ਦੇ ਡਰੋਂ ਕੱਟੇ ਨੂੰ ਜੂਹ ‘ਚ ਛੱਡਣ ਦੀ ਥਾਂ ਉਸ ਜਿਮੀਂਦਾਰ ਦੇ ਪਸੂਆਂ ਦੇ ਵਾੜੇ Ḕਚ ਬੰਨ ਆਏ।
ਅਸਲ ਗੱਲ ਸਾਫ ਹੋਣ ‘ਤੇ ਪੰਚਾਇਤਾਂ ਦਾ ਰੱਟਾ ਖਤਮ ਹੋ ਗਿਆ, ਪਰ ਸਾਰਾ ਪਾਰਾ ਚੇਲੇ ਦੇ ਸਿਰ ਚੜ੍ਹ ਗਿਆ। ਮੁੰਡੀਰ ਨੇ ਰਲ ਕੇ ਉਸ ਨੂੰ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਦਾ ਵਿਚਾਰ ਸੀ, ਉਸ ਦਾ ਮੂੰਹ ਕਾਲਾ ਕਰਕੇ ਪਿੰਡ ‘ਚ ਗੇੜਾ ਕਢਾਇਆ ਜਾਵੇ। ਪਰ ਦੋਹਾਂ ਪੰਚਾਇਤਾਂ ਦੀ ਰਾਏ ਨਾਲ ਬਾਅਦ ਵਿਚ ਉਸ ਨੂੰ ਥਾਣਾ ਸਦਰ ਕੋਟਕਪੁਰਾ ਦੇ ਹਵਾਲੇ ਕਰ ਦਿੱਤਾ।
ਦੂਜੇ ਪਾਸੇ, ਕਿਸੇ ਸੂਝਵਾਨ ਬੰਦੇ ਦੀ ਸਲਾਹ ‘ਤੇ ਕੁੜੀ ਦੇ ਘਰਦਿਆਂ ਨੇ ਉਸ ਨੂੰ ਇਕ ਮਨੋਰੋਗਾਂ ਦੇ ਮਾਹਿਰ ਨੂੰ ਦਿਖਾਇਆ। ਕੁਝ ਮੁਲਾਕਾਤਾਂ ਬਾਅਦ ਗੱਲ ਇਹ ਨਿਕਲੀ ਕਿ ਕੁੜੀ ਦੇ ਚੁੱਪ ਰਹਿਣ ਦਾ ਕਾਰਨ ਕੋਈ ਓਪਰੀ ਸ਼ੈਅ ਨਹੀਂ ਸੀ ਬਲਕਿ ਹੋ ਰਹੇ ਵਿਆਹ ਦਾ ਬੋਝ ਸੀ। ਉਹ ਕਿਤੇ ਹੋਰ ਥਾਂ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਆਪਣੀ ਗੱਲ ਦੱਸਣ ਦੀ ਉਸ ਵਿਚ ਹਿੰਮਤ ਨਹੀਂ ਸੀ। ਡਾਕਟਰ ਨੇ ਘਰਦਿਆਂ ਨੂੰ ਸਮਝਾਇਆ ਅਤੇ ਕੁੜੀ ਨੂੰ ਭਰੋਸੇ ‘ਚ ਲੈ ਕੇ ਵਿਆਹ ਕਰਨ ਦੀ ਸਲਾਹ ਦਿੱਤੀ।
ਇੱਧਰ, ਹਿਰਾਸਤ ‘ਚ ਲੈਣ ਉਪਰੰਤ ਚੇਲੇ ਦੀ ḔਸਿਆਣਪḔ ਅਤੇ ਪੁਲਿਸ ਦੀ Ḕਭੂਤ ਵਿਦਿਆḔ ਦਾ ਸਾਹਮਣਾ ਹੋਇਆ। ਭੂਤ ਫੜ੍ਹਨ ਵਾਲੇ ਚੇਲੇ ਅਤੇ ਭੂਤਾਂ ਵਰਗੀ ਪੁਲਿਸ ਦਰਮਿਆਨ ਜੋ ਕੁਝ ਵਾਪਰਿਆ, ਉਹ ਕਿਸੇ ਕੌਤਕ ਤੋਂ ਘੱਟ ਨਹੀਂ ਸੀ। ਸਭ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਫੜੇ ਬੰਦਿਆਂ ਤੋਂ ਉਹ ਕੁਝ ਵੀ ਬਰਾਮਦ ਕਰਵਾ ਲੈਂਦੀ ਹੈ ਜੋ ਉਸ ਨੇ ਚੋਰੀ ਨਹੀਂ ਵੀ ਕੀਤਾ ਹੁੰਦਾ। ਇਹ ਕਲਾ ਤਾਂ ਵੱਡੇ ਵੱਡੇ ਜਾਦੂਗਰਾਂ ਨੂੰ ਵੀ ਮਾਤ ਕਰਦੀ ਹੈ। ਇਹੀ ਕੁਝ ਚੇਲੇ ਨਾਲ ਵਾਪਰਿਆ। ਉਸ ਨੂੰ ਕੁਝ ਦਿਨ ਥਾਣੇ ਬਿਠਾਈ ਰਖਿਆ, ਝਾੜੂ-ਪੋਚਾ ਕਰਵਾਇਆ। ਥਾਣੇ ਦੇ ਮੁਨਸ਼ੀ ਨੇ ਚੇਲੇ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਹ ਹੱਥ ਬੰਨ ਕੇ ਗਿੜਗਿੜਾਇਆ ਕਿ ਉਸ ਕੋਲ ਕੋਈ ਸ਼ਕਤੀ ਨਹੀਂ, ਉਸ ਨੇ ਤਾਂ ਸੌਖੀ ਰੋਟੀ ਕਮਾਉਣ ਅਤੇ ਐਸ਼ ਕਰਨ ਦਾ ਜੁਗਾੜ ਬਣਾਇਆ ਹੈ। ਉਸ ਨੇ ਛੱਡ ਦੇਣ ਲਈ ਤਰਲਾ ਕੀਤਾ। ਜਦੋਂ ਕੁਝ ਦਿਨ ਕੋਈ ਉਸ ਦਾ ਪਤਾ ਸੁਰ ਲੈਣ ਨਾ ਆਇਆ ਤਾਂ ਉਸ ਖਿਲਾਫ ਅਫੀਮ ਰੱਖਣ ਦਾ ਪਰਚਾ ਪੁਲਿਸ ਨੇ ਦਰਜ ਕਰ ਲਿਆ। ਜਾਅਲੀ ਗਵਾਹ ਵੀ ਖੜ੍ਹੇ ਕਰ ਲਏ। ਨਮੂਨੇ ਜੋਗੀ ਅਫੀਮ ਕੋਲੋਂ ਪਾ ਦਿੱਤੀ। ਬਾਕੀ ਕਾਲੇ ਗੁੜ ਦਾ ਪੁਲੰਦਾ ਡੱਬਾ ਬੰਦ ਕਰ ਕੇ ਮਾਲ ਮੁਕੱਦਮਾ ਤਿਆਰ ਕਰ ਲਿਆ।
ਪੁਲਿਸ ਨੇ ਚੇਲੇ ਨੂੰ ਅਦਾਲਤ ‘ਚ ਪੇਸ਼ ਕੀਤਾ ਅਤੇ ਮੈਜਿਸਟ੍ਰੇਟ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਅਦਾਲਤ ‘ਚ ਚਲਾਨ ਪੇਸ਼ ਕਰਨ ਤੋਂ ਬਾਅਦ ਕਈ ਮਹੀਨੇ ਕੱਚੀਆਂ ਤਰੀਕਾਂ ਪੈਂਦੀਆਂ ਰਹੀਆਂ। ਚੇਲੇ ਦਾ ਬੁਰਾ ਹਾਲ ਸੀ। ਗਵਾਹੀਆਂ ਹੋਣ ਲੱਗੀਆਂ। ਜਦੋਂ ਪੜਤਾਲੀਆ ਅਫਸਰ ਦੀ ਗਵਾਹੀ ਹੋਈ, ਉਸ ਨੇ ਅਦਾਲਤ ‘ਚ ਇਉਂ ਬਿਆਨ ਦਰਜ ਕਰਵਾਇਆ, “ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਪਿੰਡ ਜਵਾਹਰ ਸਿੰਘ ਵਾਲਾ ਪੁੱਜੀ ਤਾਂ ਬੱਸ ਅੱਡੇ ‘ਤੇ ਦੋਸ਼ੀ ਨਛੱਤਰ ਸਿੰਘ, ਹਾਜਰ ਅਦਾਲਤ ਖੜ੍ਹਾ ਸੀ। ਪੁਲਿਸ ਨੂੰ ਦੇਖ ਕੇ ਦੋਸ਼ੀ ਓਹਲੇ ਹੋ ਗਿਆ। ਸ਼ੱਕ ਦੀ ਬਿਨਾ ‘ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਉਸ ਦਾ ਨਾਂ ਪਤਾ ਪੁੱਛਿਆ ਅਤੇ ਹਸਬ ਜਾਬਤਾ ਤਲਾਸ਼ੀ ਲਈ। ਦੋਸ਼ੀ ਦੇ ਸੱਜੇ ਹੱਥ ‘ਚ ਫੜ੍ਹੇ ਝੋਲੇ ‘ਚੋਂ ਮੋਮੀ ਕਾਗਜ਼ ‘ਚ ਲਪੇਟੀ ਅਫੀਮ ਬਰਾਮਦ ਹੋਈ, ਜੋ ਤੋਲਣ ‘ਤੇ ਸਵਾ ਕਿਲੋ ਹੋਈ।” ਗਵਾਹੀ ਪੁਖਤਾ ਸੀ। ਬਾਕੀ ਦੇ ਸਰਕਾਰੀ ਗਵਾਹਾਂ ਨੇ ਵੀ ਅਫੀਮ ਦੀ ਬਰਾਮਦਗੀ ਦੀ ਪੁਸ਼ਟੀ ਕੀਤੀ।
ਉਸ ਦੀ ਕਹਾਣੀ ਸੁਣ ਕੇ ਫਰੀਦਕੋਟ ਕਚਹਿਰੀ ਦੇ ਵਕੀਲ ਅਤੇ ਮੁਨਸ਼ੀ ਹੱਸ ਛੱਡਦੇ। ਪਰ ਚੇਲਾ ਹਰ ਵੇਲੇ ਸਹਿਮਿਆ ਸਹਿਮਿਆ ਦਿਸਦਾ ਜਿਵੇਂ ਕਿਸੇ Ḕਓਪਰੀ ਸ਼ੈਅ’ ਦੇ ਦਬਾਅ ਹੇਠ ਹੋਵੇ। ਉਸ ਦੇ ਵਕੀਲ ਨੇ ਸਲਾਹ ਦਿੱਤੀ ਕਿ ਮੌਕੇ ‘ਤੇ ਹਾਜ਼ਰ ਬੰਦਿਆਂ ‘ਚੋਂ ਸਫਾਈ ਦੇ ਗਵਾਹ ਬਿਨਾ ਉਸ ਦਾ ਕੋਈ ਛੁਟਕਾਰਾ ਨਹੀਂ। ਇਸ ਲਈ ਉਸ ਨੂੰ ਉਨ੍ਹਾਂ ਤਕ ਰਸਾਈ ਕਰਨੀ ਪਏਗੀ, ਤਾਂ ਜੋ ਉਹ ਆ ਕੇ ਅਦਾਲਤ ਨੂੰ ਸਹੀ ਗੱਲ ਦੱਸਣ। ਕਈ ਗੇੜੇ ਕੱਢੇ ਪਰ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ। ਮਿੰਨਤਾਂ ਤਰਲੇ ਕਰਕੇ ਚੇਲੇ ਨੇ ਪਿੰਡ ਦੇ ਸਰਪੰਚ ਦੀ ਸ਼ਰਨ ਲਈ ਅਤੇ ਉਹ ਸਫਾਈ ਦੇ ਗਵਾਹ ਵਜੋਂ ਪੇਸ਼ ਹੋਇਆ। ਉਸ ਨੇ ਸਾਰੀ ਕਹਾਣੀ ਅਦਾਲਤ ਨੂੰ ਸੁਣਾ ਦਿੱਤੀ ਕਿ ਕਿਵੇਂ ਚੇਲਾ ਫੜਿਆ ਗਿਆ ਅਤੇ ਕਿਵੇਂ ਉਨ੍ਹਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਉਸ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਉਸ ‘ਤੇ ਅਫੀਮ ਦਾ ਝੂਠਾ ਕੇਸ ਪਾਇਆ। ਗਵਾਹੀ ਵਿਚ ਹੋਰ ਵੀ ਕਈ ਖਾਮੀਆਂ ਸਨ। ਕਿੱਸਾ ਕੋਤਾ ਇਹ ਕਿ ਅਦਾਲਤ ਨੇ ਸ਼ੱਕ ਦੀ ਬਿਨਾ ‘ਤੇ ਫੜ੍ਹੇ ਚੇਲੇ ਨੂੰ ਬਰੀ ਕਰ ਦਿੱਤਾ ਅਤੇ ਉਸ ਦਾ ਛੁਟਕਾਰਾ ਹੋਇਆ।