ਕਾਢਿਆਂ ਦਾ ਕਾਫਲਾ!

ਜਦੋਂ ਮਨੁੱਖ ਸਬਰ ਤੋਂ ਉਖੜ ਗਿਆ ਹੈ ਤਾਂ ਬੇਸਬਰੀ ਦੀਆਂ ਬਿਮਾਰੀਆਂ ਫੈਲਣ ਦੇ ਆਸਾਰ ਤਾਂ ਬਣ ਹੀ ਜਾਂਦੇ ਸਨ। ਸਹਿਣਸ਼ੀਲਤਾ ਤੇ ਸੰਜਮ ਕਤਲ ਕਰ ਦਿੱਤੇ ਨੇ ਪਰ ਚਿਹਰੇ ਤੋਂ ਮਨੁੱਖ ਫਿਰ ਵੀ ਕਾਤਲ ਨਹੀਂ ਲੱਗ ਰਿਹਾ। ਇਸੇ ਕਰਕੇ ਬਾਦਸ਼ਾਹੀਆਂ ਨੇ ਭਲੇਮਾਣਸਾਂ, ਇਮਾਨਦਾਰਾਂ ਤੇ ਦੇਸ਼ ਪ੍ਰੇਮੀਆਂ ਦੀ ਉਡੀਕ ਤਿਆਗ ਦਿੱਤੀ ਹੈ। ਸੂਰਜ ਚੜ੍ਹਦਾ ਤੇ ਨਿੱਤ ਚਾਅ ਨਾਲ ਹੈ ਪਰ ਡੁੱਬ ਸ਼ਰਮਿੰਦਾ ਹੋ ਕੇ ਰਿਹਾ ਹੈ। ਚੰਨ ਗੋਡਣੀ ਮਾਰਨ ਨੂੰ ਕਾਹਲਾ ਹੈ ਕਿ ਸ਼ਾਂਤ ਚਾਨਣੀ ‘ਚ ਵੀ ਲੋਕ ਗੁਨਾਹਾਂ ਦੇ ਪ੍ਰਛਾਵਿਆਂ ਤੋਂ ਭੈਅ ਨਹੀਂ ਖਾ ਰਹੇ।

ਬੱਕਰੀਆਂ ਤੇ ਮੱਝਾਂ ‘ਸਭ ਕੁਝ’ ਨੂੰ ਖੁਰਾਕ ਸਮਝਣ ਲੱਗੀਆਂ ਹਨ ਕਿ ਦੁੱਧ ਨੂੰ ਮਨੁੱਖ ਨੇ ਸ਼ੁੱਧ ਛੱਡਿਆ ਹੀ ਕਿੱਥੇ ਹੈ? ਗਊ ਧਰਮਰਾਜ ਨੂੰ ਅੱਖਾਂ ਕੱਢ ਕੇ ਡਰਾ ਹੀ ਨਹੀਂ ਰਹੀ, ਸਿੰਗਾਂ ਨਾਲ ਖਿੱਚਣ ਦੀਆਂ ਧਮਕੀਆਂ ਵੀ ਦੇ ਰਹੀ ਹੈ। ਇਸ ਕਰਕੇ ਕਿ ਸਾਨੂੰ ‘ਮਾਤਾ’ ਕਹਾਉਣ ਲਈ ਸਿਰਫ ‘ਭਾਰਤ ਵਰਸ਼’ ਹੀ ਚਾਹੀਦਾ ਹੈ। ਹੁਣ ਸੱਪ ਥਰ-ਥਰ ਕੰਬਣ ਲੱਗ ਪਿਆ ਹੈ ਕਿ ‘ਦਿੱਲੀ’ ਦੇ ‘ਡੰਗਿਆਂ’ ਦਾ ਵਾਸ਼ਿੰਗਟਨ ਕੋਲ ਵੀ ਮਣਕਾ ਨਹੀਂ ਹੈ। ਧੋਤੀ, ਟੋਪੀ ਤੇ ਜੰਤਰੀ ਤਾਂ ‘ਜ਼ਿੰਦਾਬਾਦ’ ਕਹਿਣ ਲੱਗੀਆਂ ਹਨ ਕਿਉਂਕਿ ਮਨੁੱਖ ਬਦ ਕਿਸਮਤੀ ਦੀਆਂ ਡਾਂਗਾਂ ਖਾਣ ਦਾ ਆਦੀ ਹੋ ਰਿਹਾ ਹੈ। ਇਸ ਕਰਕੇ ਵੀ ਕਿ ਜੋਤਿਸ਼ ਨੇ ਕਿਸਮਤ ਦੇ ਵਰਕੇ ਪਾੜ ਕੇ ਕੰਪਿਊਟਰ ਨੂੰ ‘ਸਕੈਨ’ ਕਰਨ ਲਈ ਵੀ ਦਿੱਤੇ ਹਨ। ਸਰਾਧਾਂ ‘ਚ ਖੀਰ ਤੇ ਪੰਡਿਤ-ਦੋਹਾਂ ਨੂੰ ਅੱਜ ਕੱਲ ਕੋਈ ਇਸ ਲਈ ਨਹੀਂ ਪੁੱਛ ਰਿਹਾ ਕਿ ਖੀਰ ਢਾਬਿਆਂ ‘ਤੇ ਅਤੇ ਪੰਡਿਤ ਅਹਾਤਿਆਂ ‘ਚ ਮਿਲਣ ਲੱਗ ਪਏ ਹਨ। ਹੁਣ ਪ੍ਰੇਮ ਤਾਂ ਹੈ ਪਰ ਸੋਹਣੀ ਨਹੀਂ, ਮਹੀਂਵਾਲ ਬਹੁਤ ਨੇ, ਪਰ ‘ਚਿੱਟੇ’ ਨੇ ਪੱਟ ਖਵਾਉਣ ਜੋਗੇ ਛੱਡੇ ਹੀ ਨਹੀਂ। ਜਾਤ ਦਾ ਅਭਿਮਾਨ ਮਨੁੱਖ ਦੇ ਸਿਰ ਨੂੰ ਚੜ੍ਹਿਆ ਪਿਐ, ਧਰਮ ਅਸਥਾਨਾਂ ‘ਚ ਧਰਮ ਦੁਖੀ ਹੈ। ਔਲਾਦ ਪਿਓ ਵੱਲ, ਪਿਓ ਪਤਨੀ ਵੱਲ, ਧੀ ਮਾਂ ਵੱਲ ਪਿੱਠ ਕਰੀ ਬੈਠੀ ਹੈ। ਫਿਰ ਵੀ ਪਰਿਵਾਰਾਂ ‘ਚ ਬਰਕਤਾਂ ਲੱਭਣ ਦੀ ਲੋਕ ਆਸ ਕਰੀ ਬੈਠੇ ਹਨ। ਭੌਣ ਹੁਣ ਕਾਢਿਆਂ ਦੇ ਨਹੀਂ, ਬੰਦਿਆਂ ਦੇ ਬਣਦੇ ਜਾ ਰਹੇ ਹਨ। ਮਨੁੱਖੀ ਵਰਤਾਰੇ ਨੂੰ ਵੇਖ ਕੇ ਹੀ ਕੀੜੀਆਂ ਕਾਢਿਆਂ ਦੇ ਲੱਤਾਂ ਮਾਰ ਰਹੀਆਂ ਹਨ ਕਿ ‘ਬੰਦੇ ਚੰਡ ਕੇ ਰੱਖਣੇ ਪੈਣੇ ਹਨ’ ਪਰ ਕੀੜੇ-ਮਕੌੜੇ ਪਸ਼ੂ-ਪੰਛੀ, ਜਾਨਵਰ ਘੱਟੋ ਘੱਟ ਹਾਲੇ ਮਨੁੱਖ ਨਾਲੋਂ ਪ੍ਰਸੰਨ ਅਵਸਥਾ ਵਿਚ ਜ਼ਰੂਰ ਹਨ।

ਐਸ਼ ਅਸ਼ੋਕ ਭੌਰਾ
ਫੋਨ: 510-415-3315

ਵੱਡੇ ਕੰਮ ਨਿੱਕੇ ਹੱਥਾਂ ਨੇ ਕਰਕੇ ਇਤਿਹਾਸ ਬਣਾਏ ਹਨ। ਵੱਡੀਆਂ ਹਰਕਤਾਂ ਛੋਟੇ ਲੋਕਾਂ ਨੇ ਕਦੇ ਨਹੀਂ ਕੀਤੀਆਂ। ਇਹ ਕੰਮ ਸ਼ਾਇਦ ਹਾਕਮਾਂ ਦੇ ਹਿੱਸੇ ਬਹੁਤਾ ਆਇਆ ਹੈ। ਲੱਖਾਂ ਤੀਲੇ ‘ਕੱਠੇ ਕਰਕੇ ਆਲ੍ਹਣਾ ਬਣਾਉਣਾ ਤੇ ਉਹ ਵੀ ਖੂਬਸੂਰਤ, ਮਹਿਲ ਬਣਾਉਣ ਵਾਲੇ ਕਾਰੀਗਰ ਵੀ ਭੁੱਲ ਜਾਂਦੇ ਨੇ ਕਿ ਕੰਧਾਂ ਪਲਸਤਰ ਤੋਂ ਬਿਨਾ ਵੀ ਇਕਸਾਰ ਤੇ ਮੁਲਾਇਮ ਹੋ ਸਕਦੀਆਂ ਨੇ। ਇਹ ਕੰਮ ਬਿਜੜਾ ਕਰਕੇ ਦਿਖਾਉਂਦਾ ਰਿਹਾ ਹੈ। ਸਬਰ ਛੋਟੇ ਲੋਕਾਂ ਕੋਲ ਹੀ ਹੁੰਦਾ ਹੈ। ਬੇਸਬਰੀ ਦਾ ਗਹਿਣਾ ਵੱਡੇ ਲੋਕਾਂ ਦੇ ਗਲ ਹਮੇਸ਼ਾ ਲਟਕਿਆ ਰਿਹਾ ਹੈ।
ਜਾਪਾਨੀ ਲੋਕ ਬਹੁਤਾ ਕਰਕੇ ਅੰਧ ਵਿਸ਼ਵਾਸੀ ਨਹੀਂ, ਉਹ ਮੜ੍ਹੀਆਂ-ਮਸਾਣਾਂ ਤੇ ਦੇਵੀ-ਦੇਵਤਿਆਂ ਨੂੰ ਘੱਟ ਹੀ ਪੂਜਦੇ ਨੇ। ਇਸ ਕਰਕੇ ਉਹ ਮੁਕੱਦਰਾਂ ਨਾਲੋਂ ਹੱਥੀਂ ਕਾਰਜ ਕਰਨ ਨੂੰ ਤਰਜੀਹ ਦਿੰਦੇ ਆਏ ਹਨ। ਮੈਂ ਜਾਪਾਨ ਵਿਚ ਸਿਰਫ ਇਕ ਵਾਰ ਗਿਆ ਹਾਂ, ਹੀਰੋਸ਼ੀਮਾ ਜਿੱਥੇ ਪ੍ਰਮਾਣੂ ਬੰਬਾਂ ਨਾਲ ਬਣੀ ਬੰਜਰ ਧਰਤੀ ‘ਤੇ ਵੀ ਹਰੇ-ਭਰੇ ਦਰਖਤ ਦੇਖੇ ਜਾ ਸਕਦੇ ਨੇ। ਇਹ ਜਾਪਾਨੀਆਂ ਦੀ ਲਿਆਕਤ ਅਤੇ ਮਿਹਨਤ ਦਾ ਨਮੂਨਾ ਹੈ। ਇੱਥੇ ‘ਗਾਈਡ’ ਤੁਹਾਨੂੰ ਜਾਪਾਨ ਦੀ ਪ੍ਰਸ਼ੰਸਾ ‘ਚ ਇਕ ਗੱਲ ਜ਼ਰੂਰ ਸੁਣਾਉਂਦੇ ਨੇ ਕਿ ਇਕ ਵਿਧਵਾ ਔਰਤ ਸਾਰਾ ਦਿਨ ਮਿਹਨਤ ਕਰਕੇ ਆਪਣੇ ਤੇ ਆਪਣੇ ਇਕਲੌਤੇ ਪੁੱਤ ਲਈ ਖਾਣ-ਪੀਣ ਦਾ ਪ੍ਰਬੰਧ ਕਰਦੀ ਸੀ। ਇਕ ਦਿਨ ਉਸ ਦਾ ਪੁੱਤ ਬਿਮਾਰ ਹੋ ਗਿਆ। ਕਾਲੀਆਂ ਘਟਾਵਾਂ ਦੱਸ ਰਹੀਆਂ ਸਨ ਕਿ ਮੀਂਹ ਰੱਜ ਕੇ ਵਰ੍ਹੇਗਾ ਤੇ ਤੂਫਾਨ ਵੀ ਆ ਸਕਦਾ ਹੈ। ਇਕ ਰੱਜਿਆ ਪੁੱਜਿਆ ਬੰਦਾ ਚੌਲਾਂ ਦਾ ਬੋਰਾ ਤੇ ਕੁਝ ਖਾਣ ਵਾਲੀਆਂ ਵਸਤਾਂ ਲੈ ਕੇ ਆ ਰਿਹਾ ਸੀ। ਉਹ ਇਸੇ ਔਰਤ ਦਾ ਗੁਆਂਢੀ ਸੀ। ਉਸ ਨੇ ਔਰਤ ਨੂੰ ਬੜੀ ਨਿਮਰਤਾ ਨਾਲ ਕਿਹਾ ਕਿ ਤੇਰਾ ਪੁੱਤਰ ਬਿਮਾਰ ਹੈ, ਤੂੰ ਅੱਜ ਘਰ ਤੋਂ ਬਾਹਰ ਨਹੀਂ ਜਾ ਸਕੇਂਗੀ, ਤੂੰ ਇਸ ਬੈਗ ‘ਚੋਂ ਜਿੰਨੇ ਚਾਹੇਂ ਚੌਲ ਲੈ ਸਕਦੀ ਹੈਂ। ਤਾਂ ਉਸ ਦੇ ਬਿਮਾਰ ਪੁੱਤਰ ਨੇ ਕਿਹਾ ਕਿ ਮਾਂ ਤੂੰ ਸਿਰਫ ਇਕ ਕੌਲੀ ਚੌਲਾਂ ਦੀ ਤੇ ਇਕ ਮੱਛੀ ਹੀ ਲੈਣੀ ਹੈ।
ਗੁਆਂਢੀ ਦਾ ਉਤਰ ਸੀ, “ਪੁੱਤਰਾ! ਇਕ ਮੱਛੀ ਤੇ ਇਕ ਕੌਲੀ ਚੌਲਾਂ ਦੀ ਸਿਰਫ ਅੱਜ ਦੇ ਦਿਨ ਲਈ ਹੀ ਕਾਫੀ ਨਹੀਂ ਹੋਵੇਗੀ। ਉਪਰੋਂ ਤੂਫਾਨ ਤੇ ਮੀਂਹ ਆਉਣ ਵਾਲਾ ਹੈ। ਤੂੰ ਬਿਮਾਰ ਹੈ, ਫਿਰ ਕੱਲ੍ਹ ਕੀ ਖਾਓਗੇ?”
ਮੁੰਡੇ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, “ਜਿਸ ਨੇ ਕੱਲ ਖਾਣ ਨੂੰ ਦਿੱਤਾ ਸੀ, ਉਹ ਕੱਲ ਨੂੰ ਵੀ ਦੇਵੇਗਾ।” ਤੇ ਦਾਨ ਕਰਨ ਵਾਲਾ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ ਅਤੇ ਇਹ ਸਬਰ ਰੱਖਣ ਵਾਲਾ ਬਾਲਕ ਅੱਗੇ ਜਾ ਕੇ ਜਾਪਾਨ ਦਾ ਸਾਸ਼ਕ ਬਣਿਆ ਸੀ। ਇਸੇ ਲਈ ਕਹਿੰਦੇ ਨੇ, ਜਾਪਾਨੀਆਂ ਕੋਲ ਸਬਰ ਵੀ ਹੈ, ਨਿਮਰਤਾ ਵੀ ਹੈ, ਉਨ੍ਹਾਂ ਕੋਲ ਹਥਿਆਰ ਵੀ ਨੇ, ਪਰ ਦੁਨੀਆਂ ‘ਚ ਜੇ ਕੋਈ ਲੜਨਾ ਨਹੀਂ ਚਾਹੁੰਦਾ ਤਾਂ ਉਹ ਸਿਰਫ ਜਾਪਾਨੀ ਨੇ ਕਿਉਂਕਿ ਨਾਗਾਸਾਕੀ ਤੇ ਹੀਰੋਸ਼ੀਮਾ ਦੀ ਤਬਾਹੀ ਨੇ ਉਨ੍ਹਾਂ ਨੂੰ ਸਿਆਣੇ ਬਣਾ ਦਿੱਤਾ ਹੈ।
ਕੀੜੀਆਂ ਅਤੇ ਕਾਢਿਆਂ ਦੇ ਭੌਣ ਦੀਆਂ ਹਜ਼ਾਰਾਂ ਕਹਾਣੀਆਂ ਅਸੀਂ ਸਾਰਿਆਂ ਨੇ ਸੁਣੀਆਂ ਹਨ। ਇਨ੍ਹਾਂ ਦੇ ਭੌਣ ‘ਤੇ ‘ਤਿਚੌਲੀ’ ਪਾਉਣ ਦਾ ਪੁੰਨ ਵਾਲਾ ਕਾਰਜ ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਪ੍ਰਚਲਿਤ ਹੈ, ਪਰ ਕਿਉਂ? ਇਹ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇ। ਯੂਨਾਨ ਦੀ ਇਕ ਲੋਕ ਕਥਾ ਹੈ-ਇਕ ਬਾਦਸ਼ਾਹ ਦੀ ਇਕਲੌਤੀ ਧੀ ਰੱਥ ਬਹੁਤ ਤੇਜ਼ ਭਜਾਉਣ ਦੀ ਸ਼ੌਕੀਨ ਸੀ। ਹੋਇਆ ਇਹ ਕਿ ਇਕ ਵਾਰ ਉਸ ਤੋਂ ਘੋੜੇ ਬੇਕਾਬੂ ਹੋ ਗਏ ਅਤੇ ਇਕ ਗਰੀਬ ਘਰ ਦੀ ਇਕਲੌਤੀ ਬੱਚੀ ਰੱਥ ਹੇਠ ਆ ਕੇ ਮਾਰੀ ਗਈ। ਬਾਦਸ਼ਾਹ ਨੇ ਗਰੀਬ ਪਰਿਵਾਰ ਨੂੰ ਮੋਹਰਾਂ, ਘਰ ਤੇ ਹੋਰ ਸੁੱਖ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ। ਪਰ ਇਸ ਗਰੀਬ ਮਾਂ-ਬਾਪ ਨੇ ਸਭ ਕੁਝ ਲੈਣ ਤੋਂ ਇਨਕਾਰ ਕਰ ਦਿੱਤਾ। ਮਾਮਲਾ ਅਦਾਲਤ ਵਿਚ ਚਲਾ ਗਿਆ ਤੇ ਗਰੀਬ ਪਰਿਵਾਰ ਨਾਲ ਹੋਏ ਇਸ ਸਾਸ਼ਕੀ ਧੱਕੇ ਤੋਂ ਦੁਖੀ ਜੱਜ ਨੇ ਫੈਸਲਾ ਸੁਣਾਇਆ ਕਿ ਬਾਦਸ਼ਾਹ ਦੀ ਬੇਟੀ ਨੂੰ ਇਕ ਦਿਨ ਲਈ ਨਿਰਵਸਤਰ ਕਰਕੇ ਕਾਢਿਆਂ ਦੇ ਭੌਣ ‘ਤੇ ਸੁੱਟ ਦਿੱਤਾ ਜਾਵੇ।
ਬਾਦਸ਼ਾਹ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ। ਇਸ ਫੈਸਲੇ ਨਾਲ ਉਹ ਬਹੁਤ ਦੁਖੀ ਹੋਇਆ। ਪਰ ਉਹ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰਨ ਲਈ ਤਾਂ ਵਚਨਬੱਧ ਸੀ ਪਰ ਹਕੂਮਤੀ ਨਸ਼ੇ ‘ਚ ਉਸ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਉਸ ਦੀ ਰਿਆਸਤ ਵਿਚ ਜਿੱਥੇ ਵੀ ਕਾਢਿਆਂ ਦੇ ਭੌਣ ਹਨ, ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇ, ਤੇ ਹੋਇਆ ਵੀ ਇੰਜ ਹੀ। ਦੋਸ਼ੀ ਬੇਟੀ ਨੂੰ ਇਹ ਸਜ਼ਾ ਦੇਣ ਲਈ ਇਕ ਵੀ ਕਾਢਿਆਂ ਦਾ ਭੌਣ ਨਾ ਲੱਭਾ। ਬਾਦਸ਼ਾਹ ਖੁਸ਼ ਸੀ ਪਰ ਮਰ ਗਈ ਕੁੜੀ ਦੇ ਮਾਪੇ ਰੱਜ ਕੇ ਦੁਖੀ ਤੇ ਕੁਝ ਵੀ ਕਰਨ ਤੋਂ ਅਸਮਰੱਥ ਸਨ।
ਕਈ ਸਾਲ ਗੁਜ਼ਰ ਗਏ। ਰਿਆਸਤ ਵਿਚ ਕਈ ਦਿਨ ਲਗਾਤਾਰ ਮੀਂਹ ਪੈਣ ਕਾਰਨ ‘ਕਾਲ ਪੈ ਗਿਆ। ਬਣ-ਤ੍ਰਿਣ ਸਭ ਕੁਝ ਗਿੱਲਾ ਹੋ ਗਿਆ। ਚੁੱਲ੍ਹਿਆਂ ਵਿਚ ਬਾਲਣ ਲਈ ਕੁਝ ਵੀ ਨਾ ਬਚਿਆ। ਇਕ ਸ਼ਾਮ ਗਰੀਬ ਔਰਤ ਨੇ ਪਤੀ ਨੂੰ ਕਿਹਾ ਕਿ ਬੇਟੀ ਤਾਂ ਚਲੀ ਗਈ ਹੈ, ਭੁੱਖ ਨਾਲ ਅਸੀਂ ਵੀ ਮਰ ਜਾਵਾਂਗੇ, ਤੂੰ ਕਿਤੋਂ ਸੁੱਕਾ ਬਾਲਣ ਲੱਭ ਕੇ ਲਿਆ। ਬੰਦਾ ਹੈਰਾਨ ਹੋ ਕੇ ਪੁੱਛਣ ਲੱਗਾ, “ਜੇ ਮੈਂ ਸੁੱਕਾ ਬਾਲਣ ਕਿਤੋਂ ਲੈ ਵੀ ਆਵਾਂ ਤਾਂ ਤੂੰ ਪਕਾਵੇਂਗੀ ਕੀ?” ਔਰਤ ਦਾ ਜਵਾਬ ਸੀ, “ਤੂੰ ਬਾਲਣ ਤਾਂ ਲੈ ਕੇ ਆ ਪਕਾਉਣ ਦਾ ਬਾਅਦ ਵਿਚ ਸੋਚਾਂਗੇ।” ਤੇ ਉਹ ਭੁੱਖੇ ਢਿੱਡ ‘ਚ ਮੁੱਕੀਆਂ ਦਿੰਦਾ ਘਰੋਂ ਨਿਕਲ ਗਿਆ। ਜੰਗਲ ਬੇਲੇ ਗਾਹੁੰਦਾ ਬਹੁਤ ਦੂਰ ਨਿਕਲ ਗਿਆ ਪਰ ਕਿਤੇ ਵੀ ਸੁੱਕਾ ਬਾਲਣ ਨਜ਼ਰ ਨਹੀਂ ਸੀ ਆ ਰਿਹਾ।
ਆਪਣੀ ਰਿਆਸਤ ਦੀ ਹੱਦ ‘ਤੇ ਜਦੋਂ ਉਹ ਵਗਦੇ ਦਰਿਆ ਕੋਲ ਪਹੁੰਚਿਆ ਤਾਂ ਉਸ ਦੀ ਨਜ਼ਰ ਪਾਣੀ ਵਿਚ ਤੈਰਦੇ ਇਕ ਦਰਖਤ ‘ਤੇ ਪਈ ਜਿਸ ਦਾ ਉਪਰਲਾ ਕੁਝ ਹਿੱਸਾ ਸੁੱਕਾ ਸੀ। ਉਸ ਦੇ ਚਿਹਰੇ ‘ਤੇ ਖੁਸ਼ੀ ਪਸਰੀ ਤੇ ਉਹ ਦਰਿਆ ਦੇ ਕਿਨਾਰੇ ਉਸ ਲੱਕੜ ਦਾ ਇੰਤਜ਼ਾਰ ਕਰਨ ਲੱਗਾ। ਮਿਹਨਤ ਮੁਸ਼ੱਕਤ ਕਰਕੇ ਉਸ ਨੇ ਉਸ ਦਰਖਤ ਨੂੰ ਖਿੱਚੇ ਕੇ ਬਾਹਰ ਕੱਢ ਲਿਆ। ਉਸ ਦਰਖਤ ਦੇ ਪੱਤੇ ਅਤੇ ਨਿੱਕੀਆਂ ਨਿੱਕੀਆਂ ਟਾਹਣੀਆਂ ਕਾਲੇ ਕਾਢਿਆਂ ਨਾਲ ਭਰੇ ਪਏ ਸਨ। ਬਿਜਲੀ ਜ਼ੋਰ ਦੀ ਲਿਸ਼ਕੀ ਤਾਂ ਕਾਢਿਆਂ ‘ਚੋਂ ਉਨ੍ਹਾਂ ਦਾ ਇਕ ਮੁਖੀ ਬੋਲ ਪਿਆ, “ਰੱਬ ਦਿਆ ਬੰਦਿਅ, ਅਸੀਂ ਇਸ ਦਰਖਤ ਦੀਆਂ ਟਾਹਣੀਆਂ ‘ਚ ਚੜ੍ਹ ਕੇ ਆਪਣੀ ਜਾਨ ਬਚਾ ਰਹੇ ਸਾਂ, ਤੂੰ ਸਾਨੂੰ ਬਾਹਰ ਕੱਢ ਕੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬ ਤੇਰਾ ਭਲਾ ਤਾਂ ਕਰੇਗਾ ਹੀ, ਜੇ ਕਦੇ ਸਾਡੀ ਲੋੜ ਪਈ ਤਾਂ ਯਾਦ ਕਰੀਂ, ਅਸੀਂ ਤੇਰੇ ਕੰਮ ਆਵਾਂਗੇ।”
ਗਰੀਬ ਆਦਮੀ ਹੱਸ ਪਿਆ। ਕਾਢੇ ਨੇ ਪੁੱਛਿਆ, “ਤੂੰ ਮੁਸਕਰਾਉਂਦਾ ਕਿਉਂ ਹੈ?”
ਉਹ ਬੋਲਿਆ, “ਖੁਸ਼ ਮੈਂ ਇਸ ਕਰਕੇ ਹਾਂ ਕਿ ਮੈਂ ਬਹੁਤ ਵੱਡਾ ਪੁੰਨ ਕਰ ਲਿਆ ਹੈ, ਹਜ਼ਾਰਾਂ ਕੀੜਿਆਂ ਦੀ ਜਾਨ ਬਚਾ ਲਈ ਹੈ, ਪਰ ਮੈਂ ਹੋਰ ਵੀ ਪ੍ਰਸੰਨ ਇਸ ਕਰਕੇ ਹੋ ਗਿਆ ਹਾਂ ਕਿ ਤੁਸੀਂ ਹੈ ਤਾਂ ਨਿੱਕੇ ਨਿੱਕੇ ਕਿਸੇ ਦੇ ਕੰਮ ਤਾਂ ਨਹੀਂ ਆ ਸਕਦੇ ਪਰ ਮੈਂ ਤੁਹਾਡੀ ਵੱਡੀ ਸੋਚ ਦਾ ਪ੍ਰਸ਼ੰਸਕ ਬਣ ਗਿਆ ਹਾਂ, ਚਲੋ ਤੁਹਾਡੇ ਅੰਦਰ ਕਿਸੇ ਦੇ ਕੰਮ ਆਉਣ ਦਾ ਜਜ਼ਬਾ ਤਾਂ ਹੈ।”
ਕਾਢਿਆਂ ਦੇ ਮੁਖੀ ਨੇ ਉਸ ਗਰੀਬ ਨੂੰ ਜਵਾਬ ਦੇ ਕੇ ਲਾਜਵਾਬ ਕਰ ਦਿੱਤਾ, “ਮਨੁੱਖ ਨੂੰ ਵਹਿਮ ਹੈ ਕਿ ਛੋਟੇ ਲੋਕ ਕਿਸੇ ਦੇ ਕੰਮ ਨਹੀਂ ਆਉਂਦੇ, ਜਦਕਿ ਕੰਮ ਹੀ ਵੱਡੇ ਲੋਕਾਂ ਦੇ ਛੋਟਿਆਂ ਨੇ ਆਉਣਾ ਹੁੰਦਾ ਹੈ। ਤੇਰੇ ਨਾਲ ਵਾਅਦਾ ਰਿਹਾ ਕਿ ਜਦੋਂ ਕੋਈ ਭੀੜ ਪਈ, ਤੂੰ ਸਾਨੂੰ ਯਾਦ ਕਰੀਂ ਅਸੀਂ ਤੇਰੇ ਅੰਗ-ਸੰਗ ਹੋਵਾਂਗੇ।”
ਕਾਢੇ ਲੱਕੜ ਤੋਂ ਉਤਰ ਕੇ ਧਰਤੀ ‘ਤੇ ਖਿਲਰ ਗਏ। ਉਹ ਲੱਕੜ ਘੜੀਸ ਕੇ ਘਰ ਲੈ ਆਇਆ। ਘਰ ਆਉਂਦਿਆਂ ਹੀ ਪਤਨੀ ਨੇ ਪੁੱਛਿਆ, “ਕਿੱਥੋਂ ਲੈ ਕੇ ਆਇਆਂ ਸੁੱਕੀ ਲੱਕੜ?” ਪਤੀ ਦਾ ਉਤਰ ਸੀ, “ਤੂੰ ਇਸ ਗੱਲ ਨੂੰ ਛੱਡ, ਤੇ ਪੁੱਛ ਕਿ ਮੈਂ ਪੁੰਨ ਕਿੱਡਾ ਵੱਡਾ ਕਰਕੇ ਆਇਆ ਹਾਂ।”
ਪਤਨੀ ਹੈਰਾਨ ਕਿ ਲਗਾਤਾਰ ਮੀਂਹ ਪੈ ਰਿਹਾ ਹੈ, ਸਿਰਫ ਕੁਝ ਘੰਟੇ ਬੱਦਲ ਚੁੱਪ ਹੋਏ ਹਨ। ਤੂਫਾਨ ਫਿਰ ਸਿਰ ਤੇ ਚੜ੍ਹਿਆ ਹੋਇਆ ਹੈ, ਤੂੰ ਇਸ ਵਰਤਾਰੇ ਵਿਚ ਕਿਹੜਾ ਪੁੰਨ ਕਰਕੇ ਆਇਆ ਹੈਂ? ਪਤੀ ਨੇ ਦਰਿਆ ‘ਚ ਰੁੜ੍ਹੇ ਆਉਂਦੇ ਦਰਖਤ ਦੀ ਕਹਾਣੀ ਸੁਣਾਈ ਕਿ ਕਿਵੇਂ ਕਾਢਿਆਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਨੂੰ ਮੈਂ ਬਚਾਅ ਕੇ ਆਇਆ ਹਾਂ। ਨਾਲ ਹੀ ਇਹ ਵਾਅਦਾ ਵੀ ਲੈ ਕੇ ਆਇਆ ਹਾਂ ਕਿ ਜਦੋਂ ਸਾਡੇ ‘ਤੇ ਭੀੜ ਪਈ, ਉਹ ਸਾਡੇ ਕੰਮ ਆਉਣਗੇ।
ਪਤਨੀ ਨੇ ਹੌਲੀ ਦੇਣੀ ਕਿਹਾ ਕਿ ਆਵਾਜ਼ ਹੁਣ ਬਾਹਰ ਨਾ ਕੱਢੀਂ ਕਿਉਂਕਿ ਬਾਦਸ਼ਾਹ ਨੇ ਆਪਣੀ ਰਿਆਸਤ ਵਿਚੋਂ ਕਾਢੇ ਮੁਕਾ ਦਿੱਤੇ ਹਨ ਤੇ ਜੇ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਸਾਨੂੰ ਦੋਵਾਂ ਨੂੰ ਮੁਕਾ ਦੇਵੇਗਾ।
ਸਾਰੀ ਰਾਤ ਭੁੱਖ ਨਾਲ ਉਨ੍ਹਾਂ ਦੀ ਅੱਖ ਨਾ ਲੱਗੀ। ਸਵੇਰੇ ਦਿਨ ਚੜ੍ਹਦਿਆਂ ਪਤਨੀ ਬੋਲੀ, “ਕਾਢਿਆਂ ਨੂੰ ਅਜ਼ਮਾ ਕੇ ਤਾਂ ਵੇਖ, ਸਾਡੇ ‘ਤੇ ਇਸ ਤੋਂ ਵੱਡੀ ਕਿਹੜੀ ਬਿਪਤਾ ਹੋ ਸਕਦੀ ਹੈ? ਅਸੀਂ ਕਈ ਦਿਨਾਂ ਤੋਂ ਭੁੱਖ ਨਾਲ ਵਿਲਕ ਰਹੇ ਹਾਂ। ਕਰ ਯਾਦ ਉਸ ਕਾਢਿਆਂ ਦੇ ਮੁਖੀ ਨੂੰ।”
ਅੱਖਾਂ ਮੀਚ ਕੇ ਜਦ ਗਰੀਬ ਨੇ ਉਨ੍ਹਾਂ ਨੂੰ ਯਾਦ ਕੀਤਾ ਤਾਂ ਕਾਢਿਆਂ ਦਾ ਕਾਫਲਾ ਕਤਾਰਾਂ ਬੰਨ੍ਹੀ ਉਸ ਦੇ ਘਰ ਵੱਲ ਤੁਰਿਆ ਆ ਰਿਹਾ ਸੀ ਤੇ ਉਨ੍ਹਾਂ ਦਾ ਉਹੀ ਮੁਖੀ ਬੋਲਿਆ, “ਰੱਬ ਦਿਆ ਬੰਦਿਆ, ਦੱਸ ਕਿਵੇਂ ਯਾਦ ਕੀਤਾ?” ਉਹ ਕਹਿਣ ਲੱਗਾ, “ਹੁਣ ਤਾਂ ਸਿਰਫ ਜਾਨ ਨਿਕਲਣੀ ਬਾਕੀ ਹੈ। ਘਰ ਖਾਣ ਲਈ ਇਕ ਵੀ ਦਾਣਾ ਨਹੀਂ ਤੇ ਚਾਰ ਦਿਨ ਤੋਂ ਬਿਲਕੁਲ ਭੁੱਖਾ ਹਾਂ। ਸਾਡੇ ਢਿੱਡ ਦਾ ਮਸਲਾ ਹੱਲ ਕਰ। ਨਹੀਂ ਮੈਂ ਤਾਂ ਤੁਹਾਨੂੰ ਬਚਾ ਲਿਆ ਸੀ, ਪਰ ਅਸੀਂ ਦੋਵੇਂ ਭੁੱਖ ਨਾਲ ਮਰ ਜਾਵਾਂਗੇ।”
ਕਾਢਿਆਂ ਦਾ ਸਰਦਾਰ ਮੁਸਕਰਾਇਆ ਤੇ ਬੜੇ ਵਿਸ਼ਵਾਸ ਨਾਲ ਬੋਲਿਆ, “ਇਹ ਵੀ ਕੋਈ ਸਮੱਸਿਆ ਹੈ? ਅਸੀਂ ਤੇਰਾ ਘਰ ਹੁਣੇ ਹੀ ਚੌਲਾਂ ਨਾਲ ਭਰ ਦਿਆਂਗੇ ਪਰ ਇਕ ਕੰਮ ਕਰ।”
ਦੋਵੇਂ ਬੋਲੇ, “ਛੇਤੀ ਦੱਸੋ।”
ਕਾਢਾ ਬੋਲਿਆ, “ਚਾਰ ਕੋਹ ‘ਤੇ ਬਾਦਸ਼ਾਹ ਦੇ ਚੌਲਾਂ ਦਾ ਭੰਡਾਰ ਹੈ। ਮੌਸਮ ਖਰਾਬ ਹੋਣ ਕਾਰਨ ਉਥੇ ਕੋਈ ਵੀ ਪਹਿਰਾ ਨਹੀਂ ਦਿੰਦਾ। ਕੋਈ ਸੰਤਰੀ ਚੌਂਕੀਦਾਰ ਨਹੀਂ ਹੁੰਦਾ। ਅੱਜ ਰਾਤ ਨੂੰ ਤੂੰ ਉਥੋਂ ਇਕ ਚੌਲਾਂ ਦਾ ਬੋਰਾ ਚੋਰੀ ਕਰਕੇ ਆਪਣੇ ਘਰ ਤੱਕ ਖਿਲਾਰਦੇ ਨੇ ਆਉਣਾ ਹੈ ਤੇ ਇਸ ਗੱਲ ਦਾ ਧਿਆਨ ਰੱਖੀਂ ਕਿ ਕਿਤੇ ਖਿਲਾਰੇ ਦੀ ਲੜੀ ਨਾ ਟੁੱਟੇ। ਫਿਰ ਅਸੀਂ ਜਾਣੀਏ ਤੇ ਸਾਡਾ ਕੰਮ।”
ਅੱਧੀ ਰਾਤ ਦੋਵੇਂ ਪਤੀ-ਪਤਨੀ ਚੌਲਾਂ ਦੇ ਭੰਡਾਰ ‘ਤੇ ਪਹੁੰਚ ਗਏ। ਇਕ ਬੋਰਾ ਪਤਨੀ ਨੇ ਤੇ ਇਕ ਬੋਰਾ ਪਤੀ ਨੇ ਸਿਰ ‘ਤੇ ਚੁੱਕਿਆ ਅਤੇ ਘਰ ਤੱਕ ਇਕ ਕਤਾਰ ਬੰਨ੍ਹ ਕੇ ਖਿਲਾਰਦੇ ਆਏ। ਬੱਸ ਫਿਰ ਕੀ ਸੀ! ਚੌਲਾ ਦੇ ਭੰਡਾਰ ਤੋਂ ਘਰ ਤੱਕ ਦਾ ਸਫਰ ਤੇ ਰਾਸਤਾ ਕਾਢਿਆਂ ਨੂੰ ਪਤਾ ਲੱਗ ਗਿਆ ਸੀ। ਹਜ਼ਾਰਾਂ ਕਾਢੇ ਫਿਰ ਰਾਤ-ਦਿਨ ਉਸ ਗਰੀਬ ਦੇ ਘਰ ਨੂੰ ਚੌਲ ਢੋਣ ‘ਤੇ ਲੱਗੇ ਰਹੇ ਤੇ 48 ਘੰਟਿਆਂ ਦੇ ਅੰਦਰ ਅੰਦਰ ਉਸ ਗਰੀਬ ਦਾ ਕੋਠਾ ਕਾਢਿਆਂ ਨੇ ਚੌਲਾਂ ਨਾਲ ਭਰ ਦਿੱਤਾ ਸੀ।
ਇਹ ਖਬਰ ਜੰਗਲ ਦੀ ਅੱਗ ਵਾਂਗ ਬਾਦਸ਼ਾਹ ਦੇ ਮਹਿਲਾਂ ਤੱਕ ਪਹੁੰਚ ਗਈ ਕਿ ਚੌਲਾਂ ਦੇ ਭੰਡਾਰ ‘ਚ ਚੋਰੀ ਹੋ ਗਈ। ਬਾਦਸ਼ਾਹ ਨੇ ਅਹਿਲਕਾਰਾਂ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਇਹ ਸਾਰਾ ਕੰਮ ਕਾਢਿਆਂ ਨੇ ਕੀਤਾ ਹੈ, ਘਰ ਵੀ ਉਸ ਗਰੀਬ ਦਾ ਭਰਿਆ ਹੈ ਜਿਸ ਦੀ ਬੇਟੀ ਨੂੰ ਬਾਦਸ਼ਾਹ ਦੀ ਬੇਟੀ ਨੇ ਰੱਥ ਹੇਠ ਦੇ ਕੇ ਮਾਰ ਦਿੱਤਾ ਸੀ। ਬਾਦਸ਼ਾਹ ਗੁੱਸੇ ‘ਚ ਬੇਕਾਬੂ ਹੋ ਗਿਆ। ਉਸ ਨੇ ਗਰੀਬ ਆਦਮੀ ਨੂੰ ਮਹਿਲਾਂ ‘ਚ ਬੁਲਾ ਕੇ ਤਾੜਨਾ ਕੀਤੀ, “ਤੂੰ ਮੇਰੇ ਸਰਕਾਰੀ ਅੰਨ੍ਹ ਭੰਡਾਰਾਂ ‘ਚ ਚੋਰੀ ਕੀਤੀ ਹੈ। ਮੈਂ ਇਸ ਇਲਜ਼ਾਮ ਹੇਠ ਤੁਹਾਡਾ ਦੋਵਾਂ ਦਾ ਸਿਰ ਕਲਮ ਕਰ ਦੇਵਾਂਗਾ ਨਹੀਂ ਤੇ ਤੁਸੀਂ ਬਚਦਾ ਅੰਨ ਭੰਡਾਰ ਵੀ ਤਬਾਹ ਕਰ ਦਿਓਗੇ, ਕਿਉਂਕਿ ਜਿਨ੍ਹਾਂ ਕਾਢਿਆਂ ਨੂੰ ਮੈਂ ਆਪਣੀ ਰਿਆਸਤ ਵਿਚੋਂ ਖਤਮ ਕਰ ਦਿੱਤਾ ਸੀ, ਉਨ੍ਹਾਂ ਨੂੰ ਤੁਸੀਂ ਹੀ ਲੈ ਕੇ ਆਏ ਹੋ ਤੇ ਮੈਂ ਮੁੜ ਕੇ ਉਨ੍ਹਾਂ ਦਾ ਬੀਜ ਨਾਸ ਵੀ ਕਰ ਦਿਆਂਗਾ। ਜਾਹ ਚਲੇ ਜਾਹ ਤੇ ਤੁਹਾਨੂੰ ਕੱਲ ਨੂੰ ਭਰੀ ਸਭਾ ‘ਚ ਸਜ਼ਾ ਦਿੱਤੀ ਜਾਵੇਗੀ।”
ਉਦਾਸ ਹੋਇਆ ਗਰੀਬ ਆਦਮੀ ਘਰ ਪਰਤਿਆ ਅਤੇ ਆਪਣੀ ਪਤਨੀ ਦੇ ਗਲ ਲੱਗ ਕੇ ਉਚੀ ਉਚੀ ਰੋਣ ਲੱਗ ਪਿਆ। ਉਹੀ ਕਾਢਿਆਂ ਦਾ ਸਰਦਾਰ ਫਿਰ ਹਾਜ਼ਰ ਹੋ ਗਿਆ। ਪੁੱਛਣ ਲੱਗਾ ਕਿ ਹੁਣ ਤਾਂ ਤੁਹਾਡਾ ਘਰ ਅੰਨ ਨਾਲ ਭਰ ਦਿੱਤਾ ਹੈ, ਹੁਣ ਕਿਉਂ ਰੋਂਦੇ ਹੋ! ਉਸ ਨੇ ਬਾਦਸ਼ਾਹ ਦੇ ਹੁਕਮਾਂ ਦੀ ਸਾਰੀ ਕਹਾਣੀ ਮੁਖੀ ਕਾਢੇ ਨੂੰ ਸੁਣਾ ਦਿੱਤੀ। ਕਾਢਾ ਫਿਰ ਹੱਸ ਪਿਆ ਤੇ ਕਹਿਣਾ ਲੱਗਾ, “ਘਬਰਾ ਨਾ, ਹੁਣੇ ਵਾਪਿਸ ਮਹਿਲਾਂ ਵਿਚ ਜਾਹ ਤੇ ਬਾਦਸ਼ਾਹ ਨੂੰ ਕਹਿ ਕਿ ਜੇ ਉਹ ਕਾਢਿਆਂ ਦੇ ਭੌਣ ਤੇ ਬਰਸਾਤ ਦੇ ਦਿਨਾਂ ‘ਚ ਉਨ੍ਹਾਂ ਦੇ ਖਾਣ ਲਈ ਚੌਲ ਪਾਇਆ ਕਰੇਗਾ ਤਾਂ ਨਾ ਹੀ ਰਿਆਸਤ ‘ਚ ਕਦੇ ਹੜ੍ਹ ਆਉਣਗੇ, ਨਾ ਹੀ ਕੋਠੇ ਚੋਣਗੇ ਅਤੇ ਨਾ ਹੀ ਤੂਫਾਨ ਤਬਾਹੀ ਕਰੇਗਾ, ਤੇ ਇਕ ਗੱਲ ਹੋਰ ਕਹਿ ਦਈਂ ਕਿ ਬਾਦਸ਼ਾਹ ਨੇ ਇਹ ਕੰਮ ਸੱਚੇ ਮਨ ਨਾਲ ਕੀਤਾ ਤਾਂ ਉਸ ਦੇ ਘਰੇ ਇਕ ਪੁੱਤਰ ਜਨਮ ਲਏਗਾ ਤੇ ਉਹ ਸਭ ਤੋਂ ਸਿਆਣਾ, ਸਿਰੇ ਦਾ ਨਿਸ਼ਾਨਚੀ ਤੇ ਯੋਧਾ ਹੋਵੇਗਾ।”
ਗਰੀਬ ਨੂੰ ਜਿਉਣ ਦੀ ਆਸ ਫਿਰ ਜਾਗੀ ਤੇ ਉਸ ਬਾਦਸ਼ਾਹ ਦੇ ਮਹਿਲਾਂ ਵਿਚ ਫਿਰ ਦਸਤਕ ਜਾ ਦਿੱਤੀ ਤੇ ਹੱਥ ਜੋੜ ਕੇ ਉਸ ਕਾਢੇ ਦੀ ਫਰਿਆਦ ਬਾਦਸ਼ਾਹ ਨੂੰ ਜਾ ਦੱਸੀ। ਬਾਦਸ਼ਾਹ ਉਚੀ ਉਚੀ ਹੱਸਿਆ ਕਿ ਜਾਨ ਬਚਾਉਣ ਲਈ ਮੈਨੂੰ ਮੂਰਖ ਨਾ ਬਣਾ। ਪਰ ਮੈਂ ਤੇਰੀ ਇਸ ਗੱਲ ਨੂੰ ਫਿਰ ਮੰਨ ਸਕਦਾ ਹਾਂ, ਮੈਨੂੰ ਇਕ ਵਾਰ ਕਾਢਿਆਂ ਦੀ ਸਿਆਣਪ ਤੇ ਚਤੁਰਾਈ ਪਰਖਣ ਦੇਹ। ਮੈਂ ਇਕ ਖੇਤ ਵਿਚ ਗਿਣ ਕੇ ਤਿਲ ਖਿਲਾਰਾਂਗਾ ਤੇ ਕਾਢਿਆਂ ਦਾ ਇਹ ਕਾਫਲਾ ਉਹ ਤਿਲ ਇਕੱਤਰ ਕਰਕੇ ਮਹਿਲਾਂ ‘ਚ ਪੇਸ਼ ਕਰੇਗਾ। ਜੇ ਤਿਲਾਂ ਦੀ ਗਿਣਤੀ ਪੂਰੀ ਹੋਈ ਤਾਂ ਮੈਂ ਤੇ ਮੇਰੀ ਰਿਆਸਤ ਦੇ ਲੋਕ ਕਾਢਿਆਂ ਦੇ ਭੌਣ ‘ਤੇ ਚੌਲ ਪਾਇਆਂ ਕਰਨਗੇ।
ਦਿਨ ਚੜ੍ਹਿਆ, ਗਿਣ ਕੇ ਤਿਲ ਖਿਲਾਰ ਦਿੱਤੇ ਗਏ। ਕਾਢਿਆਂ ਨੂੰ ਹੁਕਮ ਦਿੱਤਾ ਗਿਆ ਕਿ ਤਿਲ ਇਕੱਠੇ ਕਰਕੇ ਲਿਆਓ। ਸਾਰੇ ਤਿਲ ਇਕ ਥਾਂ ਇਕੱਤਰ ਕਰਕੇ ਜਦੋਂ ਗਿਣੇ ਗਏ ਤਾਂ ਇਕ ਤਿਲ ਘਟਦਾ ਸੀ। ਬਾਦਸ਼ਾਹ ਨੇ ਕਿਹਾ, ਮੈਂ ਤੁਹਾਨੂੰ ਤੇ ਇਨ੍ਹਾਂ ਕਾਢਿਆਂ ਨੂੰ ਖਤਮ ਕਰ ਦੇਵਾਂਗਾ, ਕਿਉਂਕਿ ਇਕ ਤਿਲ ਘਟਦਾ ਹੈ। ਗੁੱਸੇ ‘ਚ ਬੋਲਦੇ ਬਾਦਸ਼ਾਹ ਨੂੰ ਸੁਣ ਕੇ ਇਕ ਕਾਢਾ ਲੰਗੜਾਉਂਦਾ ਭੱਜਿਆ ਆਵੇ ਤੇ ਕਹਿਣ ਲੱਗਾ, “ਆਖਰੀ ਤਿਲ ਮੈਂ ਲੈ ਕੇ ਆਇਆ ਹਾਂ, ਦੇਰੀ ਇਸ ਕਰਕੇ ਹੋ ਗਈ ਹੈ ਕਿਉਂਕਿ ਮੈਂ ਇਕੱਲਾ ਲੰਗੜਾ ਸੀ।”
ਕਹਿੰਦੇ ਨੇ, ਬਾਦਸ਼ਾਹ ਅਤੀ ਪ੍ਰਸੰਨ ਹੋ ਗਿਆ ਤੇ ਉਸ ਨੇ ਆਪਣੀ ਰਿਆਸਤ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਹੁਣ ਕਾਢਿਆਂ ਨੂੰ ਕੋਈ ਨਹੀਂ ਮਾਰੇਗਾ ਤੇ ਇਨ੍ਹਾਂ ਦੇ ਭੌਣ ‘ਤੇ ਨਾ ਸਿਰਫ ਚੌਲ ਪਾਏ ਜਾਣਗੇ ਸਗੋਂ ਤਿਲ ਵੀ ਇਨ੍ਹਾਂ ਦੀ ਖੁਰਾਕ ਦਾ ਹਿੱਸਾ ਬਣੇ ਰਹਿਣਗੇ।
ਪਤਨੀ ਜਦੋਂ ਮਰ ਜਾਵੇ ਤਾਂ ਪਤੀ ਬਹੁਤਾ ਦੇਰ ਜਿਉਂਦਾ ਤਾਂ ਨਹੀਂ ਰਹਿੰਦਾ ਪਰ ਉਹ ਜ਼ਿੰਦਗੀ ਬਸਰ ਕਰ ਰਿਹਾ ਹੁੰਦਾ ਹੈ। ਜ਼ਿੰਦਗੀ ‘ਚੋਂ ਮੌਜ ਮਸਤੀ ਮੁੱਕ ਗਈ ਹੁੰਦੀ ਹੈ। ਜ਼ਿੰਦਗੀ ਦੇਣ ਵਾਲਿਆਂ ਨੂੰ ਹੀ ਅਹਿਸਾਸ ਹੈ ਕਿ ‘ਜ਼ਿੰਦਗੀ ਜ਼ਿੰਦਾਬਾਦ’ ਦੇ ਅਰਥ ਕੀ ਹੁੰਦੇ ਹਨ।

ਗੱਲ ਬਣੀ ਕਿ ਨਹੀਂ
ਜਹਾਜ਼ ‘ਚ ਮੰਜੀ
ਜਿੱਧਰ ਜਾਈਏ ਧੱਕੇ ਖਾਈਏ,
ਨਹੀਂ ਦਿੰਦਾ ਕੋਈ ਢੋਈ।
ਚੰਨੋ ਦੇ ਗਲ ਲੱਗ ਕਰਤਾਰੋ,
ਭੁੱਬਾਂ ਮਾਰ ਕੇ ਰੋਈ।

ਧਰਮ ਰਾਜ ਦੇ ਅਰਥ ਬਦਲੇ,
ਅੱਜ ਕੱਲ ਮੋਦੀ ਜੋਗੀ ਨੇ।
ਗਊ ਮਾਤਾ ਕਿੱਲੇ ਤੋਂ ਛੱਡ’ਤੀ
ਅੱਕੇ ਅਮਲੀ ਗੋਗੀ ਨੇ।
ਸਾਨ੍ਹ ਭੂਤਰੇ ਫਿਰਨ ਚੁਫੇਰੇ
ਨਹੀਂ ਸੁਣਦੇ ਅਰਜੋਈ।æææ

ਬੇਰੁਜ਼ਗਾਰੀ ਪੁੱਤ ਨਿਗਲ ਗਈ
ਪਤੀ ਖਾ ਲਿਆ ਚਿੱਟੇ ਨੇ।
ਨਵੀਂ ਬਿਮਾਰੀ ਜੀæਐਸ਼ਟੀæ ਦੇ
ਪਏ ਭੁਗਤਣੇ ਸਿੱਟੇ ਨੇ।
ਮਾੜੇ ਦੇ ਮੂੰਹ ਪੈਣ ਨੂੰ ਫਿਰਦੀ
ਨੱਕ ‘ਚੋਂ ਜਿਹੜੀ ਚੋਈ।æææ

ਛੜੇ ਨੂੰ ਲੱਗੀਆਂ ਮੌਜਾਂ, ਉਹਦੀ
ਕੀ ਛੁੱਟ ਜੂ ਕੁੜਮਾਈ ਜੀ।
ਵਿਚ ਜਹਾਜ਼ ਦੇ ਰੱਖ ਲਈ ਮੰਜੀ
ਹੋ ਗਈ ਬੜੀ ਚੜ੍ਹਾਈ ਜੀ।
ਇੰਚ ਛਪੰਜਾ ਤੋਂ ਹੁਣ ਛਾਤੀ
ਡੂਢ ਕੁ ਗਿੱਠ ਦੀ ਹੋਈ।æææ

ਦੱਸ ਚਿਹਰੇ ਤੇ ਵਿਹੜੇ ਦੇ ਵਿਚ
ਕਦੋਂ ਰੌਣਕਾਂ ਆਉਣਗੀਆਂ?
ਭੂਆ ਬਿਸ਼ਨੀ ਤਾਈ ਅਤਰੋ
ਦੱਸ ਕਦ ਰੱਜ ਕੇ ਸੌਣਗੀਆਂ?
‘ਅੱਛੇ ਦਿਨ’ ਉਡੀਕਦੀਆਂ ਉਹ
ਸਧਰਾਂ ਫਿਰਨ ਲਕੋਈ।
ਚੰਨੋ ਦੇ ਗਲ ਲੱਗ ਕਰਤਾਰੋ,
ਭੁੱਬਾਂ ਮਾਰ ਕੇ ਰੋਈ।