ਸਰਕਾਰੀ ਐਲਾਨ ਪਿੱਛੋਂ ਰੱਜੇ-ਪੁੱਜੇ ਵੀ ਕਰਜ਼ ਮੋੜਨ ਤੋਂ ਟਲਣ ਲੱਗੇ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਤੱਕ ਕਰਜ਼ਾ ਮੁਆਫ ਕਰਨ ਦੇ ਐਲਾਨ ਨੇ ਸੂਬੇ ਦੇ ਖੇਤੀ ਸਹਿਕਾਰੀ ਬੈਂਕਾਂ ਨੂੰ ਵੱਡੇ ਸੰਕਟ ਵਿਚ ਪਾ ਦਿੱਤਾ ਹੈ। ਸਰਕਾਰ ਤੋਂ ਮਿਲੇ ਅੰਕੜਿਆਂ ਅਨੁਸਾਰ 31 ਮਈ 2017 ਤੱਕ ਰਾਜ ਦੇ ਸਹਿਕਾਰੀ ਬੈਂਕਾਂ ਵੱਲੋਂ ਕੁੱਲ 10482 ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਨੂੰ ਦਿੱਤੇ ਗਏ ਸਨ ਜਿਸ ਵਿਚੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਦਿੱਤਾ ਗਿਆ ਕਰਜ਼ਾ 5217 ਕਰੋੜ ਰੁਪਏ ਦਾ ਹੈ।

ਮਗਰਲੇ ਇਕ ਸਾਲ ਦੌਰਾਨ ਰਾਜ ਦੇ ਕਿਸਾਨਾਂ ਵੱਲੋਂ ਸਰਕਾਰੀ, ਨਿੱਜੀ ਅਤੇ ਪੇਂਡੂ ਸਹਿਕਾਰੀ ਬੈਂਕਾਂ ਤੋਂ ਕੁੱਲ ਕੋਈ 14383 ਕਰੋੜ ਰੁਪਏ ਦੇ ਕਰਜ਼ੇ ਪ੍ਰਾਪਤ ਕੀਤੇ ਹਨ ਪਰ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਅਤੇ ਜ਼ਮੀਨ ਦੀ ਕੁਰਕੀ ਵਾਲੇ ਕਾਨੂੰਨ ਨੂੰ ਖਤਮ ਕਰਨ ਨਾਲ ਸੂਬੇ ਦੇ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਦੇ
ਕਰਜ਼ਿਆਂ ਦੀ ਅਦਾਇਗੀ ਤਕਰੀਬਨ ਰੋਕ ਦਿੱਤੀ ਗਈ ਹੈ। ਸਹਿਕਾਰਤਾ ਵਿਭਾਗ ਨੇ ਵਿੱਤ ਵਿਭਾਗ ਨੂੰ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਚਾਲੂ ਮਾਲੀ ਸਾਲ ਦੌਰਾਨ 3500 ਕਰੋੜ ਰੁਪਏ ਜਾਰੀ ਕੀਤੇ ਜਾਣ ਤਾਂ ਜੋ ਬੈਂਕਾਂ ਨੂੰ ਡੁੱਬਣ ਤੋਂ ਰੋਕਿਆ ਜਾ ਸਕੇ। ਵਿਭਾਗ ਵੱਲੋਂ ਦੱਸਿਆ ਗਿਆ ਕਿ ਵਿੱਤੀ ਸੰਕਟ ਕਾਰਨ ਸਹਿਕਾਰੀ ਬੈਂਕਾਂ ਵੱਲੋਂ ਸਟਾਫ ਦੀ ਛਾਂਟੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੈਂਕਾਂ ਵੱਲੋਂ ਮੁਲਾਜ਼ਮਾਂ ਲਈ 58 ਸਾਲ ਤੋਂ 60 ਸਾਲ ਤੱਕ ਸੇਵਾ ਮੁਕਤੀ ‘ਚ ਕੀਤਾ ਗਿਆ ਵਾਧਾ ਵੀ ਇਸੇ ਕਾਰਨ ਵਾਪਸ ਲੈ ਲਿਆ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ 58 ਸਾਲ ‘ਤੇ ਹੀ ਸੇਵਾ ਮੁਕਤ ਕੀਤਾ ਜਾ ਸਕੇ।
ਬੈਂਕਾਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਵੱਲੋਂ ਕਰਜ਼ਾ ਕੁਰਕੀ ਨੂੰ ਖਤਮ ਕਰਨ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਬਾਰੇ ਭਾਵੇਂ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਦੇ ਕਰਜ਼ੇ ਦੀ ਉਗਰਾਹੀ ਲਈ ਕੁਰਕੀ ਮੁਹਿੰਮ ਰੋਕ ਲਈ ਗਈ ਹੈ, ਜਦੋਂਕਿ ਕਿਸਾਨਾਂ ਵੱਲੋਂ ਵੀ ਕਰਜ਼ਾ ਮੁਆਫੀ ਦੀ ਆਸ ‘ਚ ਕਰਜ਼ੇ ਮੋੜਨੇ ਬੰਦ ਕਰ ਦਿੱਤੇ ਗਏ ਹਨ।
ਰਾਜ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਬੰਧੀ ਬਕਾਇਦਾ ਫੈਸਲੇ ਦੀ ਅਣਹੋਂਦ ‘ਚ ਰਾਜ ਸਰਕਾਰ ਵੀ ਖੁਦ ਮਾਹਰਾਂ ਦੀ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਕਿਸਾਨਾਂ, ਬੈਂਕਾਂ ਜਾਂ ਕਿਸੇ ਵੀ ਹੋਰ ਧਿਰ ਨੂੰ ਕਰਜ਼ਾ ਮੁਆਫੀ ਸਬੰਧੀ ਤਸਵੀਰ ਸਪੱਸ਼ਟ ਨਾ ਹੋਣ ਕਾਰਨ ਬੈਂਕਾਂ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਰਾਜ ਸਰਕਾਰ ਜਿਸ ਵੱਲੋਂ ਕਰਜ਼ਾ ਮੁਆਫੀ ਲਈ ਚਾਲੂ ਸਾਲ ਲਈ ਬਜਟ ਅਨੁਮਾਨਾਂ ‘ਚ 1500 ਕਰੋੜ ਦੀ ਰਾਸ਼ੀ ਰੱਖੀ ਗਈ ਹੈ, ਉਹ ਸਹਿਕਾਰੀ ਬੈਂਕਾਂ ਨੂੰ ਵਿੱਤੀ ਸੰਕਟ ‘ਚੋਂ ਕੱਢਣ ਲਈ 3500 ਕਰੋੜ ਰੁਪਏ ਚਾਲੂ ਸਾਲ ਦੌਰਾਨ ਕਿਵੇਂ ਜਾਰੀ ਕਰ ਸਕੇਗੀ। ਸਹਿਕਾਰਤਾ ਵਿਭਾਗ ਦਾ ਕਹਿਣਾ ਹੈ ਵਿੱਤੀ ਸੰਕਟ ਕਰ ਕੇ ਆਉਂਦੇ ਦਿਨਾਂ ਦੌਰਾਨ ਬੈਂਕਾਂ ਲਈ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਅਤੇ ਰੋਜ਼ਮਰ੍ਹਾ ਦੇ ਖਰਚਿਆਂ ਲਈ ਅਦਾਇਗੀਆਂ ਕਰਨੀਆਂ ਵੀ ਮੁਸ਼ਕਲ ਬਣ ਜਾਣਗੀਆਂ।
___________________________________________________
ਮੁਆਫੀ ਲਈ ਅਜੇ ਦੋ ਮਹੀਨੇ ਹੋਰ ਲੱਗਣਗੇ: ਮਨਪ੍ਰੀਤ
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕਰ ਚੁੱਕੀ ਹੈ ਪਰ ਇਸ ਫੈਸਲੇ ਨੂੰ ਅਮਲੀ ਜਾਮਾ ਪਵਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਦੋ ਮਹੀਨਿਆਂ ਦਾ ਹੋਰ ਸਮਾਂ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ, ਹੁਣ ਬੈਂਕਾਂ ਤੇ ਸਰਕਾਰ ਵਿਚਕਾਰ ਲੈਣ ਦੇਣ ਹੋਵੇਗਾ, ਇਸ ਦਾ ਕਿਸਾਨਾਂ ਨਾਲ ਕੋਈ ਸਬੰਧ ਨਹੀਂ ਹੈ। ਕਰਜ਼ੇ ਦੀ ਅਦਾਇਗੀ ਸਰਕਾਰ ਵੱਲੋਂ ਬੈਂਕਾਂ ਨੂੰ ਕੀਤੀ ਜਾਣੀ ਹੈ।
__________________________________________________
ਕਰਜ਼ੇ ਤੋਂ ਦੁਖੀ ਕਿਸਾਨ ਨੇ ਲਾਈ ਖੁਦ ਨੂੰ ਅੱਗ
ਬਰਨਾਲਾ: ਮਹਿਲ ਖੁਰਦ ਦੇ ਕਿਸਾਨ ਨੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕਿਸਾਨ ਅਵਤਾਰ ਸਿੰਘ ਉਰਫ ਇਕਬਾਲ ਨੇ ਮਾਨਸਿਕ ਪਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ। ਉਸ ਨੇ ਲੜਕੀ ਦੇ ਵਿਆਹ ਅਤੇ ਘਰ ਪਾਉਣ ਲਈ 10 ਲੱਖ ਰੁਪਏ ਕਰਜ਼ਾ ਲਿਆ ਸੀ। ਆਪਣੀ ਸਾਰੀ ਦੋ ਏਕੜ ਜ਼ਮੀਨ ਗਹਿਣੇ ਰੱਖ ਕੇ ਸੱਤ ਲੱਖ ਰੁਪਏ ਵਾਪਸ ਕਰ ਦਿੱਤੇ ਸਨ ਪਰ ਬਾਕੀ ਕਰਜ਼ੇ ਅਤੇ ਜ਼ਮੀਨ ਗਹਿਣੇ ਹੋਣ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਉਹ ਪਿੰਡ ਮਹਿਲ ਖੁਰਦ ਛੱਡ ਕੇ ਸਹੁਰੇ ਪਿੰਡ ਬੜੂੰਦੀ ਚਲਾ ਗਿਆ ਸੀ।