‘ਆਪ’ ਵੱਲੋਂ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਮੁਹਿੰਮ ਸ਼ੁਰੂ

ਚੰਡੀਗੜ੍ਹ: ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ‘ਆਪ’ ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਜਥੇਬੰਦਕ ਢਾਂਚੇ ਦਾ ਪੁਨਰਗਠਨ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਸੂਬਾ ਅਹੁਦੇਦਾਰਾਂ ਦੀ ਪਲੇਠੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਬਿਨਾਂ ਜ਼ੋਨ ਪ੍ਰਧਾਨਾਂ ਅਤੇ ਅਨੁਸ਼ਾਸਨੀ ਕਮੇਟੀ ਦੇ ਨਾਂਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਸੂਚੀ ‘ਚ ਔਰਤਾਂ ਨੂੰ ਨਾਂਮਾਤਰ ਪ੍ਰਤੀਨਿਧਤਾ ਦਿੰਦਿਆਂ ਦੋ ਮਹਿਲਾਵਾਂ ਹੀ ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਅਸੈਂਬਲੀ ਚੋਣ ਹਾਰਨ ਵਾਲੇ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਨੂੰ ‘ਐਡਜਸਟ’ ਕੀਤਾ ਗਿਆ ਹੈ।
‘ਆਪ’ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਅਹੁਦੇਦਾਰਾਂ ਦੀ ਚੋਣ ਆਮ ਵਰਕਰਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਗਈ ਹੈ। ਪਾਰਟੀ ਵੱਲੋਂ ਅਗਲੇ ਦਿਨੀਂ ਦੂਜੀ ਸੂਚੀ ਵੀ ਜਾਰੀ ਕੀਤੀ ਜਾਵੇਗੀ। ਸੂਬਾ ਬਾਡੀ ਵਿਚ ਸਕੱਤਰ ਦੀ ਜ਼ਿੰਮੇਵਾਰੀ ਗੁਲਸ਼ਨ ਛਾਬੜਾ ਨੂੰ ਸੌਂਪੀ ਗਈ ਹੈ। ਆਰਗੇਨਾਈਜ਼ੇਸ਼ਨ ਬਿਲਡਿੰਗ ਟੀਮ ਇੰਚਾਰਜ ਦਾ ਅਹੁਦਾ ਨਵਾਂ ਰਚਿਆ ਗਿਆ ਹੈ ਅਤੇ ਇਸ ‘ਤੇ ਗੈਰੀ ਵੜਿੰਗ ਨੂੰ ਨਿਯੁਕਤ ਕੀਤਾ ਗਿਆ ਹੈ।
ਸੁਖਵਿੰਦਰ ਸਿੰਘ ਖ਼ਜ਼ਾਨਚੀ ਲਾਏ ਗਏ ਹਨ। ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਹਾਲ ਦੀ ਘੜੀ ਖ਼ਾਲੀ ਛੱਡ ਦਿੱਤਾ ਗਿਆ ਹੈ। ਸੱਤ ਮੀਤ ਪ੍ਰਧਾਨਾਂ ਵਿਚ ਡਾਕਟਰ ਬਲਬੀਰ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ ਆਜ਼ਾਦ, ਆਸ਼ੂਤੋਸ਼ ਟੰਡਨ, ਕੁਲਦੀਪ ਧਾਲੀਵਾਲ, ਕਰਨਬੀਰ ਟਿਵਾਣਾ ਅਤੇ ਹਰੀ ਸਿੰਘ ਟੌਹੜਾ ਦੇ ਨਾਂ ਸ਼ਾਮਲ ਹਨ।
_________________________________________
ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ
ਚੰਡੀਗੜ੍ਹ: ਪਾਰਟੀ ਵੱਲੋਂ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਮਾਲਵੇ ਖੇਤਰ ਦੀ ਕਮਾਨ ਤਿੰਨ ਜਰਨੈਲਾਂ ਨੂੰ ਸੌਂਪੀ ਗਈ ਹੈ। ਮਾਝਾ ਜ਼ੋਨ ਦਾ ਪ੍ਰਧਾਨ ਕੰਵਰਪ੍ਰੀਤ ਕਾਕੀ ਨੂੰ ਨਿਯੁਕਤ ਕੀਤਾ ਗਿਆ ਹੈ। ਮਾਝੇ ਵਿਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਪਰਮਜੀਤ ਸਚਦੇਵਾ ਨੂੰ ਦਿੱਤੀ ਗਈ ਹੈ। ਮਾਲਵਾ ਜ਼ੋਨ ਇਕ ਵਿਚ ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਨੂੰ ਸ਼ਾਮਲ ਕਰ ਕੇ ਅਨਿਲ ਠਾਕੁਰ ਨੂੰ ਪ੍ਰਧਾਨ ਲਾਇਆ ਗਿਆ ਹੈ ਜਦੋਂ ਕਿ ਜ਼ੋਨ ਦੋ ਵਿਚ ਫ਼ਰੀਦਕੋਟ, ਮੋਗਾ, ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਨੂੰ ਰੱਖ ਕੇ ਪ੍ਰਧਾਨ ਦੀ ਜ਼ਿੰਮੇਵਾਰੀ ਗੁਰਦਿੱਤ ਸੇਖੋਂ ਨੂੰ ਸੌਂਪੀ ਗਈ ਹੈ।