ਲੀਡਰਾਂ ਦਾ ਭਵਿੱਖ ਵੀ ਤੈਅ ਕਰੇਗੀ ਮੋਗਾ ਚੋਣ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): 23 ਫ਼ਰਵਰੀ ਨੂੰ ਹੋ ਰਹੀ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਉਬਾਲ ਲਿਆ ਦਿੱਤਾ ਹੈ। ਸੱਤਾਧਾਰੀ ਅਕਾਲੀ ਦਲ ਤੇ ਵਿਰੋਧੀ ਧਿਰ ਕਾਂਗਰਸ ਲਈ ਇਹ ਚੋਣ ਵੱਕਾਰ ਦਾ ਸਵਾਲ ਬਣ ਗਈ ਹੈ। ਦੋਵਾਂ ਧਿਰਾਂ ਨੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਹੈ ਤੇ ਚੋਣ ਪ੍ਰਚਾਰ ਵਿਚ ਜੁਟੇ ਆਗੂਆਂ ਦਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਉਡ ਗਈ ਹੈ। ਇਹ ਚੋਣ ਮਹਿਜ਼ ਜਿੱਤ ਹਾਰ ਨਾ ਹੋ ਕੇ ਵੱਡੇ ਸਿਆਸੀ ਆਗੂਆਂ ਦੇ ਭਵਿੱਖ ਨਾਲ ਵੀ ਜੁੜ ਗਈ ਹੈ। ਕੈਪਟਨ ਅਮਰਿੰਦਰ ਸਿੰਘ, ਜਗਮੀਤ ਬਰਾੜ ਤੇ ਮਨਪ੍ਰੀਤ ਸਿੰਘ ਬਾਦਲ ਤਾਂ ਆਪਣਾ ਭਵਿੱਖ ਇਸ ਚੋਣ ਨਾਲ ਜੋੜ ਹੀ ਰਹੇ ਹਨ ਸਗੋਂ ਅਕਾਲੀ ਦਲ ਵੀ ਚੜ੍ਹਤ ਬਰਕਰਾਰ ਰੱਖਣ ਲਈ ਪੂਰਾ ਤਾਣ ਲਾ ਰਿਹਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਇਸ ਹਲਕੇ ਵਿਚ ਚੋਣ ਪ੍ਰਚਾਰ ਤਾਂ ਡਟ ਕੇ ਕਰ ਰਹੇ ਹਨ ਪਰ ਚਰਚਾ ਤੋਂ ਬਚ ਕੇ ਰਹਿਣਾ ਚਾਹੁੰਦੇ ਹਨ।
ਇਸ ਚੋਣ ਵਿਚ ਪੰਜ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਨਾਲ ਹੁਣ 10 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ। ਕੁੱਲ 16 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਇਕ ਨੇ ਨਾਂ ਵਾਪਸ ਲੈ ਲਿਆ ਸੀ। ਮੈਦਾਨ ਵਿਚ ਮੁੱਖ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੋਗਿੰਦਰਪਾਲ ਜੈਨ, ਕਾਂਗਰਸ ਦੇ ਉਮੀਦਵਾਰ ਵਿਜੇ ਸਾਥੀ, ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਸਾਂਝੇ ਮੋਰਚੇ ਦੇ ਡਾæਰਵਿੰਦਰ ਧਾਲੀਵਾਲ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਬੀਰਇੰਦਰਪਾਲ ਸਿੰਘ ਸਹੌਲੀ (ਲੁਧਿਆਣਾ) ਹੀ ਹਨ।
ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿਧਾਨ ਸਭਾ ਦੀਆਂ 1977 ਤੋਂ ਲੈ ਕੇ ਹੁਣ ਤੱਕ ਅੱਠ ਵਾਰ ਹੋਈਆਂ ਚੋਣਾਂ ਦੌਰਾਨ ਮੋਗਾ ਹਲਕੇ ਤੋਂ ਪੰਜ ਵਾਰ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ ਨੇ ਹੀ ਦੋ ਵਾਰ ਮੋਗੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਦਕਿ ਇਕ ਵਾਰ ਹਲਕੇ ਦੀ ਸੀਟ ਇਸ ਵਾਰ ਮੈਦਾਨ ਵਿਚ ਉਤਰੇ ਕਾਂਗਰਸ ਦੇ ਉਮੀਦਵਾਰ ਸਾਥੀ ਵਿਜੈ ਕੁਮਾਰ ਦੇ ਪਿਤਾ ਸਾਥੀ ਰੂਪ ਲਾਲ ਨੇ ਜਨਤਾ ਦਲ ਦੀ ਟਿਕਟ ‘ਤੇ ਜਿੱਤੀ ਸੀ।
ਮੋਗਾ ਜ਼ਿਮਨੀ ਚੋਣ ਦਾ ਦਿਲਚਸਪ ਪਹਿਲੂ ਇਹ ਵੀ ਹੈ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਦਾ ਸਿਆਸੀ ਜੀਵਨ ਕਾਂਗਰਸ ਵਿਚੋਂ ਸ਼ੁਰੂ ਹੋਇਆ। ਸੂਬੇ ਵਿਚ ਕੈਪਟਨ ਸਰਕਾਰ ਸਮੇਂ ਉਹ ਤੇ ਉਨ੍ਹਾਂ ਦੀ ਪਤਨੀ ਸਵਰਨ ਲਤਾ ਜੈਨ ਨਗਰ ਕੌਂਸਲ ਦੇ ਪ੍ਰਧਾਨ ਰਹੇ। ਫ਼ਰਵਰੀ 2007 ਤੇ ਜਨਵਰੀ 2012 ਦੀਆਂ ਚੋਣਾਂ ਵਿਚ ਕਾਂਗਰਸ ਟਿਕਟ ‘ਤੇ ਸ੍ਰੀ ਜੈਨ ਵਿਧਾਇਕ ਚੁਣੇ ਗਏ। ਕਾਂਗਰਸ ਉਮੀਦਵਾਰ ਵਿਜੈ ਸਾਥੀ ਤੇ ਜੋਗਿੰਦਰ ਪਾਲ ਜੈਨ ਕਾਂਗਰਸ ਵਿਚ ਹੀ ਇਕੱਠੇ ਨਹੀਂ ਰਹੇ ਬਲਕਿ ਸਕੂਲ ਸਮੇਂ ਦੌਰਾਨ ਹਮਜਮਾਤੀ ਸਨ। ਇਹ ਦੋਵੇਂ ਉਮੀਦਵਾਰ ਬਦਲੇ ਸਿਆਸੀ ਸਮੀਕਰਨ ਵਿਚ ਇਕ ਦੂਜੇ ਨੂੰ ਭੰਡ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰ ਲਾ ਰਹੇ ਹਨ।
ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਦਾ ਪਿਛੋਕੜ ਨਿਰੋਲ ਅਕਾਲੀ ਹੈ। ਸਾਂਝੇ ਮੋਰਚੇ ਵੱਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾæ ਰਵਿੰਦਰ ਸਿੰਘ ਧਾਲੀਵਾਲ ਜ਼ਿਮਨੀ ਚੋਣ ਵਿਚ ਉਮੀਦਵਾਰ ਹਨ। ਕਾਂਗਰਸ ਉਮੀਦਵਾਰ ਵਿਜੈ ਸਾਥੀ ਅਕਾਲੀ ਦਲ (ਬ) ਦੇ ਉਮੀਦਵਾਰ ਜੋਗਿੰਦਰ ਪਾਲ ਜੈਨ ਨੂੰ ਸਵਾਲ ਕਰ ਰਹੇ ਹਨ ਕਿ ਉਹ ਪੰਥਕ ਉਮੀਦਵਾਰ ਹੈ, ਉਸ ਨੇ ਤਾਂ ਆਪਣੇ ਕੇਸਾਂ ਤੋਂ ਡਰਦਿਆਂ ਤੇ ਕਾਰੋਬਾਰ ਕਾਰਨ ਅਕਾਲੀਆਂ ਨਾਲ ਸੌਦਾ ਕੀਤਾ ਹੈ। ਅਕਾਲੀ ਦਲ ਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਮੋਗੇ ਵਿਚ ਡੇਰੇ ਲਾ ਲਏ ਹਨ। ਪਹਿਲਾਂ ਕੋਈ ਚੋਣ ਆਉਂਦੀ ਸੀ ਤਾਂ ਟਕਸਾਲੀ ਮੁੱਦਿਆਂ ਨਾਲ ਹੀ ਚੋਣ ਅਖ਼ਾੜਾ ਭਖ਼ਦਾ ਸੀ ਪਰ ਇਸ ਵਾਰੀ ਚੋਣ ਪ੍ਰਚਾਰ ਵਿਚ ਟਕਸਾਲੀ ਮੁੱਦਿਆਂ ਦੀ ਬਜਾਏ ਸਥਾਨਕ ਮੁੱਦੇ ਹੀ ਭਾਰੂ ਹਨ। ਹਲਕੇ ਦੇ ਆਮ ਲੋਕਾਂ ਲਈ ਜੋਗਿੰਦਰ ਪਾਲ ਵੱਲੋਂ ਕੀਤੀ ਦਲਬਦਲੀ ਵੱਡਾ ਮੁੱਦਾ ਜਾਪਦੀ ਹੈ। ਬਹੁਤੇ ਲੋਕ ਸ੍ਰੀ ਜੈਨ ਦੀ ਕਾਰਵਾਈ ਦੀ ਨਿੰਦਾ ਕਰਦੇ ਹਨ ਤੇ ਜ਼ਿਮਨੀ ਚੋਣ ਥੋਪਣ ਦਾ ਜ਼ਿੰਮੇਵਾਰ ਮੰਨਦੇ ਹਨ। ਇਸ ਦੇ ਉਲਟ ਗਰੀਬਾਂ ਦੇ ਵਿਹੜਿਆਂ ਵਿਚ ਦਲ ਬਦਲੀ ਦੀ ਕੋਈ ਮਹੱਤਤਾ ਨਜ਼ਰ ਨਹੀਂ ਆ ਰਹੀ।
ਜ਼ਿਮਨੀ ਚੋਣ ਵਿਚ ਜਿੱਤ ਯਕੀਨੀ ਬਣਾਉਣ ਲਈ ਅਕਾਲੀ ਦਲ ਨੇ ਸਮੁੱਚੀ ਸਰਕਾਰੀ ਸ਼ਕਤੀ ਝੋਕ ਦਿੱਤੀ ਹੈ ਤੇ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੰਮੇ ਸਮੇਂ ਪਿਛੋਂ ਕਿਸੇ ਹਲਕੇ ਵਿਚ ਮੋਰਚਾ ਲਾਉਣ ਲਈ ਮਜਬੂਰ ਹੋਏ ਹਨ। ਉਹ ਮੰਨਦੇ ਹਨ ਕਿ ਦਸੂਹਾ ਵਿਧਾਨ ਸਭਾ ਹਲਕੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ ਪਰ ਹੁਣ ਰਾਜਸੀ ਫਿਜ਼ਾ ਕੁਝ ਬਦਲੀ ਹੋਈ ਹੈ। ਹਾਕਮ ਪਾਰਟੀ 15 ਸਾਲ ਪਹਿਲਾਂ ਆਦਮਪੁਰ ਵਿਧਾਨ ਸਭਾ ਹਲਕੇ ਦੀ ਹਾਰ ਦੇ ਜ਼ਖਮ ਨੂੰ ਭੁੱਲੀ ਨਹੀਂ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੋਹਾਂ ਪਾਰਟੀਆਂ ਦੀ ਟੱਕਰ ਵਿਚ ਆਪਣੀ ਭਰਵੀਂ ਹਾਜ਼ਰੀ ਲਾਉਣ ਦੀ ਤਾਕ ‘ਚ ਹਨ।

Be the first to comment

Leave a Reply

Your email address will not be published.