ਕੇਬਲ ਮਾਫੀਆ: ਫਾਸਟਵੇਅ ਦੇ ਟਾਕਰੇ ਲਈ ਅੱਗੇ ਆਇਆ ਹਿੰਦੂਜਾ ਗਰੁੱਪ

ਚੰਡੀਗੜ੍ਹ: ਪੰਜਾਬ ਵਿਚ ਹੁਣ ਕੇਬਲ ਮਾਫੀਆ ਦਾ ਭੋਗ ਪੈਣ ਜਾ ਰਿਹਾ ਹੈ। ਕੇਬਲ ਉਤੇ ਇਕੋ ਗਰੁੱਪ ਦੇ ਕਬਜ਼ੇ ਨੂੰ ਖਤਮ ਕਰਨ ਲਈ ਭਾਰਤ ਦੇ ਨਾਮਵਰ ਕਾਰਪੋਰੇਟ ਘਰਾਣੇ ਹਿੰਦੂਜਾ ਗਰੁੱਪ ਆਫ ਕੰਪਨੀਜ਼ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਨਵੀਂ ਟੈਕਨਾਲੋਜੀ ਵਾਲਾ ਕੇਬਲ ਨੈੱਟਵਰਕ ਲਾਂਚ ਕੀਤਾ ਹੈ। ਇਸ ਗਰੁੱਪ ਨੇ ਆਪਣਾ ਨੈੱਟਵਰਕ ਵਿਛਾਉਣ ਤੇ ਕੇਬਲ ਉਪਰੇਟਰਾਂ ਨੂੰ ਨੈੱਟਵਰਕ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਮੌਜੂਦਾ ਕੇਬਲ ਨੈੱਟਵਰਕ ਦੇ ਉਲਟ ਹਿੰਦੂਜਾ ਗਰੁੱਪ ਨੇ ਕਾਰੋਬਾਰ ਇਸ ਐਲਾਨ ਨਾਲ ਕੀਤਾ ਹੈ ਕਿ ਕੇਬਲ ਉਪਰੇਟਰ ਖੁਦ ਆਪਣੇ ਕਾਰੋਬਾਰ ਦੇ ਮਾਲਕ ਹੋਣਗੇ। ਹਿੰਦੂ ਗਰੁੱਪ ਸਿਰਫ ਉਨ੍ਹਾਂ ਨੂੰ ਸੈੱਟਟੌਪ ਬਾਕਸ, ਸੈਟੇਲਾਈਟ ਸਿਗਨਲ ਤੇ ਹੋਰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗਾ। ਟੀæਵੀæ ਕੇਬਲ ਕਨੈਕਸ਼ਨ ਦੇਣ ਤੇ ਲੋੜੀਂਦੀ ਕਾਰਵਾਈ ਕੇਬਲ ਉਪਰੇਟਰ ਖੁਦ ਕਰਨਗੇ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਪਨੀ ਲੋਕਾਂ ਨੂੰ ਹੋਰ ਕੰਪਨੀਆਂ ਦੇ ਮੁਕਾਬਲੇ ਕੁਆਲਿਟੀ ਵੀ ਚੰਗੀ ਦੇਵੇਗੀ ਤੇ ਰੇਟ ਵੀ ਸਸਤੇ ਹੋਣਗੇ। ਹਿੰਦੂਜਾ ਮੀਡੀਆ ਗਰੁੱਪ ਦੇ ਐਮæਡੀæ ਅਸ਼ੋਕ ਮਾਨਸੁਖਾਨੀ ਨੇ ਦੱਸਿਆ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਉਹ ਹੁਣ ਤੱਕ ਆਪਣੇ ਨੈੱਟਵਰਕ ਦੀ ਤਿਆਰੀ ਕਰ ਚੁੱਕੇ ਹਨ। 26 ਕੋਪ ਸਥਾਪਤ ਕਰ ਚੁੱਕੇ ਹਨ। ਕੰਪਨੀ ਵੱਲੋਂ ਦਿੱਤੇ ਜਾ ਰਹੇ ਬਹੁਤ ਹੀ ਛੋਟੇ ਆਕਾਰ ਦੇ ਸੈੱਟਟੌਪ ਬਾਕਸ ਦੀ ਕੀਮਤ 1200 ਰੁਪਏ ਹੈ।
ਹੁਣ ਤੱਕ ਮੁਲਕ ਦੇ 29 ਰਾਜਾਂ ਵਿਚ ਆਪਣਾ ਨੈੱਟਵਰਕ ਸ਼ੁਰੂ ਕਰ ਚੁੱਕਾ ਹੈ। ਜਦੋਂ ਫਾਸਟਵੇਅ ਚੈਨਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਮੁਕਾਬਲੇ ਲਈ ਨਹੀਂ ਆਏ ਸਗੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਕਿਸਮ ਦੇ ਕੇਬਲ ਨੈੱਟਵਰਕ ਸੇਵਾ ਦੇਣ ਲਈ ਆਏ ਹਨ। ਕੰਪਨੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦਰਵਾਜ਼ੇ ਮੌਜੂਦਾ ਤੇ ਨਵੇਂ ਕੇਬਲ ਉਪਰੇਟਰਾਂ ਲਈ ਖੁੱਲ੍ਹੇ ਹੋਣਗੇ। ਉਨ੍ਹਾਂ ਦੱਸਿਆ ਕਿ ਹਿੰਦੂਜਾ ਗਰੁੱਪ ਦੀ ਨਵੀਂ ਇਕਾਈ ਨੈੱਕਸਟ ਡਿਜੀਟਲ ਆਪਣੇ ਗਾਹਕਾਂ ਨੂੰ 500 ਚੈਨਲ ਤੱਕ ਮੁਹੱਈਆ ਕਰੇਗੀ। ਇਸ ਵਿਚ ਛੋਟੇ ਵੱਡੇ ਸਾਰੇ ਪੈਕ ਹੋਣਗੇ।
__________________________________________
ਹੁਣ ਰੇਤੇ ਦੀਆਂ ਖੱਡਾਂ ਛੱਡ ਕੇ ਭੱਜਣ ਲੱਗੇ ਠੇਕੇਦਾਰ
ਜਲੰਧਰ: ਕੈਪਟਨ ਸਰਕਾਰ ਦੀ ਮਾਈਨਿੰਗ ਨੀਤੀ ਨੂੰ ਬੂਰ ਨਹੀਂ ਪੈ ਰਿਹਾ। ਠੇਕੇਦਾਰ ਮਾਈਨਿੰਗ ਤੋਂ ਮੂੰਹ ਮੋੜਨ ਲੱਗੇ ਹਨ। ਸਰਕਾਰ ਵੱਲੋਂ ਰੇਤ ਖੱਡਾਂ ਦੀ ਕਰਵਾਈ ਦੂਜੀ ਬੋਲੀ ‘ਚ ਜਲੰਧਰ ਦੀ ਸਿਲਕਿਆਣਾ ਖੱਡ ਦੀ ਬੋਲੀ 7æ16 ਕਰੋੜ ਦੇਣ ਤੋਂ ਬਾਅਦ ਠੇਕੇਦਾਰ ਨੇ ਖੱਡ ਛੱਡ ਦਿੱਤੀ ਹੈ। ਡੇਢ ਹਫਤੇ ਪਹਿਲਾਂ ਹੀ ਇਸ ਖੱਡ ਵਾਸਤੇ 14 ਲੋਕਾਂ ਨੇ ਆਨਲਾਈਨ ਬੋਲੀ ਦਿੱਤੀ ਸੀ। ਸਭ ਤੋਂ ਵੱਡੀ ਬੋਲੀ 7æ16 ਕਰੋੜ ‘ਚ ਦਿੱਤੀ ਗਈ ਸੀ। ਇਸ ਖੱਡ ਦੀ ਇਕ ਸਾਲ ਦੀ ਲਿਮਟ 30 ਹਜ਼ਾਰ ਟਨ ਰੇਤ ਕੱਢਣ ਦੀ ਹੈ। ਇਸ ਮੁਤਾਬਕ ਠੇਕੇਦਾਰ ਨੂੰ ਇਕ ਟਨ ਰੇਤ 2900 ਰੁਪਏ ਦੀ ਪੈਣੀ ਸੀ। ਇਸ ‘ਚ ਲੇਬਰ ਤੇ ਹੋਰ ਖਰਚੇ ਜੁੜਨੇ ਸਨ। ਇਹੀ ਕਾਰਨ ਹੈ ਕਿ ਠੇਕੇਦਾਰ ਖੱਡਾਂ ਵੱਲ ਮੂੰਹ ਨਹੀਂ ਕਰ ਰਹੇ। ਜਲੰਧਰ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਬੋਲੀ ਤੋਂ ਬਾਅਦ ਸਮੇਂ ਸਿਰ ਪੈਸੇ ਨਾ ਜਮ੍ਹਾਂ ਕਰਵਾਉਣ ਕਾਰਨ ਇਸ ਨੂੰ ਰੱਦ ਮੰਨਿਆ ਹੈ। ਇਸ ਦੀ ਰਿਪੋਰਟ ਬਣਾ ਕੇ ਚੰਡੀਗੜ੍ਹ ਭੇਜ ਦਿੱਤੀ ਗਈ ਹੈ। ਬੋਲੀਕਾਰ ਨੇ ਇਸ ਦੀ ਫੀਸ ਕਰੀਬ 20 ਲੱਖ ਰੁਪਏ ਪਹਿਲਾਂ ਜਮ੍ਹਾਂ ਕਰਵਾਈ ਸੀ ਜੋ ਸਰਕਾਰੀ ਨਿਯਮਾਂ ਮੁਤਾਬਕ ਮੋੜੀ ਨਹੀਂ ਜਾਵੇਗੀ। ਕੈਪਟਨ ਸਰਕਾਰ ਵੇਲੇ ਹੋਈ ਪਹਿਲੀ ਰੇਤ ਖੱਡਾਂ ਦੀ ਵੱਡੀ ਨਿਲਾਮੀ ਤੋਂ ਬਾਅਦ ਵੀ ਕਈ ਠੇਕੇਦਾਰਾਂ ਨੇ ਪੈਸੇ ਨਹੀਂ ਜਮ੍ਹਾਂ ਕਰਵਾਏ ਸਨ। ਇਸ ਕਾਰਨ ਉਨ੍ਹਾਂ ਦੀ ਬੋਲੀ ਰੱਦ ਹੋ ਗਈ ਸੀ।