ਵਿਆਹ, ਮਹੇਸ਼ ਭੱਟ ਤੇ ‘ਅਰਥ’

ਕੁਲਦੀਪ ਕੌਰ
ਫੋਨ: +91-98554-04330
ਭਾਰਤੀ ਸਿਨੇਮਾ ਵਿਚ ਗੁਲਜ਼ਾਰ ਦੀ ਨਿਰਦੇਸ਼ਤ ਕੀਤੀ ਫਿਲਮ ‘ਲਿਬਾਸ’ ਅਤੇ ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਕੀਤੀ ਫਿਲਮ ‘ਅਰਥ’ ਆਪਣੀ ਪਟਕਥਾ ਅਤੇ ਸਮੇਂ ਤੋਂ ਪਾਰ ਜਾ ਸਕਣ ਦੀ ਸਮਰੱਥਾ ਕਾਰਣ ਖਾਸ ਮੁਕਾਮ ਰੱਖਦੀਆਂ ਹਨ। ‘ਲਿਬਾਸ’ ਰਿਲੀਜ਼ ਹੀ ਨਾ ਹੋ ਸਕੀ, ਪਰ ‘ਅਰਥ’ ਆਪਣੇ ਸੰਗੀਤ ਅਤੇ ਮਹੇਸ਼ ਭੱਟ ਦੀ ਪਾਪੂਲਰ ਸਿਨੇਮਾ, ਜਜ਼ਬਾਤੀ ਬਿਰਤਾਂਤ, ਮੱਧ-ਵਰਗੀ ਚਿੰਤਨੀ ਚਿੰਨ੍ਹਾਂ ਦੀ ਮੌਕੇ ਅਨੁਸਾਰ ਵਰਤੋਂ ਕਰਨ ਕਰ ਕੇ ਨਾ ਸਿਰਫ ਰਿਲ਼ੀਜ਼ ਹੋਈ, ਸਗੋਂ ਇਸ ਨੇ ਦਰਸ਼ਕਾਂ ਅਤੇ ਆਲੋਚਕਾਂ ਦੀ ਵਾਹ-ਵਾਹ ਵੀ ਬਟੋਰੀ। ਇਨ੍ਹਾਂ ਦੋਵਾਂ ਫਿਲਮਾਂ ਦਾ ਕਥਾਨਕ ਵਿਆਹ ਤੋਂ ਬਾਹਰੇ ਰਿਸ਼ਤਿਆਂ ਦੇ ਆਲੇ-ਦੁਆਲੇ ਬੁਣਿਆ ਹੋਇਆ ਹੈ।

ਗੁਲਜ਼ਾਰ ਦੀ ਪਟਕਥਾ ਉਨ੍ਹਾਂ ਦੀ ਸਾਹਤਿਕ ਰਚਨਾ ‘ਤੇ ਆਧਾਰਤ ਹੈ ਜਦੋਂ ਕਿ ‘ਅਰਥ’ ਫਿਲਮ ਦੀ ਪਟਕਥਾ ਮਹੇਸ਼ ਭੱਟ ਦੇ ਆਪਣੇ ਸ਼ਬਦਾਂ ਵਿਚ ਉਨ੍ਹਾਂ ਦੇ ਪ੍ਰਵੀਨ ਬਾਬੀ ਨਾਲ ਪ੍ਰੇਮ ਸਬੰਧਾਂ ਅਤੇ ਉਸ ਦੇ ਕਾਰਨ ਉਸ ਦੀ ਪਤਨੀ ਨੂੰ ਮਿਲੇ ਮਾਨਸਿਕ-ਸਮਾਜਿਕ ਸਦਮਿਆਂ ‘ਤੇ ਆਧਾਰਤ ਹੈ। ਮਹੇਸ਼ ਭੱਟ ਦੀ ਇਸ ਫਿਲਮ ਦੀ ਵਿਸ਼ੇਸ਼ਤਾ ਪਾਪੂਲਰ ਸਿਨੇਮਾ ਵਿਚ ਦੁਹਰਾਈ ਜਾਂਦੀ ‘ਤਿਕੋਣੀ ਪ੍ਰੇਮ ਕਹਾਣੀ’ ਪ੍ਰਤੀ ਦਰਸ਼ਕਾਂ ਦੀ ਸੁਭਾਵਿਕ ਉਤਸੁਕਤਾ ਨਹੀਂ, ਸਗੋਂ ਪ੍ਰੇਮ ਦੀਆਂ ਵਿਸੰਗਤੀਆਂ ਨਾਲ ਜੱਦੋਜਹਿਦ ਵਿਚ ਉਲਝੇ ਤਿੰਨ ਸ਼ੰਵੇਦਨਸ਼ੀਲ ਬੰਦਿਆਂ ਦੀ ਭਾਵਨਾਤਮਕ ਅਤੇ ਮਾਨਸਿਕ ਗੁੰਝਲਾਂ ਦੀ ਕਹਾਣੀ ਹੈ।
1982 ਵਿਚ ਰਿਲੀਜ਼ ਹੋਈ ਇਸ ਫਿਲਮ ਦੀ ਕਹਾਣੀ ਅਨੁਸਾਰ, ਫਿਲਮ ਦੀ ਪਹਿਲੀ ਕਿਰਦਾਰ ਪੂਜਾ (ਸ਼ਬਾਨਾ ਆਜ਼ਮੀ) ਅਨਾਥ ਹੈ ਅਤੇ ਆਰਥਿਕ-ਸਮਾਜਿਕ-ਮਾਨਸਿਕ ਤੌਰ ‘ਤੇ ਆਪਣੇ ਪਤੀ ‘ਤੇ ਨਿਰਭਰ ਹੈ ।ਉਸ ਦਾ ਪਤੀ, ਅਰਥਾਤ ਫਿਲਮ ਦਾ ਦੂਜਾ ਕਿਰਦਾਰ ਇੰਦਰ (ਕੁਲਭੂਸ਼ਣ ਖਰਬੰਦਾ) ਫਿਲਮਸਾਜ਼ ਹੈ ਅਤੇ ਉਸ ਦੀਆਂ ਖਾਹਿਸ਼ਾਂ ਦਾ ਕੋਈ ਪਾਰਾਵਾਰ ਨਹੀਂ। ਉਹ ਆਪਣੀ ਫਿਲਮ ਦੀ ਅਦਾਕਾਰਾ ਕਵਿਤਾ ਸਨਿਆਲ (ਇਸ ਫਿਲਮ ਦੀ ਤੀਜੀ ਅਦਾਕਾਰਾ ਸਮਿਤਾ ਪਾਟਿਲ) ਨਾਲ ਪ੍ਰੇਮ ਕਰਦਾ ਹੈ। ਕਵਿਤਾ ਸਕਿਜ਼ੋਫਰੇਨੀਆਂ ਦੀ ਸ਼ਿਕਾਰ ਹੋਣ ਕਾਰਨ ਇੰਦਰ ਨੂੰ ਲੈ ਕੇ ਜਨੂੰਨ ਦੀ ਹੱਦ ਤੱਕ ਬੇਇਤਬਾਰੀ ਦਾ ਸ਼ਿਕਾਰ ਹੈ, ਪਰ ਇੰਦਰ ਕਿਸੇ ਵੀ ਹਾਲਤ ਵਿਚ ਪੂਜਾ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ।
ਇਕ ਦਿਨ ਪੂਜਾ ਨਾਲ ਤਕਰਾਰ ਦੌਰਾਨ ਉਸ ਦੇ ਮੂੰਹੋਂ ਅਚਨਚੇਤੀ ਸੱਚ ਨਿਕਲ ਜਾਂਦਾ ਹੈ। ਪੂਜਾ ਇਹ ਸੁਣ ਕੇ ਸੁੰਨ ਹੋ ਜਾਂਦੀ ਹੈ। ਉਸ ਨੇ ਇੰਦਰ ਤੋਂ ਬਿਨਾਂ ਆਪਣੀ ਇਨਸਾਨੀ ਹੋਂਦ ਨੂੰ ਕਦੇ ਕਿਆਸਿਆ ਹੀ ਨਹੀਂ। ਉਸ ਨੂੰ ਲੱਗਿਆ ਸਦਮਾ ਇੰਨਾ ਗਹਿਰਾ ਹੈ ਕਿ ਉਸ ਨੂੰ ਬਹੁਤ ਦਿਨ ਯਕੀਨ ਨਹੀਂ ਆਉਂਦਾ ਕਿ ਇੰਦਰ ਉਸ ਨਾਲ ਇੰਨਾ ਵੱਡਾ ਝੂਠ ਬੋਲ ਸਕਦਾ ਹੈ। ਉਹ ਲਗਾਤਾਰ ਕੋਸ਼ਿਸ ਕਰਦੀ ਹੈ ਕਿ ਇੰਦਰ ਉਸ ਦੀ ਜ਼ਿੰਦਗੀ ਵਿਚ ਵਾਪਸ ਆ ਜਾਵੇ, ਪਰ ਇੰਦਰ ਕਵਿਤਾ ਦੀ ਉਸ ਧਮਕੀ ਤੋਂ ਬਹੁਤ ਡਰਦਾ ਹੈ ਜਿਸ ਵਿਚ ਉਹ ਆਪਣੀ ਪੂਰੀ ਦਾਸਤਾਨ ਜਨਤਕ ਕਰਨ ਦੀ ਧਮਕੀ ਦਿੰਦੀ ਹੈ। ਇਸ ਫਿਲਮ ਵਿਚ ਪੂਜਾ ਦੇ ਘਰ ਕੰਮ ਕਰਦੀ ਔਰਤ (ਰੋਹਿਣੀ ਹਤੰਗੜੀ) ਦਾ ਕਿਰਦਾਰ ਵੀ ਘੱਟ ਮਹਤੱਵਪੂਰਨ ਨਹੀਂ ਜਿਸ ਦਾ ਪਤੀ ਜਦੋਂ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਪੈਂਦਾ ਹੈ, ਤਾਂ ਪੂਜਾ ਉਸ ਨੂੰ ਵਾਰ ਵਾਰ ਤਾਕੀਦ ਕਰਦੀ ਹੈ ਕਿ ਇਹ ਸਭ ਤੇਰੀ ਹੀ ਗਲਤੀ ਹੈ। ਇੰਦਰ ਦੁਆਰਾ ਠੁਕਰਾਏ ਜਾਣ ‘ਤੇ ਉਸ ਨੂੰ ਇਸ ਮਸਲੇ ਦਾ ਯਥਾਰਥ ਸਮਝ ਵਿਚ ਆਉਂਦਾ ਹੈ ਅਤੇ ਆਪਣੀ ਸਮਝ ‘ਤੇ ਹਾਸਾ ਵੀ ਆਉਂਦਾ ਹੈ। ਰੋਹਿਣੀ ਵੱਲੋਂ ਪਤੀ ਨੂੰ ਕਤਲ ਕਰਨਾ ਪੂਜਾ ਨੂੰ ਅੰਦਰ ਤੱਕ ਹਿਲਾ ਦਿੰਦਾ ਹੈ, ਪਰ ਨਾਲ ਹੀ ਉਹ ਆਪਣੇ ਭਰੋਸੇ ‘ਤੇ ਜ਼ਿੰਦਗੀ ਜਿਉਣ ਦੀ ਜ਼ਿਦ ਵੀ ਪਾਲ ਲੈਂਦੀ ਹੈ। ਇੰਦਰ ਜਿਸ ਨੂੰ ਇਹ ਯਕੀਨ ਹੈ ਕਿ ਜੇ ਕਵਿਤਾ ਨੇ ਉਸ ਨੂੰ ਛੱਡ ਵੀ ਦਿੱਤਾ ਤਾਂ ਪੂਜਾ ਹਮੇਸ਼ਾ ਉਸ ਨੂੰ ਦੁਬਾਰਾ ਮੌਕਾ ਦੇਵੇਗੀ, ਇਹ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਜਦੋਂ ਪੂਜਾ ਨਾ ਸਿਰਫ ਉਸ ਦੇ ਮਕਾਨ ਦੀਆਂ ਚਾਬੀਆਂ ਵਗ੍ਹਾ ਕੇ ਮਾਰਦੀ ਹੈ, ਸਗੋਂ ਉਸ ਦੀਆਂ ਸਾਰੀਆਂ ਦਲੀਲਾਂ ਵੀ ਰੱਦ ਕਰ ਦਿੰਦੀ ਹੈ। ਇੰਦਰ ਡੌਰ-ਭੌਰ ਹੋ ਜਾਂਦਾ ਹੈ। ਉਸ ਲਈ ਇਹ ਅਚੰਭੇ ਤੋਂ ਘੱਟ ਨਹੀਂ। ਪੂਜਾ ਸਿਰਫ ਇੰਦਰ ਨੂੰ ਹੀ ਮਨ੍ਹਾਂ ਨਹੀਂ ਕਰਦੀ, ਸਗੋਂ ਮੌਕਾ ਆਉਣ ‘ਤੇ ਉਹ ਉਸ ਨੂੰ ਬੇਹੱਦ ਪਿਆਰ ਕਰਨ ਵਾਲੇ ਪ੍ਰੇਮੀ ਰਾਜ ਨਾਲ ਰਹਿਣ ਤੋਂ ਵੀ ਸਖਤੀ ਨਾਲ ਮਨ੍ਹਾਂ ਕਰ ਦਿੰਦੀ ਹੈ। ਇਉਂ ਪੂਜਾ ਇਸ ਫਿਲਮ ਵਿਚ ਭਾਵੁਕ ਤੇ ਪਰਜੀਵੀ ਤੋਂ ਆਜ਼ਾਦੀ ਤੇ ਅਣਖ ਨਾਲ ਭਰੀ ਔਰਤ ਦਾ ਸਫਰ ਤੈਅ ਕਰਦੀ ਹੈ। ਦੂਜੇ ਪਾਸੇ ਕਵਿਤਾ ਆਪਣੀ ਤਰ੍ਹਾਂ ਦਾ ਨਰਕ ਭੋਗਦੀ ਹੈ ਜਿਸ ਵਿਚ ਉਹ ਦੂਜੇ ਦਾ ਘਰ ਤੋੜਨ ਵਾਲੀ, ਕੁਲਟਾ, ਵੇਸਵਾ ਵਰਗੇ ਇਲਜ਼ਾਮਾਂ ਨਾਲ ਦੋ-ਚਾਰ ਹੁੰਦੀ ਹੈ। ਫਿਲਮ ਦੇਖਦਿਆਂ ਸੁੱਤੇ-ਸਿੱਧ ਹੀ ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ‘ਸ਼ਾਹ ਦੀ ਕੰਜਰੀ’ ਦਾ ਚੇਤਾ ਆ ਜਾਂਦਾ ਹੈ। ਕਵਿਤਾ ਪ੍ਰੇਮ ਕਰਨ ਤੋਂ ਬਿਨਾਂ ਹਰ ਤਰ੍ਹਾਂ ਦੀ ਬੁਰਾਈ ਤੋਂ ਮੁਕਤ ਹੈ, ਪਰ ਪ੍ਰੇਮ ਹੀ ਉਸ ਲਈ ਜ਼ਲਾਲਤ ਅਤੇ ਆਤਮ-ਗਿਲਾਨੀ ਦਾ ਸਬੱਬ ਬਣ ਜਾਂਦਾ ਹੈ। ਇਹ ਫਿਲਮ ਪ੍ਰੇਮ ਦੇ ਸਮਾਜਿਕ ਪ੍ਰਸੰਗ ਘੋਖਦੀ ਹੋਈ ਮਰਦ-ਸੱਤਾ ਦੀਆਂ ਅਣਦਿਸਦੀਆਂ ਕਮਜ਼ੋਰੀਆਂ ਨੂੰ ਜੱਗ-ਜ਼ਾਹਿਰ ਕਰਦੀ ਹੈ। ਜੇ ਇਹ ਵਰਜਿਤ ਰਿਸ਼ਤਾ ਪੂਜਾ ਅਤੇ ਕਵਿਤਾ ਦਾ ਮਾਨਸਿਕ-ਸਮਾਜਿਕ ਸੰਤੁਲਨ ਵਿਗਾੜਦਾ ਹੈ, ਇੰਦਰ ਲਈ ਵੀ ਇਹ ਕਿਸੇ ਤਸ਼ੱਦਦ ਤੋਂ ਘੱਟ ਨਹੀਂ ਗੁਜ਼ਰਦਾ। ਦਰਸ਼ਕਾਂ ਦੀ ਕੁਝ ਹਮਦਰਦੀ ਤਾਂ ਉਹ ਵੀ ਬਟੋਰਦਾ ਹੈ।
ਫਿਲਮ ‘ਅਰਥ’ ਇਨ੍ਹਾਂ ਤਿੰਨੇ ਪ੍ਰੇਮੀਆਂ ਦੇ ਦਵੰਦਾਂ ਨੂੰ ਜ਼ੁਬਾਨ ਦਿੰਦੀ ਹੈ। ਇੱਦਾਂ ਦੇ ਕਿੱਸੇ ਦਾ ਅੰਤ ਕਿੱਦਾਂ ਦਾ ਹੋ ਸਕਦਾ ਹੈ? ਸ਼ਾਇਦ ਇਸ ਦਾ ਸਹੀ ਜਵਾਬ ਕਿਸੇ ਕੋਲ ਵੀ ਨਹੀਂ। ਹਾਂ, ਇਹ ਗੱਲ ਤੈਅ ਹੈ ਕਿ ਇਸ ਗੁੰਝਲ ਦੇ ਬਾਵਜੂਦ ਵਰ੍ਹਿਆਂ ਬਾਅਦ ਵੀ ਪਰਵੀਨ ਬਾਬੀ ਦੀ ਖੁਦਕੁਸ਼ੀ ਅਤੇ ਇਸ ਫਿਲਮ ਦੀ ਨਜ਼ਮ ‘ਕੋਈ ਯੇ ਕੈਸੇ ਬਤਾਏ ਕਿ ਵੋ ਤਨਹਾ ਕਿਉਂ ਹੈ, ਵੋ ਜੋ ਅਪਨਾ ਥਾ ਵੋ ਹੀ ਆਜ ਕਿਸੀ ਕਾ ਕਿਉਂ ਹੈ?’ ਨੂੰ ਸਦਾ ਹੀ ਦੁਖ ਤੇ ਰੰਜ਼ ਨਾਲ ਸੁਣਿਆ ਜਾਂਦਾ ਰਹੇਗਾ!