ਸਾਕਾ ਨਨਕਾਣਾ ਸਾਹਿਬ ਦਾ ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ

ਗੁਰਨਾਮ ਸਿੰਘ ਚੀਮਾ ਮਾਂਗਟਾਂ ਵਾਲਾ
ਫੋਨ: 91-98140-44425
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਦੀ ਮੁਹਿੰਮ ਦੌਰਾਨ 20 ਫਰਵਰੀ 1921 ਨੂੰ ਵਾਪਰੇ ਸਾਕੇ ਵਿਚ ਸ਼ਹੀਦ ਹੋਏ ਸਿੱਖਾਂ ਵਿਚੋਂ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲਿਆਂ ਵਿਚ ਇਕ ਭਾਈ ਦਲੀਪ ਸਿੰਘ ਸਨ, ਜਿਨ੍ਹਾਂ ਦਾ ਜਨਮ ਪਿਤਾ ਭਾਈ ਕਰਮ ਸਿੰਘ ਦੇ ਘਰ ਬੀਬੀ ਹਰ ਕੌਰ ਦੀ ਕੁਖੋਂ ਪਿੰਡ ਸਾਹੋਵਾਲ, ਤਹਿਸੀਲ ਡਸਕਾ, ਜਿਲਾ ਸਿਆਲਕੋਟ ਵਿਖੇ ਹੋਇਆ। ਭਾਈ ਸਾਹਿਬ ਦੇ ਦਾਦਾ ਅਜੀਤ ਸਿੰਘ ਵਿਚ ਸਿੱਖੀ ਸਿਦਕ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।

ਭਾਈ ਦਲੀਪ ਸਿੰਘ ਨੇ ਮਿਡਲ ਡਸਕੇ ਦੇ ਅੰਗਰੇਜ਼ੀ ਮਿਡਲ ਸਕੂਲ ਅਤੇ ਬਾਕੀ ਦੀ ਪੜ੍ਹਾਈ ਖਾਲਸਾ ਹਾਈ ਸਕੂਲ ਗੁਜਰਾਂਵਾਲਾ ਤੋਂ ਕੀਤੀ। ਇਸੇ ਸਕੂਲ ਵਿਚ ਸਿੱਖੀ ਦੀ ਐਸੀ ਰੰਗਤ ਚੜ੍ਹੀ ਕਿ ਸਿੰਘ ਸੱਜ ਗਏ। ਉਨ੍ਹਾਂ ਦਾ ਵਿਆਹ ਬੀਬੀ ਰਛਪਾਲ ਕੌਰ ਪੁਤਰੀ ਭਾਈ ਗੰਡਾ ਸਿੰਘ (ਚੱਕ ਨੰਬਰ 137 ਜ਼ਿਲ੍ਹਾ ਸ਼ੇਖੂਪੁਰ) ਨਾਲ ਹੋਇਆ। ਭਾਈ ਦਲੀਪ ਸਿੰਘ ਦਾ ਬੇਟਾ 18 ਸਾਲ ਦੀ ਉਮਰ ਵਿਚ ਸਵਗਵਾਸ ਹੋ ਗਿਆ ਸੀ ਅਤੇ ਇਕਲੌਤੀ ਬੇਟੀ ਹੀ ਸ਼ਹੀਦ ਪਰਿਵਾਰ ਦੀ ਵਾਰਿਸ ਬਣੀ।
ਸੰਨ 1890 ਵਿਚ ਸਾਂਦਲ ਬਾਰ ਵਿਚ ਜਮੀਨਾਂ ਆਬਾਦ ਕਰਨ ਦਾ ਕੰਮ ਸ਼ੁਰੂ ਹੋਇਆ ਤਾਂ ਭਾਈ ਕਰਮ ਸਿੰਘ ਨੇ ਢਾਈ ਮੁਰੱਬੇ ਜਮੀਨ ਚੱਕ ਨੰਬਰ 132 ਰੱਖ ਬ੍ਰਾਂਚ ਵਿਚ ਲੈ ਲਈ। ਇਸ ਚੱਕ ਦਾ ਨਾਂ ਵੀ ਪਿਛਲੇ ਪਿੰਡ ਸਾਹੋਵਾਲ ਦੇ ਨਾਂ ‘ਤੇ ਰੱਖਿਆ। ਇਹ ਚੱਕ ਸਾਂਗਲਾ ਹਿਲ ਤੋਂ ਦਸ ਕਿਲੋਮੀਟਰ ਪੱਛਮ ਵੱਲ ਜ਼ਿਲਾ ਫੈਸਲਾਬਾਦ (ਲਾਇਲਪੁਰ) ਵਿਚ ਹੈ। ਭਾਈ ਰਕਮ ਸਿੰਘ ਦਾ ਪਰਿਵਾਰ ਅਤੇ ਪਿੰਡ ਦੇ ਹੋਰ ਕਈ ਪਰਿਵਾਰ ਸਿਆਲਕੋਟ ਤੋਂ ਇਸ ਚੱਕ ਵਿਚ ਆਣ ਕੇ ਆਬਾਦ ਹੋਏ।
ਉਸ ਦੌਰ ਵਿਚ ਬਹੁਤ ਸਾਰੇ ਗੁਰਦੁਆਰਿਆਂ ‘ਤੇ ਮਹੰਤਾਂ ਦਾ ਕਬਜ਼ਾ ਸੀ। ਮਹੰਤ ਸੇਵਾ ਸੰਭਾਲ ਦੀ ਥਾਂ ਗੁਰੂ ਘਰਾਂ ਵਿਚ ਸ਼ਰਬਾਂ ਪੀਂਦੇ, ਕੰਜਰੀਆਂ ਨਚਾAੁਂਦੇ ਅਤੇ ਦਰਸ਼ਨਾਂ ਨੂੰ ਆਈਆਂ ਸੰਗਤਾਂ ‘ਚੋਂ ਬੀਬੀਆਂ ਦੀ ਬੇਪਤੀ ਕਰਦੇ। ਗੁਰਦੁਆਰਾ ਸੁਧਾਰ ਲਹਿਰ ਦੇ ਕਾਰਜਾਂ ਦੀ ਪੂਰਤੀ ਲਈ ਇਕ ਸਾਂਝੀ ਪ੍ਰਤੀਨਿਧ ਕਮੇਟੀ ਕਾਇਮ ਕਰਨ ਲਈ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸੇ ਦਾ ਬਹੁਤ ਭਾਰੀ ਇਕੱਠ ਹੋਇਆ ਜਿਸ ਵਿਚ 139 ਸਿੱਖ ਪ੍ਰਤੀਨਿਧ ਚੁਣੇ ਗਏ। ਇਨ੍ਹਾਂ ਵਿਚ ਭਾਈ ਦਲੀਪ ਸਿੰਘ ਦਾ ਨਾਂ ਵੀ ਸ਼ਾਮਿਲ ਸੀ।
ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾ ਕੋਲੋਂ ਆਜ਼ਾਦ ਕਰਵਾਉਣ ਲਈ ਪੰਥ ਵਲੋਂ 4, 5 ਅਤੇ 6 ਮਾਰਚ ਦੇ ਦਿਨ ਤੈਅ ਕੀਤੇ ਗਏ ਸਨ, ਪਰ ਭਾਈ ਲਛਮਣ ਸਿੰਘ ਧਾਰੋਵਾਲ ਅਤੇ ਭਾਈ ਕਰਤਾਰ ਸਿੰਘ ਝੱਬਰ ਦੇ ਜਥੇ ਨੇ 19 ਫਰਵਰੀ ਦੀ ਰਾਤ ਨੂੰ ਹੀ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚਾਲੇ ਪਾ ਦਿਤੇ। ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ‘ਚ ਬਹੁਤ ਸਾਰੇ ਗੁੰਡੇ ਬੁਲਾਏ ਹੋਏ ਸਨ ਅਤੇ ਅਸਲਾ ਵੀ ਜਮ੍ਹਾਂ ਕਰ ਰੱਖਿਆ ਸੀ। ਖੂਨ ਖਰਾਬੇ ਦੇ ਖਦਸ਼ੇ ਨੂੰ ਵੇਖਦਿਆਂ ਸਮੂਹ ਪੰਥ ਵਲੋਂ ਜਥਿਆਂ ਨੂੰ ਰੋਕਣ ਲਈ ਪੰਜ ਸਿੰਘਾਂ ਨੂੰ ਜਿੰਮੇਵਾਰੀ ਸੌਂਪੀ ਗਈ, ਜਿਨ੍ਹਾਂ ਵਿਚ ਭਾਈ ਦਲੀਪ ਸਿੰਘ ਵੀ ਸ਼ਾਮਿਲ ਸਨ। ਜਥੇਦਾਰ ਝੱਬਰ ਦੇ ਜਥੇ ਨੂੰ ਪੰਥ ਦੇ ਹੁਕਮ ਅਨੁਸਾਰ ਰਾਹ ਵਿਚ ਹੀ ਰੋਕ ਲਿਆ ਗਿਆ ਪਰ ਰਾਤ ਹੋਣ ਕਾਰਨ ਭਾਈ ਧਾਰੋਵਾਲ ਦੇ ਜਥੇ ਨਾਲ ਮੇਲ ਨਾ ਹੋ ਸਕਿਆ।
20 ਫਰਵਰੀ ਨੂੰ ਤੜਕਸਾਰ ਇਹ ਜਥਾ ਸ਼ਬਦ ਕੀਰਤਨ ਕਰਦਾ ਗੁਰੂ ਘਰ ਵਿਚ ਦਾਖਿਲ ਹੋਇਆ। ਮਹੰਤ ਦੇ ਗੁੰਡਿਆਂ ਨੇ ਬਾਣੀ ਦਾ ਸਿਮਰਨ ਕਰ ਰਹੇ ਨਿਹੱਥੇ ਸਿੰਘਾਂ ‘ਤੇ ਅੰਨ੍ਹੇਵਾਹ ਗੋਲੀ ਚਲਾਈ ਅਤੇ ਜਿੰਦਾ ਸਿੱਖਾਂ ‘ਤੇ ਤੇਲ ਪਾ ਕੇ ਅੱਗ ਲਾ ਦਿੱਤੀ। ਜਦੋਂ ਭਾਈ ਦਲੀਪ ਸਿੰਘ ਇਸ ਕਾਰੇ ਦੀ ਖਬਰ ਸੁਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਏ ਤਾਂ ਉਨ੍ਹਾਂ ਨੇ ਮਹੰਤ ਨੂੰ ਲਲਕਾਰਿਆ। ਮਹੰਤ ਨੇ ਪਿਸਤੌਲ ਦੀ ਗੋਲੀ ਮਾਰ ਕੇ ਭਾਈ ਸਾਹਿਬ ਨੂੰ ਜ਼ਿੰਦਾ ਹੀ ਮਿੱਟੀ ਦੇ ਭਾਂਡੇ ਪਕਾਉਣ ਵਾਲੀ ਬਲਦੀ ਆਵੀ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ।
ਭਾਈ ਸਾਹਿਬ ਦੇ ਪਿੰਡ ਸਾਹੋਵਾਲ ਨੂੰ ਅੱਜ ਵੀ ਸ਼ਹੀਦ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਭਾਈ ਸਾਹਿਬ ਦੇ ਨਾਮ ‘ਤੇ ਇਕ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਜਿਸ ਜਗ੍ਹਾ ‘ਤੇ ਅੱਜ ਇਕ ਮਸਜਿਦ ਹੈ। ਗੁਰਦੁਆਰਾ ਸਾਹਿਬ ਵਿਚ ਪ੍ਰਕਾਸ਼ ਅਸਥਾਨ ਅਤੇ ਲੰਗਰ ਹਾਲ ਹਾਲੀ ਵੀ ਮੌਜੂਦ ਹਨ। ਵੰਡ ਤੋਂ ਬਾਅਦ ਭਾਈ ਸਾਹਿਬ ਦਾ ਪਰਿਵਾਰ ਪਿੰਡ ਜੰਡ, ਤਹਿਸੀਲ ਦਸੂਹਾ, ਜਿਲਾ ਹੁਸ਼ਿਆਰਪੁਰ ਵਿਚ ਆਣ ਵੱਸਿਆ। ਇਲਾਕੇ ਦੇ ਲੋਕ ਹਰ ਸਾਲ 21 ਫਰਵਰੀ ਨੂੰ ਸ਼ਹੀਦਾਂ ਦੀ ਬਰਸੀ ਮਨਾਉਂਦੇ ਹਨ।