ਜਗਜੀਤ ਸਿੰਘ ਸੇਖੋਂ
ਹਾਲੀਵੁੱਡ ਫਿਲਮ ‘ਦਿ ਬਲੈਕ ਪ੍ਰਿੰਸ’ ਨੇ ਸਿੱਖ ਹਲਕਿਆਂ ਅੰਦਰ ਨਵੀਂ ਚਰਚਾ ਛੇੜੀ ਹੈ। ਅਸਲ ਵਿਚ ਇਸ ਫਿਲਮ ਦੀ ਕਹਾਣੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਸਿੱਖ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੁਆਲੇ ਘੁੰਮਦੀ ਹੈ, ਪਰ ਫਿਲਮ ਦੀ ਮੁੱਖ ਘੁੰਡੀ ਸਿੱਖ ਸਟੇਟ ਦੀ ਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਵੇਲੇ ਸ਼ਹਿਜ਼ਾਦਾ ਦਲੀਪ ਸਿੰਘ 10-11 ਮਹੀਨਿਆਂ ਦਾ ਸੀ।
ਹੋਰ ਰਾਜਿਆਂ-ਮਹਾਰਾਜਿਆਂ ਵਾਂਗ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਰਾਜਭਾਗ ਸਾਂਭਣ ਦੇ ਮਾਮਲੇ ਤੋਂ ਜੋ ਕਤਲੋਗਾਰਤ ਸ਼ੁਰੂ ਹੋਈ, ਉਸ ਨੇ ਅੰਗਰੇਜ਼ਾਂ ਨੂੰ ਪੰਜਾਬ ਨੂੰ ਹੜੱਪਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ। ਇਸ ਤੋਂ ਬਾਅਦ ਦੀ ਕਹਾਣੀ, ਖਾਸ ਕਰ ਕੇ ਜੋ ਦਲੀਪ ਸਿੰਘ ਨਾਲ ਜੁੜੀ ਹੋਈ ਹੈ, ਬੜੀ ਦਰਦਨਾਕ ਹੈ। ਉਸ ਨੂੰ ਮਾਂ ਨਾਲੋਂ ਵਿਛੋੜਿਆ ਗਿਆ, ਜਲਾਵਤਨ ਕੀਤਾ ਗਿਆ, ਧਰਮ ਤੱਕ ਬਦਲ ਦਿੱਤਾ ਗਿਆ। ਉਸ ਨੂੰ ਐਸ਼ੋ-ਆਰਾਮ ਵਾਲੀ ਹਰ ਸਹੂਲਤ ਦਿੱਤੀ ਗਈ, ਪਰ ਆਖਰਕਾਰ ਉਹ ਖੁਦ ਨੂੰ ਲੱਭਣ ਅਤੇ ਆਪਣੀ ਮਾਂ ਨੂੰ ਮਿਲਣ ਲਈ ਤਾਂਘਣ ਲੱਗਾ। ਇਸੇ ਤਾਂਘ ਵਿਚੋਂ ਉਸ ਨੂੰ ਅੰਗਰੇਜ਼ਾਂ ਵੱਲੋਂ ਖੋਹਿਆ ਰਾਜ ਮੁੜ ਹਾਸਲ ਕਰਨ ਲਈ ਲਲ੍ਹਕ ਉਠੀ। ਉਸ ਨੇ ਆਪਣੇ ਪੱਧਰ ਉਤੇ, ਆਪਣੇ ਵਿਤ ਅਨੁਸਾਰ ਯਤਨ ਵੀ ਕੀਤੇ, ਪਰ ਨਾਕਾਮੀ ਮਿਲੀ ਅਤੇ ਉਹ ਪੰਜਾਬ ਵਾਪਸੀ ਲਈ ਤੜਫਦਾ 55 ਵਰ੍ਹਿਆਂ ਦੀ ਉਮਰ ਵਿਚ ਆਖਰਕਾਰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਹੁਣ ਜਦੋਂ ਅਜਿਹੀ ਸ਼ਖਸੀਅਤ ਬਾਰੇ ਫਿਲਮ ਆਈ ਹੈ ਤਾਂ ਫਿਲਮ ਅਤੇ ਇਸ ਸ਼ਖਸੀਅਤ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਹੋ ਰਹੀ ਹੈ। ਇਹ ਫਿਲਮ ਬਣਨੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜਿੰਨੀ ਚਰਚਾ ਇਸ ਫਿਲਮ ਦੀ ਹੋਈ, ਸ਼ਾਇਦ ਹੀ ਕਿਸੇ ਫਿਲਮ ਨੂੰ ਇੰਨਾ ਪ੍ਰਚਾਰ ਮਿਲਿਆ ਹੋਵੇ। ਇਸ ਪੱਖ ਤੋਂ ਇਹ ਫਿਲਮ ਉਸ ਤਰ੍ਹਾਂ ਦੀ ਨਹੀਂ ਬਣ ਸਕੀ ਜਿਸ ਤਰ੍ਹਾਂ ਦੀ ਆਸ ਕੀਤੀ ਜਾ ਰਹੀ ਸੀ। ਅਦਾਕਾਰੀ ਦੇ ਪੱਖ ਤੋਂ ਦਲੀਪ ਸਿੰਘ ਦੇ ਰੋਲ ਵਿਚ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਉਹ ਬੁਲੰਦੀਆਂ ਨਹੀਂ ਛੂਹ ਸਕਿਆ ਜੋ ਉਹ ਛੂਹ ਸਕਦਾ ਹੈ। ਉਹ ਬਹੁਤ ਚੰਗਾ ਗਾਇਕ ਜ਼ਰੂਰ ਹੈ, ਪਰ ਫਿਲਮ ਦੇਖਦਿਆਂ ਲਗਦਾ ਹੈ ਕਿ ਅਦਾਕਾਰੀ ਫਿਲਹਾਲ ਉਸ ਦੇ ਵੱਸ ਦਾ ਰੋਗ ਨਹੀਂ। ਸੁਣਿਆ ਹੈ ਕਿ ਫਿਲਮਸਾਜ਼ ਕਵੀ ਰਾਜ਼ ਨੂੰ ਉਸ ਤੋਂ ਅਦਾਕਾਰੀ ਕਰਵਾਉਣ ਅਤੇ ਸੰਵਾਦ ਅਦਾ ਕਰਵਾਉਣ ਦੇ ਮਾਮਲੇ ਵਿਚ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਹਾਂ! ਇਸ ਪੱਖੋਂ ਸੀਨੀਅਰ ਆਰਟਿਸਟ ਸ਼ਾਬਾਨਾ ਆਜ਼ਮੀ ਨੇ ਫਿਲਮ ਬਣਾਉਣ ਵਾਲਿਆਂ ਦੀ ਲੱਜ ਰੱਖੀ ਹੈ। ਕੁਝ ਸਿੱਖ ਹਲਕੇ ਇਸ ਫਿਲਮ ਨੂੰ ਸਿੱਖ ਰਾਜ ਅਤੇ ਸਿੱਖ ਸੰਘਰਸ਼ ਨਾਲ ਜੋੜ ਕੇ ਦੇਖ ਰਹੇ ਹਨ। ਇਨ੍ਹਾਂ ਹਲਕਿਆਂ ਮੁਤਾਬਕ, ਇਹ ਫਿਲਮ ਖੁੱਸੇ ਹੋਏ ਸਿੱਖ ਰਾਜ ਬਾਰੇ ਗਹਿਰੀ ਚਰਚਾ ਛੇੜਨ ਵਿਚ ਕਾਮਯਾਬ ਹੋਈ ਹੈ। ਇਸ ਫਿਲਮ ਦੀ ਚਰਚਾ ਇਕ ਹੋਰ ਪੱਖ ਤੋਂ ਵੀ ਹੋ ਰਹੀ ਹੈ। ਇਸ ਤਹਿਤ ਸਿੱਖ ਰਾਜ ਦੀ ਚਰਚਾ, ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਦੀ ਤੁਲਨਾ ਵਿਚ ਕੀਤੀ ਜਾ ਰਹੀ ਹੈ। ਚਰਚਾ ਅਨੁਸਾਰ, ਬੰਦਾ ਬਹਾਦਰ ਵਾਲਾ ਰਾਜ ਸਹੀ ਅਰਥਾਂ ਵਿਚ ਸਿੱਖੀ ਦੀ ਰੂਹ ਨਾਲ ਜੁੜਿਆ ਹੋਇਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਅੱਜ ਦੇ ਬਾਦਲਕਿਆਂ ਵਾਲੇ ਰਾਜ ਵਰਗਾ ਹੀ ਸੀ ਜਿਸ ਵਿਚ ਰਾਜ ਕਰਨ ਵਾਲੇ ਹੀ ਸਭ ਕੁਝ ਸਨ, ਆਮ ਪਰਜਾ ਦੀ ਇਸ ਰਾਜ ਵਿਚ ਕੋਈ ਪੁੱਛ-ਪ੍ਰਤੀਤ ਨਹੀਂ ਸੀ। ਹੁਣ ਸੋਚਣਾ ਇਹ ਬਣਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਰਾਜ ਚਾਹੀਦਾ ਹੈ? ਬੰਦੇ ਬਹਾਦਰ ਦੇ ਰਾਜ ਵਰਗਾ ਬਰਾਬਰੀ ਵਾਲਾ ਜਾਂ ਮਹਾਰਾਜਾ ਰਣਜੀਤ ਸਿੰਘ ਵਾਲੇ ਸ਼ਾਸਨ ਵਰਗਾ ਵਿਤਕਰੇ ਵਾਲਾ। ਖੈਰ! ਫਿਲਮ ਨੇ ਇਤਿਹਾਸ ਦਾ ਇਕ ਖਾਸ ਪੰਨਾ ਫਰੋਲ ਕੇ ਨਵੀਂ ਪੀੜ੍ਹੀ ਨੂੰ ਇਸ ਤੋਂ ਵਾਕਿਫ ਕਰਵਾਉਣ ਦਾ ਵੱਡਾ ਕਾਰਜ ਕੀਤਾ ਹੈ।ਗਾਂਧੀ ਤੇ ਨੱਥੂ ਰਾਮ ਗੋਡਸੇ
ਮੁੱਦਤ ਪਹਿਲੋਂ ਜਦੋਂ ਨੱਥੂ ਰਾਮ ਗੋਡਸੇ ਦਾ ਅਦਾਲਤ ਵਿਚ ਦਿੱਤਾ ਇਕਬਾਲੀਆ ਬਿਆਨ ਪੜ੍ਹਿਆ, ਮਨ ਵਿਚ ਆਇਆ ਕਿ ਇਸ ਦਾ ਪੰਜਾਬੀ ਵਿਚ ਤਰਜਮਾ ਕਰਕੇ ਛਪਵਾਵਾਂ। ਅਜਿਹਾ ਫੁਰਨਾ ਇਸ ਕਰਕੇ ਨਹੀਂ ਫੁਰਿਆ ਕਿ ਹਲਕੇ ਪੱਧਰ ਦੀ ਉਤੇਜਨਾ ਪੈਦਾ ਕਰਕੇ ਪਾਠਕਾਂ ਦਾ ਮਨੋਰੰਜਨ ਕਰਾਂ। ਗੋਡਸੇ ਦਾ ਇਹ ਬਿਆਨ ਇਕ ਬੰਦੇ ਦਾ ਭਾਸ਼ਣ ਨਹੀਂ ਹੈ, ਇਕ ਵਿਚਾਰਧਾਰਾ ਦੁਨੀਆਂ ਨੂੰ ਦੱਸ ਰਹੀ ਹੈ ਕਿ ਅਸੀਂ ਕਾਫੀ ਭਾਰਤਵਾਸੀ ਮਹਾਤਮਾ ਗਾਂਧੀ ਦੇ ਉਪਾਸ਼ਕ ਨਹੀਂ ਹਾਂ। ਇਹ ਆਰæਐਸ਼ਐਸ਼ ਦੀ ਵਿਚਾਰਧਾਰਾ ਹੈ ਜੋ ਅੱਜ ਵੀ ਗਾਂਧੀਵਾਦ ਵਿਰੁਧ ਹੈ।
ਮੈਂ ਕੁਝ ਗਾਂਧੀ ਨੂੰ ਪੜ੍ਹਿਆ, ਕੁਝ ਗਾਂਧੀ ਬਾਰੇ ਪੜ੍ਹਿਆ ਤਾਂ ਜਾਣਿਆ ਕਿ ਉਹ ਅਦਭੁਤ ਸ਼ਖਸੀਅਤ ਸੀ। ਫਿਰਕਾਪ੍ਰਸਤ ਹਿੰਦੂ ਹੋਣਾ ਤਾਂ ਦਰਕਿਨਾਰ ਜਿਵੇਂ ਕਈ ਗਰਮ-ਖਿਆਲੀ ਸਿੱਖ ਜਥੇਬੰਦੀਆਂ ਆਖਦੀਆਂ ਹਨ, ਗਰਮ-ਖਿਆਲੀ ਹਿੰਦੂ ਵਿਅਕਤੀ ਤੇ ਸੰਗਠਨ ਆਖਦੇ ਸਨ/ਹਨ, ਜਿਹੜਾ ਜਾਤ ਪਾਤ ਵਿਰੁਧ ਬੋਲਦਾ ਤੇ ਕੰਮ ਕਰਦਾ ਹੈ, ਉਹ ਹਿੰਦੂ ਕਿਵੇਂ ਹੋਇਆ? ਮੰਨੂ ਸਮ੍ਰਿਤੀ ਨੂੰ ਨਾ ਮੰਨਣ ਵਾਲਾ ਹੋਰ ਜੋ ਮਰਜ਼ੀ ਹੋਵੇ, ਅਖਵਾਏ, ਹਿੰਦੂ ਨਹੀਂ ਹੋ ਸਕਦਾ। ਕਾਂਗਰਸ ਵਿਚਲੇ ਉਚਕੋਟੀ ਦੇ ਸਨਾਤਨੀ ਬ੍ਰਾਹਮਣ ਨੇਤਾ ਗਾਂਧੀ ਜੀ ਦੇ ਬਰਾਬਰ ਬੈਠ ਕੇ ਖਾਣਾ ਨਹੀਂ ਸਨ ਖਾਂਦੇ ਕਿ ਅਜਿਹਾ ਕਰਨ ਨਾਲ ਧਰਮ ਭ੍ਰਿਸ਼ਟ ਹੋ ਜਾਏਗਾ।
ਗਾਂਧੀ ਲੰਡਨ ਤੋਂ ਬ੍ਰਿਟਿਸ਼ ਲਾਅ ਪੜ੍ਹ ਕੇ ਆਇਆ। ਉਸ ਨੇ ਸਰਕਾਰ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਇਹ ਟੱਕਰ ਕਿਸੇ ਕਿਸਮ ਦੀ ਹੋਵੇ? ਹਿੰਸਕ ਹਰਗਿਜ਼ ਨਹੀਂ। ਰੋਲ-ਮਾਡਲ ਕੌਣ ਹੋਵੇ? ਟੱਕਰ ਕਿਉਂਕਿ ਈਸਾਈ ਸਰਕਾਰ ਨਾਲ ਹੋਵੇਗੀ, ਇਸ ਲਈ ਕੋਈ ਨਵਾਂ ਪੁਰਾਣਾ ਭਾਰਤੀ ਨਹੀਂ, ਈਸਾ ਮਸੀਹ ਉਸ ਦਾ ਪ੍ਰੇਰਨਾ ਸ੍ਰੋਤ ਨਾਇਕ ਹੋਵੇਗਾ। ਗਾਂਧੀ ਨੇ ਦੁਨੀਆਂ ਅੱਗੇ ਸਾਬਤ ਕਰਨਾ ਸੀ ਕਿ ਰਾਜ ਕਰਦੇ ਗੋਰੇ ਈਸਾ ਨੂੰ ਭੁੱਲ ਗਏ ਹਨ, ਮੈਂ ਈਸਾ ਦੇ ਰਸਤੇ ਚੱਲ ਕੇ ਦਿਖਾਵਾਂਗਾ, ਸਾਬਤ ਕਰਾਂਗਾ ਅੰਗਰੇਜ਼ ਭਟਕ ਗਏ ਹਨ। ਜ਼ਫਰਨਾਮੇ ਵਿਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਵਾਸਤੇ ਵਰਤੀ ਸ਼ੈਲੀ ਅਤੇ ਸਮੱਗਰੀ ਦੇਖੋ। ਉਹ ਸਾਬਤ ਕਰ ਰਹੇ ਹਨ ਕਿ ਔਰੰਗਜ਼ੇਬ, ਨਾ ਤੈਨੂੰ ਇਸਲਾਮ ਦੀ ਸਮਝ, ਨਾ ਕੁਰਾਨ ਦੀ ਕਦਰ। ਤੂੰ ਤੇ ਮੈ ਬੁੱਤਸ਼ਿਕਨ ਹਾਂ, ਪਹਾੜੀ ਹਿੰਦੂ ਰਾਜੇ ਬੁੱਤਪੂਜ ਹਨ, ਤੂੰ ਮੇਰੇ ਖਿਲਾਫ ਬੁੱਤਪੂਜਾਂ ਦੀ ਮਦਦ ਕੀਤੀ ਤਾਂ ਕਿਵੇਂ ਮੰਨੀਏ ਤੈਨੂ ਇਸਲਾਮ ਦੀ ਸਮਝ ਹੈ? ਤੂੰ ਕੁਰਾਨ ਉਪਰ ਝੂਠੀਆਂ ਸਹੁੰਆਂ ਖਾ ਕੇ ਤੋੜੀਆਂ, ਮੈਂ ਕੁਰਾਨ ਉਪਰ ਇਤਬਾਰ ਕੀਤਾ ਇਸ ਵਾਸਤੇ ਕੁਰਾਨ ਨੇ ਮੇਰੀ ਹਿਫਾਜ਼ਤ ਕੀਤੀ।
ਦੇਸ਼ ਵੰਡ ਹੋਈ ਨੂੰ ਹੁਣ ਤਾਂ ਸੱਤਰ ਸਾਲ ਬੀਤ ਗਏ ਹਨ, ਕੀ ਹੁਣ ਵੀ ਇਸ ਤੱਥ ਤੋਂ ਮੁਕਰਨਾ ਸਹੀ ਹੈ ਕਿ ਗਾਂਧੀ ਨੇ ਦੇਸ਼ ਵੰਡ ਦੀ ਮੰਗ ਪ੍ਰਵਾਨ ਕਰਕੇ ਗਲਤ ਕੰਮ ਕੀਤਾ? ਦਿੱਲੀ ਵਿਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਉਦੋਂ ਪੰਜਾਬ ਅਤੇ ਬੰਗਾਲ ਵਿਚ ਜਿਸਮਾਂ ਨਾਲ ਲੋਹਾ ਟਕਰਾ ਰਿਹਾ ਸੀ, ਬਲਾਤਕਾਰ ਹੋ ਰਹੇ ਸਨ, ਦੁੱਧ ਚੁੰਘਦੇ ਬੱਚੇ ਬਰਛਿਆਂ ਵਿਚ ਪਰੋਏ ਜਾ ਰਹੇ ਸਨ।
ਨੱਥੂ ਰਾਮ ਦੇ ਪੱਖ ਨਾਲ ਸਹਿਮਤ ਨਾ ਹੋਵੋ, ਉਸ ਵੱਲੋਂ ਕੀਤੇ ਕਤਲ ਦੀ ਘੋਰ ਨਿੰਦਾ ਕਰੋ ਪਰ ਜਾਣ ਤਾਂ ਲਵੋ ਉਹ ਕੁਝ ਕਹਿਣਾ ਚਾਹੁੰਦਾ ਹੈ। ਈਸਾ ਨੂੰ ਉਸ ਦੇ ਮਿੱਤਰ ਨੇ ਮੁਖਬਰੀ ਕਰਕੇ ਫੜਵਾਇਆ ਸੀ। ਈਸਾਈ ਇਸ ਘਟਨਾ ਨੂੰ ਯਾਦ ਕਰਦਿਆਂ ਆਖਦੇ ਹਨ, “ਦੁਸ਼ਮਣਾਂ ਉਤੇ ਨਹੀਂ, ਸਾਨੂੰ ਤੇਰੇ ਦੋਸਤਾਂ ਉਤੇ ਗਿਲਾ ਹੈ ਮਸੀਹਾ, ਦੁਸ਼ਮਣ ਤਾਂ ਅੱਜ ਵੀ ਤੇਰੇ ਦੁਸ਼ਮਣ ਹਨ।”
-ਹਰਪਾਲ ਸਿੰਘ ਪੰਨੂ
ਫੋਨ: 91-94642-51454