ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ॥
ਗੁਰਬਾਣੀ ਅੰਦਰ ਰਾਗ ਮਲ੍ਹਾਰ ਦੀ ਵਾਰ ਵਿਚ ਇਹ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਿਸ ਵਿਚ ਉਨ੍ਹਾਂ ਸਾਵਣ ਮਹੀਨੇ ਦੀ ਵਰਖਾ ਰੁੱਤ ਦਾ ਸੁੰਦਰ ਵਰਣਨ ਕਰਦਿਆਂ ਜੀਵਾਂ ਨੂੰ ਪ੍ਰਭੂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਗੁਰਬਾਣੀ ‘ਚ ਗੁਰੂ ਨਾਨਕ ਦੇਵ ਜੀ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਵੀ ਸਾਵਣ ਮਹੀਨੇ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਜੀਵ ਆਤਮਾ ਨੇ ਇਸ ਠੰਢੀ ਮਿੱਠੀ ਵਰਖਾ ਰੁੱਤ ਦਾ ਲਾਹਾ ਕਿਵੇਂ ਪ੍ਰਾਪਤ ਕਰਨਾ ਹੈ, ਇਹ ਉਪਦੇਸ਼ ਵੀ ਕੀਤਾ ਹੈ। ਸਾਲ ਅੰਦਰ ਬਾਰਾਂ ਮਹੀਨੇ ਹਨ। ਹਰ ਮਹੀਨੇ ਦੀ ਆਪਣੀ ਅਲੱਗ ਪਛਾਣ ਅਤੇ ਮਹੱਤਤਾ ਹੈ, ਪਰ ਸਾਉਣ ਮਹੀਨੇ ਦੀ ਜੋ ਖੂਬਸੂਰਤੀ ਅਤੇ ਮੌਲਿਕਤਾ ਹੈ, ਉਹ ਲਾਜਵਾਬ ਹੈ। ਇਸੇ ਕਰਕੇ ਗੁਰੂ ਸਾਹਿਬਾਨ ਨੇ ਇਸ ਮਹੀਨੇ ਨੂੰ ਗੁਰਬਾਣੀ ਵਿਚ ਰੱਜ ਕੇ ਵਡਿਆਇਆ ਹੈ।
ਗੁਰੂ ਅੰਗਦ ਦੇਵ ਜੀ ਵੀ ਸਾਉਣ ਮਹੀਨੇ ਦੀ ਆਮਦ ‘ਤੇ ਪ੍ਰਸੰਨਤਾ ਦਾ ਪ੍ਰਗਟਾਵਾ ਤੇ ਪ੍ਰਭੂ ਪ੍ਰੀਤ ਵਿਚ ਆਤਮ ਵਿਭੋਰ ਹੋਏ ਪ੍ਰਭੂ ਪਿਆਰੀਆਂ ਆਤਮਾਵਾਂ ਨੂੰ ਸਖੀਆਂ ਸਹੇਲੀਆਂ ਦੇ ਰੂਪ ਵਿਚ ਆਵਾਜ਼ ਦਿੰਦਿਆਂ ਆਖਦੇ ਹਨ, ਆਓ, ਸਖੀਓ ਸਾਉਣ ਦੇ ਮਹੀਨੇ ਨੂੰ ਸੇਵਾ, ਸਿਮਰਨ, ਅਤੇ ਪ੍ਰਭੂ ਭਗਤੀ ਵਿਚ ਜੁੜ ਕੇ ਹੋਰ ਸੁਹਾਵਣਾ ਅਤੇ ਅਨੰਦਮਈ ਬਣਾਈਏ।
ਜੇਠ ਅਤੇ ਹਾੜ ਮਹੀਨਿਆਂ ਦੀ ਲੋਹੜੇ ਦੀ ਗਰਮੀ ਅਤੇ ਤਪਸ਼ ਤੋਂ ਮਗਰੋਂ ਜਦੋਂ ਸਾਉਣ ਮਹੀਨੇ ਮੇਘੜੇ ਦੀਆਂ ਕਾਲੀਆਂ ਘਨਘੋਰ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ, ਬਦਲ ਸੂਰਜ ਨੂੰ ਲੁਕੋ ਲੈਂਦੇ ਹਨ, ਉਥੇ ਨਾਲ ਹੀ ਤਪਦੇ ਹਿਰਦਿਆਂ ਨੂੰ ਰਾਹਤ ਦੇਣ ਲਈ ਠੰਢੀਆਂ ਹਵਾਵਾਂ ਵੀ ਰੁਮਕਦੀਆਂ ਠੰਢ ਵਰਤਾਉਣ ਲਈ ਆ ਪਹੁੰਚਦੀਆਂ ਹਨ। ਜਦ ਹਵਾ ਆਪਣੀ ਮਸਤ ਚਾਲ ਵਿਚ ਤੁਰਦੀ ਹੈ, ਬਦਲ ਗੱਜਦੇ ਤੇ ਗੜਕਦੇ ਹਨ, ਬਿਜਲੀ ਚਮਕਦੀ ਹੈ, ਫਿਰ ਰਿਮ ਝਿਮ ਸਾਵਣ ਵੱਸਦਾ ਹੈ, ਅੰਬ ਦੇ ਦਰਖਤ ‘ਤੇ ਬੈਠੀ ਕੋਇਲ ਵੀ ਸੋਹਣੀ ਮਿੱਠੀ ਸੁਰ ਵਿਚ ਗਾਇਨ ਕਰਦੀ ਹੈ। ਮੋਰ ਪੈਲਾਂ ਪਾਉਂਦੇ ਹਨ, ਚਾਤ੍ਰਿਕ ਪਪੀਹਾ ਵੀ ਪੀਓ ਪੀਓ ਪੁਕਾਰਦਾ ਹੈ, ਬੀਂਡੇ ਅਤੇ ਡੱਡੂਆਂ ਦੀਆਂ ਆਵਾਜ਼ਾਂ ਦੇ ਮਸਤ ਨਜ਼ਾਰੇ, ਜੁਗਨੂੰਆਂ ਦਾ ਹਨੇਰੇ ਵਿਚ ਟਿਮਟਿਮਾਉਣਾ, ਇਹ ਸਭ ਮਿਲ ਕੇ ਸਾਉਣ ਮਹੀਨੇ ਦੀ ਵਰਖਾ ਰੁਤ ਨੂੰ ਹੋਰ ਸੁਹਾਵਣਾ ਬਣਾ ਦਿੰਦਾ ਹੈ।
ਸੰਸਾਰ ਦੇ ਜੀਵ ਇਸ ਸੁਹਾਵਣੇ ਮੌਸਮ ਵਿਚ ਆਪਣੀ ਖੁਸ਼ੀ ਦਾ ਇਜ਼ਹਾਰ ਆਪੋ ਆਪਣੇ ਢੰਗ ਨਾਲ ਕਰਦੇ ਹਨ ਪਰ ਗੁਰੂ ਅੰਗਦ ਦੇਵ ਜੀ ਉਸ ਮਿਹਰਵਾਨ ਅਕਾਲ ਪੁਰਖ ਦੀ ਇਸ ਬਖਸ਼ਿਸ਼ ਦਾ ਅਨੰਦ ਇਕੱਲੇ ਨਹੀਂ ਮਾਣਨਾ ਚਾਹੁੰਦੇ ਅਤੇ ਪ੍ਰਭੂ ਦੇ ਮਾਰਗ ਉਤੇ ਤੁਰ ਰਹੇ ਪ੍ਰਭੂ ਦੇ ਪਿਆਰਿਆਂ ਨੂੰ ਸਖੀਆਂ ਦੇ ਰੂਪ ਵਿਚ ਆਵਾਜ਼ ਦਿੰਦੇ ਹਨ, ਹੇ ਸਖੀਓ! ਸਾਵਣ ਆ ਗਿਆ ਹੈ, ਮੌਸਮ ਸੁਹਾਵਣਾ ਹੋਵੇਗਾ, ਮੇਘੜਾ ਅਪਣੀਆਂ ਫੌਜਾਂ ਨੂੰ ਨਾਲ ਲੈ ਕਾਲੀਆਂ ਘਟਾਵਾਂ ਬਣ ਜਦ ਵਰਸੇਗਾ ਤਾਂ ਸੜਦੀ ਹੋਈ ਧਰਤੀ ਦੇ ਨਾਲ ਨਾਲ ਸਾਰੇ ਜੀਵ ਜੰਤ ਵੀ ਹਰਸ਼ਾ ਉਠਣਗੇ, ਜਦ ਕੁਦਰਤ ਰਾਣੀ ਉਚੇ ਅਸਮਾਨ ਤੇ ਸਤਰੰਗੀ ਪੀਂਘ ਪਾਵੇਗੀ ਤਾਂ ਸਾਰੀ ਵਣਸਪਤੀ ਹਰੀ ਭਰੀ ਹੋ ਕੇ ਲਹਿਰਾਏਗੀ ਅਤੇ ਸਾਰੀ ਕਾਇਨਾਤ ਝੂਮ ਉਠੇਗੀ।
ਇਸ ਲਈ ਪ੍ਰਭੂ ਪਿਆਰੀਓ, ਸਖੀਓ ਆਓ ਇਨ੍ਹਾਂ ਮਨਮੋਹਕ ਅਤੇ ਸੁੰਦਰ ਨਜ਼ਾਰਿਆਂ ਨੂੰ ਅਜਾਈਂ ਨਾ ਗਵਾ ਦੇਈਏ ਅਤੇ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਜੁੜ ਕੇ ਸੇਵਾ ਤੇ ਸਿਮਰਨ ਵਿਚ ਜੁੜੀਏ। ਕੁਦਰਤ ਦੇ ਇਨ੍ਹਾਂ ਨਜ਼ਾਰਿਆਂ ਨੂੰ ਵੇਖ ਸਤਿਗੁਰੂ ਉਸ ਅਰਸ਼ਾਂ ਦੇ ਵਾਲੀ ਦੀ ਸਿਫਤ ਸਾਲਾਹ ਵਿਚ ਜੁੜ ਬੈਠਦੇ ਹਨ ਅਤੇ ਇਸ ਸਲੋਕ ਰਾਹੀਂ ਪ੍ਰਭੂ ਨਾਲ ਜੁੜਨ ਲਈ ਆਵਾਜ਼ ਵੀ ਦਿੰਦੇ ਹਨ,
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ॥
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲ ਪਿਆਰ॥
ਹੇ ਸਖੀ, ਸਾਉਣ ਦਾ ਮਹੀਨਾ ਆ ਗਿਆ ਹੈ ਅਤੇ ਵਰਸ ਵਰਸ ਕੇ ਹਰ ਪਾਸੇ ਹੀ ਜਲ ਥਲ ਕਰ ਦੇਵੇਗਾ, ਸਾਰੀ ਤਪਸ਼ ਮੁਕ ਜਾਵੇਗੀ, ਜੀਅ ਜੰਤ ਸਭ ਸੁਖੀ ਹੋ ਜਾਣਗੇ ਪਰ ਸੁਹਾਗਣਾਂ ਉਹ ਹੀ ਸੁਖ ਨਾਲ ਸੌਣਗੀਆਂ ਜਿਨ੍ਹਾਂ ਦਾ ਆਪਣੇ ਸਹੁ ਮਾਲਕ ਨਾਲ ਪਿਆਰ ਹੈ, ਭਾਵ ਹੇ ਭਾਈ ਅਸਲ ਵਿਚ ਇਹ ਸਾਉਣ ਦਾ ਮਹੀਨਾ ਉਨ੍ਹਾਂ ਜੀਵ ਆਤਮਾਵਾਂ ਲਈ ਹੀ ਸੁਖਦਾਈ ਅਤੇ ਅਨੰਦਮਈ ਹੈ ਜੋ ਸਤਿਸੰਗੀ ਹਨ, ਜੋ ਸੇਵਾ ਸਿਮਰਨ ਨਾਲ ਜੁੜੇ ਹੋਏ ਹਨ, ਜੋ ਪ੍ਰਭੂ ਭਗਤੀ ਵਿਚ ਲੀਨ ਹਨ ਅਤੇ ਗੁਰ ਉਪਦੇਸ਼ ਦੀ ਕਮਾਈ ਕਰ ਰਹੇ ਹਨ। ਸੁਹਾਗਣਾਂ ਸ਼ਬਦ ਵੀ ਸਤਿਗੁਰੂ ਉਨ੍ਹਾਂ ਪ੍ਰਭੂ ਪਿਆਰਿਆਂ ਲਈ ਵਰਤ ਰਹੇ ਹਨ, ਜੋ ਸਵਾਸ ਸਵਾਸ ਸੇਵਾ ਅਤੇ ਸਿਮਰਨ ਵਿਚ ਜੁੜ ਬੈਠੇ ਹਨ। ਉਹ ਆਤਮਾਵਾਂ ਪ੍ਰਭੂ ਪ੍ਰੀਤਮ ਦੀਆਂ ਸੁਹਾਗਣਾਂ ਹਨ ਅਤੇ ਕਰਤਾ ਪੁਰਖ ਪ੍ਰਭ ਉਨ੍ਹਾਂ ਦਾ ਪਤੀ ਹੈ।
ਜਿਥੇ ਸਾਉਣ ਮਹੀਨਾ ਸੁਹਾਗਣਾਂ ਲਈ ਸੁਖਦਾਈ ਹੈ, ਉਥੇ ਪਰਮਾਤਮਾ ਨਾਲੋਂ ਟੁਟੇ ਮਨਮੁਖਾਂ ਨੂੰ ਸਤਿਗੁਰੂ ਜੀ ਦੁਹਾਗਣਾਂ ਆਖਦੇ ਹਨ। ਸੋ ਆਓ, ਭਾਈ ਸਾਰੇ ਗੁਰ ਸ਼ਬਦ ਦੀ ਮਤ ਅਨੁਸਾਰ ਸੇਵਾ ਸਿਮਰਨ ਕਰਕੇ ਸਾਉਣ ਨੂੰ ਹੋਰ ਸੁਹਾਵਣਾ ਬਣਾਈਏ।
ਸਾਡੇ ਬਚਪਨ ਦੇ ਸਮੇਂ ਅਤੇ ਹੁਣ ਦੇ ਸਮੇਂ ਵਿਚ ਕੋਈ ਆਪਣੀ ਤਾਲ ਮੇਲ ਨਹੀਂ, ਹੁਣ ਦੀਆਂ ਸੁਖ ਸਹੂਲਤਾਂ ਅਤੇ ਉਦੋਂ ਦੇ ਸਾਦੇ ਜੀਵਨ ਆਪਸ ਵਿਚ ਮੇਲ ਨਹੀਂ ਖਾਂਦੇ। ਉਦੋਂ ਗੁਰਦੁਆਰੇ ਕੱਚੇ ਤੇ ਛੋਟੇ ਸਨ ਪਰ ਲੋਕ ਗੁਰੂ ਦੇ ਕਹਿਣੇ ਵਿਚ ਅਤੇ ਰੱਬ ਦੇ ਬਹੁਤ ਨੇੜੇ ਸਨ। ਹੁਣ ਗੁਰਦੁਆਰੇ ਬਹੁਤ ਵੱਡੇ ਬਣ ਗਏ ਹਨ ਪਰ ਲੋਕ ਗੁਰੂ ਦਾ ਕਹਿਣਾ ਭੁੱਲ ਕੇ ਰੱਬ ਤੋਂ ਨਾਬਰ ਹੋਏ ਫਿਰਦੇ ਹਨ। ਉਦੋਂ ਦੇ ਸਾਵਣ ਅਤੇ ਹੁਣ ਦੇ ਸਾਵਣ ਦਾ ਰੂਪ ਰੰਗ ਵੀ ਬਿਲਕੁਲ ਨਹੀਂ ਮਿਲਦਾ। ਕਾਰਣ, ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ। ਇਨਸਾਨ ਪਹਿਲਾਂ ਨਾਲੋਂ ਹਜ਼ਾਰਾਂ ਗੁਣਾਂ ਜ਼ਿਆਦਾ ਸਿਆਣਾ ਬਣ ਬੈਠਾ ਹੈ। ਉਹ ਨਾ ਗੁਰੂ ਅਤੇ ਨਾ ਹੀ ਰੱਬ ‘ਤੇ ਯਕੀਨ ਕਰਦਾ ਹੈ। ਉਸ ਨੂੰ ਗੁਰੂ ਅਤੇ ਰੱਬ ਦੀ ਹੁਣ ਲੋੜ ਹੀ ਨਹੀਂ ਪੈਂਦੀ। ਹੁਣ ਗੁਰਦੁਆਰੇ ਭਾਵੇਂ ਬੇਸ਼ੁਮਾਰ ਬਣ ਰਹੇ ਹਨ ਪਰ ਉਹ ਸਿਰਫ ਅਤੇ ਸਿਰਫ ਚੌਧਰਾਂ ਅਤੇ ਗੋਲਕਾਂ ਲਈ ਹੀ ਵਰਤੇ ਜਾ ਰਹੇ ਹਨ ਤਾਂ ਕਿ ਸਰਕਾਰੇ ਦਰਬਾਰੇ ਪਹੁੰਚ ਬਣ ਸਕੇ। ਗੁਰੂ ਕਿਥੇ ਤੇ ਰੱਬ ਕਿਥੇ? ਜੇ ਗੁਰੂ ਹੀ ਨਹੀਂ ਤਾਂ ਸਾਵਣ ਕੋਲੋਂ ਵੀ ਕਿਸੇ ਨੇ ਕੀ ਲੈਣਾ ਹੈ। ਮਨਮੁਖਤਾ ਦਾ ਹਰ ਪਾਸੇ ਬੋਲ ਬਾਲਾ ਹੈ, ਪਰ ਸੁਖ ਦੀ ਨੀਂਦ ਉਹ ਗੁਰਮੁਖ ਉਹ ਸੁਹਾਗਣਾਂ ਹੀ ਸੌਣਗੀਆਂ ਜੋ ਪਰਉਪਕਾਰ ਅਤੇ ਸੇਵਾ ਸਿਮਰਨ ਕਰਨਗੀਆਂ।
ਪਹਿਲਾਂ ਅਸੀਂ ਹਰ ਚੀਜ਼ ਰੱਬ ਕੋਲੋਂ ਮੰਗਦੇ ਸੀ, ਹਰ ਦੁਖ ਸੁਖ ਵਿਚ ਗੁਰੂ ਦਾ ਓਟ ਆਸਰਾ ਤੱਕਦੇ ਸੀ ਪਰ ਹੁਣ ਦਾ ਯੁਗ ਨਵਾਂ ਹੈ, ਜ਼ਮਾਨਾ ਨਵਾਂ ਹੈ, ਇਨਸਾਨ ਵੀ ਨਵਾਂ ਨਿਵੇਕਲਾ ਹੈ, ਉਹ ਹੁਣ ਸਭ ਕੁਝ ਆਪ ਕਰ ਸਕਦਾ ਹੈ ਅਤੇ ਕਰ ਵੀ ਰਿਹਾ ਹੈ, ਪਰ ਸ਼ਬਦ ਗੁਰੂ ਦੀ ਮੱਤ ‘ਤੇ ਤੁਰਨ ਵਾਲੇ ਗੁਰਮੁਖਾਂ ਲਈ ਗੁਰਦੇਵ ਆਖਦੇ ਹਨ,
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਧਰੇਹੁ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ ਅਵਰੀ ਲਾਗਾ ਨੇਹੁ॥
ਭਾਵ ਹੇ ਸਖੀਓ, ਸਾਵਣ ਦਾ ਮਹੀਨਾ ਆ ਗਿਆ ਹੈ। ਸਾਵਣ ਰਿਮਝਿਮ ਰਿਮਝਿਮ ਬਰਸੇਗਾ, ਹਰ ਪਾਸੇ ਪਾਣੀ ਹੀ ਪਾਣੀ ਜਲ ਥਲ ਹੋਇਆ ਦਿਸੇਗਾ, ਫਸਲਾਂ ਲਹਿਰਾਉਣਗੀਆਂ, ਹਰ ਪਾਸੇ ਸਾਰੀ ਬਨਸਪਤੀ ਹਰੇ ਰੰਗ ਦੇ ਵਸਤਰ ਪਾਈ ਝੂਮਦੀ ਨਜ਼ਰ ਆਵੇਗੀ, ਅਸੀਂ ਵੀ ਸਾਰੇ ਮਿਲ ਕੇ ਪ੍ਰਭੂ ਪਿਆਰੇ ਦੀ ਉਸਤਤਿ ਕਰੀਏ, ਉਸ ਦੀ ਯਾਦ ਵਿਚ ਜੁੜੀਏ,
ਦੁਹਾਗਣਾਂ ਉਹ ਮਨੁਖ ਹਨ ਜੋ ਆਪਣੇ ਮਾਲਕ ਦੀ ਰਜ਼ਾ ਵਿਚ ਨਾ ਚੱਲ ਕੇ ਹੁਕਮ ਅਦੂਲੀ ਕਰਦੇ ਹਨ, ਵਿਕਾਰਾਂ ਵਿਚ ਫਸ ਕੇ ਭਟਕਦੇ ਫਿਰਦੇ ਹਨ ਅਤੇ ਝੂਰ ਝੂਰ ਕੇ ਮਰਦੇ ਹਨ। ਸੋ ਆਓ, ਸਾਵਣ ਨੂੰ ਹੋਰ ਸੁਹਾਵਣਾ ਬਣਾਉਣ ਲਈ ਜੀਵਨ ਸਫਲ ਕਰਨ ਲਈ ਮਾਲਕ ਨਾਲ ਜੁੜੀਏ ਤਾਂ ਹੀ ਸਾਵਣ ਸੁਹਾਵਣਾ ਹੋਵੇਗਾ।