ਆਬਾਦੀ ਵਾਧਾ ਬਣਿਆ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ

ਨਵੀਂ ਦਿੱਲੀ: ਸੰਸਾਰ ਭਰ ਵਿਚ 28ਵਾਂ ਕੌਮਾਂਤਰੀ ਆਬਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਵੱਸੋਂ ਵਾਧੇ ਪੱਖੋਂ ਸਭ ਤੋਂ ਵੱਧ ਗੰਭੀਰ ਸਥਿਤੀ ਭਾਰਤ ਦੀ ਹੈ। ਆਬਾਦੀ ਪੱਖੋਂ ਭਾਰਤ, ਚੀਨ ਤੋਂ ਬਾਅਦ ਸੰਸਾਰ ਭਰ ਵਿਚ ਦੂਸਰੇ ਸਥਾਨ ਉਤੇ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਵੱਲੋਂ ਪ੍ਰਕਾਸ਼ਿਤ ‘ਦਿ ਵਲਡ ਪਾਪੂਲੇਸ਼ਨ ਪ੍ਰੌਸਪੈਕਟਸ : 2017’ ਵਿਚ ਕਿਹਾ ਗਿਆ ਹੈ ਕਿ ਭਾਰਤ ਆਬਾਦੀ ਪੱਖੋਂ ਸੱਤ ਸਾਲ ਬਾਅਦ 2024 ਵਿਚ ਚੀਨ ਨਾਲੋਂ ਅੱਗੇ ਨਿਕਲ ਜਾਵੇਗਾ।

ਰਿਪੋਰਟ ਅਨੁਸਾਰ ਇਸ ਸਮੇਂ ਚੀਨ ਦੀ ਆਬਾਦੀ 141 ਕਰੋੜ ਅਤੇ ਭਾਰਤ ਦੀ ਅਬਾਦੀ 134 ਕਰੋੜ ਹੈ।
ਸੰਸਾਰ ਦੀ ਕੁੱਲ ਵਸੋਂ ਦਾ 19 ਫੀਸਦੀ ਹਿੱਸਾ ਚੀਨ ਅਤੇ 18 ਫੀਸਦੀ ਹਿੱਸਾ ਭਾਰਤ ਵਿਚ ਰਹਿੰਦਾ ਹੈ। ਭਾਰਤ ਕੋਲ ਦੁਨੀਆਂ ਦੇ ਧਰਾਤਲੀ ਰਕਬੇ ਦਾ ਸਿਰਫ 2æ4 ਫੀਸਦੀ ਹੀ ਰਕਬਾ ਹੈ। ਸਾਲ 2024 ਤੱਕ ਇਨ੍ਹਾਂ ਦੋਵਾਂ ਦੇਸ਼ਾਂ ਦੀ ਆਬਾਦੀ 144 ਕਰੋੜ ਹੋ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਸੰਯੁਕਤ ਰਾਸ਼ਟਰ ਦੇ 25ਵੇਂ ਆਬਾਦੀ ਦੇ ਅੰਦਾਜ਼ੇ ਅਨੁਸਾਰ ਭਾਰਤ ਦੀ ਆਬਾਦੀ ਸਾਲ 2030 ਵਿਚ 150 ਕਰੋੜ ਅਤੇ ਸਾਲ 2050 ਵਿਚ 166 ਕਰੋੜ ਹੋ ਜਾਵੇਗੀ ਜਦਕਿ ਚੀਨ ਦੀ ਆਬਾਦੀ ਦਾ ਵਾਧਾ ਸਾਲ 2030 ਤੱਕ ਇਕਸਾਰ ਰਹੇਗਾ ਅਤੇ ਇਸ ਤੋਂ ਬਾਅਦ ਆਬਾਦੀ ਘਟਣੀ ਸ਼ੁਰੂ ਹੋ ਜਾਵੇਗੀ। ਸੰਸਾਰ ਵਿਚ ਅੰਦਾਜ਼ਨ ਹਰ ਛੇਵਾਂ ਵਿਅਕਤੀ ਭਾਰਤੀ ਹੈ। ਭਾਰਤ ਦੀ ਦਿਨੋ-ਦਿਨ ਵਧ ਰਹੀ ਆਬਾਦੀ ਹੀ ਦੇਸ਼ ਵਿਚਲੀ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਅਨਪੜ੍ਹਤਾ, ਪ੍ਰਦੂਸ਼ਣ, ਪ੍ਰਤੀ ਵਿਅਕਤੀ ਆਮਦਨ ਦੀ ਨੀਵੀਂ ਦਰ, ਦੇਸ਼ ਦਾ ਆਰਥਿਕ ਤੌਰ ‘ਤੇ ਪਛੜਿਆਪਣ, ਆਦਿ ਸਮੱਸਿਆਵਾਂ ਦੀ ਜੜ੍ਹ ਹੈ। ਭਾਰਤ ਦੁਆਰਾ ਆਜ਼ਾਦੀ ਤੋਂ ਬਾਅਦ ਕੀਤੇ ਵਿਕਾਸ ਨੂੰ ਦੇਸ਼ ਦੀ ਲੋੜ ਤੋਂ ਵਧੇਰੇ ਵਧੀ ਹੋਈ ਆਬਾਦੀ ਹੀ ਨਿਗਲ ਗਈ। ਵਿਸ਼ਵ ਬੈਂਕ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੇ 42 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਵੱਧ ਰਹੀ ਜਨ ਸੰਖਿਆ ਨੇ ਬੇਰੁਜ਼ਗਾਰੀ ਜਿਹੀ ਭਿਆਨਕ ਸਮੱਸਿਆ ਪੈਦਾ ਕਰ ਦਿੱਤੀ ਹੈ।
ਏਸ਼ੀਆ ਮਹਾਂਦੀਪ ਵਿਚ ਸੰਸਾਰ ਦੀ 60 ਫੀਸਦੀ ਵਸੋਂ ਰਹਿੰਦੀ ਹੈ। ਭਾਰਤ ਦੀ 15ਵੀਂ ਜਨਗਣਨਾ 2011 ਅਨੁਸਾਰ, 31 ਮਾਰਚ 2011 ਤੱਕ ਭਾਰਤ ਦੀ ਆਬਾਦੀ 1,21,01,93,422 (ਇਕ ਅਰਬ ਇੱਕੀ ਕਰੋੜ ਇਕ ਲੱਖ ਤਰਿਆਨਵੇਂ ਹਜ਼ਾਰ ਚਾਰ ਸੌ ਬਾਈ) ਹੈ। 50 ਫੀਸਦੀ ਆਬਾਦੀ ਜ਼ੀਰੋ ਤੋਂ ਪੱਚੀ ਸਾਲ ਤੱਕ ਦੀ ਉਮਰ ਵਾਲਿਆਂ ਦੀ ਹੈ। ਦੇਸ਼ ਵਿਚ ਇਕ ਸਾਲ ਵਿਚ ਇਕ ਹਜ਼ਾਰ ਦੀ ਵਸੋਂ ਪਿੱਛੇ 22æ22 ਬੱਚੇ ਪੈਦਾ ਹੁੰਦੇ ਹਨ ਜਦ ਕਿ ਇਕ ਹਜ਼ਾਰ ਵਸੋਂ ਪਿੱਛੇ ਮੌਤਾਂ ਸਿਰਫ 6æ4 ਹੁੰਦੀਆਂ ਹਨ। ਮੌਤ ਅਤੇ ਜਨਮ ਦਰ ਵਿਚ ਇੰਨੇ ਵੱਡੇ ਫਰਕ ਕਾਰਨ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
____________________________________
ਇਕ ਮਿੰਟ ਵਿਚ ਪੈਦਾ ਹੁੰਦੇ ਨੇ 51 ਬੱਚੇ
ਨਵੀਂ ਦਿੱਲੀ: ਭਾਰਤ ਵਿਚ ਔਸਤਨ ਇਕ ਮਿੰਟ ਵਿਚ 51 ਬੱਚੇ ਪੈਦਾ ਹੁੰਦੇ ਹਨ। ਉਤਰ ਪ੍ਰਦੇਸ਼ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ। ਉਤਰ ਪ੍ਰਦੇਸ਼ (19 ਕਰੋੜ 60 ਲੱਖ) ਤੇ ਮਹਾਂਰਾਸ਼ਟਰ (11 ਕਰੋੜ 24 ਲੱਖ) ਦੀ ਆਬਾਦੀ ਭਾਵ ਦੋ ਰਾਜਾਂ ਦੀ ਆਬਾਦੀ, ਅਮਰੀਕਾ ਦੀ ਆਬਾਦੀ ਨਾਲੋਂ ਜ਼ਿਆਦਾ ਹੈ। ਉਤਰ ਪ੍ਰਦੇਸ਼ ਦੀ ਆਬਾਦੀ ਬ੍ਰਾਜ਼ੀਲ ਦੀ ਵਸੋਂ ਦੇ ਬਰਾਬਰ ਹੈ। ਮਹਾਂਰਾਸ਼ਟਰ ਦੀ ਆਬਾਦੀ ਮੈਕਸਿਕੋ ਦੀ ਆਬਾਦੀ ਦੇ ਬਰਾਬਰ ਹੈ। ਬਿਹਾਰ ਦੀ ਆਬਾਦੀ ਜਰਮਨੀ ਤੋਂ ਜ਼ਿਆਦਾ ਹੈ।