ਛੇਵੇਂ ਮਹਾ ਵਿਨਾਸ਼ ਵੱਲ ਤੇਜ਼ੀ ਨਾਲ ਵਧ ਰਹੀ ਹੈ ਧਰਤੀ

ਪੈਰਿਸ: ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਧਰਤੀ ਛੇਵੇਂ ਮਹਾ ਵਿਨਾਸ਼ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਦੀ ਇਕ ਨਵੀਂ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਮੀਨ ਉਤੇ ਰਹਿਣ ਵਾਲੇ ਸਾਰੇ ਰੀੜ੍ਹਧਾਰੀ ਜੰਤੂ, ਮੱਛੀਆਂ, ਚਿੜੀਆਂ ਸਮੇਤ ਕਈ ਪੰਛੀ, ਥਣਧਾਰੀ ਜੀਵ, ਰੀਂਗਣ ਵਾਲੇ ਤੇ ਜਲੀ ਜੀਵਾਂ ਦੀਆਂ 30 ਫੀਸਦੀ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਇਸ ਖੋਜ ਦੇ ਸਹਿ-ਲੇਖਕ ਰੋਡਲਫੋ ਡਿਰਜ਼ੋ ਨੇ ਕਿਹਾ ਕਿ ਇਹ ਵਿਸ਼ਵ ਪੱਧਰ ‘ਤੇ ਹੋਣ ਵਾਲਾ ਜੈਵਿਕ ਵਿਨਾਸ਼ ਦਾ ਮਾਮਲਾ ਹੈ।

ਦੁਨੀਆਂ ਦੇ ਜ਼ਿਆਦਾਤਾਰ ਹਿੱਸਿਆ ‘ਚ ਥਣਧਾਰੀ ਜਾਨਵਰ ਭੂਗੋਲਿਕ ਖੇਤਰ ਖੋਹੇ ਜਾਣ ਕਰ ਕੇ ਆਪਣੀ ਜਨ ਸੰਖਿਆ ਦਾ 70 ਫੀਸਦੀ ਹਿੱਸਾ ਗਵਾ ਚੁੱਕੇ ਹਨ, ਜਿਨ੍ਹਾਂ ‘ਚੋਂ 40 ਫੀਸਦੀ ਗੈਂਡੇ, ਵਣਮਾਨਸ (ਔਰੰਗੁਟਾਨ), ਗੁਰੀਲੇ ਅਤੇ ਵੱਡੀਆਂ ਬਿੱਲੀਆਂ ਪ੍ਰਜਾਤੀ ਦੇ ਜਾਨਵਰ ਸਿਰਫ 20 ਫੀਸਦੀ ਜਾ ਇਸ ਤੋਂ ਵੀ ਘੱਟ ਧਰਤੀ ਦੇ ਇਲਾਕੇ ‘ਤੇ ਰਹਿ ਗਏ ਹਨ, ਜਿਥੇ ਉਹ ਕਿਸੇ ਸਮੇਂ ਅਕਸਰ ਘੁੰਮਿਆਂ ਕਰਦੇ ਸੀ। ਜੈਵਵਿਭਿੰਨਤਾ ‘ਚ ਕਮੀ ਵਿਚ ਹਾਲ ਹੀ ਵਿਚ ਤੇਜ਼ੀ ਆਈ ਹੈ। ਵਿਗਿਆਨੀਆਂ ਨੇ ਦੱਸਿਆ ਕਿ ਥਣਧਾਰੀ ਜੀਵਾਂ ਦੀਆਂ ਕਈ ਪ੍ਰਜਾਤੀਆਂ ‘ਚ ਸ਼ਾਮਲ ਚੀਤੇ, ਸ਼ੇਰ ਤੇ ਜਿਰਾਫ, ਜੋ ਇਕ ਜਾ ਦੋ ਦਹਾਕੇ ਪਹਿਲਾਂ ਸੁਰੱਖਿਅਤ ਸਨ, ਹੁਣ ਖਤਰੇ ਵਿਚ ਹਨ।
ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ਬੀਤੇ 100 ਸਾਲਾਂ ‘ਚ 200 ਤੋਂ ਵੱਧ ਜੀਵਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ। ਵਿਗਿਆਨੀਆਂ ਨੇ ਜਾਨਵਰਾਂ ਦੀ ਘਟਦੀ ਗਿਣਤੀ ਨੂੰ ‘ਵਿਸ਼ਵ ਪੱਧਰੀ ਮਹਾਂਮਾਰੀ’ ਕਰਾਰ ਦਿੱਤਾ ਹੈ ਅਤੇ ਇਸ ਨੂੰ ਛੇਵੇਂ ਮਹਾਵਿਨਾਸ਼ ਦਾ ਹਿੱਸਾ ਦੱਸਿਆ ਹੈ। ਬੀਤੇ 5 ਮਹਾਵਿਨਾਸ਼ ਕੁਦਰਤੀ ਘਟਨਾ ਮੰਨੇ ਜਾਂਦੇ ਰਹੇ ਹਨ ਪਰ ਵਿਗਿਆਨੀਆਂ ਮੁਤਾਬਕ ਇਸ ਮਹਾਵਿਨਾਸ਼ ਦਾ ਕਾਰਨ ਵੱਡੀ ਸੰਖਿਆ ‘ਚ ਜਾਨਵਰਾਂ ਦੇ ਭੂਗੋਲਿਕ ਖੇਤਰ ਖੁੱਸ ਜਾਣ ਨੂੰ ਦੱਸਿਆ ਹੈ।
________________________________
ਏਸ਼ੀਆ ਦੇ 13 ਕਰੋੜ ਲੋਕਾਂ ਉਤੇ ਉਜਾੜੇ ਦਾ ਖਤਰਾ
ਨਵੀਂ ਦਿੱਲੀ: ਬੰਗਲਾਦੇਸ਼, ਭਾਰਤ ਤੇ ਪਾਕਿਸਤਾਨ ਦੇ ਹੇਠਲੇ ਤੱਟੀ ਇਲਾਕਿਆਂ ਦੇ 13 ਕਰੋੜ ਲੋਕਾਂ ਉਤੇ ਇਸ ਸਦੀ ਦੇ ਅੰਤ ਤੱਕ ਉਜਾੜੇ ਦਾ ਸਾਹਮਣਾ ਕਰਨ ਦਾ ਖਤਰਾ ਮੰਡਰਾ ਰਿਹਾ ਹੈ। ਪ੍ਰਸ਼ਾਂਤ ਸਾਗਰ ਦੇ ਮੁਲਕਾਂ ਤੇ ਏਸ਼ਿਆਈ ਦੇਸ਼ਾਂ ਵਿਚ ਜਲਵਾਯੂ ਤਬਦੀਲੀ ਦੇ ਤਬਾਹਕੁਨ ਨਤੀਜੇ ਸਾਹਮਣੇ ਆਉਣਗੇ। ‘ਏਸ਼ੀਅਨ ਡਿਵੈਲਪਮੈਂਟ ਬੈਂਕ’ (ਏæਡੀæਬੀæ) ਅਤੇ ‘ਪੋਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ’ (ਪੀæਆਈæਕੇæ) ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਬਿਨਾਂ ਰੁਕੇ ਹੋ ਰਹੀ ਜਲਵਾਯੂ ਤਬਦੀਲੀ ਨਾਲ ਇਨ੍ਹਾਂ ਮੁਲਕਾਂ ਦੀ ਭਵਿੱਖੀ ਤਰੱਕੀ ਉਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਮੌਜੂਦਾ ਵਿਕਾਸ ਲਾਭਾਂ ਨੂੰ ਪੁੱਠਾ ਗੇੜ ਆਉਣ ਤੋਂ ਇਲਾਵਾ ਜੀਵਨ ਮਿਆਰ ਹੇਠ ਆ ਸਕਦੇ ਹਨ। ਰਿਪੋਰਟ ਮੁਤਾਬਕ ਏਸ਼ੀਆ ਵਿਚ ਬਹੁਗਿਣਤੀ ਲੋਕ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹਨ, ਜਿਸ ਨਾਲ ਤੁਫ਼ਾਨਾਂ ਦੀ ਸੰਭਾਵਨਾ ਨੂੰ ਹੱਲਾਸ਼ੇਰੀ ਮਿਲਦੀ ਹੈ। ਇਨ੍ਹਾਂ ਮੁਲਕਾਂ ਵਿਚ ਖਾਸ ਤੌਰ ਉਤੇ ਚੀਨ, ਭਾਰਤ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਸ਼ਾਮਲ ਹਨ।