ਕਬੀਰ ਕਮਾਈ ਆਪਣੀ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗਰੀਬੀ ਹੰਢਾ ਰਹੇ ਦੋ ਜਿਊੜਿਆਂ ਦੀਆਂ ਹਨ ਜਿਨ੍ਹਾਂ ਦੇ ਸਿਰੜ, ਸਿਦਕ ਤੇ ਭਰੋਸੇ ਅੱਗੇ ਸਿਰ ਝੁਕਦਾ ਹੈ। ਪਹਿਲੀ ਵਾਰਤਾ ਤਾਜ਼ੀ ਹੈ, ਜਿਸ ਸਦਕਾ ਮੈਨੂੰ ਦੂਜੀ ਘਟਨਾ ਯਾਦ ਆਈ ਜੋ ਸੰਨ 1965 ਤੋਂ ਬਾਅਦ ਦੇ ਕਿਸੇ ਸਾਲ ਵਿਚ ਵਾਪਰੀ ਸੀ। ਦੋਹਾਂ ਦੇ ਨਾਇਕ ਪਾਤਰ ਅਤੇ ਸਮਾਂ-ਸਥਾਨ ਬੇਸ਼ੱਕ ਅਲੱਗ ਅਲੱਗ ਹਨ, ਪਰ ਸਿੱਟਾ ਦੋਹਾਂ ਦਾ ਇਕੋ ਹੀ ਨਿਕਲਦਾ ਹੈ। ਦੋਵੇਂ ਕਥਾਵਾਂ ਇਕ ਦੂਜੀ ਦੀਆਂ ਪੂਰਕ ਹੀ ਹੋ ਨਿੱਬੜਦੀਆਂ ਹਨ।

ਸ਼ਹਿਰ ਦੀ ਅਮੀਰ ਮੰਨੀ ਜਾਂਦੀ ਕਾਲੋਨੀ ਵਿਚ ਰਹਿੰਦੇ ਮੇਰੇ ਭਰਾ ਦੀ ਕੋਠੀ ਤੋਂ ਰਤਾ ਹਟਵੀਂ ਇਕ ਹੋਰ ਕੋਠੀ ਦੇ ਬਗਲ ਤੋਂ ਬਾਹਰ ਸੜਕ ਦੇ ਕਿਨਾਰੇ ਆਰਜ਼ੀ ਜਿਹਾ ਅੱਡਾ-ਗੱਡਾ ਬਣਾ ਕੇ ਕੋਈ ਬਿਹਾਰੀ ਧੋਬੀ ਕੱਪੜੇ ਧੋਣ ਅਤੇ ਪ੍ਰੈਸ ਕਰਨ ਦਾ ਕਿੱਤਾ ਕਰਦਿਆਂ ਆਪਣੇ ਪਰਿਵਾਰ ਦਾ ਜੀਵਨ ਨਿਰਬਾਹ ਚਲਾ ਰਿਹਾ ਸੀ। ਵਰ੍ਹਿਆਂ ਤੋਂ ਬੈਠੇ ਇਸ ਧੋਬੀ ਤੋਂ ਆਸ-ਪਾਸ ਦੇ ਨੌਕਰੀ ਪੇਸ਼ਾ ਲੋਕ ਸੁਬ੍ਹਾ-ਸਵੇਰੇ ਕੱਪੜੇ ਪ੍ਰੈਸ ਕਰਵਾਉਣ ਲਈ ਚੰਗਾ ਰਸ਼ ਪਾਈ ਰੱਖਦੇ।
ਇਕ ਦਿਨ ਭਰਾ ਆਪਣੇ ਅਤੇ ਬੱਚਿਆਂ ਦੇ ਕੱਪੜੇ ਪ੍ਰੈਸ ਕਰਵਾਉਣ ਲਈ ਉਸ ਧੋਬੀ ਕੋਲ ਗਿਆ। ਨਾਲ ਹੀ ਪਿਛਲਾ ਰਹਿੰਦਾ ਮਿਹਨਤਾਨਾ ਧੋਬੀ ਨੂੰ ਜਾ ਫੜਾਇਆ। ਉਸ ਨੇ ਭਰਾ ਹੱਥੋਂ ਨੋਟ ਫੜ ਕੇ ਉਰਾ-ਪਰਾ ਕਰਦਿਆਂ ਬੇਧਿਆਨੀ ਜਿਹੀ ਨਾਲ ਮੇਜ ‘ਤੇ ਵਿਛੇ ਕੱਪੜੇ ਦੇ ਇਕ ਖੂੰਜੇ ਹੇਠਾਂ ਰੱਖ ਦਿੱਤੇ। ਜਦੋਂ ਉਹ ਇਧਰ ਉਧਰ ਹੋ ਕੇ ਕੱਪੜਿਆਂ ਦੀ ਫਰੋਲਾ ਫਰਾਲੀ ਕਰਨ ਲੱਗਾ ਤਾਂ ਕੋਲ ਸੜਕ ਵਗਦੀ ਜਾਣ ਕੇ ਮੇਰੇ ਭਰਾ ਨੇ ਧੋਬੀ ਨੂੰ ਚੌਕੰਨਾ ਕਰਦਿਆਂ ਆਖਿਆ ਕਿ ਗਲੀ ਵਿਚ ਆਂਦਕ-ਜਾਂਦਕ ਲੱਗੀ ਰਹਿੰਦੀ ਹੈ, ਇਸ ਲਈ ਪਹਿਲਾਂ ਇਹ ਪੈਸੇ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਭਰਾਵਾ।
ਬੇਫਿਕਰੀ ਦੇ ਆਲਮ ਵਿਚ ਧੋਬੀ ਥੋੜ੍ਹੀ ਗੰਭੀਰਤਾ ਵਾਲੀ ਮੁਸਕਰਾਹਟ ਬਿਖੇਰਦਿਆਂ ਕਹਿਣ ਲੱਗਾ, “ਅਰੇ ਸਰਦਾਰ ਜੀ, ਬਾਤ ਆਪ ਕੀ ਠੀਕ ਹੈ, ਪਰ ਯਿਹ ਜੋ ਪੈਸੇ ਆਪ ਨੇ ਮੁਝੇ ਦੀਏ ਹੈਂ, ਯਿਹ ਮੇਰੇ ਖੂਨ-ਪਸੀਨੇ ਕੀ ਕਮਾਈ ਹੈ। ਅਗਰ ਕੋਈ ਉਠਾ ਕੇ ਲੇ ਭੀ ਗਯਾ, ਮੁਝੇ ਦੁਖ ਤੋ ਹੋਗਾ ਕਿ ਮੇਰੀ ਹੱਕ ਹਲਾਲ ਕੀ ਮਿਹਨਤ ਉਡ ਗਈ! ਚਲੋ, ਭਗਵਾਨ ਨੇ ਮੁਝੇ ਦੋ ਹਾਥ ਦੀਏ ਹੂਏ ਹੈਂ, ਹਿੰਮਤ ਦੀ ਹੂਈ ਹੈ! ਮੈਂ ਤੋ ਔਰ ਕਮਾ ਲੂੰਗਾ। ਲੇਕਿਨ ਯਿਹ ਪੈਸੇ ਜਹਾਂ, ਜਿਸ ਪਰਿਵਾਰ ਮੇਂ ਜਾਏਂਗੇ ਨਾæææ।”
ਭਰਾ ਅਨਪੜ੍ਹ ਧੋਬੀ ਦੇ ਮੂੰਹੋਂ ਫਲਸਫਾਨਾ ਅੰਦਾਜ਼ ਵਾਲੀਆਂ ਇਹ ਗੱਲਾਂ ਸੁਣ ਕੇ ਦੰਗ ਰਹਿ ਗਿਆ। ਉਹ ਬੜੇ ਸਿਦਕ ਤੇ ਭਰੋਸੇ ਨਾਲ ਕਹਿੰਦਾ ਕਿ ਸਾਡੇ ਵਰਗੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਗਰੀਬਾਂ ਦੀ ਕਮਾਈ, ਜੇ ਕੋਈ ਛਲ-ਕਪਟ ਨਾਲ ਲੈ ਵੀ ਜਾਵੇ, ਤਾਂ ਉਸ ਨੂੰ ਵਫਾ ਨਹੀਂ ਕਰੇਗੀ; ਸਗੋਂ ਉਸ ਦਾ ਬੇੜਾ ਗਰਕ ਕਰ ਕੇ ਬਰਬਾਦੀ ਦਾ ਕਾਰਨ ਹੀ ਬਣੇਗੀ।
ਭਰਾ ਦੱਸੇ ਕਿ ਉਹ ਗਜ਼ਬ ਦੀ ਹਕੀਕਤ ਸੁਣ ਕੇ ਸੁੰਨ ਹੋਇਆ ਖੜ੍ਹਾ ਧੋਬੀ ਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ। ਟੀæਵੀæ ਚੈਨਲਾਂ ‘ਤੇ ਚੱਲਦੇ ਅਧਿਆਤਮਵਾਦੀ ਕਥਾ-ਵਿਖਿਆਨਾਂ ਨੇ ਉਸ ਨੂੰ ਕਦੇ ਇੰਨਾ ਪ੍ਰਭਾਵਤ ਨਹੀਂ ਕੀਤਾ, ਜਿੰਨਾ ਉਸ ਕਿਰਤੀ ਦੇ ਸਹਿਜ ਭਾਅ ਕਹੇ ਬੋਲਾਂ ਨੇ ਸੋਚਣ ਲਈ ਮਜਬੂਰ ਕੀਤਾ। ਉਥੇ ਖੜ੍ਹੇ-ਖੜ੍ਹੇ ਇਕ ਬੁੱਧੀਵਾਨ ਦਾ ਕਥਨ ਯਾਦ ਆਇਆ, “ਜਿਸ ‘ਕਮਾਈ’ ਉਤੇ ਤੁਹਾਡਾ ਪਸੀਨਾ ਨਹੀਂ ਵਗਿਆ, ਉਹ ਤੁਹਾਨੂੰ ਵਫਾ ਨਹੀਂ ਕਰੇਗੀ।”
ਡੂੰਘੇ ਅਰਥਾਂ ਵਾਲੀ ਇਹ ਵਾਰਤਾ ਸੁਣਦਿਆਂ ਮੈਨੂੰ ਆਪਣੇ ਘਰ ਦੀ ਉਹ ਘਟਨਾ ਯਾਦ ਆ ਗਈ ਜੋ ਸੰਨ ਪੈਂਹਟ ਦੇ ਅੱਗੜ-ਪਿੱਛੜ ਕਿਸੇ ਸਾਲ ਸਾਡੇ ਭਾਈਆ ਜੀ ਨਾਲ ਹੋਈ-ਵਾਪਰੀ ਸੀ। ਗਾਹੇ-ਬਗਾਹੇ ਘਰੇਲੂ ਵਰਤੋਂ ਦਾ ਸਮਾਨ ਤੇ ਹੋਰ ਕੱਪੜਾ-ਲੱਤਾ ਲੈਣ ਭਾਈਆ ਜੀ ਅਕਸਰ ਸਾਈਕਲ ‘ਤੇ ਨਵਾਂ ਸ਼ਹਿਰ ਜਾਂਦੇ। ਇਸੇ ਤਰ੍ਹਾਂ ਇਕ ਵਾਰ ਉਹ ਸਵੇਰੇ-ਸਵੇਰੇ ਘਰੇਲੂ ਕੰਮ-ਕਾਰ ਨਿਬੇੜ ਕੇ ਨਵਾਂ ਸ਼ਹਿਰੋਂ ਸੌਦੇ-ਪੱਤੇ ਲਿਆਉਣ ਲਈ ਤਿਆਰ ਹੋ ਗਏ। ਸਾਈਕਲ ਦੇ ਕੈਰੀਅਰ ‘ਤੇ ਝੋਲੇ ਵਗੈਰਾ ਬੰਨ੍ਹ ਕੇ ਉਹ ਨਹਿਰੇ ਪੈ ਗਏ। ਇੰਜ ਨਵੇਂ ਸ਼ਹਿਰ ਗਏ ਹੋਏ ਉਹ ਅਕਸਰ ਸ਼ਾਮ ਪਈ ਘਰੇ ਮੁੜਦੇ, ਪਰ ਉਸ ਦਿਨ ਉਨ੍ਹਾਂ ਸਾਨੂੰ ਸਾਰੇ ਟੱਬਰ ਨੂੰ ਹੈਰਾਨ ਕਰ ਦਿੱਤਾ, ਜਦ ਅਸੀਂ ਦੇਖਿਆ ਕਿ ਘਰੋਂ ਤੁਰਨ ਤੋਂ ਚਾਰ ਕੁ ਘੰਟਿਆਂ ਬਾਅਦ ਹੀ ਉਨ੍ਹਾਂ ਘਰ ਮੋਹਰੇ ਆ ਕੇ ਸਾਈਕਲ ਦੀ ਘੰਟੀ ਖੜਕਾ ਦਿੱਤੀ। ਅਸੀਂ ਸਾਰੇ ਇਕ ਦਮ ਭੱਜ ਕੇ ਬਾਹਰ ਆ ਗਏ। ਉਨ੍ਹਾਂ ਦਾ ਹੁਲੀਆ ਦੇਖ ਕੇ ਸਭ ਦੇ ਸਾਹ ਸੂਤੇ ਗਏ। ਉਘੜ-ਦੁਘੜੀ ਜਿਹੀ ਹੋਈ ਪੱਗ, ਮਿੱਟੀ ਗਾਰੇ ਜਿਹੇ ਨਾਲ ਲਿਬੜੇ ਸਲ੍ਹਾਬੇ ਜਿਹੇ ਹੋਏ ਉਨ੍ਹਾਂ ਦੇ ਕੱਪੜੇ ਅਤੇ ਘਬਰਾਇਆ ਚਿਹਰਾ ਦੇਖ ਕੇ ਅਸੀਂ ਠਠੰਬਰ ਗਏ! ਇਹ ਕੀ ਭਾਣਾ ਵਾਪਰ ਗਿਆ ਹੋਵੇਗਾ? ਬਹੁਤ ਨਿਮਰ ਸੁਭਾਅ ਵਾਲੀ ਸਾਡੀ ਮਾਂ ਤਾਂ ਰੋਣ ਹਾਕੀ ਜਿਹੀ ਹੋ ਕੇ ‘ਕੀ ਹੋਇਆæææ ਕੀ ਹੋਇਆ?’ ਕਰਦੀ, ਇਕ ਤਰ੍ਹਾਂ ਨਾਲ ਸਾਈਕਲ ਦੇ ਹੈਂਡਲ ‘ਤੇ ਡਿੱਗ ਹੀ ਪਈ!
“ਕੁਛ ਨਹੀਂ, ਬਚਾਅ ਹੋ ਗਿਆ।” ਸਾਈਕਲ ਕੰਧ ਨਾਲ ਲਾ ਕੇ ਕਮੀਜ਼ ਛੰਡਕਦਿਆਂ ਭਾਈਆ ਜੀ ਮੰਜੇ ‘ਤੇ ਬੈਠ ਗਏ ਅਤੇ ਸਾਨੂੰ ਧੀਰਜ ਬੰਨ੍ਹਾਈ! ਉਨ੍ਹਾਂ ਦੇ ਪੈਰਾਂ ਵਿਚੋਂ ਜੁੱਤੀ ਵੀ ਗਾਇਬ ਦੇਖ ਕੇ ਅਸੀਂ ਹੋਰ ਹੱਕੇ-ਬੱਕੇ ਹੋ ਗਏ। ਹੈਰਾਨ ਹੋਇਆ ਸਾਰਾ ਟੱਬਰ ਵੱਡੀ ਉਤਸੁਕਤਾ ਨਾਲ ਭਾਈਆ ਜੀ ਨਾਲ ਵਾਪਰੀ ਅਣਹੋਣੀ ਸੁਣਨ ਲਈ ਉਤਾਵਲਾ ਪੈ ਰਿਹਾ ਸੀ। ਭਾਈਆ ਜੀ ਮੂੰਹੋਂ ਸਾਰੀ ਦੁਰਘਟਨਾ ਦਾ ਵੇਰਵਾ ਸੁਣ ਕੇ ਸਾਡੇ ਲੂੰ ਕੰਡੇ ਖੜ੍ਹੇ ਹੋ ਗਏ। ਸਾਡੀ ਮਾਂ ‘ਤਾਂਹ ਨੂੰ ਹੱਥ ਜੋੜ ਕੇ ਦਾਤੇ ਦਾ ਸ਼ੁਕਰਾਨਾ ਕਰਨ ਲੱਗੀ ਕਿ ਉਸ ਦੇ ਸਿਰ ਦਾ ਸਾਈਂ ਸਹੀ ਸਲਾਮਤ ਬਚ ਕੇ ਆ ਗਿਆ ਹੈ।
ਹੋਇਆ ਅਸਲ ਵਿਚ ਇਹ ਕਿ ਸਾਡੇ ਪਿੰਡੋਂ ਨਵਾਂ ਸ਼ਹਿਰ ਜਾਣ ਲਈ ਆਮ ਤੌਰ ‘ਤੇ ਬਿਸਤ ਦੁਆਬ ਨਹਿਰ ਕੰਢੇ 6-7 ਮੀਲ ਸਫਰ ਕਰਨਾ ਪੈਂਦਾ ਹੈ। ਪਿੰਡ ਸਵਾਜ ਪੁਰ ਦੇ ਜਿਸ ਪੁਲ ਤੋਂ ਨਹਿਰ ਛੱਡ ਕੇ ਹੋਰ ਰਾਹ ਪੈਣਾ ਹੁੰਦਾ ਹੈ, ਉਸ ਪੁਲ ‘ਤੇ ਹੈੱਡ-ਵਰਕਸ ਬਣਿਆ ਹੋਇਆ ਹੈ ਜਿਥੋਂ ਖੱਬੇ-ਸੱਜੇ ਰਜਬਾਹੇ ਨਿਕਲਦੇ ਹਨ। ਨਹਿਰ ਦੇ ਪਾਣੀ ਦੀ ਰਫਤਾਰ ਰੋਕਣ ਲਈ ਪੁਲ ਦੇ ਮੋਹਰੇ ਰੋਕਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿਚ ਵੱਜ ਕੇ ਪਾਣੀ ਰਿੜਕ ਜਿਹਾ ਹੁੰਦਿਆਂ ‘ਝਲਾਰ’ ਬਣਦੀ ਹੈ। ਉਨ੍ਹਾਂ ਦਿਨਾਂ ਵਿਚ ਉਥੇ ਫੁੱਲ-ਬੂਟੇ ਲਗਾ ਕੇ ਉਹ ਥਾਂ ਖੂਬ ਸਜਾਈ ਹੁੰਦੀ ਸੀ। ਨਹਿਰ ਵਿਚ ਉਤਰਦੀਆਂ ਪੌੜੀਆਂ ਦੋਹੀਂ ਪਾਸੀਂ ਬਣੀਆਂ ਹੋਈਆਂ ਸਨ ਜਿਨ੍ਹਾਂ ਥਾਣੀ ਉਤਰ ਕੇ ਰਾਹੀ-ਮੁਸਾਫਿਰ ਜਾਂ ਪੱਠੇ-ਦੱਥੇ ਵਾਲੀਆਂ ਬੀਬੀਆਂ ਪਾਣੀ ਪੀ ਲੈਂਦੀਆਂ। ਉਸ ਦਿਨ ਸਾਡੇ ਭਾਈਆ ਜੀ ਵੀ ਉਥੇ ਪਾਣੀ ਪੀਣ ਲਈ ਉਤਰੇ, ਪਰ ਪੌੜੀਆਂ ਤੋਂ ਪੈਰ ਤਿਲਕਣ ਕਰ ਕੇ ਧੜੰਮ ਨਹਿਰ ‘ਚ ਡਿਗ ਪਏ।
ਪੁਲ ਦੇ ਮੂਹਰੇ ਪਾਣੀ ਦੀ ਡੂੰਘਾਈ ਵੀ ਅੱਠ-ਦਸ ਫੁੱਟ ਅਤੇ ਵਹਾਅ ਵੀ ਤੇਜ਼। ਉਭੜਵਾਹੇ ਡਿਗਣ ਕਰ ਕੇ ਗੋਤੇ ਵੀ ਚੰਗੇ ਆ ਗਏ, ਪਰ ਚੰਗੀ ਕਿਸਮਤ ਨੂੰ ਉਨ੍ਹਾਂ ਦਾ ਰੌਲਾ ਸੁਣ ਕੇ ਉਥੋਂ ਲੰਘਦੇ ਇਕ ਬੰਦੇ ਨੇ ਫਟਾ ਫਟ ਆਪਣੀ ਪੱਗ ਭਾਈਆ ਜੀ ਵੱਲ ਫਰਾਹੀ ਜਿਹਦੇ ਸਦਕਾ ਉਨ੍ਹਾਂ ਨੂੰ ਨਹਿਰ ਵਿਚੋਂ ਖਿੱਚ ਕੇ ਬਾਹਰ ਕੱਢਿਆ ਗਿਆ।
ਸਾਰਾ ਬਿਰਤਾਂਤ ਸੁਣ ਕੇ ਜਦੋਂ ਭਾਈਆ ਜੀ ਨੇ ਇਹ ਦੱਸਿਆ ਕਿ ਉਨ੍ਹਾਂ ਦਾ ਬਟੂਆ ਤੇ ਜੁੱਤੀ ਨਹਿਰ ਵਿਚ ਹੀ ਡਿਗ ਪਏ, ਤਾਂ ਸਾਡੀ ਮਾਤਾ ਨੂੰ ਪੈਸੇ ਜਾਣ ਦਾ ਝੋਰਾ ਖਾਣ ਲੱਗਾ। ਉਨ੍ਹਾਂ ਦਿਨਾਂ ਵਿਚ ਪੰਜਾਹ-ਸੱਠ ਰੁਪਏ ਵੀ ਅੱਜ ਦੇ ਅੱਠ ਦਸ ਹਜ਼ਾਰ ਦੇ ਬਰਾਬਰ ਹੁੰਦੇ ਸਨ। ਜਦੋਂ ਬੀਬੀ ਜੀ ਬਹੁਤੀ ਹੀ ਚਿੰਤਾ ਕਰਦਿਆਂ ਕਹਿਣ ਲੱਗੇ ਕਿ ਹੁਣ ਖਰਚਾ ਕਿਥੋਂ ਕਰਨੈਂ, ਤਦ ਭਾਈਆ ਜੀ ਬੜੇ ਠਰੰਮੇ ਨਾਲ ਕਹਿਣ ਕਿ ਜੇ ਉਹ ਪੈਸੇ ‘ਸਾਡੇ ਹੀ’ ਹੋਏ ਤਾਂ ਕਿਤੇ ਨਹੀਂ ਜਾਂਦੇ, ਸਾਨੂੰ ਅਵੱਸ਼ ਮਿਲ ਜਾਣਗੇ। ਰੁੜ੍ਹ ਗਏ ਪੈਸਿਆਂ ਨੂੰ ਝੂਰਦੀ ਅਤੇ ਗਰੀਬੀ ਕਾਰਨ ਦੁਖੀ ਹੁੰਦਿਆਂ ਜਦੋਂ ਸਾਡੀ ਮਾਂ ਕਹਿੰਦੀ ਕਿ ਨਹਿਰਾਂ ਵਿਚੋਂ ਤਾਂ ਡੁੱਬੇ ਹੋਏ ਬੰਦਿਆਂ ਦੀਆਂ ਲਾਸ਼ਾਂ ਨਹੀਂ ਲੱਭਦੀਆਂ ਹੁੰਦੀਆਂ! ਤੇਰਾ ਬਟੂਆਂ ਕਿੱਥੇ ਲੱਭਣੈਂ ਸਰਦਾਰ ਜੀ? ਤਦ ਭਾਈਆ ਜੀ ਆਪਣੇ ਵਿਸ਼ਵਾਸ ਦੇ ਪੱਖ ਵਿਚ ਇਹ ਸਤਰਾਂ ਪੜ੍ਹਦੇ,
ਕਬੀਰ ਕਮਾਈ ਆਪਣੀ
ਬਿਰਥੀ ਕਦੇ ਨਾ ਜਾਏ।
ਸੱਤ ਸਮੁੰਦਰ ਟੱਪ ਜਾਏ
ਫਿਰ ਵੀ ਮਿਲਦੀ ਆਏ।
(ਇਹ ਗੁਰਬਾਣੀ ਦਾ ਸਲੋਕ ਨਹੀਂ)
ਦਸ ਕੁ ਦਿਨਾਂ ਬਾਅਦ ਨਹਿਰ ਦਾ ਪਾਣੀ ਲੱਥੇ ਤੋਂ ਭਾਈਆ ਜੀ ਨੇ ਚੁੱਕਿਆ ਸਾਈਕਲ ‘ਤੇ ਜਾ ਪਹੁੰਚੇ ਸਵਾਜ ਪੁਰ ਦੇ ਪੁਲ ਉਤੇ। ਹੈੱਡ ਉਤੇ ਡਿਊਟੀ ਕਰਦੇ ਪਨਸਾਲੀਏ ਨੂੰ ਮਿਲੇ ਜਿਸ ਨੂੰ ਉਹ ਉਸ ਦਿਨ ਆਪਣਾ ਬਟੂਆ ਡਿਗਣ ਬਾਰੇ ਦੱਸ ਆਏ ਸਨ।
“ਗਿਆਨੀ ਜੀ ਪਾਣੀ ਤਾਂ ਕੱਲ੍ਹ ਸ਼ਾਮ ਦਾ ਹੀ ਉਤਰਿਆ ਹੋਇਐæææ।” ਤਸੱਲੀ ਨਾਲ ਬੋਲਦਿਆਂ ਪਨਸਾਲੀਆ ਭਾਈਆ ਜੀ ਨੂੰ ਆਪਣੇ ਕਮਰੇ ਵਿਚ ਲੈ ਗਿਆ ਜਿਥੇ ਉਸ ਨੇ ਭਿੱਜੇ ਬਟੂਏ ਵਿਚੋਂ ਨੋਟ ਕੱਢ ਕੇ ਪੁਰਾਣੀ ਅਖਬਾਰ ਉਤੇ ਸੁੱਕਣੇ ਪਾਏ ਹੋਏ ਸਨ। ਉਸ ਇਮਾਨਦਾਰ ਮੁਲਾਜ਼ਮ ਦਾ ਸ਼ੁਕਰਾਨਾ ਕਰਦਿਆਂ ਭਾਈਆ ਜੀ ‘ਆਪਣੀ ਕਮਾਈ’ ਲੈ ਕੇ ਕਿਸੇ ਜੇਤੂ ਖਿਡਾਰੀ ਵਾਂਗ ਮੁਸਕਰਾਉਂਦੇ ਘਰੇ ਆ ਗਏ।