ਨਸ਼ਾ ਤਸਕਰੀ: ਸਾਬਕਾ ਅਕਾਲੀ ਮੰਤਰੀ ਫਿਲੌਰ ਖਿਲਾਫ ਚਲਾਨ

ਮੁਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਵਿਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਬੀਰ ਸਿੰਘ ਫਿਲੌਰ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਇਲਾਵਾ ਜਗਜੀਤ ਸਿੰਘ ਚਾਹਲ, ਉਸ ਦੇ ਭਰਾ ਪਰਮਜੀਤ ਸਿੰਘ ਚਾਹਲ, ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ ਅਤੇ ਰਸ਼ਮੀ ਸਰਦਾਨਾ ਖਿਲਾਫ਼ 5ਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ।

ਡਿਪਟੀ ਡਾਇਰੈਕਟਰ (ਈæਡੀæ) ਨਿਰੰਜਣ ਸਿੰਘ ਵੱਲੋਂ ਤਿਆਰ ਕੀਤੇ ਇਸ 8400 ਸਫਿਆਂ ਦੇ ਸਪਲੀਮੈਂਟਰੀ ਚਲਾਨ ‘ਚ ਨਸ਼ਾ ਤਸਕਰੀ ਤੇ ਮੁਲਜ਼ਮਾਂ ਵੱਲੋਂ ਦੇਸ਼-ਵਿਦੇਸ਼ ‘ਚ ਬਣਾਈਆਂ ਜਾਇਦਾਦਾਂ ਦਾ ਵੇਰਵਾ ਹੈ ਜਦੋਂ ਕਿ ਚਾਹਲ ਭਰਾਵਾਂ ਵੱਲੋਂ ਅੱਠ ਕੰਪਨੀਆਂ ਬਣਾਉਣ ਤੇ ਮਹਿੰਗੀਆਂ ਕਾਰਾਂ ਖਰੀਦਣ ਦਾ ਖੁਲਾਸਾ ਵੀ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਗਦੀਸ਼ ਭੋਲਾ ਨੇ ਐਨæਆਰæਆਈæ ਜਸਵਿੰਦਰ ਸਿੰਘ ਦੇ ਨਾਂ ‘ਤੇ ਕੈਨੇਡਾ ਉਚ ਜਾਇਦਾਦ ਬਣਾਈ ਹੈ।
ਜੇਲ੍ਹ ‘ਚ ਬੰਦ ਸੁਖਰਾਜ ਸਿੰਘ ਉਰਫ ਰਾਜਾ ਰਾਹੀਂ ਭੋਲੇ ਨੇ ਵਿਦੇਸ਼ ਵਿਚ ਜਾਇਦਾਦ ਖਰੀਦਣ ਲਈ ਪੈਸਿਆਂ ਦਾ ਲੈਣ ਦੇਣ ਕੀਤਾ ਹੈ। ਮੁਲਜ਼ਮਾਂ ਨੇ ਕਰੀਬ ਇਕ ਅਰਬ (ਕੁਲੈਕਟਰ ਰੇਟ) ਦੀ ਜਾਇਦਾਦ ਬਣਾਈ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ‘ਤੇ ਪਾ ਦਿੱਤੀ ਹੈ।
ਦੱਸਣਯੋਗ ਹੈ ਕਿ ਪੁਲਿਸ ਨੇ ਚੁੰਨੀ ਲਾਲ ਗਾਬਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਮਿਲੀ ਇਕ ਡਾਇਰੀ ‘ਚ ਕਈ ਆਗੂਆਂ ਦੇ ਨਾਂ ਸਨ। ਨਸ਼ਾ ਤਸਕਰੀ ਮਾਮਲੇ ਵਿਚ ਨਾਂ ਆਉਣ ਬਾਅਦ ਸਰਵਣ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
_____________________________________
ਹੁਣ ਮਜੀਠੀਆ ਤੇ ਚੌਧਰੀ ਖਿਲਾਫ ਜਾਂਚ ਕਰਵਾਉਣਗੇ ਕੈਪਟਨ?
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਛੇ ਹਜ਼ਾਰ ਕਰੋੜੀ ਡਰੱਗ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜਲੰਧਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਖਿਲਾਫ ਸਮਾਂਬੱਧ ਜਾਂਚ ਮੰਗੀ ਹੈ। ‘ਆਪ’ ਨੇ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਛੇ ਹਜ਼ਾਰ ਕਰੋੜ ਰੁਪਏ ਦੇ ਚਰਚਿਤ ਡਰੱਗ ਕੇਸ ਵਿਚ ਫਸੇ ਕਾਂਗਰਸੀ ਆਗੂ ਸਰਵਣ ਸਿੰਘ ਫਿਲੌਰ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।
ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿਚੋਂ ਇਕ ਮਹੀਨੇ ਵਿਚ ਨਸ਼ੇ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਲਈ ਇਹ ਸਮਾਂ ਪਰਖ ਦੀ ਘੜੀ ਹੈ। ਉਹ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਕਾਰੋਬਾਰ ਵਿਚ ਸ਼ਾਮਲ ਹਰ ਛੋਟੇ-ਵੱਡੇ ਦੋਸ਼ੀ ਨੂੰ ਸਜ਼ਾ ਦਿਵਾਉਂਦੇ ਹਨ ਜਾਂ ਨਹੀਂ? ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਵੱਲੋਂ ਸੀæਬੀæਆਈæ ਅਦਾਲਤ ਵਿਚ ਸਰਵਣ ਸਿੰਘ ਫਿਲੌਰ ਤੇ ਸਾਬਕਾ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਸਮੇਤ 10 ਮੁਲਜ਼ਮਾਂ ਵਿਰੁੱਧ ਪੇਸ਼ ਕੀਤੇ ਤਾਜ਼ਾ ਚਲਾਨ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਕਾਲੇ ਕਾਰੋਬਾਰ ਵਿਚ ਅਕਾਲੀ ਤੇ ਕਾਂਗਰਸੀ ਆਗੂ ਕਿਸ ਹੱਦ ਤੱਕ ਸ਼ਾਮਲ ਸਨ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਈæਡੀæ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਚੌਧਰੀ ਸੰਤੋਖ ਸਿੰਘ ਨੂੰ ਵੀ ਸੰਮਨ ਕਰ ਕੇ ਪੁਛਗਿੱਛ ਕੀਤੀ ਜਾਂਦੀ ਰਹੀ ਹੈ। ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂਆਂ ਵੱਲੋਂ ਮਜੀਠੀਆ ਵਿਰੁੱਧ ਸੀæਬੀæਆਈæ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਦੂਜੇ ਪਾਸੇ ਕੈਪਟਨ ਨੇ ਪਾਰਟੀ ਦੇ ਉਲਟ ਜਾ ਕੇ ਮਜੀਠੀਆ ਦਾ ਬਚਾਅ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਸੂਬਾ ਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਲਈ ਸੀæਬੀæਆਈæ ਜਾਂਚ ਦੀ ਜਰੂਰਤ ਨਹੀਂ। ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਉਦੋਂ ਮਜੀਠੀਏ ਦਾ ਬਚਾਅ ਨਾ ਕਰਦੇ ਤਾਂ ਉਹ ਸੀæਬੀæਆਈæ ਜਾਂਚ ਦਾ ਸਾਹਮਣਾ ਕਰ ਰਿਹਾ ਹੁੰਦਾ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਆਪਣੇ ਉੁਪਰ ਮਜੀਠੀਆ ਨੂੰ ਬਚਾਉਣ ਲਈ ਲੱਗੇ ਦਾਗ ਨੂੰ ਧੋਣ ਦਾ ਹੁਣ ਬੇਹਤਰੀਨ ਸਮਾਂ ਹੈ। ਪੰਜਾਬ ਦੀਆਂ ਸਾਰੀਆਂ ਜਾਂਚ ਏਜੰਸੀਆਂ ਕੈਪਟਨ ਅਧੀਨ ਹਨ। ਜੇਕਰ ਕੈਪਟਨ ਚਾਹੁਣ ਤਾਂ ਉਹ 6 ਹਜ਼ਾਰ ਕਰੋੜ ਰੁਪਏ ਦੇ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਹਰੇਕ ਦੋਸ਼ੀ ਦੀ ਨਿਰਪੱਖ ਜਾਂਚ ਕਰਵਾ ਸਕਦੇ ਹਨ।