ਵਡਾਰੂਆਂ ਦਾ ਅਪਮਾਨ?

ਕਲਾ ਲਿਖਣ ਦੀ ਜਾਣਨੇ ਵਾਲਿਓ ਜੀ, ਕਾਲੇ ਲਿਖ ਨਾ ਬੈਠਿਓ ਲੇਖ ਯਾਰੋ।
ਕੌੜੇ ਸ਼ਬਦਾਂ ਦੀ ਪੀੜ ਮਹਿਸੂਸ ਹੋਵੇ, ਜਿਵੇਂ ਵੱਜਦੀ ਸੀਨੇ ਵਿਚ ਮੇਖ ਯਾਰੋ।
ਚੱਲੇ ਕਲਮ ਮਨੁੱਖਤਾ ਵਾਸਤੇ ਹੀ, ਹੋਵੇ ਬਾਹਰਲਾ ਕੈਸਾ ਵੀ ਭੇਖ ਯਾਰੋ।
ਕਿਸਦੇ ਵਾਸਤੇ ਕੀ ਮੈਂ ਲਿਖਣ ਲੱਗਾਂ, ਸਿਆਣਾ ਲੇਖਕ ਇਹ ਲੈਂਦਾ ਏ ਦੇਖ ਯਾਰੋ।
ਜਾਂਦਾ ਨੇੜੇ ਅਨਜਾਣ ਨਾ ਪਾਣੀਆਂ ਦੇ, ਡਰ ਡੁੱਬਣ ਦਾ ਹੁੰਦਾ ਏ ਤਾਰੂਆਂ ਦਾ।
ਸਮਝੋ ਡੁੱਬਿਆ ਉਹ ਵੀ ਹੰਕਾਰ ਅੰਦਰ, ਜਿਹੜਾ ਕਰੇ ਅਪਮਾਨ ਵਡਾਰੂਆਂ ਦਾ!