ਫਵਾਦ, ਸਿਆਸਤ ਅਤੇ ਸਿਨੇਮਾ

ਹੁਣੇ ਹੁਣੇ ਆਪਣੀ ਨਵੀਂ ਫਿਲਮ ‘ਜੱਗਾ ਜਾਸੂਸ’ ਲੈ ਕੇ ਆਏ ਅਦਾਕਾਰ ਰਣਬੀਰ ਕਪੂਰ ਨੇ ਪਾਕਿਸਤਾਨ ਦੇ ਚੋਟੀ ਦੇ ਅਦਾਕਾਰ ਫ਼ਵਾਦ ਖਾਨ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਦਿਆਂ ਕਿਹਾ ਹੈ ਕਿ ਇਸ ਅਦਾਕਾਰ ਨੂੰ ਬਿਨਾਂ ਵਜ੍ਹਾ ਸਿਆਸਤ ਦਾ ਸੇਕ ਝੱਲਣਾ ਪਿਆ। ਯਾਦ ਰਹੇ ਕਿ ਪਿਛਲੇ ਸਾਲ ਉੜੀ (ਜੰਮੂ ਕਸ਼ਮੀਰ) ਵਿਚ ਅਤਿਵਾਦੀਆਂ ਵੱਲੋਂ ਫੌਜੀ ਕੈਂਪ ‘ਤੇ ਹਮਲੇ ਤੋਂ ਬਾਅਦ ਸ਼ਿਵ ਸੈਨਾ ਅਤੇ ਕੁਝ ਹੋਰ ਕੱਟੜ ਹਿੰਦੂ ਜਥੇਬੰਦੀਆਂ ਨੇ ਹਿੰਦੀ ਫਿਲਮਾਂ ਵਿਚ ਕੰਮ ਕਰ ਰਹੇ ਪਾਕਿਸਤਾਨੀ ਅਦਾਕਾਰਾਂ ਉਤੇ ਸਵਾਲ ਉਠਾ ਦਿੱਤੇ ਸਨ।

ਉਦੋਂ ਫਵਾਦ ਖਾਨ, ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਕਸ਼ਾ ਸ਼ਰਮਾ ਦੀ ਫਿਲਮ ‘ਏ ਦਿਲ ਹੈ ਮੁਸ਼ਕਲ’ ਰਿਲੀਜ਼ ਹੋਣੀ ਸੀ। ਫਿਲਮਸਾਜ਼ ਕਰਨ ਜੌਹਰ ਦੀ ਇਸ ਫਿਲਮ ਤੋਂ ਫਵਾਦ ਖਾਨ ਨੂੰ ਬਹੁਤ ਆਸਾਂ ਸਨ।
ਇਸ ਤੋਂ ਪਹਿਲਾਂ ਉਹ ਸੋਨਮ ਕਪੂਰ ਨਾਲ ਆਈ ਫਿਲਮ ‘ਖੂਬਸੂਰਤ’ ਨਾਲ ਭਾਰਤੀ ਦਰਸ਼ਕਾਂ ਦੇ ਦਿਲਾਂ ਵਿਚ ਚੰਗੀ ਥਾਂ ਬਣਾ ਚੁੱਕਾ ਸੀ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਨੇ ਉਸ ਦੇ ਹਿੰਦੀ ਫਿਲਮ ਜਗਤ ਅੰਦਰ ਕਰੀਅਰ ਨੂੰ ਯਕਲਖਤ ਬੰਨ੍ਹ ਮਾਰ ਦਿੱਤਾ। ਉਦੋਂ ਪਹਿਲਾਂ ਪਹਿਲਾਂ ਕਰਨ ਜੌਹਰ ਫਵਾਦ ਖਾਨ ਤੇ ਹੋਰ ਪਾਕਿਸਤਾਨੀ ਅਦਾਕਾਰਾਂ ਦੇ ਹੱਕ ਵਿਚ ਡਟਿਆ ਅਤੇ ਕੱਟੜਪੰਥੀਆਂ ਅੱਗੇ ਸਵਾਲਾਂ ਦੀ ਝੜੀ ਲਾਈ, ਪਰ ਫਿਰ ਆਪਣੀ ਫਿਲਮ ਫਸਦੀ ਦੇਖ ਕੇ ਆਖ਼ਰਕਾਰ ਪਿਛਾਂਹ ਹਟ ਗਿਆ। ਸਮਝੌਤੇ ਤਹਿਤ ਉਸ ਨੇ ਬਿਆਨ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਕਿਸੇ ਪਾਕਿਸਤਾਨ ਕਲਾਕਾਰ ਦੀਆਂ ਸੇਵਾਵਾਂ ਨਹੀਂ ਲਵੇਗਾ। ਕਹਿੰਦੇ ਹਨ ਕਿ ਦਬਾਅ ਕਾਰਨ ਉਸ ਨੇ ਫਿਲਮ ਵਿਚ ਫਵਾਦ ਖਾਨ ਵਾਲੇ ਕਿਰਦਾਰ ਉਤੇ ਬਹੁਤ ਬੇਰਹਿਮੀ ਨਾਲ ਕੈਂਚੀ ਵੀ ਚਲਾਈ। ਰਣਬੀਰ ਕਪੂਰ ਇਸੇ ਦਰਦ ਨੂੰ ਬਿਆਨ ਕਰਦਾ ਆਖਦਾ ਹੈ ਕਿ ਬਦਕਿਸਮਤੀ ਨਾਲ ਉਦੋਂ ਸਮੁੱਚਾ ਮਾਹੌਲ ਫ਼ਵਾਦ ਖਾਨ ਦੇ ਖਿਲਾਫ਼ ਭੁਗਤ ਗਿਆ। ਉਸ ਮੁਤਾਬਕ, ਉਹ ਫਵਾਦ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਫ਼ਵਾਦ ਖਾਨ ਹਰ ਸਮੇਂ ਫਿਲਮਾਂ ਅਤੇ ਅਦਾਕਾਰੀ ਦੀ ਹੀ ਗੱਲ ਕਰਦਾ ਹੁੰਦਾ ਸੀ। ਸਿਆਸਤ ਨੇ ਭਾਰਤੀ ਦਰਸ਼ਕਾਂ ਨੂੰ ਇਕ ਚੰਗੇ ਅਦਾਕਾਰ ਅਤੇ ਇਨਸਾਨ ਤੋਂ ਮਹਿਰੂਮ ਕਰ ਦਿੱਤਾ।
-ਗੁਰਜੰਟ ਸਿੰਘ