ਹਿੰਦੂਵਾਦੀਆਂ ਦੀ ਅੱਜ ਕੱਲ੍ਹ ਹਰ ਖੇਤਰ ਵਿਚ ਖਾਸੀ ਚੜ੍ਹਾਈ ਹੈ। ਹੁਣ ਆਰæਐਸ਼ਐਸ਼ ਦੇ ਸੰਸਥਾਪਕ ਕੇਸ਼ਵ ਹੈਡਗੇਵਾਰ ਉਤੇ ਫੀਚਰ ਫਿਲਮ ਬਣਾਉਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਹੈਡਗੇਵਾਰ ਨੇ 1925 ਨੂੰ ਨਾਗਪੁਰ ਵਿਚ ਆਰæਐਸ਼ਐਸ਼ ਕਾਇਮ ਕੀਤੀ ਸੀ। ਫਿਲਮੀ ਖੇਤਰ ਵਿਚ ਵੀ ਹਿੰਦੂਵਾਦੀ ਸਰਗਰਮ ਹਨ।
ਜਦੋਂ ਮੁਸਲਿਮ ਘੱਟ ਗਿਣਤੀਆਂ ਖਿਲਾਫ ਪਿਛਲੇ ਸਾਲ ਕਤਲੋਗਾਰਤ ਹੋਈ ਸੀ ਅਤੇ ਲੇਖਕਾਂ ਨੇ ਕੌਮੀ ਸਾਹਿਤ ਅਕਾਦਮੀ ਇਨਾਮ ਮੋੜ ਕੇ ਸਰਕਾਰ ਦਾ ਨੱਕ ਵਿਚ ਦਮ ਕਰ ਦਿੱਤਾ ਸੀ, ਤਾਂ ਅਨੂਪਮ ਖੇਰ, ਅਸ਼ੋਕ ਪੰਡਿਤ ਅਤੇ ਮਧੁਰ ਭੰਡਾਰਕਰ ਵਰਗੇ ਕਲਾਕਾਰ ਸਰਕਾਰ ਦੇ ਹੱਕ ਵਿਚ ਡਟ ਗਏ ਸਨ। ਹੁਣ ਮਧੁਰ ਭੰਡਾਰਕਰ ਨੇ ਜਿਹੜੀ ਫਿਲਮ ‘ਇੰਦੂ ਸਰਕਾਰ’ ਬਣਾਈ ਹੈ, ਉਹ ਕਾਂਗਰਸ ਅਤੇ ਇੰਦਰਾ ਗਾਂਧੀ ‘ਤੇ ਸਿੱਧਾ ਹਮਲਾ ਹੈ। ਅਸਲ ਵਿਚ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਸਿਆਸਤ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਹੌਲੀ ਹੌਲੀ ਖਦੇੜ ਰਹੀ ਹੈ। ਕਾਂਗਰਸ ਦੀਆਂ ਕਮਜ਼ੋਰੀਆਂ ਕਾਰਨ ਹੁਣ ਮਾਹੌਲ ਵੀ ਇਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਬਣਿਆ ਹੋਇਆ ਹੈ। ਪਿਛੇ ਜਿਹੇ ਪਾਕਿਸਤਾਨੀ ਕਲਾਕਾਰਾਂ ਖਿਲਾਫ਼ ਮੁਹਿੰਮ ਦਾ ਵੀ ਇਸ ਮਾਹੌਲ ਨੂੰ ਬੰਨ੍ਹਣ ਵਿਚ ਖਾਸਾ ਯੋਗਦਾਨ ਰਿਹਾ ਸੀ ਅਤੇ ਭਾਜਪਾ ਇਸ ਮਾਹੌਲ ਦਾ ਸਿਆਸੀ ਲਾਹਾ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੈਡਗੇਵਾਰ, ਦੀਨਦਿਆਲ ਉਪਾਧਿਆਏ ਤੇ ਆਰæਐਸ਼ਐਸ਼ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਬਾਰੇ ਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।