ਪੰਜਾਬ ਦੇ ਕਿਸਾਨਾਂ ਨੂੰ ਜੀæਐਸ਼ਟੀæ ਦੀ ਵੱਧ ਮਾਰ, ਸਾਲਾਨਾ ਸੌ ਕਰੋੜ ਤੋਂ ਵੱਧ ਦਾ ਬੋਝ

ਚੰਡੀਗੜ੍ਹ: ‘ਇਕ ਦੇਸ਼, ਇਕ ਕਰ ਅਤੇ ਇਕ ਬਾਜ਼ਾਰ’ ਦੇ ਨਾਅਰੇ ਤਹਿਤ ਵਸਤਾਂ ਅਤੇ ਸੇਵਾਵਾਂ ਕਰ (ਜੀæਐਸ਼ਟੀæ) ਲਾਗੂ ਕੀਤੇ ਜਾਣ ਨਾਲ ਵਪਾਰੀਆਂ ਦੇ ਬਹੁਤ ਵੱਡੇ ਤਬਕੇ ਦੇ ਨਾਲ-ਨਾਲ ਪੰਜਾਬ ਦੇ ਖੇਤੀ ਖੇਤਰ ਨੂੰ ਵੀ ਝਟਕਾ ਲੱਗਿਆ ਹੈ। ਬਹੁਤ ਸਾਰੇ ਰਾਜਾਂ ਵਿਚ ਖੇਤੀ ਖੇਤਰ ਨੂੰ ਰਾਹਤ ਵੀ ਮਿਲੇਗੀ ਪਰ ਪੰਜਾਬ ਵਿਚ ਖਾਦਾਂ, ਕੀਟ ਤੇ ਨਦੀਨ ਨਾਸ਼ਕਾਂ ਅਤੇ ਹੋਰ ਸਾਧਨਾਂ ਦੀ ਵੱਧ ਵਰਤੋਂ ਕਾਰਨ ਖੇਤੀ ਖੇਤਰ ‘ਤੇ ਸਾਲਾਨਾ ਸੌ ਕਰੋੜ ਤੋਂ ਵੱਧ ਦਾ ਬੋਝ ਪਵੇਗਾ।

ਫਸਲਾਂ ਦੀ ਵੱਧ ਪੈਦਾਵਾਰ ਦੇ ਦਬਾਅ ਹੇਠ ਪੰਜਾਬ ਦਾ ਕਿਸਾਨ ਖਾਦਾਂ, ਕੀਟ ਅਤੇ ਨਦੀਨ ਨਾਸ਼ਕ ਦਵਾਈਆਂ ਅਤੇ ਮਸ਼ੀਨਰੀ ਆਧਾਰਤ ਖੇਤੀ ਉਤੇ ਜ਼ੋਰ ਦੇ ਰਿਹਾ ਹੈ। ਇਸੇ ਕਰ ਕੇ ਪੰਜਾਬ ਵਿਚ ਸਾਲਾਨਾ ਲਗਭਗ 25 ਲੱਖ ਟਨ ਯੂਰੀਆ ਦੀ ਲੋੜ ਪੈਂਦੀ ਹੈ।
ਸੂਬੇ ਵਿਚ ਖਾਦਾਂ ‘ਤੇ ਪਹਿਲਾਂ ਇਕ ਫੀਸਦੀ ਆਬਕਾਰੀ ਡਿਊਟੀ ਅਤੇ ਇਕ ਫੀਸਦੀ ਹੋਰ ਡਿਊਟੀ ਰਲਾ ਕੇ ਦੋ ਫੀਸਦੀ ਟੈਕਸ ਲਗਦਾ ਸੀ ਪਰ ਹੁਣ ਜੀæਐਸ਼ਟੀæ 5 ਫੀਸਦੀ ਲੱਗੇਗੀ। ਸੂਬੇ ਵਿਚ ਵਰਤੇ ਜਾਣ ਵਾਲੇ 25 ਲੱਖ ਟਨ ਯੂਰੀਆ ਪਿੱਛੇ ਲਗਭਗ 45 ਕਰੋੜ ਰੁਪਏ ਦਾ ਵਾਧੂ ਬੋਝ ਕਿਸਾਨਾਂ ਉਤੇ ਪਵੇਗਾ। ਪੰਜਾਬ ਵਿਚ ਕਈ ਹੋਰ ਖਾਦਾਂ ਦੀ ਲੋੜ ਵੀ ਪੈਂਦੀ ਹੈ, ਜਿਨ੍ਹਾਂ ‘ਤੇ ਕਰ 6 ਤੋਂ ਵਧ ਕੇ 12 ਫੀਸਦੀ ਹੋ ਗਿਆ ਹੈ। ਸਾਲਾਨਾ ਲਗਭਗ ਛੇ ਹਜ਼ਾਰ ਮੀਟ੍ਰਿਕ ਟਨ ਦੀ ਵਰਤੋਂ ਵਾਲੀਆਂ ਇਨ੍ਹਾਂ ਦਵਾਈਆਂ ‘ਤੇ ਕਿਸਾਨਾਂ ਦੇ ਕਰੀਬ 57 ਸੌ ਕਰੋੜ ਰੁਪਏ ਖਰਚ ਹੁੰਦੇ ਹਨ।
ਪੰਜਾਬ ਵਿਚ ਕੀਟਨਾਸ਼ਕ ਦਵਾਈਆਂ ‘ਤੇ ਟੈਕਸ ਮੁਆਫ ਸੀ ਪਰ ਇਸ ਉਤੇ ਕੇਂਦਰੀ ਆਬਕਾਰੀ ਡਿਊਟੀ 12æ5 ਫ਼ੀਸਦੀ ਲੱਗਦੀ ਸੀ, ਹੁਣ ਜੀæਐਸ਼ਟੀæ 18 ਫੀਸਦੀ ਦੇ ਹਿਸਾਬ ਨਾਲ ਵਸੂਲਿਆ ਜਾਵੇਗਾ।
ਇਸ ਉਤੇ ਵੀ ਲਗਭਗ 45 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਹੋਵੇਗਾ। ਟਰੈਕਟਰਾਂ ਅਤੇ ਹੋਰ ਸੰਦਾਂ ਉਤੇ ਹੁਣ 18 ਫੀਸਦੀ ਜੀæਐਸ਼ਟੀæ ਲੱਗਣ ਨਾਲ ਟਰੈਕਟਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਪੰਜਾਬ ਵਿਚ ਲਗਭਗ 25000 ਟਰੈਕਟਰ ਹਰ ਸਾਲ ਵਿਕਦੇ ਹਨ। ਟੈਕਸ ਪ੍ਰਣਾਲੀ ਤਬਦੀਲ ਹੋਣ ਕਰ ਕੇ ਇਸ ਸਬੰਧੀ ਕਿਸਾਨਾਂ ‘ਤੇ ਦਸ ਕਰੋੜ ਰੁਪਏ ਦੇ ਕਰੀਬ ਹੋਰ ਬੋਝ ਪੈਣ ਦੇ ਆਸਾਰ ਹਨ। ਖੇਤੀ ਆਧਾਰਤ ਉਦਯੋਗਾਂ ਨਾਲ ਸਬੰਧਤ ਮਸ਼ੀਨਰੀ ਅਤੇ ਲਾਗਤ ਉਤੇ ਜੀæਐਸ਼ਟੀæ ਵਧ ਜਾਣ ਨਾਲ ਫਸਲੀ ਵੰਨ-ਸੁਵੰਨਤਾ ਸਬੰਧੀ ਵੀ ਰੁਕਾਵਟਾਂ ਪੈਦਾ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਵੀ ਹੱਥ ਖਿੱਚ ਰਹੀ ਹੈ, ਉਲਟਾ ਜ਼ਿਆਦਾ ਟੈਕਸ ਲਗਾ ਕੇ ਪਹਿਲਾਂ ਹੀ ਮਰ ਰਹੇ ਕਿਸਾਨਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ।
____________________________________________
ਕਾਰੋਬਾਰੀਆਂ ਦੀਆਂ ਮੁਸ਼ਕਲਾਂ ਘਟਣਗੀਆਂ: ਜੇਤਲੀ
ਲੁਧਿਆਣਾ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਕਿ ਜੀæਐਸ਼ਟੀæ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਜ਼ਰੂਰ ਫਾਇਦਾ ਪੁੱਜੇਗਾ। ਉਨ੍ਹਾਂ ਟੈਕਸ ਮਾਮਲੇ ਵਿਚ ਹੁਸ਼ਿਆਰੀ ਵਿਖਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕ ਬਚ ਨਹੀਂ ਸਕਣਗੇ। ਕੇਂਦਰੀ ਵਿੱਤ ਮੰਤਰੀ ਨੇ ਨਿੱਜੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਦੀ ਵਿਕਾਸ ਦੀ ਚਾਲ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਸੂਬੇ ਦੇ ਵਪਾਰਕ ਘਰਾਣਿਆਂ ਨੂੰ ਵੀ ਆਪਣਾ ਬਣਦਾ ਹਿੱਸਾ ਪਾਉਣ ਦੀ ਅਪੀਲ ਕੀਤੀ।