ਗੁਰਦੁਆਰਾ ਪੈਲਾਟਾਈਨ ਚੋਣਾਂ ‘ਚ ਵਿਰੋਧੀ ਧਿਰ ਨੂੰ ਹੂੰਝਾਫੇਰੂ ਜਿੱਤ

ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਸਿੱਖ ਰਿਲੀਜੀਅਸ ਸੁਸਾਇਟੀ, ਸ਼ਿਕਾਗੋ ਦੀਆਂ ਲੰਘੇ ਐਤਵਾਰ ਨੂੰ ਹੋਈਆਂ ਵਿਸ਼ੇਸ਼ ਚੋਣਾਂ ਵਿਚ ਸ਼ਿਕਾਗੋ ਸਿੱਖਸ ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦੀ ਸਾਂਝੀ ਸਲੇਟ ਨੂੰ ਹੂੰਝਾਫੇਰੂ ਜਿੱਤ ਹਾਸਲ ਹੋਈ ਹੈ ਅਤੇ ਇਸ ਦੇ ਸਾਰੇ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜੇਤੂ ਰਹੇ।
ਬੋਰਡ ਦੀਆਂ 5 ਸੀਟਾਂ ਲਈ ਸ਼ ਸੋਖੀ ਸਿੰਘ 860 ਵੋਟਾਂ, ਸ਼ ਸਰਵਣ ਸਿੰਘ 859 ਵੋਟਾਂ, ਸ਼ ਅੰਮ੍ਰਿਤਪਾਲ ਸਿੰਘ ਗਿੱਲ 829 ਵੋਟਾਂ, ਸ਼ ਮਹਾਂਬੀਰ ਸਿੰਘ ਬਰਾੜ 829 ਵੋਟਾਂ ਤੇ ਸ਼ ਗੁਰਮੀਤ ਸਿੰਘ ਭੋਲਾ 789 ਵੋਟਾਂ ਅਤੇ ਸੰਵਿਧਾਨ ਅਮਲ ਕਮੇਟੀ ਦੀ ਇਕੋ ਇਕ ਸੀਟ ਲਈ ਸ਼ ਆਰਥਰ ਸਿੰਘ ਗੁਲਾਟੀ 793 ਵੋਟਾਂ ਲੈ ਕੇ ਜੇਤੂ ਰਹੇ। ਇਸ ਸਮੇਂ ਸੁਸਾਇਟੀ ਦਾ ਪ੍ਰਬੰਧ ਚਲਾ ਰਹੀ ਪੰਥਕ ਸਲੇਟ ਦੇ ਬੋਰਡ ਲਈ ਉਮੀਦਵਾਰਾਂ ਬੀਬੀ ਸੁਖਦੇਵ ਕੌਰ ਘੁਮਾਣ (ਮੌਜੂਦਾ ਪ੍ਰਧਾਨ) ਨੂੰ 623, ਸ਼ ਕੁਲਦੀਪ ਸਿੰਘ ਝੱਟੂ (ਮੌਜੂਦਾ ਐਗਜ਼ੈਕਟਿਵ ਸੈਕਟਰੀ) ਨੂੰ 599, ਸ਼ ਸੰਤੋਖ ਸਿੰਘ ਨੂੰ 569, ਸ਼ ਗੁਰਦੀਪ ਸਿੰਘ ਜੌਹਲ ਨੂੰ 567, ਸ਼ ਅਮਰਜੀਤ ਸਿੰਘ ਜੌਹਰ (ਸਾਬਕਾ ਵਿੱਤ ਸਕੱਤਰ) ਨੂੰ 538 ਅਤੇ ਸੀ ਆਈ ਸੀ ਲਈ ਉਮੀਦਵਾਰ ਸ਼ ਜਸਦੇਵ ਸਿੰਘ ਨੂੰ 570 ਵੋਟਾਂ ਮਿਲੀਆਂ।
ਸੁਸਾਇਟੀ ਦੀਆਂ ਕੁਲ 2104 ਵੋਟਾਂ ਵਿਚੋਂ 1480 ਵੋਟਾਂ ਪਈਆਂ। ਦੋਹਾਂ ਸਲੇਟਾਂ ਦੇ ਵੱਖ ਵੱਖ ਉਮੀਦਵਾਰਾਂ ਨੂੰ ਪਈਆਂ ਵੋਟਾਂ ਤੋਂ ਇਹ ਗੱਲ ਸਪਸ਼ਟ ਜਾਹਰ ਹੁੰਦੀ ਹੈ ਕਿ ਸ਼ਿਕਾਗੋ ਸਿੱਖਸ ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦੇ ਉਮੀਦਵਾਰਾਂ ਨੂੰ ਆਮ ਕਰਕੇ ਵੋਟਾਂ ਸਲੇਟ ਦੇ ਹਿਸਾਬ ਪਈਆਂ। ਮਿਸਾਲ ਵਜੋਂ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਸ਼ ਸੋਖੀ ਸਿੰਘ ਨੂੰ 860 ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਉਮੀਦਵਾਰ ਸਰਵਣ ਸਿੰਘ ਨੂੰ 859 ਵੋਟਾਂ ਮਿਲੀਆਂ। ਤੀਜੇ ਅਤੇ ਚੌਥੇ ਥਾਂ ਆਏ ਉਮੀਦਵਾਰਾਂ ਅੰਮ੍ਰਿਤਪਾਲ ਸਿੰਘ ਗਿੱਲ ਅਤੇ ਮਹਾਂਬੀਰ ਸਿੰਘ ਬਰਾੜ ਨੂੰ ਬਰਾਬਰ ਯਾਨਿ 829 ਵੋਟਾਂ ਪਈਆਂ। ਪੰਜਵੇਂ ਜੇਤੂ ਉਮੀਦਵਾਰ ਸ਼ ਗੁਰਮੀਤ ਸਿੰਘ ਭੋਲਾ ਨੂੰ 789 ਵੋਟਾਂ ਮਿਲੀਆਂ। ਇਸ ਦੇ ਮੁਕਾਬਲੇ ਪੰਥਕ ਸਲੇਟ ਦੇ ਉਮੀਦਵਾਰਾਂ ਦੀਆਂ ਵੋਟਾਂ ਵਿਚ ਅੰਤਰ ਕਾਫੀ ਜ਼ਿਆਦਾ ਹੈ ਜੋ ਉਪਰ ਦਿੱਤੇ ਗਏ ਵੇਰਵੇ ਤੋਂ ਜ਼ਾਹਰ ਹੈ।
ਸ਼ਿਕਾਗੋ ਸਿੱਖਸ ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦੇ ਆਗੂਆਂ ਨੇ ਇਨ੍ਹਾਂ ਚੋਣ ਨਤੀਜਿਆਂ ਨੂੰ ਸੱਚ ਦੀ ਜਿੱਤ ਕਰਾਰ ਦਿੰਦਿਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਮੌਜੂਦਾ ਪ੍ਰਬੰਧਕਾਂ ਦੀ ਇਖਲਾਕੀ ਹਾਰ ਹੈ ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਣੀ ਹਉਮੈ ਦੀ ਖਾਤਰ ਗੁਰੂ ਕੀ ਗੋਲਕ ਦਾ ਤਿੰਨ ਲੱਖ ਡਾਲਰ ਤੋਂ ਵੀ ਵੱਧ ਪੈਸਾ ਅਦਾਲਤੀ ਖਰਚੇ ਵਿਚ ਰੋੜ੍ਹ ਦਿੱਤਾ। ਇਹ ਪ੍ਰਬੰਧਕ ਜੇ ਆਪਣੀ ਹਉਮੈ ਛੱਡ ਦਿੰਦੇ ਤਾਂ ਨਵੰਬਰ 2011 ਵਿਚ ਹੀ ਹੁਣ ਵਾਲੀਆਂ ਸ਼ਰਤਾਂ ਅਨੁਸਾਰ ਹੀ ਸਮਝੌਤਾ ਹੋ ਜਾਣਾ ਸੀ ਅਤੇ ਉਸ ਸਮੇਂ ਅਦਾਲਤੀ ਕੇਸ ਉਪਰ ਅਜੇ 60 ਕੁ ਹਜ਼ਾਰ ਡਾਲਰ ਹੀ ਖਰਚ ਹੋਇਆ ਸੀ। ਇਸ ਸਾਂਝੀ ਸਲੇਟ ਦੇ ਆਗੂਆਂ ਸ਼ ਗੁਰਚਰਨ ਸਿੰਘ ਝੱਜ ਅਤੇ ਸ਼ ਭੁਪਿੰਦਰ ਸਿੰਘ ਹੁੰਦਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਮੌਜੂਦਾ ਪ੍ਰਬੰਧਕਾਂ ਨੇ ਤਾਂ ਐਨ ਆਖਰੀ ਮੌਕੇ ਵੀ ਇਹ ਚੋਣਾਂ ਰੁਕਵਾਉਣ ਲਈ ਆਪਣੀ ਤਰਫੋਂ ਕੋਸ਼ਿਸ਼ ਕੀਤੀ ਅਤੇ ਗੁਰੂ ਕੀ ਗੋਲਕ ਦਾ ਪੈਸਾ ਖਰਾਬ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਬੰਧਕਾਂ ਨੇ ਚੋਣਾਂ ਤੋਂ ਐਨ ਦੋ ਦਿਨ ਪਹਿਲਾਂ ਅਦਾਲਤ ਵਿਚ ਮੋਸ਼ਨ ਦਾਇਰ ਕਰਕੇ ਇਹ ਮੰਗ ਕੀਤੀ ਕਿ ਬੀਬੀਆਂ ਤੇ ਨੌਜਵਾਨਾਂ ਲਈ ਸੀਟਾਂ ‘ਤੇ ਖੜ੍ਹੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਜਾਵੇ। ਇਹ ਵੱਖਰੀ ਗੱਲ ਹੈ ਕਿ ਅਦਾਲਤ ਨੇ ਇਹ ਮੋਸ਼ਨ ਰੱਦ ਕਰ ਦਿੱਤੀ। ਜੇ ਪ੍ਰਬੰਧਕ ਇਸ ਰਾਖਵੇਂਕਰਨ ਬਾਰੇ ਸੱਚਮੁੱਚ ਹੀ ਗੰਭੀਰ ਸਨ ਤਾਂ ਉਨ੍ਹਾਂ ਨੂੰ ਇਹ ਮਾਮਲਾ ਪਹਿਲਾਂ ਹੀ ਵਿਸ਼ੇਸ਼ ਚੋਣ ਕਮੇਟੀ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ।
ਜ਼ਿਕਰਯੋਗ ਹੈ ਕਿ ਇਹ ਚੋਣਾਂ ਇਕ ਅਦਾਲਤੀ ਕੇਸ ਵਿਚ ਰਾਜੀਨਾਮੇ ਪਿਛੋਂ ਅਦਾਲਤ ਦੇ ਹੁਕਮਾਂ ‘ਤੇ ਹੋਈਆਂ ਹਨ ਅਤੇ ਜਿੱਤੇ ਉਮੀਦਵਾਰਾਂ ਦੀ ਮਿਆਦ ਅਪਰੈਲ 2014 ਤੱਕ ਹੋਵੇਗੀ। ਅਦਾਲਤੀ ਕੇਸ ਵਿਚ ਦੋਸ਼ ਲਾਇਆ ਗਿਆ ਸੀ ਕਿ 2010 ਵਿਚ ਹੋਈਆਂ ਸੁਸਾਇਟੀ ਦੀਆਂ ਚੋਣਾਂ ਵਿਚ ਵੋਟਾਂ ਦੀ ਹੇਰਾ-ਫੇਰੀ ਹੋਈ ਸੀ। ਰਾਜ਼ੀਨਾਮੇ ਪਿਛੋਂ 2010 ਵਿਚ ਚੁਣੇ ਗਏ 5 ਬੋਰਡ ਮੈਂਬਰਾਂ ਅਤੇ ਇਕ ਸੀ ਆਈ ਸੀ ਮੈਂਬਰ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਇਨ੍ਹਾਂ ਸੀਟਾਂ ਲਈ ਹੀ ਇਹ ਚੋਣਾਂ ਹੋਈਆਂ ਹਨ। ਦੱਸਣਯੋਗ ਹੈ ਕਿ ਸੁਸਾਇਟੀ ਦਾ ਪ੍ਰਬੰਧ ਇਕ 9 ਮੈਂਬਰੀ ਬੋਰਡ ਚਲਾਉਂਦਾ ਹੈ। ਇਸ ਦੇ ਮੈਂਬਰਾਂ ਦੀ ਮਿਆਦ 4 ਸਾਲ ਦੀ ਹੁੰਦੀ ਹੈ ਅਤੇ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਇਕ ਵਾਰ 5 ਮੈਂਬਰਾਂ ਦੀ ਅਤੇ ਦੂਜੀ ਵਾਰ 4 ਮੈਂਬਰਾਂ ਦੀ ਚੋਣ ਹੁੰਦੀ ਹੈ। ਸੀ ਆਈ ਸੀ ਦੀ ਮਿਆਦ ਛੇ ਸਾਲ ਹੈ ਅਤੇ ਇਸ ਦੇ ਇਕ ਮੈਂਬਰ ਦੀ ਚੋਣ ਹਰ ਦੋ ਸਾਲ ਬਾਅਦ ਹੁੰਦੀ ਹੈ।
ਅਦਾਲਤ ਦੇ ਹੁਕਮਾਂ ਅਨੁਸਾਰ ਨਵੇਂ ਬੋਰਡ ਦਾ ਗਠਨ ਚੋਣਾਂ ਦੇ ਇਕ ਹਫਤੇ ਦੇ ਅੰਦਰ ਕੀਤਾ ਜਾਣਾ ਹੈ ਜਿਸ ਮੁਤਾਬਕ 16 ਫਰਵਰੀ ਤੱਕ ਨਵਾਂ ਬੋਰਡ ਬਣ ਜਾਵੇਗਾ।
ਪਾਠਕਾਂ ਨੂੰ ਚੇਤੇ ਕਰਾਉਣਾ ਬਣਦਾ ਹੈ ਕਿ ਸਾਲ 2011 ਵਿਚ ਜਦੋਂ ਗੁਰਦੁਆਰਾ ਪੈਲਾਟਾਈਨ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੁੜੇ ਮੇਜਰ ਗੁਰਚਰਨ ਸਿੰਘ ਝੱਜ ਅਤੇ ਭੁਪਿੰਦਰ ਸਿੰਘ (ਬਾਬ) ਹੁੰਦਲ ਵਿਚਾਲੇ ਮੁੜ ਮਿੱਤਰਤਾ ਕਾਇਮ ਹੋ ਗਈ ਸੀ ਅਤੇ ਲੰਮੇ ਸਮੇਂ ਤੋਂ ਇਕ ਦੂਜੇ ਦੇ ਵਿਰੁਧ ਡਟੀਆਂ ਰਹੀਆਂ ਇਨ੍ਹਾਂ ਦੋਹਾਂ ਧਿਰਾਂ ਨੇ ਗੁਰੂ ਘਰ ਅਤੇ ਸਿੱਖ ਭਾਈਚਾਰੇ ਲਈ ਰਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਸੀ ਤਾਂ ਪੰਜਾਬ ਟਾਈਮਜ਼ ਨੇ ਇਸ ਨੂੰ ਸ਼ਿਕਾਗੋ ਦੀ ਸਿੱਖ ਸਿਆਸਤ ਵਿਚ ਇਕ ਅਹਿਮ ਮੋੜ ਦੱਸਿਆ ਸੀ। ਇਸ ਟਿੱਪਣੀ ‘ਤੇ ਕੁਝ ਧਿਰਾਂ ਵਲੋਂ ਤਿੱਖਾ ਵਿਰੋਧ ਜਾਹਰ ਕੀਤਾ ਗਿਆ ਸੀ ਪਰ ਇਨ੍ਹਾਂ ਚੋਣ ਨਤੀਜਿਆਂ ਨੇ ਪੰਜਾਬ ਟਾਈਮਜ਼ ਦੀ ਉਹ ਟਿੱਪਣੀ ਸਹੀ ਸਾਬਤ ਕਰ ਦਿੱਤੀ ਹੈ।
ਚੋਣਾਂ ਬਹੁਤ ਹੀ ਅਮਨ-ਅਮਾਨ ਨਾਲ ਹੋਈਆਂ। ਦੋਹਾਂ ਧਿਰਾਂ ਵਿਚਾਲੇ ਬੇਸ਼ਕ ਮੀਡੀਏ ਵਿਚ ਤਿੱਖੀ ਬਹਿਸ ਚੱਲੀ ਪਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ| ਚੋਣਾਂ ਦੀ ਸਮਾਪਤੀ ਤੋਂ ਬਾਅਦ ਦੀਵਾਨ ਹਾਲ ਵਿਚ ਭਾਈ ਰਜਿੰਦਰ ਸਿੰਘ ਦੇ ਰਾਗੀ ਜਥੇ ਅਤੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਇਕ ਇਕ ਸ਼ਬਦ ਦੀ ਹਾਜਰੀ ਭਰੀ| ਉਪਰੰਤ ਵਿਸ਼ੇਸ਼ ਚੋਣ ਕਮੇਟੀ ਦੇ ਚੇਅਰਮੈਨ ਸ਼ ਬਲਵੰਤ ਸਿੰਘ ਹੰਸਰਾ ਨੇ ਚੋਣਾਂ ਨਤੀਜਿਆਂ ਦਾ ਐਲਾਨ ਕੀਤਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਬੀਬੀ ਸੁਖਦੇਵ ਕੌਰ ਘੁਮਾਣ ਨੇ ਕਿਹਾ ਕਿ ਉਹ ਭਵਿਖ ਵਿਚ ਵੀ ਸੰਗਤ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ ਅਤੇ ਨਵੀਂ ਪ੍ਰਬੰਧਕ ਕਮੇਟੀ ਨੂੰ ਪੂਰਾ ਸਹਿਯੋਗ ਦੇਣਗੇ| ਸੀ ਆਈ ਸੀ ਮੈਂਬਰ ਹਰਵਿੰਦਰ ਸਿੰਘ ਲੈਲ ਨੇ ਕਿਹਾ ਕਿ ਇਹ ਕਿਸੇ ਵੀ ਧਿਰ ਦੀ ਹਾਰ-ਜਿੱਤ ਨਹੀਂ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਗੂਰੂਘਰ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ|

ਝਲਕੀਆਂ:
ਵੋਟਾਂ ਵਾਲੇ ਦਿਨ ਮਾਹੌਲ ਖੁਸ਼ਗਵਾਰ ਰਿਹਾ ਅਤੇ ਆਪਸ ਵਿਚ ਕਿਸੇ ਵੀ ਤਰ੍ਹਾਂ ਦੀ ਬਹਿਸ ਜਾਂ ਤੂੰ ਤੂੰ ਮੈਂ ਮੈਂ ਨਹੀਂ ਹੋਈ। ਇਕ ਦੂਜੇ ਖਿਲਾਫ ਚੋਣ ਪ੍ਰਚਾਰ ਕਰ ਰਹੇ ਧੜਿਆਂ ਦੇ ਮੈਂਬਰ ਵੀ ਆਪਸ ਵਿਚ ਮਿਤਰਤਾ ਪੂਰਵਕ ਗੱਲਾਂ ਕਰਦੇ ਨਜ਼ਰ ਆਏ|

ਸ਼ਿਕਾਗੋ ਵਿਚ ਲੁਬਾਣਾ ਬਰਾਦਰੀ ਵੱਡੀ ਗਿਣਤੀ ਵਿਚ ਵੱਸਦੀ ਹੈ ਅਤੇ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧ ਨਾਲ ਵੀ ਸ਼ੁਰੂ ਤੋਂ ਹੀ ਜੁੜੀ ਹੋਈ ਹੈ। ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਵਿਚ ਇਹ ਪਹਿਲੀ ਵਾਰ ਸੀ ਕਿ ਲੁਬਾਣਾ ਬਰਾਦਰੀ ਦੇ ਇਕ ਬੋਰਡ ਮੈਂਬਰ ਹਰਵਿੰਦਰ ਸਿੰਘ ਬਿੱਲਾ ਸ਼ਿਕਾਗੋ ਸਿੱਖਸ ਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਦੀ ਸਾਂਝੀ ਸਲੇਟ ਦੇ ਹੱਕ ਵਿਚ ਡਟੇ ਹੋਏ ਸਨ। ਗੁਰੂ ਘਰ ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ ਤੇ ਲਖਵੰਤ ਸਿੰਘ ਕੋਮਲ ਦੂਜੀ ਪੰਥਕ ਸਲੇਟ ਦੇ ਹੱਕ ਵਿਚ। ਇੰਜ ਉਹ ਇਕ ਦੂਜੇ ਦੇ ਐਨ ਸਾਹਮਣੇ ਬੈਠੇ ਟੇਬਲਾਂ ‘ਤੇ ਆਪੋ-ਆਪਣੇ ਧੜੇ ਲਈ ਪ੍ਰਚਾਰ ਕਰਦੇ ਨਜ਼ਰ ਆਏ|

ਸਵੇਰ ਵੇਲੇ ਵੋਟਾਂ ਪਾਉਣ ਦਾ ਸਿਲਸਿਲਾ ਕਾਫੀ ਮੱਧਮ ਰਿਹਾ ਪਰ ਦੁਪਹਿਰ ਬਾਅਦ ਕਾਫੀ ਲੰਬੀਆਂ ਲਾਈਨਾਂ ਵੀ ਲਗੀਆਂ ਦੇਖੀਆਂ ਗਈਆਂ| ਕੁਲ ਮਿਲਾ ਕੇ ਸੰਗਤ ਵਿਚ ਚੋਣਾਂ ਪ੍ਰਤੀ ਕਾਫੀ ਉਤਸ਼ਾਹ ਦੇਖਿਆ ਗਿਆ।

ਸਿੱਖ ਰਿਲੀਜੀਅਸ ਸੁਸਾਇਟੀ ਦੇ ਸਾਬਕਾ ਪ੍ਰਧਾਨ ਪ੍ਰੋæ ਕੁਲਵੰਤ ਸਿੰਘ ਹੁੰਦਲ ਸਵੇਰ ਤੋਂ ਹੀ ਆਪਣੀ ਧਿਰ (ਜੇਤੂ ਸਲੇਟ) ਲਈ ਇੰਨਾ ਮਸ਼ਰੂਫ ਰਹੇ ਕਿ ਖਾਣਾ-ਪੀਣਾ ਵੀ ਭੁੱਲੇ ਰਹੇ। ਦੁਪਹਿਰ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਕੁਝ ਢਿੱਲ੍ਹੀ ਹੋ ਗਈ ਅਤੇ ਉਨ੍ਹਾਂ ਨੂੰ ਡਾਕਟਰ ਪਾਸ ਜਾਣਾ ਪਿਆ। ਜਦੋਂ ਵਾਪਸ ਪਰਤੇ ਤਾਂ ਸ਼ਾਮ ਦੇ 5 ਵਜ ਚੁਕੇ ਸਨ ਤੇ ਵੋਟ ਪਾਉਣ ਦਾ ਸਮਾਂ ਖਤਮ ਹੋ ਚੁਕਾ ਸੀ ਜਿਸ ਕਰਕੇ ਉਹ ਆਪਣੀ ਵੋਟ ਵੀ ਨਾ ਪਾ ਸਕੇ|

ਇਸ ਵਾਰ ਚੋਣਾਂ ਵਿਚ ਸਥਾਨਕ ਪੈਲਾਟਾਈਨ ਪੁਲਿਸ ਦੀ ਮਦਦ ਨਹੀਂ ਲਈ ਗਈ ਅਤੇ ਸਿਰਫ ਇਕ ਪ੍ਰਾਈਵੇਟ ਸਿਕਿਓਰਟੀ ਕੰਪਨੀ ਦੇ 3 ਮੁਲਾਜਮ ਹੀ ਬੁਲਾਏ ਗਏ ਸਨ| ਵੋਟ ਪਾਉਣ ਲਈ ਲਾਈਨ ਵਿਚ ਖੜ੍ਹੇ ਇਕ ਵੋਟਰ ਦੀ ਟਿੱਪਣੀ ਸੀ, ਪ੍ਰਬੰਧਕਾਂ ਨੇ ਬਥੇਰਾ ਪੈਸਾ ਕੋਰਟ-ਕਚਹਿਰੀਆਂ ‘ਤੇ ਲਾ ਦਿੱਤਾ। ਚਲੋ, ਹੁਣ ਕੁਝ ਤਾਂ ਬਚਤ ਕੀਤੀ।

ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂ ਤੋਂ ਹੀ ਜੇਤੂ ਸਲੇਟ ਦੇ ਉਮੀਦਵਾਰ ਲੀਡ ਕਰਨ ਲੱਗ ਪਏ ਸਨ ਅਤੇ ਇਹ ਲੀਡ ਅਖੀਰ ਤੱਕ ਬਣੀ ਰਹੀ|

ਪੰਥਕ ਸਲੇਟ ਦੇ ਸਮਰਥਕਾਂ ਨੇ ਕੇਸਰੀ ਰੰਗ ਦੀਆਂ ਟੀ-ਸ਼ਰਟਾਂ ਤੇ ਜੈਕਟਾਂ ਪਾਈਆਂ ਹੋਈਆਂ ਸਨ ਜਦੋਂਕਿ ਵਿਰੋਧੀ ਧਿਰ ਦੇ ਸਮਰਥਕਾਂ ਨੇ ਹਲਕਾ ਨੀਲਾ ਰੰਗ ਧਾਰਿਆ ਹੋਇਆ ਸੀ। ਚੋਣ ਨਤੀਜੇ ਐਲਾਨ ਹੋਣ ਪਿਛੋਂ ਸੰਗਤ ਦੇ ਕੁਝ ਮੈਂਬਰ ਕਹਿੰਦੇ ਸੁਣੇ ਗਏ, ‘ਨੀਲੇ ਰੰਗ ਵਾਲੇ ਜਿੱਤ ਗਏ ਅਤੇ ਕੇਸਰੀ ਵਾਲੇ ਹਾਰ ਗਏ।’

ਗੁਰੂ ਘਰ ਦੇ ਸਾਬਕਾ ਧਾਰਮਕ ਸਕੱਤਰ ਸ਼ ਸੋਖੀ ਸਿੰਘ ਨੂੰ ਪ੍ਰਬੰਧਕੀ ਧਿਰ ਦੀ ਪੰਥਕ ਸਲੇਟ ਦੀ ਆਲੋਚਨਾ ਅਤੇ ਇਲਜਾਮਬਾਜ਼ੀ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪਿਆ ਪਰ ਵੋਟਾਂ ਦੀ ਗਿਣਤੀ ਪਿਛੋਂ ਸਭ ਤੋਂ ਵੱਧ ਵੋਟਾਂ (860) ਉਨ੍ਹਾਂ ਦੀਆਂ ਹੀ ਨਿਕਲੀਆਂ। ਕੁਝ ਵੋਟਰਾਂ ਦਾ ਖਿਆਲ ਸੀ ਕਿ ਪੰਥਕ ਸਲੇਟ ਵਲੋਂ ਉਨ੍ਹਾਂ ਉਪਰ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਦੇ ਮਾਮਲੇ ‘ਤੇ ਕੀਤੀ ਗਈ ਨਾਂਹਪੱਖੀ ਟਿੱਪਣੀ ਸ਼ ਸੋਖੀ ਸਿੰਘ ਦੇ ਹੱਕ ਵਿਚ ਗਈ ਹੈ।
ਪੰਥਕ ਸਲੇਟ ਵਾਲਿਆਂ ਦਾ ਦੋਸ਼ ਸੀ ਕਿ ਸੋਖੀ ਸਿੰਘ ਅਤੇ ਗੁਰਮੀਤ ਸਿੰਘ ਭੋਲਾ (ਦੋਵੇਂ ਜੇਤੂ) ਬਾਬਾ ਦਲਜੀਤ ਸਿੰਘ ਦੇ ਨਜ਼ਦੀਕੀ ਹਨ|

ਚੋਣ ਜਿੱਤਣ ਤੋ ਬਾਅਦ ਸ਼ਿਕਾਗੋ ਸਿੱਖਸ ਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਵਾਲਿਆਂ ਨੇ ਆਪਣੀ ਜਿੱਤ ਉਤੇ ਖੁਸ਼ੀ ਦਾ ਬਹੁਤਾ ਜ਼ੋਰ ਨਾਲ ਪ੍ਰਗਟਾਵਾ ਕਰਨ ਦੀ ਥਾਂ ਸੰਜਮ ਵਿਚ ਰਹਿ ਕੇ ਸਿਰਫ ਇਕ ਹੀ ‘ਜੋ ਬੋਲੇ ਸੋ ਨਿਹਾਲ’ ਦਾ ਜੈਕਾਰਾ ਲਾਇਆ ਜਿਸ ਦਾ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਸਤਿਕਾਰ ਅਤੇ ਹਲੀਮੀ ਨਾਲ ਜਵਾਬ ਦਿੱਤਾ|

ਰੱਦ ਹੋਏ ਬੈਲਟ ਪੈਪਰਾਂ ਵਿਚ ਕਈ ਦਿਲਚਸਪ ਟਿੱਪਣੀਆਂ ਵੀ ਸਨ। ਇਕ ਵੋਟਰ ਨੇ ਲਿਖਿਆ ਸੀ, ‘ਵਾਈ ਇਟ ਹੈਪਨਜ਼ ਇਨ ਗੁਰਦੁਆਰਾ (ਚੋਣਾਂ ਕਿਉਂ?), ਇਕ ਹੋਰ ਦੀ ਟਿੱਪਣੀ ਸੀ, ‘ਨੱਨ ਆਫ ਦੀ ਅਬਵ (ਕੇਈ ਵੀ ਉਮੀਦਵਾਰ ਪਸੰਦ ਨਹੀਂ)।

ਚੋਣ ਨਤੀਜਿਆਂ ਤੋਂ ਬਾਅਦ ਇਕ ਵੋਟਰ ਦੀ ਟਿੱਪਣੀ ਸੀ, ‘ਇਸ ਚੋਣ ਵਿਚ ਸੰਗਤਾਂ ਨੇ ਇਕ ਜੋਰਦਾਰ ਸੰਦੇਸ਼ ਦਿੱਤਾ ਹੈ ਕਿ ਜੋ ਵੀ ਧਿਰ ਗੁਰਦੁਆਰੇ ਦਾ ਪੈਸਾ ਕੋਰਟ-ਕਚਹਿਰੀਆਂ ਵਿਚ ਬਰਬਾਦ ਕਰੇਗੀ, ਸੰਗਤ ਉਸ ਨੂੰ ਨਕਾਰ ਦੇਵੇਗੀ|

Be the first to comment

Leave a Reply

Your email address will not be published.