ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ…

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪਤੀ-ਪਤਨੀ ਦਾ ਵਟਸ ਐਪ ‘ਤੇ ਸੁਨੇਹਾ ਮਿਲਿਆ ਕਿ ਸੁਰਜੀਤ ਗੱਗ ਨਾਮ ਦੇ ਸ਼ਾਇਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸ ਦੀ ਰਿਹਾਈ ਲਈ ਲਾਮਬੰਦ ਹੋਈਏ। ਕਵਿਤਾ ਨੂੰ ਮੇਰੀ ਕਮਜ਼ੋਰੀ ਸਮਝੋ, ਇਹ ਮੈਨੂੰ ਸ਼ੈਦਾਈ ਕਰ ਦਿੰਦੀ ਹੈ। ਅਜੇ ਹੁਣੇ ਹੁਣੇ ਸਤਨਾਮ ਸਿੰਘ ਖੁਮਾਰ ਦਾ ਉਰਦੂ ਦੀਵਾਨ ਗੁਰਮੁਖੀ ਅੱਖਰਾਂ ਵਿਚ ਛਪਵਾ ਕੇ ਹਟਿਆ ਹਾਂ।

ਸੁਰਜੀਤ ਗੱਗ ਕੌਣ ਹੈ? ਮੈਂ ਨਹੀਂ ਜਾਣਦਾ। ਸਾਰੀਆਂ ਬੋਲੀਆਂ ਵਿਚ ਏਨਾ ਕੱਝ ਛਪ ਰਿਹਾ ਹੈ, ਸੋਸ਼ਲ ਮੀਡੀਆ ਉਤੇ ਘੁੰਮ ਰਿਹਾ ਹੈ ਕਿ ਪੜ੍ਹ ਨਹੀਂ ਸਕਦੇ। ਗਰੁਪ ਵਿਚਲੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਮੈਂ ਇਸ ਸ਼ਾਇਰ ਨੂੰ ਨਾ ਪੜ੍ਹਿਆ ਨਾ ਜਾਣਿਆ, ਉਸ ਦੀ ਜਿਸ ਲਿਖਤ ਕਾਰਨ ਗ੍ਰਿਫਤਾਰੀ ਹੋਈ ਹੈ, ਉਹ ਭੇਜੋ ਜੀ। ਕਿਸੇ ਨੇ ਲਿਖਤ ਭੇਜ ਦਿੱਤੀ, ਪੜ੍ਹੀ ਤਾਂ ਜਾਣਿਆ ਕਿ ਇਸ ਵਿਚ ਕਵਿਤਾ ਵਰਗਾ ਤਾਂ ਕੁਝ ਹੈ ਹੀ ਨਹੀਂ। ਹੱਦ ਦਰਜੇ ਦੀ ਘਟੀਆ ਜ਼ਬਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਜਿਹੜਾ ਸੰਵਾਦ ਰਚਾਇਆ ਹੈ, ਉਹ ਏਨੇ ਹਲਕੇ ਪੱਧਰ ਦਾ ਹੈ ਕਿ ਹਵਾਲੇ ਵਜੋਂ ਮੈਂ ਇਥੇ ਉਦਾਹਰਣ ਵੀ ਨਹੀਂ ਦੇ ਸਕਦਾ। ਮੈਂ ਪੰਜਾਬੀ ਪ੍ਰੋਫੈਸਰ ਜੋੜੀ ਨੂੰ ਕਿਹਾ, ਕਿਰਪਾ ਕਰਕੇ ਦੱਸੋ ਇਸ ਲਿਖਤ ਵਿਚ ਕਿਹੜਾ ਗੁਣ ਹੈ ਜਿਹੜਾ ਮੈਨੂੰ ਦਿੱਸਿਆ ਨਹੀਂ, ਮੇਰੀ ਸਮਝ ਵਿਚ ਨਹੀਂ ਆਇਆ। ਕੋਈ ਜਵਾਬ ਨਹੀਂ।
ਆਪਣੀ ਤੁਕਬੰਦੀ ਨੂੰ ਇਹ ਲੇਖਕ ḔਗੱਗਬਾਣੀḔ ਸਿਰਲੇਖ ਅਧੀਨ ਲਿਖਦਾ ਹੈ। ਮੈਂ ਸਮਝ ਗਿਆ ਕਿ ਇਹ ਤਖੱਲਸ ਉਸ ਨੇ ਜੱਗਬਾਣੀ ਸ਼ਬਦ ਤੋਂ ਲਿਆ ਹੈ ਜੋ ਪੰਜਾਬੀ ਦਾ ਪ੍ਰਸਿੱਧ ਅਖਬਾਰ ਹੈ। ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਸਾਰੀਆਂ ਖੱਬੇ ਪੱਖੀ ਕਮਿਊਨਿਸਟ ਧਿਰਾਂ ਗੱਗ ਦੇ ਹੱਕ ਵਿਚ ਅਤੇ ਬਾਕੀ ਲੋਕ ਵਿਰੋਧ ਵਿਚ ਆ ਗਏ ਹਨ। ਉਸ ਦੇ ਸਮਰਥਕ ਉਸ ਨੂੰ ਜ਼ਮਾਨੇ ਦਾ ਕ੍ਰਾਂਤੀਕਾਰੀ ਸ਼ਾਇਰ ਐਲਾਨ ਰਹੇ ਹਨ! ਗੁਰੂਆਂ ਖਿਲਾਫ, ਧਰਮ ਖਿਲਾਫ ਜਿਹੜਾ ਬੰਦਾ ਊਟਪਟਾਂਗ ਲਿਖੀ ਜਾਵੇ, ਕੀ ਉਹ ਕ੍ਰਾਂਤੀਕਾਰੀ ਦੀ ਉਪਾਧੀ ਹਾਸਲ ਕਰ ਲੈਂਦਾ ਹੈ? ਜਿਵੇਂ ਸੱਚ, ਸੱਚ ਦੇ ਖਿਲਾਫ ਨਹੀਂ ਖਲੋਂਦਾ, ਉਸੇ ਤਰ੍ਹਾਂ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਖਿਲਾਫ ਨਹੀਂ ਲਿਖ ਸਕਦਾ। ਦੁਨੀਆਂ ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਫਕੀਰ ਮੰਨਦੀ ਹੈ। ਵਿਵਾਦਾਂ ਵਿਚ ਘਿਰੇ ਇਸ ਅਖੌਤੀ ਕ੍ਰਾਂਤੀਕਾਰੀ ਕਵੀ ਨੇ ਗੁਰੂ ਜੀ ਦੀ ਖਿੱਲੀ ਕਿਸ ਮਕਸਦ ਅਧੀਨ ਉਡਾਈ, ਪਤਾ ਨਹੀਂ ਲੱਗਾ।
ਸ਼ੁਕਰ ਰੱਬ ਦਾ ਪੰਜਾਬ ਇਸ ਵਕਤ ਸਮਾਜਿਕ ਤੌਰ ‘ਤੇ ਫਿਰਕਿਆਂ ਵਿਚ ਵੰਡਿਆ ਹੋਇਆ ਨਹੀਂ, ਅਮਨ ਅਮਾਨ ਦੀ ਸਥਿਤੀ ਬਰਕਰਾਰ ਰਹੇ ਤਾਂ ਸਭ ਦਾ ਭਲਾ ਹੈ। ਮੁੱਠੀ ਭਰ ਖੱਬੀਆਂ ਧਿਰਾਂ ਨੂੰ ਇਹ ਮੌਕਾ ਨਾ ਦੇਈਏ ਕਿ ਉਹ ਪੰਜਾਬ ਬੰਦ ਆਦਿਕ ਦੇ ਨਾਹਰੇ ਲਾ ਕੇ ਮਾਹੌਲ ਖਰਾਬ ਕਰਨ। ਧਾਰਮਿਕ ਬੰਦੇ ਤਰਕਸ਼ੀਲ ਨਹੀਂ ਹੁੰਦੇ, ਪੰਜਾਬੀ ਦਾ ਇਹ ਅਧਿਆਪਕ ਜੋੜਾ ਤਰਕਸ਼ੀਲ ਹੈ, ਇਨ੍ਹਾਂ ਨੂੰ ਤਰਕ ਤੋਂ ਕੰਮ ਲੈਣਾ ਚਾਹੀਦਾ ਹੈ। ਸਿੱਖ ਤੈਸ਼ ਵਿਚ ਨਾ ਆਉਣ। ਕਾਨੂੰਨ ਆਪਣਾ ਕੰਮ ਆਪ ਸੰਭਾਲੇ।

ਮਾਪੇ ਬਿਰਧ ਆਸ਼ਰਮਾਂ ਹਵਾਲੇ?
ਖਬਰਾਂ, ਲੇਖਾਂ, ਸੰਪਾਦਕ ਨੂੰ ਲਿਖੇ ਪੱਤਰਾਂ ਰਾਹੀਂ ਜਾਣ ਰਹੇ ਹਾਂ ਕਿ ਜੁਆਨ ਜੋੜੇ ਆਪਣੇ ਮਾਪਿਆਂ ਦਾ ਬੋਝ ਨਹੀਂ ਝੱਲਦੇ ਤੇ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਇਥੇ ਧਿਆਨ ਇਸ ਪੱਖ ਵੱਲ ਵੀ ਝਾਤ ਮਾਰਨ ਦੀ ਮੰਗ ਕਰਦਾ ਹੈ ਕਿ ਵਿਆਹ ਤੋਂ ਪਹਿਲਾਂ ਪੁੱਤਾਂ ਨੂੰ ਇਹੋ ਮਾਪੇ ਮਿੱਠੇ ਕਿਉਂ ਲੱਗਿਆ ਕਰਦੇ ਸਨ? ਵਿਆਹ ਪਿੱਛੋਂ ਕੌੜੇ ਲੱਗਣ ਦਾ ਕੀ ਕਾਰਨ ਹੈ? ਸਾਫ ਹੈ, ਨੂੰਹ ਆਪਣੇ ਸੱਸ-ਸਹੁਰੇ ਨੂੰ ਨਫਰਤ ਕਰਨ ਲਗਦੀ ਹੈ, ਨਿੱਤ ਕਲਹਿ ਕਲੇਸ਼ ਤੋਂ ਤੰਗ ਮੁੰਡਾ ਹਾਰ ਕੇ ਇਹ ਕਦਮ ਚੁੱਕ ਲੈਂਦਾ ਹੈ। ਕਬਜ਼ਾ ਕਰਨ ਦੀ ਇਹ ਜੰਗਲੀ ਮੁਜ਼ਰਿਮਾਨਾ ਬਿਰਤੀ ਸ਼ਰਮਨਾਕ ਹੈ ਜਿਸ ਨੂੰ ਰੋਕਣਾ ਜਰੂਰੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਆਪਹੁਦਰੇ ਮੁੰਡੇ-ਕੁੜੀਆਂ ਵਿਰੁਧ ਸਜ਼ਾ ਦੇ ਨਿਯਮ ਵੀ ਘੜੇ ਹਨ, ਜਿਹੜੇ ਮਾਪਿਆਂ ਦੀ ਬੇਇਜ਼ਤੀ ਕਰਨ ਦੇ ਦੋਸ਼ੀ ਸਾਬਤ ਹੋ ਜਾਣ।
ਪਾਕਿਸਤਾਨ ਦੇ ਨਾਮਵਰ ਸਮਾਜ-ਸੇਵਕ ਈਦੀ ਨੇ ਦਰਜਨਾਂ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਖੋਲ੍ਹੇ। ਆਪਣੇ ਮਾਪਿਆਂ ਨੂੰ ਈਦੀ ਕੋਲ ਜਮ੍ਹਾ ਕਰਵਾ ਕੇ ਵਾਪਸੀ ਤੇ ਇਹੋ ਜਿਹੀ ਨੇਕ ਔਲਾਦ ਹੱਥ ਜੋੜ ਕੇ ਈਦੀ ਨੂੰ ਅਕਸਰ ਪੁਛਦੀ, “ਈਦੀ ਬਾਬਾ, ਸਾਡੇ ਲਾਇਕ ਕੋਈ ਸੇਵਾ ਹੋਵੇ ਦੱਸਿਓ।”
ਈਦੀ ਹੱਸ ਕੇ ਆਖਦਾ, “ਜਿਨ੍ਹਾਂ ਦੀ ਸੇਵਾ ਕਰਨੀ ਬਣਦੀ ਸੀ, ਉਨ੍ਹਾਂ ਨੂੰ ਮੇਰੇ ਹਵਾਲੇ ਕਰ ਚੱਲੇ, ਹੋਰ ਕਿਸ ਦੀ ਤੇ ਕਿਸ ਕਿਸਮ ਦੀ ਸੇਵਾ ਕਰਨੀ ਆਉਂਦੀ ਹੈ ਤੁਹਾਨੂੰ?”
-ਡਾæ ਹਰਪਾਲ ਸਿੰਘ ਪੰਨੂ
ਫੋਨ: 91-94642-51454