ਘਟ ਨਹੀਂ ਰਿਹਾ ਚੀਨ, ਪਾਕਿਸਤਾਨ ਤੇ ਭਾਰਤ ਵਿਚਕਾਰ ਤਣਾਅ

ਨਵੀਂ ਦਿੱਲੀ: ਚੀਨ, ਪਾਕਿਸਤਾਨ ਤੇ ਭਾਰਤ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ-ਚੀਨ ਸਰਹੱਦ ਦੇ ਸਿੱਕਮ ਸੈਕਟਰ ਵਿਚ ਦੋਵਾਂ ਮੁਲਕਾਂ ਦਰਮਿਆਨ ਮਹੀਨੇ ਭਰ ਤੋਂ ਰੇੜਕਾ ਬਣਿਆ ਹੋਇਆ ਹੈ। ਭਾਰਤ ਨੇ ਭਾਰਤ-ਚੀਨ-ਭੂਟਾਨ ਦੀ ਸਰਹੱਦੀ ਤਿਕੋਣ ਉਤੇ ਡੋਕਲਾਮ ਵਿਖੇ ਚੀਨ ਉਤੇ ਪਹਿਲਾਂ ਵਾਲੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ, ਉਥੇ 16 ਜੂਨ ਨੂੰ ਚੀਨੀ ਫੌਜ ਵੱਲੋਂ ਇਕ ਸੜਕ ਬਣਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਰੋਕ ਦਿੱਤਾ ਸੀ ਤੇ ਚੀਨੀ ਫੌਜ ਨੇ ਭਾਰਤ ਦੇ ਕੁਝ ਬੰਕਰ ਢਾਹ ਦਿੱਤੇ ਸਨ।

ਇਸ ਖਿਤੇ ਨੂੰ ਭਾਰਤ ਵਿਚ ਡੋਕਾ ਲਾ ਤੇ ਭੂਟਾਨ ਵਿਚ ਡੋਕਲਾਮ ਕਿਹਾ ਜਾਂਦਾ ਹੈ। ਚੀਨ ਇਸ ਨੂੰ ਆਪਣੇ ਵੱਡੇ ਖਿਤੇ ਡੋਂਗਲਾਂਗ ਦਾ ਹਿੱਸਾ ਦੱਸਦਾ ਹੈ। ਉਧਰ, ਜੰਮੂ-ਕਸ਼ਮੀਰ ਦੇ ਹਾਲਾਤ ਵੀ ਲੰਮੇ ਅਰਸੇ ਤੋਂ ਖਰਾਬ ਚੱਲ ਰਹੇ ਹਨ। ਅਨੰਤਨਾਗ ਜ਼ਿਲ੍ਹੇ ‘ਚ ਦਹਿਸ਼ਤਗਰਦਾਂ ਨੇ ਸੱਤ ਅਮਰਨਾਥ ਯਾਤਰੀਆਂ ਦੀ ਜਾਨ ਲੈ ਲਈ। ਸੁਰੱਖਿਆ ਦਸਤਿਆਂ ਵੱਲੋਂ 8 ਜੁਲਾਈ, 2016 ਨੂੰ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਕਸ਼ਮੀਰ ਵਾਦੀ ਦੇ ਹਾਲਾਤ ਸੁਧਰ ਨਹੀਂ ਰਹੇ। ਖਾਸਕਰ ਪੁਲਵਾਮਾ, ਕੁਲਗਾਮ, ਸ਼ੋਪੀਆਂ ਤੇ ਅਨੰਤਨਾਗ ਜ਼ਿਲ੍ਹਿਆਂ ਦੀ ਸਥਿਤੀ ਜ਼ਿਆਦਾ ਮਾੜੀ ਹੈ।
ਕੁਝ ਚਿਰ ਲਈ ਰੁਕੀ ਇਹ ਗੜਬੜ ਬੀਤੀ 9 ਅਪਰੈਲ ਨੂੰ ਸ੍ਰੀਨਗਰ ਲੋਕ ਸਭਾ ਹਲਕੇ ਦੀ ਹੋਈ ਜ਼ਿਮਨੀ ਚੋਣ ਕਾਰਨ ਮੁੜ ਭੜਕ ਪਈ ਸੀ। ਚੀਨ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਖਾਮੋਸ਼ੀ ਉਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਵਾਲ ਖੜ੍ਹਾ ਕਰ ਚੁੱਕੇ ਹਨ। ਉਨ੍ਹਾਂ ਆਪਣੀ ਟਵੀਟ ਰਾਹੀਂ ਸ੍ਰੀ ਮੋਦੀ ਉਤੇ ਕਸ਼ਮੀਰ ਵਿਚ ਅਜਿਹੀਆਂ ਨੀਤੀਆਂ ਅਪਣਾਉਣ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਉਥੇ ਦਹਿਸ਼ਤਗਰਦਾਂ ਨੂੰ ਪਣਪਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਜੰਮੂ-ਕਸ਼ਮੀਰ ਦੀ ਭਾਜਪਾ-ਪੀæਡੀæਪੀæ ਸਰਕਾਰ ਤੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਦਾ ਦੇਸ਼ ਨੂੰ ਭਾਰੀ ਮੁੱਲ ਤਾਰਨਾ ਪੈ ਰਿਹਾ ਹੈ।
______________________________________
ਮੋਦੀ ਸਰਕਾਰ ਨੇ ਕਸ਼ਮੀਰ ਸਮੱਸਿਆ ਵਧਾਈ: ਚਿਦੰਬਰਮ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਪੀæ ਚਿਦੰਬਰਮ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਕਸ਼ਮੀਰ ਬਾਰੇ ‘ਅੱਤ’ ਵਾਲਾ ਰੁਖ ਅਖਤਿਆਰ ਕੀਤਾ ਗਿਆ ਹੈ, ਜਿਸ ਕਾਰਨ ਵਾਦੀ ਵਿਚ ਸਮੱਸਿਆ ਹੋਰ ਵਧ ਗਈ ਹੈ। ਕੇਂਦਰ ਵੱਲੋਂ ਚੀਨ ਨਾਲ ਟਕਰਾਅ ਅਤੇ ਅਮਰਨਾਥ ਯਾਤਰੀਆਂ ਉਤੇ ਹਮਲੇ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਵਿਰੋਧੀ ਪਾਰਟੀਆਂ ਨੂੰ ਜਾਣੂ ਕਰਾਏ ਜਾਣ ਦੇ ਦੋ ਦਿਨਾਂ ਬਾਅਦ ਕਾਂਗਰਸੀ ਆਗੂ ਨੇ ਇਹ ਬਿਆਨ ਦਿੱਤਾ ਹੈ।
____________________________________
ਚੀਨ ਕਰੇਗਾ ਆਪਣੇ 13 ਲੱਖ ਫੌਜੀਆਂ ਦੀ ਛਾਂਟੀ
ਬੀਜਿੰਗ: ਦੁਨੀਆਂ ਦੀ ਸਭ ਤੋਂ ਵੱਡੀ 23 ਲੱਖ ਸੈਨਿਕਾਂ ਦੀ ਸਮਰੱਥਾ ਵਾਲੀ ‘ਪੀਪਲਜ਼ ਲਿਬਰੇਸ਼ਨਜ਼ ਆਰਮੀ’ (ਪੀæਐਲ਼ਏæ) ਰੱਖਣ ਵਾਲਾ ਚੀਨ ਆਪਣੇ ਇਤਿਹਾਸ ਵਿਚ ਸੈਨਾ ‘ਚ ਸਭ ਤੋਂ ਵੱਡੀ ਕਟੌਤੀ ਕਰਨ ਜਾ ਰਿਹਾ ਹੈ। ਆਪਣੀ ਸੈਨਾ ਦੇ ਪੁਨਰਗਠਨ ਦੀ ਪ੍ਰਕਿਰਿਆ ਤਹਿਤ ਚੀਨ ਸੈਨਿਕਾਂ ਦੀ ਗਿਣਤੀ 10 ਲੱਖ ਤੱਕ ਕਰਨ ਜਾ ਰਿਹਾ ਹੈ। ਚੀਨੀ ਸੈਨਾ ਦੇ ਅਧਿਕਾਰਕ ਅਖਬਾਰ ‘ਪੀæਐਲ਼ਏæ’ ਡੇਲੀ ਦੀ ਰਿਪੋਰਟ ਅਨੁਸਾਰ ਚੀਨ ਜਲ ਸੈਨਾ ਤੇ ਮਿਜ਼ਾਈਲ ਬਲ ਸਮੇਤ ਹੋਰ ਸੇਵਾਵਾਂ ਦੀ ਗਿਣਤੀ ਵਧਾਏਗਾ। ਰਿਪੋਰਟ ਅਨੁਸਾਰ ਇਹ ਸੁਧਾਰ ਚੀਨ ਦੇ ਰਣਨੀਤਕ ਟੀਚਿਆਂ ਤੇ ਸੁਰੱਖਿਆ ਲੋੜਾਂ ‘ਤੇ ਆਧਾਰਤ ਹੈ। ਇਹ ਕਿਹਾ ਗਿਆ ਹੈ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਪੀæਐਲ਼ਏæ ਸੈਨਾ ‘ਚ ਸੈਨਿਕਾਂ ਦੀ ਗਿਣਤੀ ਘਟ ਕੇ 10 ਲੱਖ ਤੋਂ ਹੇਠਾਂ ਆ ਜਾਏਗੀ। ਰਿਪੋਰਟ ਅਨੁਸਾਰ ਪੀæਐਲ਼ਏæ ਜਲ ਸੈਨਾ, ਪੀæਐਲ਼ਏæ ਸਟ੍ਰੈਟਜਿਕ ਸਪੋਰਟ ਫੋਰਸ ਤੇ ਪੀæਐਲ਼ਏæ ਰਾਕੇਟ ਫੋਰਸ ‘ਚ ਸੈਨਿਕਾਂ ਦੀ ਗਿਣਤੀ ਵਧਾਈ ਜਾਏਗੀ, ਜਦੋਂ ਕਿ ਪੀæਐਲ਼ਏæ ਹਵਾਈ ਸੈਨਾ ‘ਚ ਸੈਨਿਕਾਂ ਦੀ ਗਿਣਤੀ ਮੌਜੂਦਾ ਬਣੀ ਰਹੇਗੀ।