ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੀ ਭਿਆਨਕਤਾ

ਗੁਲਜ਼ਾਰ ਸਿੰਘ ਸੰਧੂ
ਬੰਗਾਲ ਦੀ ਖਾੜੀ ਵਿਚ ਅੰਡੇਮਾਨ ਤੇ ਨਿਕੋਬਾਰ ਦੇ ਟਾਪੂ ਜੁਗਾਂ ਜੁਗਾਂਤਰਾਂ ਤੋਂ ਵਸਦੇ ਆ ਰਹੇ ਹਨ। ਇਥੇ ਆਦਿਵਾਸੀ ਰਹਿੰਦੇ ਸਨ ਜੋ ਕੱਪੜੇ ਨਹੀਂ ਸਨ ਪਹਿਨਦੇ ਅਤੇ ਜੰਗਲ ਦੇ ਫਲ ਪੱਤੀਆਂ ਖਾ ਕੇ ਗੁਜ਼ਾਰਾ ਕਰਦੇ ਸਨ। ਜਦੋਂ ਗੋਰੀ ਸਰਕਾਰ ਨੇ 1857 ਦੇ ਸੁਤੰਤਰਤਾ ਸੰਗਰਾਮੀਆਂ ਨੂੰ ਕੈਦ ਕੀਤਾ ਤਾਂ ਉਨ੍ਹਾਂ ਨੇ ਇਹ ਵੀ ਫੈਸਲਾ ਲਿਆ ਕਿ ਇਨ੍ਹਾਂ ਨੂੰ ਕਿਸੇ ਦੂਰ-ਦੁਰਾਡੇ ਟਾਪੂਆਂ ਵਿਚ ਭੇਜਿਆ ਜਾਵੇ। ਨਤੀਜੇ ਵਜੋਂ 1858 ਵਿਚ ਉਥੇ ਕੰਮ ਚਲਾਊ ਜੇਲ੍ਹ ਬਣਾਉਣ ਲਈ 200 ਕੈਦੀਆਂ ਨੂੰ ਸਾਗਰੀ ਬੇੜੇ ਰਾਹੀਂ ਕਲਕੱਤਾ ਤੋਂ ਉਥੇ ਪਹੁੰਚਾਇਆ ਗਿਆ।

ਕੈਦੀਆਂ ਨੇ ਜੰਗਲ ਸਾਫ ਕੀਤੇ ਅਤੇ ਗੋਰੇ ਸੁਪਰਡੈਂਟ ਲਈ ਰਿਹਾਇਸ਼ ਤਿਆਰ ਕਰਕੇ ਆਪਣੇ ਲਈ ਜੇਲ੍ਹ ਰੂਪੀ ਢਾਰੇ ਬਣਾ ਲਏ। ਹਾਲਾਤ ਏਨੇ ਭਿਆਨਕ ਸਨ ਕਿ ਅੱਧੇ ਕੈਦੀਆਂ ਨੇ ਸਾਗਰ ਵਿਚ ਛਾਲਾਂ ਮਾਰ ਦਿੱਤੀਆਂ, ਇਸ ਆਸ ਨਾਲ ਕਿ ਕਿਧਰੇ ਰਹਿਣ ਲਈ ਠੀਕ ਟਿਕਾਣਾ ਮਿਲ ਜਾਏਗਾ ਪਰ ਸਭ ਮਰ ਮੁੱਕ ਗਏ।
ਲੋਕਾਂ ਕੋਲੋਂ ਸੁਣੇ ਅਜਿਹੇ ਕਿੱਸਿਆਂ ਨੇ ਮੇਰੀ ਅੰਡੇਮਾਨ ਵਿਚ ਦਿਲਚਸਪੀ ਵਧਾ ਦਿੱਤੀ। ਅਪਰੈਲ 1973 ਵਿਚ ਉਥੋਂ ਦੇ ਪ੍ਰਸ਼ਾਸਨ ਨੇ ਨਵੀਂ ਦਿੱਲੀ ਦੀ ਸਰਕਾਰ ਤੋਂ ਚਿੱਟਾ ਮੋਤੀਆ, ਚਮੜੀ ਤੇ ਪੇਟ ਦੇ ਰੋਗਾਂ ਤੋਂ ਬਿਨਾ ਛੋਟੇ ਮੋਟੇ ਅਪ੍ਰੇਸ਼ਨ ਲਈ ਸਹਿਕਦੇ ਰੋਗੀਆਂ ਨੂੰ ਰਾਹਤ ਦੇਣ ਲਈ ਮਾਹਰਾਂ ਦੀ ਮੰਗ ਕੀਤੀ। ਸਰਕਾਰ ਨੇ ਅੱਠ ਡਾਕਟਰਾਂ ਦੀ ਟੀਮ ਅੰਡੇਮਾਨ ਭੇਜਣ ਦਾ ਫੈਸਲਾ ਕੀਤਾ। ਪਬਲਿਕ ਹੈਲਥ ਦੀ ਮਾਹਰ ਮੇਰੀ ਪਤਨੀ ਸੁਰਜੀਤ ਕੌਰ ਨੂੰ ਟੀਮ ਲੀਡਰ ਦੀ ਜਿੰਮੇਵਾਰੀ ਸੌਂਪੀ ਗਈ। ਉਨ੍ਹਾਂ ਨੇ ਮਈ ਦਾ ਪੂਰਾ ਮਹੀਨੇ ਉਥੇ ਲਾਉਣਾ ਸੀ। ਮੈਂ ਵੀ ਆਪਣੇ ਦਫਤਰ ਤੋਂ ਛੁੱਟੀ ਲੈ ਕੇ ਉਨ੍ਹਾਂ ਦੇ ਨਾਲ ਜਾਣ ਲਈ ਤਿਆਰ ਹੋ ਗਿਆ। ਮੇਰੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਉਨ੍ਹਾਂ ਦੇ ਨਾਲ ਹੀ ਹੋ ਜਾਣਾ ਸੀ, ਕੇਵਲ ਹਵਾਈ ਜਹਾਜ਼ ਦੀ ਟਿਕਟ ਆਪਣੇ ਪੱਲਿਉਂ ਖਰੀਦਣੀ ਸੀ।
ਉਦੋਂ ਕਲਕੱਤਾ ਤੋਂ ਇੱਕ ਨਿੱਕਾ ਹਵਾਈ ਜਹਾਜ਼ ਉਥੇ ਜਾਂਦਾ ਸੀ ਜਿਸ ਨੇ ਰੰਗੂਨ ਤੋਂ ਪੈਟਰੋਲ ਲੈਣਾ ਹੁੰਦਾ ਸੀ। ਸਾਡੇ ਕੋਲ ਬਰਮਾ ਦਾ ਪਾਸਪੋਰਟ ਤੇ ਵੀਜ਼ਾ ਹੋਣਾ ਜ਼ਰੂਰੀ ਸੀ। ਮੈਂ ਟੀਮ ਦਾ ਮੈਂਬਰ ਨਹੀਂ ਸਾਂ। ਮੇਰਾ ਵੀਜ਼ਾ ਇਕ ਦਿਨ ਲੇਟ ਲੱਗਿਆ। ਟੀਮ 29 ਅਪਰੈਲ ਨੂੰ ਚਲੀ ਗਈ ਤੇ ਮੈਂ ਕਲਕੱਤਾ ਤੱਕ ਰੇਲ ਗੱਡੀ ਰਾਹੀਂ ਜਾਣ ਦਾ ਫੈਸਲਾ ਕਰ ਲਿਆ। ਮੈਂ ਕੇਵਲ ਤਿੰਨ ਦਿਨ ਦੇਰੀ ਨਾਲ ਪਹੁੰਚਣਾ ਸੀ। ਕਲਕੱਤਾ ਪਹੁੰਚ ਕੇ ਪਤਾ ਲੱਗਾ ਕਿ ਰੰਗੂਨ ਨਾਲ ਸਮਝੌਤਾ ਨਵਾਂ ਹੋਣ ਵਿਚ ਦੇਰੀ ਲੱਗ ਰਹੀ ਸੀ। ਹਵਾਈ ਉਡਾਣ ਬੰਦ ਹੋ ਗਈ ਤੇ ਸਾਗਰੀ ਬੇੜੇ ਦੀ ਬੁਕਿੰਗ ਅੰਡੇਮਾਨ ਦਾ ਚੀਫ ਕਮਿਸ਼ਨਰ ਕਰਦਾ ਸੀ।
ਮੈਂ ਦਸ ਦਿਨ ਲੇਟ ਹੋ ਗਿਆ ਤੇ ਮੇਰੇ ਨਾਲ ਕੈਂਪ ਬੈਲਵੇ ਦੇ ਜੰਗਲਾਂ ਨੂੰ ਸਾਫ ਕਰਵਾ ਕੇ ਸੇਵਾ ਮੁਕਤ ਪੰਜਾਬੀ ਸੈਨਿਕਾਂ ਨੂੰ ਉਥੇ ਵਸਾਉਣ ਵਾਲੇ ਕਰਨਲ ਕ੍ਰਿਸ਼ਨ ਦੂਬੇ ਹੀ ਨਹੀਂ, ਕਾਰ ਨਿਕੋਬਾਰ ਦਾ ਸ਼ਕਤੀਸ਼ਾਲੀ ਬਿਸ਼ਪ, ਤਿੰਨ ਚਾਰ ਅੰਡੇਮਾਨ ਦੇ ਪ੍ਰਸ਼ਾਸਨ ਅਧਿਕਾਰੀ ਤੇ ਕੁਝ ਵੱਡੇ ਵਪਾਰੀਆਂ ਨੂੰ ਵੀ ਸਾਗਰੀ ਬੇੜੇ ਰਾਹੀਂ ਜਾਣਾ ਪੈਣਾ ਸੀ। ਅਸੀਂ ਬੇੜੇ ਵਿਚ ਸਵਾਰ ਹੋਣ ਲੱਗੇ ਤਾਂ ਮੈਨੂੰ ਚੜ੍ਹਨ ਨਾ ਦੇਣ। ਕਹਿਣ ਕਿ ਚੀਫ ਕਮਿਸ਼ਨਰ ਵਲੋਂ ਬੁਕਿੰਗ ਤਾਂ ਕਿਸੇ ਡਾæ ਮਿਸਿਜ਼ ਸਿਨਹਾ ਦੀ ਹੋਈ ਸੀ, ਮੇਰੀ ਨਹੀਂ।
ਇਸ ਅਰਸੇ ਵਿਚ ਮੇਰੀ ਅੰਡੇਮਾਨ ਦੇ ਸਹਾਇਕ ਕਮਿਸ਼ਨਰ ਲਛਮਣ ਸਿੰਘ ਨਾਲ ਚੰਗੀ ਸਾਂਝ ਪੈ ਚੁਕੀ ਸੀ। ਉਸ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਉਨਾ ਚਿਰ ਮੈਦਾਨ ਨਾ ਛੱਡਾਂ ਜਦੋਂ ਤੱਕ ਆਖਰੀ ਸਵਾਰੀ ਨਹੀਂ ਚੜ੍ਹ ਜਾਂਦੀ। ਉਸ ਦਾ ਖਿਆਲ ਸੀ ਕਿ ਵਾਇਰਲੈਸ ਸੰਦੇਸ਼ ਕਾਰਨ ਗਲਤੀ ਹੋਈ ਹੈ। ਬੁਕਿੰਗ ਕਿਸੇ ਮਿਸਿਜ਼ ਸਿਨਹਾ ਦੀ ਨਹੀਂ, ਮਿਸਿਜ਼ ਸੰਧੂ ਦੇ ਪਤੀ ਦੀ, ਭਾਵ ਮੇਰੀ ਸੀ। ਮੈਨੂੰ ਚੜ੍ਹਾ ਕੇ ਉਹ ਮੇਰੇ ਤੋਂ ਪਿੱਛੋਂ ਚੜ੍ਹਿਆ। ਉਹ ਹੀ ਨਹੀਂ ਬਾਕੀ ਸਵਾਰੀਆਂ ਨੇ ਵੀ ਮੇਰਾ ਬੜਾ ਸਾਥ ਦਿੱਤਾ।
ਮੈਨੂੰ ਇਹ ਗੱਲ ਅੱਜ ਦੇ ਦਿਨ ਚੇਤੇ ਆਉਣ ਦਾ ਕਾਰਨ ਇਹ ਹੈ ਕਿ ਮੈਂ ਆਪਣੀ ਸਵੈਜੀਵਨੀ ਲਿਖ ਰਿਹਾ ਹਾਂ। ਅੰਡੇਮਾਨ ਦੀਆਂ ਮੁਸ਼ਕਿਲਾਂ ਏਨੀਆਂ ਹੀ ਨਹੀਂ, ਹੋਰ ਵੀ ਸਨ। ਸੰਚਾਰ ਸਾਧਨ ਜ਼ੀਰੋ। ਨਾ ਚਿੱਠੀ, ਨਾ ਤਾਰ, ਨਾ ਟੈਲੀਫੋਨ ਤੇ ਨਾ ਮੋਬਾਈਲ।
ਚੰਗੀ ਗੱਲ ਇਹ ਕਿ ਪਾਦਰੀ ਤੇ ਦੂਬੇ ਮੇਰੀ ਗੱਲ ਬਾਤ ਤੋਂ ਏਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਮੈਨੂੰ ਆਪੋ ਆਪਣਾ ਕਾਰਜ ਖੇਤਰ ਦਿਖਾਉਣ ਦੀ ਇੱਛਾ ਜ਼ਾਹਰ ਕੀਤੀ।
ਪੋਰਟ ਬਲੇਅਰ ਦੇ ਟੂਰਿਸਟ ਰੈਸਟ ਹਾਊਸ ਪਹੁੰਚਣ ‘ਤੇ ਬਿਸ਼ਪ ਦੂਬੇ ਅਤੇ ਲਛਮਣ ਸਿੰਘ ਨੇ ਖਾਣਾ ਡਾਕਟਰੀ ਟੀਮ ਨਾਲ ਖਾਣਾ ਸੀ ਜਿੱਥੇ ਅੰਡੇਮਾਨ ਦੇ ਚੀਫ ਕਮਿਸ਼ਨਰ ਹਰਮੰਦਰ ਸਿੰਘ ਤੇ ਇੰਸਪੈਕਟਰ ਜਨਰਲ ਫਾਰੈਸਟ ਬਚਨ ਸਿੰਘ ਨੇ ਵੀ ਆਉਣਾ ਸੀ।
ਦੋਨਾਂ ਕੋਲ ਅਥਾਹ ਸ਼ਕਤੀ ਸੀ। ਇੱਕ ਟਾਪੂ ਤੋਂ ਦੂਜੇ ਟਾਪੂ ਜਾਣ ਲਈ ਆਪਣੇ ਬੋਟ (ਵੱਡੀ ਬੇੜੀ ਜਿਹੜੀ ਮਗਰਮੱਛਾਂ ਨੂੰ ਲਤਾੜਦੀ ਜਾਂਦੀ ਸੀ) ਸਨ। ਖਾਣੇ ਦੀ ਮੇਜ ਉਤੇ ਅੰਡੇਮਾਨ ਤੇ ਉਤਰੀ ਦੀਪ ਦਿਖਾਉਣ ਦੀ ਜਿੰਮੇਵਾਰੀ ਬਚਨ ਸਿੰਘ ਦੀ ਲੱਗ ਗਈ। ਮਹੀਨੇ ਭਰ ਕਾਲੇ ਪਾਣੀਆਂ ਦੀ ਧਰਤੀ ਵਿਚ ਇਕੱਠੇ ਰਹਿਣ ਲਈ ਤੁਰੇ ਮੈਂ ਤੇ ਮੇਰੀ ਪਤਨੀ ਜਾਂ ਉਸ ਦਿਨ ਇਕੱਠੇ ਰਹੇ ਤੇ ਜਾਂ ਫੇਰ ਉਸ ਦਿਨ ਜਿਸ ਦਿਨ ਉਸ ਦੀ ਟੀਮ ਨੇ ਕਲਕੱਤੇ ਦੀ ਉਡਾਣ ਫੜਨੀ ਸੀ।
1973 ਵਿਚ ਉਥੋਂ ਦੀਆਂ ਸੰਚਾਰ ਵਿਧੀਆਂ ਦਾ ਭੋਗ ਮੈਂ ਆਪਣੀ ਡਿਗਲੀਪੁਰ ਨਾਂ ਦੇ ਦੀਪ ਦੀ ਫੇਰੀ ਨਾਲ ਪਾਉਂਦਾ ਹਾਂ। ਉਸ ਦੀਪ ਉਤੇ ਜਾਣ ਲਈ ਬਚਨ ਸਿੰਘ ਨੇ ਮੈਨੂੰ ਆਪਣੀ ਬੋਟ ਦੇ ਦਿੱਤੀ। ਮੈਂ ਲਕੜੀ ਦੇ ਕਾਰਖਾਨਿਆਂ ਵਾਲੇ ਦੀਪ ਰੰਗਤ ਤੇ ਜਾਰਵਾ ਆਦਿਵਾਸੀਆਂ ਦੇ ਦੀਪ ਸਟਰੇਟ ਆਈਲੈਂਡ ਤੋਂ ਹੋ ਕੇ ਡਿਗਲੀਪੁਰ ਜਾਣਾ ਸੀ, ਜਿੱਥੇ ਵਾਇਰਲੈਸ ਦਾ ਵੀ ਪ੍ਰਬੰਧ ਨਹੀਂ ਸੀ। ਅਨਜਾਣੀ ਧਰਤੀ, ਅਨਜਾਣੇ ਲੋਕ। ਮੈਂ ਉਤਸੁਕ ਤਾਂ ਸਾਂ ਪਰ ਨਿਸ਼ਚਿੰਤ ਵੀ।
ਮੇਰੀ ਬੋਟ ਡਿਗਲੀਪੁਰ ਪਹੁੰਚੀ ਤਾਂ ਬਾਰਸ਼ ਹੋ ਰਹੀ ਸੀ। ਕੀ ਦੇਖਦਾ ਹਾਂ ਕਿ 18-20 ਬੰਦੇ ਛਤਰੀਆਂ ਲੈ ਕੇ ਮੇਰੇ ਸਵਾਗਤ ਲਈ ਪਹੁੰਚੇ ਹੋਏ ਹਨ। ਮੈਂ ਹੈਰਾਨ ਕਿ ਉਨ੍ਹਾਂ ਨੂੰ ਮੇਰੇ ਉਥੇ ਪਹੁੰਚਣ ਦੀ ਖਬਰ ਕਿਵੇਂ ਮਿਲੀ? ਡਿਗਲੀਪੁਰ ਡਿਸਟ੍ਰਿਕਟ ਫਾਰੈਸਟ ਅਫਸਰ (ਡੀæਐਫ਼ਓæ) ਮੈਨੂੰ ਆਪਣੀ ਰਿਹਾਇਸ਼ ਉਤੇ ਲੈ ਗਿਆ। ਮੈਂ ਉਸ ਤੋਂ ਸੰਚਾਰ ਵਿਧੀ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਹੈਰਾਨੀ ਨਾ ਜਤਾਈ। ਮੈਨੂੰ ਦੱਸਿਆ ਗਿਆ ਕਿ ਜਦੋਂ ਵਣ ਮੁਖੀ ਦੀ ਕਿਸ਼ਤੀ ਆਉਂਦੀ ਹੈ ਤਾਂ ਸਾਨੂੰ ਦੂਰ ਤੋਂ ਪਤਾ ਲੱਗ ਜਾਂਦਾ ਹੈ। ਜੇ ਇੱਕ ਹਾਰਨ ਵਜਾਏ ਤਾਂ ਮਤਲਬ ਉਸ ਵਿਚ ਕੋਈ ਸਮਾਨ ਭੇਜਿਆ ਹੈ, ਜੇ ਦੋ ਹਾਰਨ ਵਜਾਏ ਤਾਂ ਮਤਲਬ ਕੋਈ ਵੱਡਾ ਅਧਿਕਾਰੀ, ਜੇ ਤਿੰਨ ਹਾਰਨ ਵਜਾਏ ਤਾਂ ਮਤਲਬ ਉਹ ਖੁਦ ਆ ਰਿਹਾ ਹੈ। ਡਿਗਲੀਪੁਰ ਦੇ ਏਨੇ ਲੋਕਾਂ ਦਾ ਮੇਰੇ ਸਵਾਗਤ ਲਈ ਪਹੁੰਚਣ ਦਾ ਕਾਰਨ ਇਹ ਸੀ ਕਿ ਤਿੰਨ ਹਾਰਨ ਵਜਾਏ ਗਏ ਸਨ। ਬਚਨ ਸਿੰਘ ਦਾ ਆਦੇਸ਼ ਸੀ।
ਉਸ ਭੂਮੀ ਨੂੰ ਕਾਲੇ ਪਾਣੀ ਇਸ ਲਈ ਕਿਹਾ ਜਾਂਦਾ ਹੈ ਕਿ ਉਥੇ ਦੇ ਸੰਘਣੇ ਜੰਗਲਾਂ ਉਤੋਂ ਦੇ ਸਮੁੰਦਰੀ ਪਾਣੀ ਦੀ ਦਿੱਖ ਨੂੰ ਕਾਲੀ ਕਰ ਰਖਦੇ ਹਨ। ਉਥੇ ਦੀਆਂ ਜੇਲ੍ਹ ਕੋਠੜੀਆਂ ਬਾਰੇ ਤਾਂ ਸਭ ਜਾਣਦੇ ਹਨ। ਪਰ ਇਹ ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ 1958 ਵਿਚ ਉਨ੍ਹਾਂ ਕੈਦੀਆਂ ਉਤੇ ਕੀ ਬੀਤੀ ਹੋਵੇਗੀ? 1973 ਦੀਆਂ ਸਥਿਤੀਆਂ ਪੜ੍ਹ ਕੇ ਪਾਠਕ ਖੁਦ ਹੀ ਅੰਦਾਜ਼ਾ ਲਾ ਸਕਦੇ ਹਨ ਕਿ 200 ਸਾਲ ਪਹਿਲਾਂ ਦੇ ਕਾਲੇ ਪਾਣੀ ਕਿੰਨੇ ਭਿਆਨਕ ਹੋਣਗੇ?
ਅੰਤਿਕਾ: ਧਨੀ ਰਾਮ ਚਾਤ੍ਰਿਕ
ਬੰਦੀਜਨ ਦੇ ਹਲਵੇ ਨਾਲੋਂ
ਟੁਕੜੇ ਭਲੇ ਫਕੀਰਾਂ ਦੇ।
ਕਰ ਗੁਜ਼ਰਾਨ ਸੁਤੰਤਰਤਾ ਵਿਚ
ਪਹਿਨ ਗੋਦੜੇ ਲੀਰਾਂ ਦੇ।