ਧਰਮ ਅਤੇ ਰਾਜਨੀਤੀ ਦੇ ਪ੍ਰਸੰਗ ਵਿਚ ਸਿੱਖ ਧਰਮ ਦੀ ਹਕੀਕਤ

ਸਿੱਖ ਸਮਾਜ ਵਿਚ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਕਈ ਵਿਦਵਾਨ ਧਰਮ ਵਿਚੋਂ ਰਾਜਨੀਤੀ ਨੂੰ ਮਨਫੀ ਕਰਨਾ ਚਾਹੁੰਦੇ ਹਨ ਤੇ ਕਈ ਦੋਹਾਂ ਦੇ ਆਪਸੀ ਸੁਮੇਲ ਦੀ ਗੱਲ ਕਰਦੇ ਹਨ। ਪਿਛਲੇ ਅੰਕ ਵਿਚ ਅਸੀਂ ਇਸੇ ਵਿਸ਼ੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਅਤੇ ਸਿੱਖ ਵਿਦਵਾਨ ਡਾæ ਬਲਕਾਰ ਸਿੰਘ ਦੇ ਵਿਚਾਰ ਛਾਪੇ ਸਨ। ਸ਼ ਹਾਕਮ ਸਿੰਘ ਨੇ ਇਸ ਲੇਖ ਵਿਚ ਉਸੇ ਵਿਚਾਰ ਚਰਚਾ ਨੂੰ ਅੱਗੇ ਤੋਰਿਆ ਹੈ।

-ਸੰਪਾਦਕ

ਹਾਕਮ ਸਿੰਘ

ਸਿੱਖ ਚਿੰਤਕ ਰਾਜਨੀਤੀ ਦੇ ਸਿੱਖ ਧਰਮ ‘ਤੇ ਹਾਵੀ ਹੋ ਜਾਣ ਤੋਂ ਚਿੰਤਤ ਹਨ। ਸਿੱਖ ਧਰਮ ਅਤੇ ਰਾਜਨੀਤੀ ਦਾ ਸੁਮੇਲ ਉਦੋਂ ਤੋਂ ਚਲਦਾ ਆ ਰਿਹਾ ਹੈ ਜਦੋਂ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਪਹਿਲੀ ਤੇ ਅਸਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਹੋਂਦ ਵਿਚ ਆਏ ਸਨ। ਪਰ 1925 ਦੇ ਗੁਰਦੁਆਰਾ ਐਕਟ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਸਰਕਾਰੀ ਕਾਨੂੰਨ ਅਤੇ ਅਕਾਲ ਤਖਤ ਨੂੰ ਉਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਅਧੀਨ ਕਰ ਦਿੱਤਾ। ਹੁਣ ਜਦੋਂ ਅਕਾਲ ਤਖਤ ਦੀ ਪ੍ਰਭੂਸੱਤਾ ਦਾ ਜ਼ਿਕਰ ਆਉਂਦਾ ਹੈ ਤਾਂ ਪ੍ਰਭੂਸੱਤਾ ਦੇ ਅਰਥ ਬਦਲੇ ਹੋਏ ਹੁੰਦੇ ਹਨ। ਅਜੋਕੇ ਸਿੱਖ ਧਰਮ ਦੀ ਹਕੀਕਤ ਬਿਆਨ ਕਰਨ ਦਾ ਯਤਨ ਕਰਦੇ ਹਾਂ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦਾ ਆਧਾਰ ਹੈ ਅਤੇ ਹਰ ਸਿੱਖ ਗੁਰਬਾਣੀ ਨੂੰ ਆਪਣਾ ਗੁਰੂ ਅਤੇ ਇਸ਼ਟ ਮੰਨ ਕੇ ਉਸ ਅੱਗੇ ਸਿਰ ਝੁਕਾਉਂਦਾ ਹੈ। ਗੁਰਬਾਣੀ ਪ੍ਰਭੂ ਦਾ ਅਤੇ ਉਸ ਦੀ ਸਾਜੀ ਸ੍ਰਿਸ਼ਟੀ, ਸੰਸਾਰ ਅਤੇ ਮਨੁੱਖ ਨਾਲ ਸਬੰਧਾਂ ਦਾ ਗਿਆਨ ਪ੍ਰਦਾਨ ਕਰਦੀ ਹੈ। ਗੁਰਬਾਣੀ ਅਨੁਸਾਰ ਸੰਸਾਰ ‘ਤੇ ਮਾਇਆ ਦਾ ਕੰਟਰੋਲ ਹੈ ਅਤੇ ਮਾਇਆ ਧਰਮ ਦੀ ਵਿਰੋਧੀ ਹੈ। ਗੁਰਬਾਣੀ ਦਾ ਫੁਰਮਾਨ ਹੈ:
ਇਹੁ ਸੰਸਾਰੁ ਤੇ ਤਬ ਹੀ ਛੂਟਉ
ਜਉ ਮਾਇਆ ਨਹ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ
ਤਿਹ ਤਜਿ ਦਰਸਨੁ ਪਾਵਉ॥ (ਪੰਨਾ 693)
ਮਾਇਆ ਕਾਰਨ ਹੀ ਗੁਰਬਾਣੀ ਸੰਸਾਰ ਨੂੰ ਝੂਠਾ, ਸੁਪਨਾ, ਵਿਸ਼, ਭਉਜਲ, ਭਰਮਾਊ, ਅੰਧ ਕੂਪ, ਸਿਵ ਸਕਤੀ ਕਾ ਮੇਲ ਆਦਿ ਆਖਦੀ ਹੈ। ਇਸ ਸਬੰਧ ਵਿਚ ਗੁਰਬਾਣੀ ਦਾ ਫੁਰਮਾਨ ਹੈ:
ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੋ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ
ਜਿਉ ਬਾਲੂ ਕੀ ਭੀਤ॥ (ਪੰਨਾ 1428)

ਜਗ ਸੁਪਨਾ ਬਾਜੀ ਬਨੀ
ਖਿਨ ਮਹਿ ਖੇਲੁ ਖੇਲਾਇ॥ (ਪੰਨਾ 18)

ਬਾਬਾ ਬਿਖੁ ਦੇਖਿਆ ਸੰਸਾਰੁ॥ (ਪੰਨਾ 382)

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ॥ (ਪੰਨਾ 353)

ਹਉਮੈ ਮੇਰਾ ਭਰਮੈ ਸੰਸਾਰੁ॥ (ਪੰਨਾ 841)

ਉਧਰੁ ਦੇਹ ਅੰਧ ਕੂਪ ਤੇ
ਲਾਵਹੁ ਅਪੁਨੀ ਚਰਣੀ॥ (ਪੰਨਾ 702)

ਮਾਇਆ ਭੁਇਅੰਗਮ ਸਰਪੁ ਹੈ
ਜਗੁ ਘੇਰਿਆ ਬਿਖੁ ਮਾਇ॥ (ਪੰਨਾ 1415)

ਲਿਵ ਛੁੜਕੀ ਲਗੀ ਤ੍ਰਿਸਨਾ
ਮਾਇਆ ਅਮਰੁ ਵਰਤਾਇਆ॥
ਇਹ ਮਾਇਆ ਜਿਤੁ ਹਰਿ ਵਿਸਰੈ
ਮੋਹ ਉਪਜੈ ਭਾਉ ਦੂਜਾ ਲਾਇਆ॥ (ਪੰਨਾ 921)

ਮਾਇਆ ਮੋਹੁ ਸਭੁ ਦੁਖੁ ਹੈ
ਖੋਟਾ ਇਹੁ ਵਾਪਾਰਾ ਰਾਮ॥ (ਪੰਨਾ 570)
ਮਾਇਆ ਨੇ ਮਨੁੱਖ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ:
ਜਹ ਦੇਖਾ ਤਹ ਰਵਿ ਰਹੇ
ਸਿਵ ਸਕਤੀ ਕਾ ਮੇਲੁ॥
ਤ੍ਰਿਹੁ ਗੁਣ ਬੰਧੀ ਦੇਹੁਰੀ
ਜੋ ਆਇਆ ਜਗਿ ਸੋ ਖੇਲੁ॥ (ਪੰਨਾ 21)
ਬਾਬਾ ਮਾਇਆ ਸਾਥਿ ਨ ਹੋਇ॥
ਇਨਿ ਮਾਇਆ ਜਗ ਮੋਹਿਆ
ਵਿਰਲਾ ਬੂਝੈ ਕੋਇ॥ (ਪੰਨਾ 595)
ਮਾਇਆ ਮਮਤਾ ਮੋਹਣੀ
ਜਿਨਿ ਵਿਣੁ ਦੰਤਾ ਜਗੁ ਖਾਇਆ॥ (ਪੰਨਾ 643)
ਪ੍ਰਭੂ ਨੇ ਮਨੁੱਖ ਤੋਂ ਦੂਰੀ ਬਣਾਉਣ ਲਈ ਸੰਸਾਰ ‘ਚ ਮਾਇਆ ਆਪ ਪਾਈ ਹੈ, “ਮਾਇਆ ਮਮਤਾ ਕਰਤੈ ਲਾਈ॥” (ਪੰਨਾ 1261) ਸੰਸਾਰ ਵਿਚ ਮਾਇਆ ਦਾ ਭਰਮਜਾਲ ਮਨੁੱਖ ਨੂੰ ਮਾਨਵਤਾ ਵਿਚ ਪ੍ਰਭੂ ਦੇ ਦਰਸ਼ਨ ਨਹੀਂ ਕਰਨ ਦਿੰਦਾ ਅਤੇ ਉਸ ਦੇ ਅੰਦਰ ਵਸ ਰਹੇ ਪ੍ਰਭੂ ਨਾਲ ਮਿਲਣ ਨਹੀਂ ਦਿੰਦਾ। ਜਾਂ ਇਉਂ ਕਹੋ ਕਿ ਮਾਇਆ ਨੇ ਸਮਾਜ ਨੂੰ ਧਰਮ ਦਾ ਵਿਰੋਧੀ ਬਣਾਇਆ ਹੋਇਆ ਹੈ। ਪਰ ਅਜੋਕਾ ਸਿੱਖ ਧਰਮ, ਜਿਸ ਨੂੰ ਗੁਰਬਾਣੀ ‘ਤੇ ਆਧਾਰਤ ਸਮਝਿਆ ਜਾਂਦਾ ਹੈ, ਇੱਕ ਸਮਾਜਕ ਇਕਾਈ ਤੇ ਸਿਆਸੀ ਹਸਤੀ ਵਜੋਂ ਵਿਚਰਦਾ ਹੈ ਅਤੇ ਆਪਣੇ ਆਪ ਨੂੰ ਸਿੱਖ ਪੰਥ ਤੇ ਪੰਥ ਗੁਰੂ ਆਖਦਾ ਹੈ। ਸਿੱਖ ਧਰਮ ਤੋਂ ਬਾਹਰਲੇ ਨਿਰੀਖਕ ਲਈ ਕੈਸੀ ਅਜੀਬ ਸਥਿਤੀ ਬਣ ਜਾਂਦੀ ਹੋਵੇਗੀ ਜਦੋਂ ਉਹ ਸਿੱਖ ਨੂੰ ਉਸੇ ਸੰਸਾਰ ਦਾ ਉਪਾਸ਼ਕ ਬਣਿਆ ਦੇਖਦਾ ਹੈ ਜਿਸ ਨੂੰ ਗੁਰਬਾਣੀ ਧਰਮ ਦਾ ਵੈਰੀ ਮੰਨਦੀ ਹੈ। ਇਸ ਅਸੰਗਤੀ ਦਾ ਹੱਲ ਕੱਢਣ ਅਤੇ ਸਿੱਖ ਜਗਤ ਨੂੰ ਭਰੋਸਾ ਦਿਵਾਉਣ ਲਈ ਸਿੱਖ ਪੁਜਾਰੀ ਸ਼੍ਰੇਣੀ ਨੇ ਧਰਮ ਨੂੰ ਹੀ ਇੱਕ ਦੂਜੇ ਤੋਂ ਉਲਟ ਦੋ ਵੱਖਰੇ ਅਰਥ ਦੇ ਦਿੱਤੇ ਹਨ। ਇੱਕ ਪਾਸੇ ਅਧਿਆਤਮਕ ਗਿਆਨ ਦੀ ਪ੍ਰਾਪਤੀ ਦੇ ਮਾਰਗ ਨੂੰ ਧਰਮ ਆਖਿਆ ਜਾਂਦਾ ਹੈ, ਜਿਸ ਨੂੰ ਗੁਰਬਾਣੀ “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ॥” (ਪੰਨਾ 1168) ਅਤੇ “ਕਬੀਰਾ ਜਹਾ ਗਿਆਨੁ ਤਹ ਧਰਮ ਹੈ ਜਹਾ ਝੂਠੁ ਤਹ ਪਾਪੁ॥” (ਪੰਨਾ 1372) ਆਖਦੀ ਹੈ।
ਦੂਜੇ ਪਾਸੇ, ਸਿੱਖ ਇਤਿਹਾਸ ਵਿਚ ਬਿਆਨ ਕੀਤੇ ਸਿੱਖ ਸਮਾਜ ਅਤੇ ਸਿੱਖ ਰਹਿਤ ਨੂੰ ਸਿੱਖ ਧਰਮ ਦਾ ਨਾਂ ਦੇ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਪੰਥ ਜਾਂ ਪੰਥ ਗੁਰੂ ਦੀ ਪਦਵੀ ਵੀ ਦੇ ਦਿੱਤੀ ਜਾਂਦੀ ਹੈ। ਸਮਾਜਕ ਧਰਮ ਜਾਂ ਪੰਥ ਦਾ ਆਧਾਰ ਗੁਰਬਾਣੀ ਨਹੀਂ, ਸਿੱਖ ਇਤਿਹਾਸ ਹੈ। ਗੁਰਬਾਣੀ ਅਤੇ ਇਤਿਹਾਸ ਵਿਚ ਕੋਈ ਸਾਂਝ ਨਹੀਂ ਹੈ ਕਿਉਂਕਿ ਗੁਰਬਾਣੀ ਅਧਿਆਤਮਕ ਗਿਆਨ ਹੈ ਅਤੇ ਇਤਿਹਾਸ ਸਿੱਖ ਸਮਾਜ ਦੀ ਵਿਥਿਆ। ਸਿੱਖ ਧਰਮ ਦੇ ਇਨ੍ਹਾਂ ਦੋ ਵਖਰੇ ਅਤੇ ਅਸੰਗਤ ਅਰਥਾਂ ਕਾਰਨ ਸੂਝਵਾਨ ਸ਼ਰਧਾਲੂਆਂ ਦਾ ਦੁਬਿਧਾ ਵਿਚ ਪੈ ਜਾਣਾ ਸੁਭਾਵਕ ਹੈ ਪਰ ਸਿੱਖ ਪੁਜਾਰੀਆਂ ਨੇ ਇਨ੍ਹਾਂ ਦੋਹਾਂ ਅਰਥਾਂ ਦੇ ਮੂਲ ਅੰਤਰ ਨੂੰ ਨਜ਼ਰ ਅੰਦਾਜ਼ ਕਰਕੇ ਇੱਕ ਦੂਜੇ ਵਿਚ ਰਲਗੱਡ ਕਰ ਦਿੱਤਾ ਹੈ, ਜਿਸ ਬਾਰੇ ਆਮ ਸਿੱਖ ਸੰਤੁਸ਼ਟ ਨਜ਼ਰ ਆਉਂਦੇ ਹਨ ਪਰ ਜਾਗਰੂਕ ਸਿੱਖ ਪ੍ਰੇਸ਼ਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸਿੱਖ ਰਹਿਤ ਮਰਯਾਦਾ’ ਵਿਚ ਇਸ ਅਸੰਗਤੀ ਨੂੰ “ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ, ਸ਼ਖਸੀ ਅਤੇ ਪੰਥਕ” ਕਹਿ ਕੇ ਸੁਲਝਾਉਣ ਦਾ ਯਤਨ ਕੀਤਾ ਹੈ। ਸਿੱਖ ਪ੍ਰਚਾਰਕ ਸੰਤ-ਸਿਪਾਹੀ ਅਤੇ ਦੋ ਤਲਵਾਰਾਂ ਦੇ ਸੰਕਲਪਾਂ ਰਾਹੀਂ ਇਸ ਵਿਰੋਧ ਨੂੰ ਸਮਝਾਉਣ ਦਾ ਯਤਨ ਕਰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਦੋ ਤਲਵਾਰਾਂ ਦਾ ਸੰਕਲਪ ਧਰਮ ਅਤੇ ਸਿਆਸਤ ਦੇ ਮੇਲ ਦਾ ਨਹੀਂ ਬਲਕਿ ਭਿੰਨਤਾ ਦਾ ਸੰਕਲਪ ਹੈ। ਜਿਵੇਂ ਦੋ ਤਲਵਾਰਾਂ ਇਕ ਮਿਆਨ ਵਿਚ ਨਹੀਂ ਸਮਾ ਸਕਦੀਆਂ, ਇਵੇਂ ਹੀ ਧਰਮ ਅਤੇ ਰਾਜਨੀਤੀ ਇੱਕ ਦੂਜੇ ਨਾਲ ਮਿਲ ਕੇ ਨਹੀਂ ਚਲ ਸਕਦੇ। ਰਾਜਨੀਤੀ ਇੱਕ ਕਿੱਤਾ ਹੈ ਜਿਸ ਦਾ ਮਨੋਰਥ ਧਰਮ ਦੇ ਕਿੱਤੇ ਦੇ ਮਨੋਰਥ ਤੋਂ ਵੱਖਰਾ ਹੈ। ਦੋ ਵੱਖਰੇ ਮਨੋਰਥਾਂ ਦਾ ਏਕੀਕਰਨ ਸੰਭਵ ਨਹੀਂ ਹੁੰਦਾ। ਸਿੱਖ ਧਰਮ ਦੀਆਂ ਕਈ ਸਮੱਸਿਆਵਾਂ ਸਿੱਖ ਧਰਮ ਦੇ ਆਗੂਆਂ ਦੀ ਦਵੈਤ ਅਵਸਥਾ ਅਤੇ ਖੰਡਤ ਸ਼ਖਸੀਅਤ ਦਾ ਹੀ ਪਰਿਣਾਮ ਹਨ।
ਸਿੱਖ ਸਮਾਜ ਨੇ ਇੱਕ ਹੋਰ ਅਹਿਮ ਇਤਿਹਾਸਕ ਤੱਥ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਸਿੱਖ ਧਰਮ ਦਾ ਗੁਰੂ ਅਤੇ ਰਹਿਬਰ ਥਾਪਿਆ ਸੀ, ਕਿਸੇ ਇਤਿਹਾਸ, ਹੋਰ ਰਚਨਾ ਜਾਂ ਸਮਾਜਕ ਸਮੂਹ ਨੂੰ ਨਹੀਂ ਅਤੇ ਗੁਰਬਾਣੀ ਗੁਰੂ ਸਾਹਿਬ ਦੇ ਆਦੇਸ਼ਾਂ ਅਤੇ ਗੁਰਬਾਣੀ ਨੂੰ ਬਦਲਣ ਜਾਂ ਉਨ੍ਹਾਂ ਵਿਚ ਵਾਧਾ ਘਾਟਾ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੰਦੀ। ਗੁਰਬਾਣੀ ਦੇ ਫੁਰਮਾਨ ਹਨ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ
ਹੋਰ ਕਚੀ ਬਾਣੀ॥
ਕਹਿਦੇ ਕਚੇ ਸੁਣਦੇ ਕਚੇ
ਕਚੀ ਆਖਿ ਵਖਾਣੀ॥
ਹਰਿ ਹਰਿ ਨਿਤ ਕਰਹਿ ਰਸਨਾ
ਕਹਿਆ ਕਛੂ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ
ਮਾਇਆ ਬੋਲਨਿ ਪਏ ਰਵਾਣੀ॥
ਕਹੈ ਨਾਨਕੁ ਸਤਿਗੁਰੂ ਬਾਝਹੁ
ਹੋਰ ਕਚੀ ਬਾਣੀ॥ (ਪੰਨਾ 920)

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ
ਸੇ ਕੂੜਿਆਰ ਕੂੜੇ ਝੜਿ ਪੜੀਐ॥ (ਪੰਨਾ 304)
ਸਿੱਖ ਧਰਮ ਦੇ ਵਿਸ਼ੇ ‘ਤੇ ਸਿੱਖ ਸ਼ਰਧਾਲੂਆਂ ਅਤੇ ਦੂਜਿਆਂ ਵਲੋਂ ਗੁਰਬਾਣੀ ਤੋਂ ਬਾਹਰ ਜੋ ਕੁਝ ਵੀ ਬੋਲਿਆ ਜਾਂ ਲਿਖਿਆ ਜਾਂਦਾ ਹੈ, ਉਹ ਕੱਚਾ ਅਤੇ ਸ਼ੱਕੀ ਹੈ। ਇਥੇ ਇਹ ਦੱਸਣਾ ਵੀ ਅਣਉਚਿੱਤ ਨਹੀਂ ਹੋਵੇਗਾ ਕਿ ਜਿਨ੍ਹਾਂ ਪੁਰਾਤਨ ਇਤਿਹਾਸਕ ਕਿਰਤਾਂ ਨੂੰ ਬਹੁਤੇ ਸਿੱਖ ਵਿਦਵਾਨ ਸਿੱਖ ਇਤਿਹਾਸ ਦੇ ਸਰੋਤ ਮੰਨਦੇ ਹਨ, ਉਹ ਲਗਭਗ ਸਭ ਗੁਰੂ ਸਾਹਿਬਾਨ ਦੇ ਵਿਰੋਧੀਆਂ ਦੀਆਂ ਲਿਖੀਆਂ ਹਨ ਅਤੇ ਗੁਰਮਤਿ ਵਿਰੋਧੀ ਤੇ ਅਪ੍ਰਮਾਣਕ ਹਨ।
ਕਈ ਸਿੱਖ ਵਿਦਵਾਨ ਗੁਰਬਾਣੀ ਨੂੰ ਸਮਾਜ ਸੁਧਾਰ ਦੀ ਵਿਧੀ ਆਖਦੇ ਹਨ। ਪਰ ਗੁਰਬਾਣੀ ਵਿਚ ਸਮਾਜ ਸੁਧਾਰ ਬਾਰੇ ਕੋਈ ਉਪਦੇਸ਼ ਨਹੀਂ ਹੈ। ਸਮਾਜ ਦੇ ਸਾਰੇ ਝਗੜੇ, ਅਨਿਆਂ, ਜੁਲਮ, ਵਿਤਕਰੇ ਅਤੇ ਵਧੀਕੀਆਂ ਪੰਜ ਵਿਸ਼ੇ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਕਾਰਨ ਵਾਪਰਦੇ ਹਨ। ਮਾਇਆ ਦੇ ਪ੍ਰਭਾਵ ਨੂੰ ਬਦਲਣ ਜਾਂ ਸਮਾਪਤ ਕਰਨ ਦੀ ਯੋਗਤਾ ਮਨੁੱਖ ਵਿਚ ਨਹੀਂ ਹੈ ਕਿਉਂਕਿ ਮਾਇਆ ਤੇ ਸੰਸਾਰ ਵਿਚ ਪ੍ਰਭੂ ਨੇ ਆਪ ਪਾਈ ਹੋਈ ਹੈ ਅਤੇ ਉਹੋ ਉਸ ਨੂੰ ਬਦਲਣਯੋਗ ਹੈ। ਗੁਰਬਾਣੀ ਤਾਂ ਸਮਾਜ ਨੂੰ ਸੰਬੋਧਤ ਹੀ ਨਹੀਂ ਹੈ, ਉਹ ਤੇ ਮਨੁੱਖ ਨੂੰ ਸੰਬੋਧਤ ਹੈ। ਉਹ ਮਨੁੱਖ ਨੂੰ ਆਪਣੇ ਨਿਜੀ ਜੀਵਨ ਵਿਚ ਸੁਧਾਰ ਲਿਆਉਣ ਲਈ ਪੰਜ ਵਿਸ਼ੇ ਵਿਕਾਰਾਂ ਅਤੇ ਹਉਮੈ ਤੋਂ ਮੁਕਤ ਹੋਣ ਲਈ ਪ੍ਰੇਰਤ ਕਰਦੀ ਹੈ, ਉਸ ਨੂੰ ਕਿਸੇ ਸਮਾਜ ਜਾਂ ਸਮਾਜਕ ਧਰਮ ਨੂੰ ਸੁਧਾਰਣ ਦਾ ਉਪਦੇਸ਼ ਨਹੀਂ ਕਰਦੀ।
ਸਿੱਖ ਧਰਮ ਬਾਰੇ ਹੋਰ ਵਿਚਾਰ ਕਰਨ ਤੋਂ ਪਹਿਲੋਂ ਸਿੱਖ ਜੀਵਨ ਬਾਰੇ ਇੱਕ ਤੱਥ ਸਾਂਝਾ ਕਰਨਾ ਜ਼ਰੂਰੀ ਹੈ। ਉਹ ਇਹ ਕਿ ਸਿੱਖ ਰਹਿਤ ਮਰਯਾਦਾ ਜਥੇਦਾਰਾਂ ਅਤੇ ਪੁਜਾਰੀਆਂ ਦੇ ਸਿੱਖ ਧਰਮ ਬਾਰੇ ਵਿਚਾਰਾਂ ਨੇ ਸਾਧਾਰਣ ਸਿੱਖ ਦੀ ਸੋਚ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ ਹੈ। ਸਾਧਾਰਣ ਸਿੱਖ ਨੇ ਆਪਣੇ ਵਿਅਕਤਿਤਵ ਨੂੰ ਖੰਡਿਤ ਹੋਣ ਤੋਂ ਬਚਾਇਆ ਹੋਇਆ ਹੈ ਅਤੇ ਉਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਇਸੇ ਕਰਕੇ ਸੰਸਾਰ ਭਰ ਵਿਚ ਸਿੱਖ ਭਾਈਚਾਰਾ ਸਫਲ ਅਤੇ ਸਨਮਾਨਤ ਹੈ। ਇਹ ਗੁਰਬਾਣੀ ਦੀ ਬਖਸ਼ਿਸ਼ ਹੀ ਆਖੀ ਜਾ ਸਕਦੀ ਹੈ ਕਿ ਔਖੇ ਤੋਂ ਔਖੇ ਕੰੰਮ ਨੂੰ ਬਹੁਤੇ ਸਿੱਖ ਸਫਲਤਾ ਸਹਿਤ ਨਿਭਾ ਰਹੇ ਹਨ। ਸਿੱਖ ਜੀਵਨ ਵਿਚ ਪ੍ਰਭੂ ਤੇ ਭਰੋਸਾ, ਉਦਮ, ਸੇਵਾ ਭਾਵਨਾ ਅਤੇ ਹਲੀਮੀ ਜੈਸੇ ਅਦੁੱਤੀ ਗੁਣ ਗੁਰਬਾਣੀ ਦੇ ਪ੍ਰਭਾਵ ਦੀ ਹੀ ਦੇਣ ਹਨ।
ਗੁਰਬਾਣੀ ਅਧਿਆਤਮਕ ਗਿਆਨ ਹੈ ਅਤੇ ਗਿਆਨ ਸਿਖਿਆ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਗਿਆਨ ਦੀ ਸਿਖਿਆ ਲਈ ਸਿਖਿਆ ਪ੍ਰਣਾਲੀਆਂ ਹੋਂਦ ਵਿਚ ਆਉਂਦੀਆਂ ਹਨ। ਗੁਰਬਾਣੀ ਵਿਚ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ ਧਰਮਸਾਲ ਅਤੇ ਸੰਗਤ ਦੀ ਸਥਾਪਨਾ ਦਾ ਉਪਦੇਸ਼ ਹੈ:
ਮੋਹਨ ਤੇਰੇ ਸੋਹਿਨਿ ਦੁਆਰ
ਜੀਉ ਸੰਤ ਧਰਮਸਾਲਾ॥
ਧਰਮਸਾਲ ਅਪਾਰ ਦੈਆਰ
ਠਾਕੁਰ ਸਦਾ ਕੀਰਤਨ ਗਾਵਹੇ॥
ਜਹ ਸਾਧ ਸੰਤ ਇਕਤ੍ਰ ਹੋਵਿਹ
ਤਹਾ ਤੁਝਹਿ ਧਿਆਵਹੇ॥ (ਪੰਨਾ 248)

ਸਤਸੰਗਤਿ ਸਤਿਗੁਰ ਚਟਸਾਲ ਹੈ
ਜਿਤੁ ਹਰਿ ਗੁਣ ਸਿਖਾ॥ (ਪੰਨਾ 1316)
ਸੰਸਾਰਕ ਗਿਆਨ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ ਅਤੇ ਸਮਾਜਕ ਧਰਮ ਦੀ ਸਿਖਿਆ ਮੰਦਿਰਾਂ, ਗੁਰਦੁਆਰਿਆਂ, ਗਿਰਜਿਆਂ, ਮਸਜਿਦਾਂ ਅਤੇ ਮਦਰੱਸਿਆਂ ਵਿਚ ਦਿੱਤੀ ਜਾਂਦੀ ਹੈ। ਪਰ ਅਜੋਕੇ ਗੁਰਦੁਆਰਿਆਂ ਵਿਚ ਧਾਰਮਕ ਸਿਖਿਆ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦੀ ਅਗਵਾਈ ਧਰਮ ਸ਼ਾਸਤਰੀਆਂ ਤੇ ਵਿਦਵਾਨਾਂ ਦੀ ਥਾਂ ਪ੍ਰਬੰਧਕਾਂ ਤੇ ਪੁਜਾਰੀਆਂ ਨੂੰ ਸੌਂਪੀ ਹੋਈ ਹੈ ਜਿਨ੍ਹਾਂ ਦੀ ਸਿਖਿਆ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸੇ ਲਈ ਸਿੱਖ ਵਿਦਵਾਨਾਂ ਨੇ ਸਿੱਖ ਧਰਮ ਦੀ ਸਿਖਿਆ ਲਈ ਮਿਸ਼ਨਰੀ ਸੰਸਥਾਵਾਂ ਸਥਾਪਤ ਕਰ ਲਈਆਂ ਹਨ।
ਵੇਖਣ ਵਿਚ ਆਇਆ ਹੈ ਕਿ ਅਧਿਆਤਮਕ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਬਹੁਤ ਘੱਟ ਲੋਕਾਂ ਦੀ ਰੁਚੀ ਹੁੰਦੀ ਹੈ ਜਦੋਂ ਕਿ ਸਮਾਜਕ ਧਰਮ ਦੇ ਸ਼ਰਧਾਲੂਆਂ ਦੀ ਧਰਮ ਅਸਥਾਨਾਂ ‘ਤੇ ਭੀੜ ਲੱਗੀ ਰਹਿੰਦੀ ਹੈ। ਕਾਰਨ ਇਹ ਹੈ ਕਿ ਸਮਾਜਕ ਧਰਮ ਲੋਕਾਂ ਦੀ ਇੱਕ ਬਹੁਤ ਜ਼ਰੂਰੀ ਲੋੜ ਪੂਰੀ ਕਰਦਾ ਹੈ। ਉਹ ਲੋੜ ਹੈ, ਮਨੁੱਖ ਵਿਚ ਆਪਣੇ ਚੌਗਿਰਦੇ ਨੂੰ ਜਾਣਨ, ਸਮਝਣ ਅਤੇ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਬਦਲਣ ਤੇ ਢਾਲਣ ਦੀ ਉਤਸੁਕਤਾ। ਧਰਮ ਉਸੇ ਉਤਸੁਕਤਾ ਦਾ ਤਸੱਲੀਬਖਸ਼ ਨਿਵਾਰਣ ਕਰਨ ਦਾ ਭਰੋਸਾ ਦਿਵਾਉਂਦਾ ਹੈ। ਉਸੇ ਉਤਸੁਕਤਾ ਨੇ ਮਨੁੱਖ ਨੂੰ ਮਨੁੱਖ, ਸਮਾਜ, ਸੰਸਾਰ ਅਤੇ ਸ੍ਰਿਸ਼ਟੀ ਬਾਰੇ ਵਿਗਿਆਨਕ ਜਾਣਕਾਰੀ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ ਹੈ। ਸਾਧਾਰਣ ਲੋਕ ਨਾ ਸਮਝ ਆਉਣ ਵਾਲੀਆਂ ਘਟਨਾਵਾਂ ਅਤੇ ਮੁਸੀਬਤਾਂ ਨੂੰ ਅਕਸਰ ਕਿਸੇ ਅਦਿੱਖ ਸ਼ਕਤੀ ਜਾਂ ਪ੍ਰਭੂ ਦੇ ਹੁਕਮ ਦਾ ਨਤੀਜਾ ਸਮਝਦੇ ਹਨ। ਉਹ ਆਪਣੀ ਸੁਖ-ਸੁਵਿਧਾ ਲਈ ਉਸੇ ਪ੍ਰਭੂ ਜਾਂ ਸ਼ਕਤੀ ਨੂੰ ਆਪਣੀ ਰਖਿਆ ਅਤੇ ਬਿਹਤਰੀ ਲਈ ਵਰਤਣ ਦੇ ਚਾਹਵਾਨ ਵੀ ਹੁੰਦੇ ਹਨ। ਧਰਮ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਲੋੜਾਂ ਤੇ ਸੰਸਾਰਕ ਇੱਛਾਵਾਂ ਦੀ ਪੂਰਤੀ ਅਤੇ ਉਸ ਦਾ ਅਗਿਆਨ ਦੂਰ ਕਰਨ ਦਾ ਭਰੋਸਾ ਦਿੰਦਾ ਹੈ। ਪੁਜਾਰੀ ਪ੍ਰਭੂ ਜਾਂ ਕਿਸੇ ਗੈਬੀ ਸ਼ਕਤੀ ਦੇ ਦਲਾਲ ਹੋਣ ਦਾ ਦਾਅਵਾ ਕਰਦੇ ਹਨ ਅਤੇ ਸ਼ਰਧਾਲੂਆਂ ਦੀਆਂ ਬੇਨਤੀਆਂ ਨੂੰ ਉਸ ਸ਼ਕਤੀ ਅੱਗੇ ਪੇਸ਼ ਕਰਨ ਅਤੇ ਪ੍ਰਵਾਨ ਕਰਵਾਉਣ ਦਾ ਵਿਸ਼ਵਾਸ ਦਿਵਾਉਂਦੇ ਹਨ। ਸਾਧਾਰਣ ਲੋਕ ਧਾਰਮਕ ਆਗੂਆਂ ਅਤੇ ਪੁਜਾਰੀਆਂ ‘ਤੇ ਭਰੋਸਾ ਕਰ ਕੇ ਉਨ੍ਹਾਂ ਦੇ ਸ਼ਰਧਾਲੂ ਬਣ ਜਾਂਦੇ ਹਨ। ਸਮਾਜਕ ਧਰਮ ਮਨੁੱਖ ਦੀਆਂ ਮਾਨਸਿਕ ਅਤੇ ਸਮਾਜਕ ਲੋੜਾਂ ਉਨ੍ਹਾਂ ਦੀ ਸ਼ਰਧਾ ਬਦਲੇ ਪੂਰੀਆਂ ਕਰਨ ਦਾ ਵਿਸ਼ਵਾਸ ਦੁਆਉਂਦਾ ਹੈ। ਇਸ ਪ੍ਰਕਾਰ ਦੇ ਆਦਾਨ ਪ੍ਰਦਾਨ ਨੂੰ ਵਪਾਰ ਸਮਝਿਆ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਪੁਜਾਰੀ ਵਰਗ ਧਰਮਾਂ ਦਾ ਵਪਾਰ ਕਰਦੇ ਆ ਰਹੇ ਹਨ ਅਤੇ ਲੋਕਾਂ ਦੀ ਬੁਹਗਿਣਤੀ ਉਨ੍ਹਾਂ ਦੀ ਗਾਹਕ ਬਣੀ ਹੋਈ ਹੈ। ਪੁਰਾਤਨ ਸਮਿਆਂ ਵਿਚ ਪੁਜਾਰੀ ਰਾਜਿਆਂ ਦੇ ਸਹਾਇਕ ਜਾਂ ਭਾਈਵਾਲ ਹੁੰਦੇ ਸਨ ਅਤੇ ਅੱਜ ਕੱਲ੍ਹ ਉਹ ਆਪਣੇ ਵੋਟ ਬੈਂਕ ਬਣਾ ਕੇ ਰਾਜ ਪ੍ਰਬੰਧ ਵਿਚ ਭਾਈਵਾਲੀ ਪਾ ਲੈਂਦੇ ਹਨ। ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ ਕਈ ਵੇਰ ਧਾਰਮਕ ਆਗੂਆਂ ਨੂੰ ਖੁਦਮੁਖਤਾਰ ਰਾਜ ਸਥਾਪਤ ਕਰਨ ਲਈ ਵੀ ਉਤਸ਼ਾਹਤ ਕਰ ਦਿੰਦੀ ਹੈ।
ਧਰਮ ਦੇ ਸ਼ਰਧਾਲੂਆਂ ਦੀ ਬੁਹਗਿਣਤੀ ਪੁਜਾਰੀਆਂ ਦੀਆਂ ਅਰਦਾਸਾਂ, ਪਾਠਾਂ ਜਾਂ ਮੰਤਰਾਂ ਨੂੰ ਨਿਜੀ ਅਤੇ ਪਰਿਵਾਰਕ ਸਮੱਸਿਆਵਾਂ, ਚਿੰਤਾਵਾਂ, ਆਰਥਿਕ ਚੁਣੌਤੀਆਂ, ਬੀਮਾਰੀਆਂ ਤੇ ਮਾਨਸਿਕ ਤਣਾਓ ਹੱਲ ਕਰਨ ਅਤੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਕਾਰਗਰ ਸਮਝਦੀ ਹੈ। ਇਹ ਬਹੁਤ ਹੀ ਗੈਰ-ਕੁਦਰਤੀ ਵਿਸ਼ਵਾਸ ਹੈ ਕਿਉਂਕਿ ਕੁਦਰਤ ਦੇ ਨਿਯਮਾਂ ਅਤੇ ਨਿਜ਼ਾਮ ਨੂੰ ਬਦਲਣਾ ਸੰਭਵ ਨਹੀਂ ਹੁੰਦਾ। ਇਸ ਦੇ ਉਲਟ ਗੁਰਬਾਣੀ ਭਾਣਾ ਮੰਨਣ ਦਾ ਉਪਦੇਸ਼ ਦਿੰਦੀ ਹੈ, “ਦੁਖੁ ਸੁਖੁ ਤੇਰੇ ਭਾਣੈ ਹੋਵੈ ਕਿਸਥੈ ਜਾਇ ਰੂਆਈਐ॥” (ਪੰਨਾ 418) ਦੂਜੇ, ਸਮਾਜ ਦੇ ਕਾਨੂੰਨਾਂ, ਨਿਯਮਾਂ ਅਤੇ ਢੰਗ ਤਰੀਕਿਆਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਪੁਜਾਰੀਆਂ ਦੀ ਅਰਦਾਸ ਨਾਲ ਸਮਾਜ ਦੇ ਨਿਯਮ ਨਹੀਂ ਬਦਲੇ ਜਾ ਸਕਦੇ। ਪੁਜਾਰੀ ਅਤੇ ਸੰਤ ਬਾਬੇ ਭੋਲੇ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ਪਰ ਸ਼ਰਧਾਲੂਆਂ ਦੀ ਐਸੀ ਸੋਚ ਵੀ ਸਮਾਜ ਵਿਚ ਭ੍ਰਿਸ਼ਟਾਚਾਰ ਫੈਲਾਉਣ ‘ਚ ਸਹਾਈ ਹੁੰਦੀ ਹੈ।
ਸਿੱਖ ਪੁਜਾਰੀ ਸਿੱਖ ਧਰਮ ਨੂੰ ਵਧ ਤੋਂ ਵਧ ਪ੍ਰਸਿੱਧ ਕਰਨ ਲਈ ਉਤਸ਼ਾਹਤ ਹਨ। ਸਿੱਖ ਧਰਮ ਗੁਰਬਾਣੀ ‘ਤੇ ਟਿਕਿਆ ਹੋਣ ਕਾਰਨ ਉਹ ਗੁਰਬਾਣੀ ਉਪਦੇਸ਼ ਨੂੰ ਵੀ ਸਿੱਖ ਜੀਵਨ ਵਿਚ ਥਾਂ ਦੇਣੀ ਚਾਹੁੰਦੇ ਹਨ। ਇਸੇ ਮਨੋਰਥ ਖਾਤਰ ਉਨ੍ਹਾਂ ਸਿੱਖ ਧਰਮ ਵਿਚ ਅਰਦਾਸ, ਪਾਠ ਜਾਂ ਕੀਰਤਨ ਦੀ ਵਿਵਸਥਾ ਕੀਤੀ ਹੈ। ਪਰ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਦੀ ਪ੍ਰਸਿੱਧੀ ਕਰਨਾ ਹੁੰਦਾ ਹੈ, ਇਸ ਲਈ ਉਹ ਅਰਦਾਸ ਅਤੇ ਪਾਠ ਵਿਚ ਗੁਰਬਾਣੀ ਉਪਦੇਸ਼ ਦੇ ਸੰਮਿਲਨ ਬਾਰੇ ਚਿੰਤਤ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਦੀ ਸੁਖਮਨੀ ਬਾਣੀ ਵਿਚ ਅਰਦਾਸ ਹੈ ਪਰ ਸਿੱਖ ਅਰਦਾਸ ਉਸ ਦਾ ਜ਼ਿਕਰ ਨਹੀਂ ਕਰਦੀ। ਸਿੱਖ ਅਰਦਾਸ ਗੁਰਬਾਣੀ ਦੀ ਥਾਂ ਇਤਿਹਾਸ ‘ਤੇ ਜ਼ੋਰ ਦਿੰਦੀ ਹੈ। ਇਹੋ ਨਹੀਂ, ਉਸ ਦੀ ਇੱਕ ਕੱਚੀ ਕਵਿਤਾ ਵਿਚ ਗੁਰਬਾਣੀ ਦੇ ਪਵਿਤਰ ਨਾਨਕ ਨਾਂ ਦੀ ਅਯੋਗ ਵਰਤੋਂ ਵੀ ਕੀਤੀ ਗਈ ਹੈ, ਜੋ ਗੁਰਬਾਣੀ ਹੋਣ ਦਾ ਭਲੇਖਾ ਪਾਉਂਦੀ ਹੈ। ਪਾਠ ਕਰਨ ਦੀ ਮਰਯਾਦਾ ਵਿਚ ਵੀ ਗੁਰਬਾਣੀ ਸੁਣਨ, ਸਮਝਣ ਅਤੇ ਵਿਚਾਰਨ ਦੀ ਗੁੰਜਾਇਸ਼ ਨਹੀਂ ਰੱਖੀ ਗਈ।
ਕਈ ਧਾਰਮਕ ਸ਼ਰਧਾਲੂ ਆਪਣੀਆਂ ਇੱਛਾਵਾਂ ਦੀ ਪੂਰਤੀ ਦਾ ਸ਼ੁਕਰਾਨਾ ਕਰਨ ਲਈ ਧਰਮ ਅਸਥਾਨਾਂ ‘ਤੇ ਜਾਂਦੇ ਹਨ। ਕੁਝ ਸ਼ਰਧਾਲੂ ਧਾਰਮਕ ਗ੍ਰੰਥਾਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਿਜੀ ਜੀਵਨ ਵਿਚ ਨੇਕ ਚਲਨ ਧਾਰਨ ਕਰਨ ਦਾ ਯਤਨ ਕਰਦੇ ਹਨ। ਬਹੁਤ ਥੋੜ੍ਹੇ ਸ਼ਰਧਾਲੂ ਧਾਰਮਕ ਗ੍ਰੰਥਾਂ ਦੇ ਉਪਦੇਸ਼ ਨੂੰ ਜਾਣਨ ਅਤੇ ਸਮਝਣ ਦੇ ਚਾਹਵਾਨ ਹੁੰਦੇ ਹਨ। ਬਹੁਤੇ ਧਰਮਾਂ ਵਿਚ ਅਗਿਆਨੀ ਅਤੇ ਅੰਨ੍ਹੇ ਸ਼ਰਧਾਲੂਆਂ ਦੀ ਹੀ ਭਰਮਾਰ ਹੁੰਦੀ ਹੈ।
ਧਾਰਮਕ ਪੁਜਾਰੀਆਂ ਦਾ ਕਈ ਵਾਰ ਅਜਿਹੇ ਲੋਕਾਂ ਨਾਲ ਵਾਸਤਾ ਪੈ ਜਾਂਦਾ ਹੈ ਜੋ ਉਨ੍ਹਾਂ ਦੇ ਧਾਰਮਕ ਪਖੰਡਾਂ, ਵਪਾਰਕ ਅਤੇ ਸਿਆਸੀ ਗਤੀਵਿਧੀਆਂ ਨੂੰ ਨਕਾਰ ਕੇ ਅਧਿਆਤਮਕ ਗਿਆਨ ਦਾ ਸੰਦੇਸ਼ ਦਿੰਦੇ ਹਨ। ਮਾਨਵ ਇਤਿਹਾਸ ਵਿਚ ਅਨੇਕਾਂ ਰਿਸ਼ੀ, ਮੁਨੀ, ਪੈਗੰਬਰ, ਗੁਰੂ, ਭਗਤ, ਸਾਧੂ ਅਤੇ ਸੰਤ ਹੋਏ ਹਨ ਜਿਨ੍ਹਾਂ ਨੇ ਪ੍ਰਭੂ, ਉਸ ਦੀ ਕਾਇਨਾਤ ਅਤੇ ਮਨੁੱਖ ਬਾਰੇ ਅਧਿਆਤਮਕ ਗਿਆਨ ਪ੍ਰਗਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਜਿਹੇ ਹੀ ਅਧਿਆਤਮਕ ਗਿਆਨ ਦਾ ਸਾਰਾਂਸ਼ ਹੈ। ਇਹ ਗਿਆਨ ਪਦਾਰਥਕ ਜਗਤ ਦੀ ਜਾਣਕਾਰੀ ਨਹੀਂ ਹੈ ਕਿਉਂਕਿ ਪਦਾਰਥਕ ਜਗਤ ਦੀ ਜਾਣਕਾਰੀ ਵਿਗਿਆਨ ਦਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਤਿੰਨ ਮੁੱਖ ਵਿਸ਼ਿਆਂ ‘ਤੇ ਗਿਆਨ ਅੰਕਿਤ ਹੈ। ਉਹ ਹਨ-ਪ੍ਰਭੂ, ਮਨੁੱਖ ਅਤੇ ਸੰਸਾਰ। ਗੁਰੂ ਗ੍ਰੰਥ ਸਾਹਿਬ ਦੇ ਹਰ ਪੰਨੇ ‘ਤੇ ਇਨ੍ਹਾਂ ਤਿੰਨਾਂ ਵਿਸ਼ਿਆਂ ਬਾਰੇ ਉਪਦੇਸ਼ ਕੀਤਾ ਗਿਆ ਹੈ। ਗੁਰਬਾਣੀ ਪ੍ਰਭੂ ਨੂੰ ਨਿਰਾਕਾਰ ਅਤੇ ਨਾ ਨਜ਼ਰ ਆਉਣ ਵਾਲਾ ਸ੍ਰਿਸ਼ਟੀ ਦਾ ਸਿਰਜਣਹਾਰ ਮੰਨਦੀ ਹੈ। ਮਨੁੱਖ ਲਈ ਉਸ ਦੀ ਕਲਪਨਾ ਕਰਨੀ ਸੰਭਵ ਨਹੀਂ। ਪਰ ਗੁਰਬਾਣੀ ਦੱਸਦੀ ਹੈ, “ਨਿਰਗੁਣ ਰਾਮ ਗੁਣਹ ਵਸਿ ਹੋਇ॥” (ਪੰਨਾ 222)
ਜੇ ਮਨੁੱਖ ਪ੍ਰਭੂ ਦੇ ਗੁਣ ਧਾਰਨ ਕਰ ਲਵੇ ਤਾਂ ਉਹ ਪ੍ਰਭੂ ਨੂੰ ਵਸ ਕਰ ਸਕਦਾ ਹੈ। ਉਹ ਕਿਹੜੇ ਗੁਣ ਹੋਣਗੇ, ਜਿਨ੍ਹਾਂ ਨੂੰ ਧਾਰਨ ਕਰਨ ਨਾਲ ਮਨੁੱਖ ਪ੍ਰਭੂ ਦੇ ਦਰਸ਼ਨ ਕਰਨ ਯੋਗ ਬਣ ਜਾਂਦਾ ਹੈ? ਮੂਲ ਮੰਤਰ ਵਿਚ ਦੱਸੇ ਦੋ ਹੀ ਗੁਣ ਐਸੇ ਹਨ ਜਿਨ੍ਹਾਂ ਨੂੰ ਮਨੁੱਖ ਧਾਰਨ ਕਰ ਸਕਦਾ ਹੈ। ਉਹ ਹਨ-ਨਿਰਭਉਤਾ ਅਤੇ ਨਿਰਵੈਰਤਾ। ਨਿਰਵੈਰ ਬਣੇ ਮਨੁੱਖ ਨੂੰ ਹਰ ਪਾਸੇ ਪ੍ਰਭੂ ਹੀ ਨਜ਼ਰ ਆਵੇਗਾ। ਗੁਰਬਾਣੀ ਦਾ ਕਥਨ ਹੈ:
ਏਹੁ ਵਿਸੁ ਸੰਸਾਰ ਤੁਮ ਦੇਖਦੇ
ਇਹੁ ਹਰਿ ਕਾ ਰੂਪ ਹੈ
ਹਰਿ ਰੂਪ ਨਦਰੀ ਆਇਆ॥ (ਪੰਨਾ 922)
ਵਿਰਲੇ ਹੀ ਐਸੇ ਹੁੰਦੇ ਹਨ ਜੋ ਆਪਣੀਆਂ ਪਰਿਵਾਰਕ ਤੇ ਸਮਾਜਕ ਜਿੰਮੇਵਾਰੀਆਂ ਨਿਭਾਉਂਦਿਆਂ ਨਿਰਭਉ ਤੇ ਨਿਰਵੈਰ ਰਹਿੰਦੇ ਹਨ ਅਤੇ ਦੂਜਿਆਂ ਲਈ ਚਾਨਣ ਮੁਨਾਰਾ ਬਣ ਕੇ ਸਮਾਜ ਵਿਚ ਵਰਤ ਰਹੇ ਅਨਿਆਂ ਨੂੰ ਠੱਲ੍ਹ ਪਾਉਂਦੇ ਹਨ।
ਧਰਮ ਦਾ ਮਨੋਰਥ ਪ੍ਰਭੂ ਦੀ ਬੰਦਗੀ ਕਰ ਕੇ ਉਸ ਨਾਲ ਇੱਕ ਮਿੱਕ ਹੋਣਾ ਹੈ ਜਦੋਂ ਕਿ ਰਾਜਨੀਤੀ ਦਾ ਮਨੋਰਥ ਸਮਾਜ ਦੀ ਰਖਿਆ, ਬਿਹਤਰੀ ਅਤੇ ਖੁਸ਼ਹਾਲੀ ਲਈ ਵਾਜਬ ਪ੍ਰਬੰਧ ਦੀ ਵਿਵਸਥਾ ਕਰਨਾ ਹੈ। ਇਨ੍ਹਾਂ ਦਾ ਸੁਮੇਲ ਸੰਭਵ ਨਹੀਂ। ਪਰ ਅਧਿਆਤਮਕ ਵਿਚਾਰਧਾਰਾ ‘ਤੇ ਆਧਾਰਤ ਹੋਣ ਦਾ ਦਾਅਵਾ ਕਰਨ ਵਾਲਾ ਸਮਾਜਕ ਧਰਮ ਮਨੁੱਖ ਦੀਆਂ ਮਾਨਸਿਕ ਅਤੇ ਸਮਾਜਕ ਲੋੜਾਂ ਪੂਰੀਆਂ ਕਰਨ ਦਾ ਵਿਸ਼ਵਾਸ ਦੁਆ ਕੇ ਉਸ ਨੂੰ ਧਾਰਮਕ ਹੋਣ ਦਾ ਗੌਰਵ ਵੀ ਪ੍ਰਦਾਨ ਕਰ ਦਿੰਦਾ ਹੈ। ਸਮਾਜਕ ਧਰਮ ਆਪਣੀ ਪ੍ਰਸਿਧੀ ਲਈ ਕਿਸੇ ਨਾਲ ਵੀ ਭਾਈਵਾਲੀ ਪਾਉਣ ਲਈ ਤਿਆਰ ਹੁੰਦਾ ਹੈ। ਇਸ ਲੋਕ ਰਾਏ ਦੇ ਯੁਗ ਵਿਚ ਸਮਾਜਕ ਧਰਮ ਨੂੰ ਹੀ ਅਸਲੀ ਧਰਮ ਸਮਝਿਆ ਜਾਂਦਾ ਹੈ ਕਿਉਂਕਿ ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਵਿਚ ਆਚਰਣ ਦਾ ਪ੍ਰਕਾਸ਼ ਤੇ ਹੁੰਦਾ ਹੈ ਪਰ ਬਹੁਗਿਣਤੀ ਨੂੰ ਪ੍ਰਭਾਵਿਤ ਕਰਨ ਵਾਲੀ ਸਮਾਜਕ ਅਪੀਲ ਨਹੀਂ ਹੁੰਦੀ।