ਨਵੀਂ ਦਿੱਲੀ: ਪਿਛਲੇ ਤਿੰਨ ਸਾਲਾਂ ਦੌਰਾਨ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਦੀ ਹਰ ਕਾਰਵਾਈ ਤੋਂ ਲਗਾਤਾਰ ਸੰਕੇਤ ਮਿਲ ਰਹੇ ਹਨ ਕਿ ਇਹ ਧਿਰਾਂ ਭਾਰਤ ਨੂੰ ਹਿੰਦੂ ਰਾਸ਼ਟਰ ਵਾਲੇ ਪਾਸੇ ਲਿਜਾ ਰਹੀਆਂ ਹਨ। ਹਰ ਅਹਿਮ ਸੰਸਥਾ ਦੀ ਕਮਾਨ ਆਰæਐਸ਼ਐਸ਼ ਆਗੂਆਂ ਦੇ ਹਵਾਲੇ ਕੀਤੀ ਜਾ ਰਹੀ ਹੈ ਅਤੇ ਇਹ ਆਗੂ ਆਪਣਾ ਏਜੰਡਾ ਅਗਾਂਹ ਵਧਾ ਰਹੇ ਹਨ। ਸਭ ਤੋਂ ਜ਼ਿਆਦਾ ਸਰਗਰਮੀ ਸਿਖਿਆ ਦੇ ਖੇਤਰ ਵਿਚ ਕੀਤੀ ਜਾ ਰਹੀ ਹੈ। ਇਹੀ ਨਹੀਂ, ਵੱਖ ਵੱਖ ਸੂਬਿਆਂ ਅੰਦਰ ਰਾਜਪਾਲ ਵੀ ਆਰæਐਸ਼ਐਸ਼ ਆਗੂਆਂ ਨੂੰ ਹੀ ਲਾਇਆ ਜਾ ਰਿਹਾ ਹੈ।
ਹੁਣ ਮੁਲਕ ਦੇ ਸਭ ਤੋਂ ਉਚੇ ਅਹੁਦੇ ਵੀ ਇਸ ਦੀ ਪਕੜ ਵਿਚ ਆ ਗਏ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਆਰæਐਸ਼ਐਸ਼ ਨਾਲ ਜੁੜੇ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਐਮæ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਬਣਵਾਉਣ ਦੀ ਕਵਾਇਦ ਇਸੇ ਰਣਨੀਤੀ ਦਾ ਹਿੱਸਾ ਹੈ। ਪਹਿਲਾਂ ਦਲਿਤ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਭਵਨ ਪਹੁੰਚਾ ਕੇ ਦਲਿਤਾਂ ਵਿਚ ਪੈਂਠ ਪਾਉਣ ਦਾ ਤਰੱਦਦ ਕੀਤਾ ਅਤੇ ਹੁਣ ਵੈਂਕਈਆ ਨਾਇਡੂ ਨੂੰ ਲਿਆ ਕੇ ਦੱਖਣੀ ਭਾਰਤ ਵਿਚ ਭਾਜਪਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਚਾਰਾਜੋਈ ਕੀਤੀ ਗਈ ਹੈ। ਇਨ੍ਹਾਂ ਰਾਜਾਂ ਵਿਚ ਭਾਜਪਾ ਫਿਲਹਾਲ ਕਮਜ਼ੋਰ ਹੈ। ਅਗਲੇ ਦੋ ਸਾਲਾਂ ਵਿਚ ਆਂਧਰਾ ਪ੍ਰਦੇਸ਼, ਕਰਨਾਟਕਾ ਤੇ ਤੇਲੰਗਾਨਾ ਵਿਚ ਚੋਣਾਂ ਹਨ। ਇਹ ਰਣਨੀਤੀ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਹਿੱਸਾ ਵੀ ਹੈ। ਵੈਂਕਈਆ ਨਾਇਡੂ ਮੋਦੀ ਸਰਕਾਰ ਦੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਚੋਟੀ ਦਾ ਮੋਹਰਾ ਹੈ। ਦੂਜੇ, ਉਪ ਰਾਸ਼ਟਰਪਤੀ ਕੋਲ ਰਾਜ ਸਭਾ ਦੇ ਸਭਾਪਤੀ ਵਾਲੀ ਜ਼ਿੰਮੇਵਾਰੀ ਵੀ ਹੁੰਦੀ ਹੈ ਅਤੇ ਸਭਾਪਤੀ ਹੁਕਮਰਾਨ ਧਿਰ ਨੂੰ ਕਸੂਤੀਆਂ ਸਥਿਤੀਆਂ ਵਿਚੋਂ ਬਾਹਰ ਕੱਢਣ ਵਿਚ ਸਹਾਈ ਹੋ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਵੈਂਕਈਆ ਨਾਇਡੂ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਦੇ ਬੌਧਿਕ ਤੇ ਪ੍ਰਸ਼ਾਸਨਿਕ ਕੱਦ ਦੇ ਮੁਕਾਬਲੇ ਨੇੜੇ ਤੇੜੇ ਵੀ ਨਹੀਂ। ਵੈਂਕਈਆ ਨਾਇਡੂ ਦੀ ਚੋਣ ਆਰæਐਸ਼ਐਸ਼ ਨੂੰ ਖੁਸ਼ ਕਰਨ ਦੀ ਰਣਨੀਤੀ ਵੀ ਹੈ। ਅਸਲ ਵਿਚ, ਰਾਸ਼ਟਰਪਤੀ ਦੇ ਅਹੁਦੇ ਲਈ ਐਨæਡੀæਏæ ਉਮੀਦਵਾਰ ਰਾਮ ਨਾਥ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਪਸੰਦ ਸੀ। ਕੋਵਿੰਦ ਨੂੰ ਉਮੀਦਵਾਰ ਬਣਾਉਣ ਸਮੇਂ ਪ੍ਰਧਾਨ ਮੰਤਰੀ ਨੇ ਆਰæਐਸ਼ਐਸ਼ ਦੇ ਸੰਚਾਲਕਾਂ ਦੀ ਪ੍ਰਵਾਹ ਤੱਕ ਨਹੀਂ ਕੀਤੀ। ਇਸੇ ਲਈ ਹੁਣ ਵੈਂਕਈਆ ਨਾਇਡੂ ਲਈ ਹਾਂ ਕਰ ਦਿੱਤੀ ਗਈ।
ਦੂਜੇ ਬੰਨੇ ਗਾਂ ਦਾ ਮਸਲਾ ਬਹੁਤ ਭਖਾ ਦਿੱਤਾ ਗਿਆ ਹੈ। ਮਾਹੌਲ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਹਰ ਕਾਰਵਾਈ ਮੁਸਲਮਾਨ ਵਿਰੋਧੀ ਹੋ ਨਿਬੜੀ ਹੈ ਅਤੇ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਹੱਕ ਵਿਚ ਜਾ ਰਹੀ ਹੈ। ਅਜਿਹੇ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਚੁੱਪ ਹੀ ਰਹਿੰਦੇ ਹਨ ਅਤੇ ਜਦੋਂ ਕੁਝ ਬੋਲਦੇ ਹਨ ਤਾਂ ਸਿਰਫ ਖਾਨਾਪੂਰੀ ਹੀ ਕਰ ਰਹੇ ਹੁੰਦੇ ਹਨ। ਹੁਣ ਵੀ ਉਨ੍ਹਾਂ ਨਾ ਚਾਹੁੰਦੇ ਹੋਏ ਹੀ ਬੇਲਗਾਮ ਗਊ ਰਾਖਿਆਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਗਊ ਰਾਖੇ ਵੀ ਮੋਦੀ ਦੀ ‘ਮਿੱਠੀ ਝਾੜ’ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ‘ਮਿਸ਼ਨ’ ਨੂੰ ਬੇਝਿਜਕ ਅੱਗੇ ਤੋਰ ਰਹੇ ਹਨ। ਗਊ ਰਾਖਿਆਂ ਦੀ ਬੁਰਛਾਗਰਦੀ ਦਾ ਸਭ ਤੋਂ ਵੱਧ ਸ਼ਿਕਾਰ ਉਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਝਾਰਖੰਡ ਦੇ ਲੋਕ ਹੋਏ। ਇਨ੍ਹਾਂ ਸਭ ਰਾਜਾਂ ਵਿਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ। ਗਊ ਰੱਖਿਆ ਨਾਲ ਜੁੜੇ ਹਿੰਸਕ ਮਾਮਲਿਆਂ ਵਿਚ 232 ਵਿਅਕਤੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿਚੋਂ ਮਹਿਜ਼ 13 ਹੁਣ ਜ਼ੇਰੇ ਹਿਰਾਸਤ ਹਨ, ਬਾਕੀਆਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ।