ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਐਚæਐਸ਼ ਫੂਲਕਾ ਵੱਲੋਂ ਹਾਲ ਹੀ ਵਿਚ ਲਏ ਦੋ ਫੈਸਲਿਆਂ ਕਾਰਨ ਉਹ ਕਾਫੀ ਚਰਚਾ ਵਿਚ ਹਨ। ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਤੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਹਿੱਸਾ ਨਾ ਲੈਣ ਪਿੱਛੇ ਤਰ੍ਹਾਂ ਤਰ੍ਹਾਂ ਦੇ ਤਰਕ ਦਿੱਤੇ ਜਾ ਰਹੇ ਹਨ। ਸ਼ ਫੂਲਕਾ ਦਾ ਦਾਅਵਾ ਹੈ ਕਿ 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਖਾਤਰ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਤਿਆਗਿਆ ਹੈ,
ਪਰ ਇਹ ਗੱਲ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕਿ ਪੰਜਾਬ ਵਿਧਾਨ ਸਭਾ ਦੇ ਹਾਲੀਆ ਬਜਟ ਇਜਲਾਸ ਦੇ ਸਮੇਂ ਤੋਂ ਹੀ ਪਾਰਟੀ ਵਿਚ ਅੰਦਰਖਾਤੇ ਉਨ੍ਹਾਂ ਦਾ ਬਦਲ ਲੱਭਣ ਲਈ ਕਾਰਵਾਈ ਸ਼ੁਰੂ ਹੋ ਗਈ ਸੀ। ਇਹ ਮੌਕਾਮੇਲ ਹੀ ਸੀ ਕਿ ਉਨ੍ਹਾਂ ਨੂੰ ਸਿੱਖ ਕਤਲੇਆਮ ਵਾਲੇ ਮੁਕੱਦਮਿਆਂ ਦੇ ਬਹਾਨੇ ਸਤਿਕਾਰਤ ਢੰਗ ਨਾਲ ਅਹੁਦੇ ਤੋਂ ਅਲਹਿਦਾ ਹੋਣ ਦਾ ਮੌਕਾ ਮਿਲ ਗਿਆ। ਯਾਦ ਰਹੇ ਕਿ ਦਿੱਲੀ ਬਾਰ ਕੌਂਸਲ ਨੇ ਆਪਣੇ ਨਿਯਮਾਂ ਦਾ ਹਵਾਲਾ ਦੇ ਕੇ ਸ਼ ਫੂਲਕਾ ਨੂੰ 1984 ਦੇ ਪੀੜਤਾਂ ਨਾਲ ਸਬੰਧਤ ਮੁਕੱਦਮੇ ਲੜਨ ਤੋਂ ਰੋਕ ਦਿੱਤਾ ਸੀ। ਕੌਂਸਲ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਸ਼ ਫੂਲਕਾ ਦਾ ਰੁਤਬਾ ਸੂਬਾਈ ਮੰਤਰੀ ਵਾਲਾ ਹੈ ਅਤੇ ਉਹ ਇਸ ਰੁਤਬੇ ਮੁਤਾਬਕ ਤਨਖਾਹ ਤੇ ਹੋਰ ਸੁੱਖ ਸੁਵਿਧਾਵਾਂ ਲੈ ਰਹੇ ਹਨ। ਇਸ ਲਈ ਉਹ ਦਿੱਲੀ ਵਿਚ ਵਕੀਲ ਵਜੋਂ ਪ੍ਰੈਕਟਿਸ ਨਹੀਂ ਕਰ ਸਕਦੇ। ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇਹ ਜ਼ਾਹਿਰ ਹੋ ਗਿਆ ਸੀ ਕਿ ਸ਼ ਫੂਲਕਾ ਅਤੇ ਪਾਰਟੀ ਦੇ ਹੋਰਨਾਂ ਵਿਧਾਇਕਾਂ ਦਰਮਿਆਨ ਤਾਲਮੇਲ ਦੀ ਘਾਟ ਰਹੀ। ਵਿਧਾਨ ਸਭਾ ਵਿਚ ਘੱਟੋ ਘੱਟ ਦੋ ਵਾਰ ਅਜਿਹੇ ਮੌਕੇ ਆਏ ਜਦੋਂ ਸ਼ ਫੂਲਕਾ ਨੇ ਵਾਕਆਊਟ ਕੀਤਾ, ਪਰ ਬਾਕੀ ਪਾਰਟੀ ਵਿਧਾਇਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਕਿਸਾਨਾਂ ਦੇ ਕਰਜ਼ਾ ਮੁਆਫੀ ਅਤੇ ਟਰੱਕ ਯੂਨੀਅਨਾਂ ਭੰਗ ਕਰਨ ਦੇ ਮੁੱਦੇ ਉਤੇ ‘ਆਪ’ ਦੇ ਸਾਰੇ ਵਿਧਾਇਕਾਂ ਵੱਲੋਂ ਸਰਕਾਰੀ ਐਲਾਨ ਦੀ ਹਮਾਇਤ ਦੇ ਬਾਅਦ ਫੂਲਕਾ ਨੇ ਅਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਉਤੇ ਇਹ ਵੀ ਦੋਸ਼ ਲੱਗਦੇ ਆਏ ਹਨ ਕਿ ਉਹ ਆਪਣੀ ਧੁਨ ਵਿਚ ਹੀ ਮਸਤ ਰਹਿੰਦੇ ਹਨ ਅਤੇ ਬਾਕੀਆਂ ਨਾਲ ਬਹੁਤਾ ਰਾਬਤਾ ਨਹੀਂ ਰੱਖਦੇ। ਐਚæਐਸ਼ ਫੂਲਕਾ ਨੇ ਮੀਰਾ ਕੁਮਾਰ ਨੂੰ ਵੋਟ ਨਾ ਪਾਉਣ ਪਿੱਛੇ ਤਰਕ ਇਹੀ ਦਿੱਤਾ ਤਿ ਕਾਂਗਰਸ ਦੇ ਕੁਝ ਆਗੂਆਂ ਦੀ ਦਿੱਲੀ ਸਿੱਖ ਕਤਲੇਆਮ ਵਿਚ ਸ਼ਮੂਲੀਅਤ ਕਾਰਨ ਉਹ ਇਸ ਪਾਰਟੀ ਦੇ ਕਿਸੇ ਉਮੀਦਵਾਰ ਦੀ ਹਮਾਇਤ ਨਹੀਂ ਕਰ ਸਕਦੇ। ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਰਾਸ਼ਟਰਪਤੀ ਚੋਣ ਵਿਚ ਬੀਬੀ ਮੀਰਾ ਕੁਮਾਰ ਦੀ ਹਮਾਇਤ ਦਾ ਫੈਸਲਾ ਕੀਤਾ ਸੀ। ਦਰਅਸਲ, ਆਮ ਆਦਮੀ ਪਾਰਟੀ ਦੀ ਇਹ ਤ੍ਰਾਸਦੀ ਰਹੀ ਹੈ ਕਿ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਉਸ ਕੋਲ ਘਾਗ ਸਿਆਸਤਦਾਨਾਂ ਦੀ ਘਾਟ ਰਹੀ ਹੈ ਜਿਸ ਦਾ ਫਾਇਦਾ ਕਾਂਗਰਸ ਤੇ ਅਕਾਲੀ ਦਲ ਬਾਦਲ ਨੇ ਬਜਟ ਸੈਸ਼ਨ ਵਿਚ ਰੱਜ ਕੇ ਚੁੱਕਿਆ।