ਖੂਬ ਭਰਵਾਂ ਰਿਹਾ ਪੰਜਾਬ ਸਪੋਰਟਸ ਕਲੱਬ ਦਾ ਪਰਿਵਾਰਕ ਮੇਲਾ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਬਿਊਰੋ): ਦੁਪਹਿਰ ਦੋ ਵਜੇ ਤੱਕ ਐਲਕ ਗਰੂਵ ਵਿਲੇਜ ਵਿਚ ਮੇਲੇ ਵਾਲੀ ਥਾਂ ਦੀ ਪਾਰਕਿੰਗ ਨੱਕੋ ਨੱਕ ਭਰੀ ਹੋਈ ਸੀ, ਪੁਲਿਸ ਹੋਰ ਆ ਰਹੀਆਂ ਗੱਡੀਆਂ ਨੂੰ ਬਾਹਰ ਹੀ ਪਾਰਕ ਕਰਨ ਲਈ ਆਖ ਰਹੀ ਸੀ, ਖਾਣੇ ਲਈ ਲੰਮੀ ਲਾਈਨ ਲੱਗੀ ਹੋਈ ਸੀ, ਇਕ ਸਟਾਲ ‘ਤੇ ਬੀਬੀਆਂ ਫਰੀ ਮਹਿੰਦੀ ਲੁਆਉਣ ਲਈ ਭੀੜ ਜਮਾਈ ਬੈਠੀਆਂ ਸਨ, ਖੇਡ ਮੈਦਾਨ ਦੇ ਦੁਆਲੇ ਰੁੱਖਾਂ ਹੇਠ ਮੇਲੀ ਤੇ ਖਾਸ ਕਰ ਬੀਬੀਆਂ ਕੁਰਸੀਆਂ ਮੱਲੀ ਬੈਠੀਆਂ ਸਨ ਤੇ ਉਥੇ ਤਿਲ ਧਰਨ ਦੀ ਥਾਂ ਬਾਕੀ ਨਹੀਂ ਸੀ, ਸਟੇਜ Ḕਤੋਂ ਮੇਲੇ ਦੇ ਸਪਾਂਸਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਨਾਂ ਮੁੜ ਮੁੜ ਲਿਆ ਜਾ ਰਿਹਾ ਸੀ, ਮੇਲਾ ਭਰਵਾਂ ਹੋਣ ਕਰਕੇ ਪ੍ਰਧਾਨ ਅਮਰੀਕ ਸਿੰਘ ਦੀ ਪੂਰੀ ਬੱਲੇ ਬੱਲੇ ਹੋਈ ਪਈ ਸੀ। ਇਹ ਨਜ਼ਾਰਾ ਸੀ, ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵਲੋਂ ਲੰਘੀ 2 ਜੁਲਾਈ ਨੂੰ ਕਰਵਾਏ ਗਏ ਖੇਡ ਤੇ ਸਭਿਆਚਾਰਕ ਮੇਲੇ ਦਾ।

ਮੇਲੇ ਦਾ ਅਰੰਭ ਸਥਾਨਕ ਗੁਰਦੁਆਰਾ ਪੈਲਾਟਾਈਨ ਦੇ ਰਾਗੀ ਭਾਈ ਅਮਰੀਕ ਸਿੰਘ ਵਲੋਂ ਗੁਰੂ ਚਰਨਾਂ ਵਿਚ ਅਰਦਾਸ ਕੀਤੇ ਜਾਣ ਨਾਲ ਹੋਇਆ। ਉਪਰੰਤ ਰਸਮੀ ਤੌਰ ‘ਤੇ ਅਸਮਾਨ ਵਿਚ ਗੁਬਾਰੇ ਛੱਡੇ ਗਏ।
ਕਬੱਡੀ ਮੁਕਾਬਲਿਆਂ ਵਿਚ ਸਿਆਟਲ ਸਪੋਰਟਸ ਕਲੱਬ ਦੀ ਟੀਮ ਯੂਬਾ ਸਿਟੀ ਸਪੋਰਟਸ ਕਲੱਬ ਨੂੰ 23 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਜੇਤੂ ਰਹੀ ਅਤੇ ਇੰਜ ਪਹਿਲੇ ਇਨਾਮ ਦੀ ਹੱਕਦਾਰ ਬਣੀ। ਸੁਲਤਾਨ ਬੈਸਟ ਰੇਡਰ ਤੇ ਪਾਲਾ ਜਲਾਲਪੁਰੀਆ ਬੈਸਟ ਸਟਾਪਰ ਐਲਾਨੇ ਗਏ।
ਕਬੱਡੀ ਮੁਕਾਬਲਿਆਂ ਵਿਚ ਤਿੰਨ ਟੀਮਾਂ-ਮਿਡਵੈਸਟ ਸਪੋਰਟਸ ਕਲੱਬ ਸ਼ਿਕਾਗੋ, ਸਿਆਟਲ ਸਪੋਰਟਸ ਕਲੱਬ ਤੇ ਯੂਬਾ ਸਿਟੀ ਸਪੋਰਟਸ ਕਲੱਬ ਮੈਦਾਨ ਵਿਚ ਨਿੱਤਰੀਆਂ। ਕਬੱਡੀ ਦੇ ਪਹਿਲੇ ਇਨਾਮ ਦੇ ਸਪਾਂਸਰ ਮਿਲਵਾਕੀ ਤੋਂ ਬਿਜਸਨਸਮੈਨ ਦਰਸ਼ਨ ਸਿੰਘ ਧਾਲੀਵਾਲ ਸਨ ਜਿਨ੍ਹਾਂ ਆਪਣੇ ਪਿਤਾ ਬਾਪੂ ਕਰਤਾਰ ਸਿੰਘ ਦੀ ਯਾਦ ਵਿਚ ਇਹ ਇਨਾਮ ਦਿੱਤਾ। ਦੂਜੇ ਇਨਾਮ ਦੇ ਸਪਾਂਸਰ ਇੰਡੀਆਨਾ ਤੋਂ ਘੁਮਾਣ ਭਰਾ-ਹੈਰੀ ਘੁਮਾਣ ਤੇ ਅਮਰਵੀਰ ਘੁਮਾਣ ਸਨ।
ਫਾਈਨਲ ਮੈਚ ਵਿਚ ਜੱਸੇ ਤੇ ਜਿੰਦਰ ਦਾ ਕਈ ਵਾਰੀ ਪੰਜਾ ਫਸਿਆ ਪਰ ਜਿੰਦਰ ਬਾਜ਼ੀ ਮਾਰਨ ਵਿਚ ਕਾਮਯਾਬ ਰਿਹਾ। ਸੰਦੀਪ ਤੇ ਨਵੀ ਜੌਹਲ ਵਿਚ ਜੋਰ ਅਜਮਾਈ ਹੋਈ ਪਰ ਨਵੀ ਜੌਹਲ ਦੀ ਝੰਡੀ ਰਹੀ। ਸੁਲਤਾਨ, ਗੁਰਪ੍ਰੀਤ ਸਿੰਘ, ਪਾਲਾ ਜਲਾਲਪੁਰੀਆ, ਗੋਰੀ, ਡਿੰਪੀ ਨੇ ਵਧੀਆ ਖੇਡ ਦਿਖਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਆਪਣੇ ਨਿਵੇਕਲੇ ਅੰਦਾਜ਼ ਵਿਚ ਕਬੱਡੀ ਕੁਮੈਂਟਰੀ ਕਰ ਕੇ ਮੱਖਣ ਅਲੀ ਨੇ ਕਬੱਡੀ ਦੇਖਣ ਦਾ ਸਵਾਦ ਕਈ ਗੁਣਾ ਵਧਾਈ ਰੱਖਿਆ। ਜਦੋਂ ਕੋਈ ਜਾਫੀ ਚੰਗਾ ਜੱਫਾ ਲਾਉਂਦਾ ਜਾਂ ਧਾਵੀ ਜਾਫੀ ਹੱਥੋਂ ਨਿਕਲਣ ਲਈ ਹੰਭਲਾ ਮਾਰਦਾ ਤਾਂ ਖਿਡਾਰੀ ਤੋਂ ਵੱਧ ਮੱਖਣ ਅਲੀ ਦਾ ਜੋਰ ਵੱਧ ਲੱਗਦਾ ਮਹਿਸੂਸ ਹੁੰਦਾ। ਰੈਫਰੀ ਰਾਜਾ ਤੱਲਣ ਤੇ ਰਾਣਾ ਭੰਡਾਲ ਸਨ ਜਦਕਿ ਮੈਚ ਦੇ ਅੰਕ ਲਿਖਣ ਦੀ ਸੇਵਾ ਰਘਵਿੰਦਰ ਸਿੰਘ ਮਾਹਲ ਨੇ ਨਿਭਾਈ।
ਵਾਲੀਬਾਲ ਮੁਕਾਬਲਿਆਂ ਵਿਚ ਕੁਲ 5 ਟੀਮਾਂ ਭਿੜੀਆਂ। ਫਾਈਨਲ ਵਿਚ ਸ਼ਹੀਦ ਭਗਤ ਸਿੰਘ ਕਲੱਬ-1 ਨੇ ਸ਼ਹੀਦ ਭਗਤ ਸਿੰਘ ਕਲੱਬ-2 ਨੂੰ ਹਰਾ ਕੇ ਟਰਾਫੀ ਜਿੱਤੀ। ਵਾਲੀਬਾਲ ਟੀਮ ਦੇ ਕੋਚ, ਕਪਤਾਨ ਤੇ ਖਿਡਾਰੀ ਟੋਨੀ ਸੰਘੇੜਾ ਨੇ ਆਪਣੀ ਟਰਾਫੀ ਸਟੇਜ ‘ਤੇ ਹੀ ਮੇਲੇ ਵਿਚ ਸ਼ਾਮਿਲ ਸਾਬਕਾ ਵੈਟਰਨ ਵਾਲੀਬਾਲ ਖਿਡਾਰੀ ਸੰਤੋਖ ਸਿੰਘ ਨੂੰ ਸਮਰਪਿਤ ਕਰ ਦਿੱਤੀ। ਵਾਲੀਬਾਲ ਟੂਰਨਾਮੈਂਟ ਸਵਰਗੀ ਹਰਭਜਨ ਸਿੰਘ ਗਾਖਲ, ਹਰਜਾਪ ਸਿੰਘ ਸੰਘਾ ਤੇ ਮੇਜਰ ਸਿੰਘ ਮੌਜੀ ਨੂੰ ਸਮਰਪਿਤ ਸੀ।
ਜੇਤੂ ਟੀਮਾਂ ਨੂੰ ਟਰਾਫੀਆਂ ਦਰਸ਼ਨ ਸਿੰਘ ਧਾਲੀਵਾਲ, ਡਾæ ਭੁਪਿੰਦਰ ਸਿੰਘ ਸੈਣੀ ਤੇ ਬਲਦੇਵ ਸਿੰਘ ਸੱਲਾਂ ਨੇ ਵੰਡੀਆਂ।
ਡੇਅਟਨ, ਓਹਾਇਓ ਤੋਂ ਆਏ ਅਵਤਾਰ ਸਿੰਘ ਸਪਰਿੰਗਫੀਲਡ ਨੇ ਸਿਰ ਪਰਨੇ ਹੋ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਜਦੋਂ ਸਿਰ ਹੇਠਾਂ ਅਤੇ ਪੈਰ ਅਸਮਾਨ ਵੱਲ ਕਰਕੇ ਉਹ ਕਿੰਨਾ ਚਿਰ ਇਸੇ ਤਰ੍ਹਾਂ ਖੜ੍ਹਾ ਰਿਹਾ ਤਾਂ ਇਉਂ ਜਾਪਿਆ ਜਿਵੇਂ ਅਸਮਾਨ ਨੂੰ ਸਿਰ ‘ਤੇ ਨਹੀਂ, ਪੈਰਾਂ ‘ਤੇ ਠੱਲ੍ਹਣ ਦਾ ਯਤਨ ਕਰ ਰਿਹਾ ਹੋਵੇ।
ਅੱਜ ਤੱਕ ਸ਼ਿਕਾਗੋ ਵਿਚ ਹੋਏ ਮੇਲਿਆਂ ਵਿਚ ਇਹ ਸ਼ਾਇਦ ਪਹਿਲੀ ਵਾਰ ਸੀ ਕਿ ਮੇਲੇ ਵਿਚ ਦਰਜਨ ਤੋਂ ਵੱਧ ਵੀæਆਈæਪੀæ ਸ਼ਾਮਿਲ ਹੋਏ ਜਿਨ੍ਹਾਂ ਵਿਚ ਰਾਜ ਗਾਇਕ ਹੰਸ ਰਾਜ ਹੰਸ, ਸਮਾਜ ਸੇਵੀ ਐਸ਼ਪੀæ ਸਿੰਘ ਉਬਰਾਏ, ਮਿਲਵਾਕੀ ਤੋਂ ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ, ਸ਼ਿਕਾਗੋ ਵਿਚ ਭਾਰਤੀ ਕੌਂਸਲ ਜਨਰਲ ਨੀਤਾ ਭੂਸ਼ਣ, ਡਾæ ਭੁਪਿੰਦਰ ਸਿੰਘ ਸੈਣੀ, ਮਨਜੀਤ ਸਿੰਘ ਰਾਜਪੁਰ ਭਾਈਆਂ (ਕੈਨੇਡਾ), ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ, ਜਥੇਦਾਰ ਤਾਰਾ ਸਿੰਘ ਸੱਲਾਂ, ਢੀਂਡਸਾ ਭਰਾ-ਅਮਰਜੀਤ ਸਿੰਘ ਤੇ ਲਖਵੀਰ ਸਿੰਘ, ਹਰਵਿੰਦਰ ਸਿੰਘ ਵਾਲੀਆ, ਬਲਦੇਵ ਸਿੰਘ ਸੱਲਾਂ, ਪਾਲ ਖਲੀਲ, ਮਿਸ਼ੀਗਨ ਦੇ ਸਿਆਸੀ ਹਲਕਿਆਂ ਵਿਚ ਸਰਗਰਮ ਸੰਨੀ ਧੂੜ, ਹੈਰੀ ਘੁਮਾਣ ਤੇ ਅਮਰਵੀਰ ਘੁਮਾਣ, ਜੀæਪੀæਐਸ਼ ਖਹਿਰਾ, ਅਟਾਰਨੀ ਜਸਪ੍ਰੀਤ ਸਿੰਘ, ਜਗੀਰ ਸਿੰਘ ਸਬਜ਼ੀ ਮੰਡੀ (ਨਿਊ ਯਾਰਕ), ਵਰਿੰਦਰਪਾਲ ਸਿੰਘ (ਐਰੀਜ਼ੋਨਾ) ਅਤੇ ਸੁਖਨਿੰਦਰ ਸਿੰਘ ਨੀਟੂ ਵਡਿਆਲ (ਫਰਿਜ਼ਨੋ) ਸ਼ਾਮਲ ਸਨ।
ਮੇਲੇ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਿਕਾਗੋ ਵਿਚ ਭਾਰਤੀ ਕੌਂਸਲ ਜਨਰਲ ਨੀਤਾ ਭੂਸ਼ਨ ਨੇ ਕਿਹਾ ਕਿ ਮੈਨੂੰ ਇਥੇ ਆ ਕੇ ਚੰਗਾ ਲੱਗਾ ਹੈ। ਮੇਲੇ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਪਰਿਵਾਰਕ ਫੰਕਸ਼ਨ ਵਰਗਾ ਮਾਹੌਲ ਹੈ। ਸ਼ਿਕਾਗੋ ਤੋਂ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਜਿੱਤ ਲਈ ਭਾਈਚਾਰੇ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬੀ ਭਾਈਚਾਰੇ ਵਲੋਂ ਕੀਤੀ ਤਰੱਕੀ ਅਤੇ ਅਮਰੀਕੀ ਤਰੱਕੀ ਵਿਚ ਪਾਏ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਤੇ ਕਿਸੇ ਵੀ ਕੰਮ ਲਈ ਮਿਲਣ ਦਾ ਖੁੱਲ੍ਹਾ ਸੱਦਾ ਦਿੱਤਾ। ਜੋਸ਼ ਵਿਚ ਆਇਆਂ ਕ੍ਰਿਸ਼ਨਾਮੂਰਤੀ ਨੇ ਕਿਹਾ, ਅੱਜ ਤਾਂ ਮੈਨੂੰ ਵੀ ਰਾਜਾ ਸਿੰਘ ਕਿਹਾ ਜਾਵੇ ਤਾਂ ਵਧੀਆ ਰਹੇਗਾ।
ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੁੱਖ ਮਹਿਮਾਨ ਰਾਜ ਗਾਇਕ ਹੰਸ ਰਾਜ ਹੰਸ ਨੇ ਪੰਜਾਬ ਸਪੋਰਟਸ ਕਲੱਬ ਨੂੰ ਇਹ ਮੇਲਾ ਕਰਾਉਣ ਲਈ ਵਧਾਈ ਦਿੱਤੀ, ਜਿਥੇ ਪੰਜਾਬੀ ਭਾਈਚਾਰਾ ਆਪਣੇ ਸਭਿਆਚਾਰ ਨੂੰ ਪ੍ਰਫੁਲਿਤ ਕਰ ਰਿਹਾ ਹੈ। ਕਲੱਬ ਦੇ ਚੇਅਰਮੈਨ ਬਲਦੇਵ ਸਿੰਘ ਸੱਲਾਂ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਵਧੀਆ ਮੇਲਾ ਕਰਾਉਣ ਲਈ ਦਰਸ਼ਕਾਂ ਤੇ ਕਲੱਬ ਨੂੰ ਵਧਾਈ ਦਿੱਤੀ।
ਇੰਡੀਆਨਾ, ਮਿਸ਼ੀਗਨ, ਓਹਾਇਓ, ਆਇਓਵਾ, ਵਿਸਕਾਨਸਿਨ ਅਤੇ ਹੋਰਨਾਂ ਸਟੇਟਾਂ ਤੋਂ ਬਹੁਤ ਸਾਰੀਆਂ ਖੇਡ ਤੇ ਸਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਮੇਲਾ ਦੇਖਣ ਪਹੁੰਚੇ ਹੋਏ ਸਨ। ਸਿਨਸਿਨੈਟੀ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਨੁਮਾਇੰਦੇ ਸੁਰਜੀਤ ਮਾਵੀ ਦੀ ਅਗਵਾਈ ਹੇਠ ਮੇਲੇ ‘ਚ ਮੇਲ੍ਹਦੇ ਫਿਰਦੇ ਸਨ। ਡਿਟਰਾਇਟ ਤੋਂ ਪੰਜਾਬ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਮਿਸ਼ੀਗਨ ਦੇ ਮੈਂਬਰ ਰਾਜ ਜਾਮਾਰਾਏ ਦੀ ਅਗਵਾਈ ਹੇਠ ਹਾਜ਼ਰੀ ਲੁਆ ਰਹੇ ਸਨ। ਸ਼ਿਕਾਗੋ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਪੰਜਾਬੀ ਕਲਚਰਲ ਸੁਸਾਇਟੀ, ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ, ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ, ਮਿਡਵੈਸਟ ਸਪੋਰਟਸ ਕਲੱਬ ਅਤੇ ਹੋਰ ਸੰਸਥਾਵਾਂ ਦੇ ਮੈਂਬਰ ਵੀ ਮੇਲੇ ਦਾ ਅਨੰਦ ਮਾਣ ਰਹੇ ਸਨ।
ਮੇਲੇ ਦਾ ਦੂਜਾ ਹਿੱਸਾ ਗਾਇਕੀ ਦਾ ਖੁੱਲ੍ਹਾ ਅਖਾੜਾ ਸੀ ਜਿਸ ਵਿਚ ਪੌਪ ਗਾਇਕਾ ਜੈਸਮੀਨ ਸੈਂਡਲਸ ਤੋਂ ਇਲਾਵਾ ਰੁਪਿੰਦਰ ਹਾਂਡਾ ਅਤੇ ਸ਼ੈਰੀ ਮਾਨ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਸਥਾਨਕ ਗਾਇਕ ਤਾਰਾ ਮੁਲਤਾਨੀ ਨੇ ਗੁਰਦਾਸ ਮਾਨ ਦਾ ਗੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਸਰੋਤਿਆਂ ਦੀ ਨਜ਼ਰ ਕੀਤਾ ਜਦੋਂਕਿ ਜਗਮੀਤ ਸਿੰਘ ਨੇ ਗੀਤ ‘ਤੇਰੀ ਕਿਥੇ ਜਾਂਦੀ ਤਨਖਾਹ ਵੇ ਕੈਨੇਡਾ ਵਾਲਿਆ’ ਗਾ ਕੇ ਹਾਜ਼ਰੀ ਲੁਆਈ। ਸਿਨਸਿਨੈਟੀ, ਓਹਾਇਓ ਤੋਂ ਪਹੁੰਚੇ ਨਿੰਮਾ ਡੱਲੇਵਾਲ ਨੇ ਗੀਤ ‘ਬਣਦੇ ਕੱਬਡੀ ਦੀ ਸ਼ਾਨ ਗੱਭਰੂ’ ਪੇਸ਼ ਕੀਤਾ।
ਜੈਸਮੀਨ ਸੈਂਡਲਸ ਨੇ ਆਪਣੇ ਪੌਪ ਮਿਊਜ਼ਿਕ ਸਟਾਈਲ ਵਿਚ ‘ਭਾਵੇਂ ਸਾਰੀ ਦੁਨੀਆਂ ‘ਚ ਜਾ ਕੇ ਵੇਖ ਲਉ, ਹੁਸਨ ਮੁਕਾਬਲਾ ਕਰਾ ਕੇ ਵੇਖ ਲਉ’, ‘ਖੁੱਲਮ ਖੁਲ੍ਹਾ ਪਿਆਰ ਕਰੇਂਗੇ’, ‘ਲੱਡੂ ਦੂਜੇ ਦੇ ਹੱਥਾਂ ‘ਚ ਚੰਗਾ ਲੱਗਦਾ, ਜੇ ਆਪ ਖਾਈਏ ਤੰਗ ਕਰਦਾ’, ‘ਇਕ ਤੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’, ‘ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ, ‘ਘਰ ਆ ਜਾ ਸੋਹਣਿਆ’, ‘ਤੂੰ ਵੀ ਜੱਟਾ ਬੰਬ, ਹੱਥ ਮੇਰਾ ਮੰਗ ਵੇ’, ‘ਦਿਲ ਹੁਆ ਬੇਸ਼ਰਮ, ਬੇਬੀ ਬੇਸ਼ਰਮ, ਕਰਨੇ ਲਗਾ ਬਦਮਾਸ਼ੀਆਂ’ ਅਤੇ ਹਿੰਦੀ ਫਿਲਮ ‘ਕਿੱਕ’ ਦਾ ਹਿੱਟ ਗੀਤ ‘ਜੇ ਯਾਰ ਨਾ ਮਿਲੇ ਤਾਂ ਮਰ ਜਾਂਵਾਂ’ ਆਦਿ ਗੀਤ ਪੇਸ਼ ਕੀਤੇ।
ਐਮæਐਚæ 1 ਮੁਕਾਬਲੇ ਦੀ ਜੇਤੂ, ਐਮæਫਿਲ ਮਿਊਜ਼ਿਕ ਰੁਪਿੰਦਰ ਹਾਂਡਾ ਨੇ ਗੀਤ ‘ਅੱਜ ਨੱਚਣਾ’, ‘ਘੈਂਟ ਸਰਦਾਰ ਮੇਰਾ’ ਤੇ ‘ਸੂਹੇ ਚੀਰੇ ਵਾਲਿਆ’ ਗਾਇਆ। ਫਿਰ ਉਸ ਨੇ ਪਹਿਲੀ ਕਤਾਰ ਵਿਚ ਬੈਠੀਆਂ ਪੰਜਾਬੀ ਮੁਟਿਆਰਾਂ ਦੀ ਫਰਮਾਇਸ਼ ‘ਤੇ ਗੀਤ ‘ਤੂੰ ਸੂਟ ਵਿਚ ਚੰਗੀ ਲੱਗਦੀ, ਨਾ ਪਾਇਆ ਕਰ ਜੀਨ ਕੁੜੀਏ’ ਪੇਸ਼ ਕੀਤਾ। ਇਸ ਤੋਂ ਇਲਾਵਾ ਰੁਪਿੰਦਰ ਨੇ ‘ਪੰਜਾਬਣੇ ਸ਼ੌਕੀਨ ਕੁੜੀਏ’, ‘ਥਰ ਥਰ ਕੰਬਦੇ ਜੱਟੀ ਤੋਂ’, ‘ਥਾਂ ਥਾਂ ਗੱਲਾਂ ਹੁੰਦੀਆਂ ਅੱਜ ਮੇਰੇ ਸਰਦਾਰ ਦੀਆਂ’, ‘ਮੇਰੇ ਪਿੰਡ ਦੇ ਗੇੜੇ ਮਾਰਦਾ’ ਗਾਉਣ ਪਿਛੋਂ ਬੋਲੀਆਂ ‘ਤੇ ਗਿੱਧਾ ਪਾਇਆ ਤੇ ਪੁਆਇਆ। ਜੇ ਜੈਸਮੀਨ ਦਾ ਸਟਾਈਲ ਪੌਪ ਮਿਊਜ਼ਿਕ ਵਾਲਾ ਸੀ ਤਾਂ ਰੁਪਿੰਦਰ ਦਾ ਪੰਜਾਬੀ ਲੋਕ ਗਾਇਕੀ ਦੇ ਨੇੜੇ ਦਾ।
ਸ਼ੈਰੀ ਮਾਨ ਨੇ ਉਦੋਂ ਸਰੋਤਿਆਂ, ਖਾਸ ਕਰ ਪੰਜਾਹਵਿਆਂ ਤੋਂ ਉਪਰਲੇ ਸਰੋਤਿਆਂ ਦੇ ਦਿਲ ਉਦੋਂ ਜਿੱਤ ਲਏ ਜਦੋਂ ਉਸ ਸਟੇਜ ‘ਤੇ ਆਉਂਦਿਆਂ ਹੀ ਮਾਂਵਾਂ ਨੂੰ ਸਮਰਪਿਤ ਗੀਤ ‘ਆਟੇ ਦੀ ਚਿੜੀ’ ਪੇਸ਼ ਕੀਤਾ। ਫਿਰ ਉਸ ਨੇ ਪਰਦੇਸੀਆਂ ਲਈ ਗੀਤ ‘ਦਿਨ ਢਲਦੇ ਨੂੰ ਕੰਮ ਤੋਂ ਜਦ ਆਂਵਾਂ ਮੈਂ, ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਂਵਾਂ ਮੈਂ’ ਗਾਇਆ। ਸ਼ੈਰੀ ਨੇ ਆਪਣੇ ਮਕਬੂਲ ਗੀਤ ‘ਯਾਰ ਅਣਮੁੱਲੇ’, ‘ਮੋਗੇ ਵਾਲੇ’, ‘ਲਾ ਕੇ ਤਿੰਨ ਪੈਗ ਬੱਲੀਏ’, ‘ਤੇਰੇ ਟਿੱਲੇ ਤੋਂ’ ਅਤੇ ‘ਹੋਸਟਲ ਵਾਲਾ ਕਮਰਾ’ ਗਾ ਕੇ ਮੰਡੀਰ ਨੂੰ ਖੁਸ਼ ਕੀਤਾ ਅਤੇ ਨਾਲ ਹੀ ਕਈਆਂ ਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਕਰਵਾਏ। ‘ਯਾਰਾਂ ਵਾਲੀ ਢਾਣੀ’ ਗੀਤ ਗਾ ਕੇ ਟਰੱਕਾਂ ਵਾਲੇ ਵੀਰ ਵੀ ਖੁਸ਼ ਕੀਤੇ।
ਕਿਸੇ ਨੂੰ ਜੈਸਮੀਨ ਚੰਗੀ ਲੱਗੀ, ਕਿਸੇ ਨੇ ਰੁਪਿੰਦਰ ਨੂੰ ਪਸੰਦ ਕੀਤਾ ਤੇ ਕਿਸੇ ਨੂੰ ਸ਼ੈਰੀ ਦੇ ਰੰਗ ਦਾ ਅਨੰਦ ਆਇਆ। ਕੁਲ ਮਿਲਾ ਕੇ ਮਨੋਰੰਜਨ ਪੱਖੋਂ ਸਰੋਤਿਆਂ ਨੂੰ ਪ੍ਰੋਗਰਾਮ ਚੰਗਾ ਹੀ ਲੱਗਾ।
ਮੇਲੇ ਦੇ ਅੰਤ ਵਿਚ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਨੇ ਆਏ ਦਰਸ਼ਕਾਂ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਲਈ ਕਲੱਬ ਦੇ ਪ੍ਰਧਾਨ ਦੀ ਜਿੰਮੇਵਾਰੀ ਗੁਰਮੀਤ ਸਿੰਘ ਭੋਲਾ ਨਿਭਾਉਣਗੇ।
ਮੇਲੇ ਨੂੰ ਕਾਮਯਾਬ ਕਰਨ ਲਈ ਪ੍ਰਧਾਨ ਅਮਰੀਕ ਸਿੰਘ ਤੋਂ ਇਲਾਵਾ ਜਸਕਰਨ ਸਿੰਘ ਧਾਲੀਵਾਲ, ਹੈਪੀ ਸਿੰਘ ਹੀਰ, ਨਰਿੰਦਰ ਸਿੰਘ ਸਰਾਂ, ਲਵਦੀਪ ਦੁੱਲਤ, ਹਰਵਿੰਦਰ ਸਿੰਘ ਬਿੱਲਾ, ਅੰਮ੍ਰਿਤਪਾਲ ਸਿੰਘ ਸੰਘਾ, ਗੁਰਮੀਤ ਸਿੰਘ ਭੋਲਾ, ਰਾਜਿੰਦਰ ਸਿੰਘ ਦਿਆਲ, ਲੱਕੀ ਸਹੋਤਾ, ਹਰਦੀਪ ਸਿੰਘ ਗਿੱਲ, ਮਨਮਿੰਦਰ ਸਿੰਘ ਹੀਰ ਅਤੇ ਗੁਰਪ੍ਰੀਤ ਸਿੰਘ ਗਿੱਲ ਨੇ ਦਿਨ ਰਾਤ ਇਕ ਕਰੀ ਰੱਖਿਆ।

ਝਲਕੀਆਂ
ਜੈਸਮੀਨ ਸੈਂਡਲਸ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਪੌਪ ਸੰਗੀਤ ਦੀ ਧੁਨ ‘ਤੇ ਐਂਟਰੀ ਕੀਤੀ। ਇਹ ਸ਼ਿਕਾਗੋ ਦੇ ਮੇਲੇ ਵਿਚ ਪਹਿਲੀ ਵਾਰ ਸੀ ਕਿ ਕੋਈ ਪੰਜਾਬੀ ਰੈਪਰ ਕੁੜੀ ਖੁੱਲ੍ਹੇ ਅਖਾੜੇ ਵਿਚ ਦਰਸ਼ਕਾਂ ਅੱਗੇ ਪ੍ਰੋਗਰਾਮ ਪੇਸ਼ ਕਰ ਰਹੀ ਸੀ। ਆਮ ਤੌਰ ‘ਤੇ ਪੰਜਾਬੀ ਗਾਇਕ ਪੰਜਾਬੀ ਸੂਟ ਵਿਚ ਸਟੇਜ ‘ਤੇ ਆਉਂਦੇ ਹਨ ਪਰ ਜੈਸਮੀਨ ਨੇ ਵੈਸਟਰਨ ਪੌਪ ਸਿੰਗਰ ਮੈਡੋਨਾ, ਬਾਇਨੋਸ, ਕ੍ਰਿਸੀਟੀਨਾ, ਜੈਨੀਫਰ ਲੋਪੇਜ, ਲੇਡੀ ਗਾਗਾ ਵਾਂਗ ਕੱਪੜੇ ਟਾਈਟ ਕਾਲੀ ਸਿਲੈਕਸ, ਕਾਲਾ ਬਲਾਊਜ਼, ਉਪਰ ਪਾਰਦਰਸ਼ੀ ਕਾਲੇ ਨੈਟ ਦਾ ਛੋਟਾ ਕੁੜਤਾ ਤੇ ਸਿਰ ḔਸੈਂਡਲਸḔ ਨਾਂ ਦੀ ਕਾਲੀ ਟੋਪੀ, ਗਲੇ ਵਿਚ ਮੈਚ ਕਰਦੀ ਮਾਲਾ ਤੇ ਪੈਰਾਂ ਵਿਚ ਸਿਲਵਰ ਰੰਗ ਦੇ ਚਮਕੀਲੇ ਬੂਟ ਪਾਏ ਹੋਏ ਸਨ। ਉਸ ਨੇ ਆਪਣੇ ਵਾਲ ਵੈਸਟਰਨ ਪੌਪ ਗਾਇਕਾਂ ਦੀ ਤਰ੍ਹਾਂ ਲਾਲ ਰੰਗ ਦੇ ਰੰਗੇ ਹੋਏ ਸਨ। ਉਸ ਦੇ ਡਾਂਸ ਦੇ ਸਟੈਪ ਵੀ ਵੈਸਟਰਨ ਗਾਇਕਾਂ ਦੀ ਤਰ੍ਹਾਂ ਕੁਝ Ḕਮਸਤ ਮਸਤḔ ਅੰਦਾਜ਼ ਵਿਚ ਬੇਪਰਵਾਹ ਸਟਾਈਲ ਨਾਲ ਸਟੇਜ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਲਾਉਣ ਵਰਗੇ ਸਨ।

ਦਰਸ਼ਕਾਂ ਨਾਲ ਰਾਬਤਾ ਬਣਾਉਣ ਵਾਲੇ ਜੈਸਮੀਨ ਦੇ ਬੋਲ ਵੀ ਖੁੱਲ੍ਹੇ ਸਨ, “ਕੀ ਤੁਸੀ ਆਸ਼ਕੀ ਕੀਤੀ ਹੈ? ਮੈਂ ਕੀਤੀ, ਪਰ ਮੇਰਾ ਬੁਆਏ ਫਰੈਂਡ ਮੈਨੂੰ ਛੱਡ ਕੇ ਚਲਾ ਗਿਆ। ਮੈਂ ਫਿਰ ਇਹ ਗੀਤ ਲਿਖਿਆ, ਲਿਖਿਆ ਹੀ ਨਹੀਂ, ਟੁੱਟੇ ਦਿਲ ਨਾਲ ਕੰਪੋਜ਼ ਵੀ ਕੀਤਾ ਤੇ ਹਿੱਟ ਵੀ ਹੋਇਆ। ਇਹ ਲਓ ਸੁਣੋ, ਨੱਚੋ ਤੇ ਦਗੜ ਦਗੜ ਕਰ ਦਿਓ।”
ਟੀਨ ਏਜ ਤਾਂ ਪਹਿਲਾਂ ਹੀ ਉਸ ਦੇ ਪ੍ਰਸ਼ੰਸਕ ਸਨ ਪਰ ਉਹ ਆਪਣੇ ਇਸ ਐਨਰਜੀ ਭਰੇ ਖੁੱਲ੍ਹੇ ਅੰਦਾਜ਼ ਨਾਲ ਬਾਕੀ ਸਰੋਤਿਆਂ ਨਾਲ ਰਾਬਤਾ ਕਾਇਮ ਕਰਨ ਵਿਚ ਵੀ ਉਹ ਕਾਫੀ ਹੱਦ ਤੱਕ ਕਾਮਯਾਬ ਰਹੀ। ਉਸ ਨੇ ਦਰਸ਼ਕਾਂ ਨੂੰ ਨਚਾਇਆ ਵੀ ਤੇ ਸਟੇਜ ਤੋਂ ਥੱਲੇ ਆ ਕੇ ਉਨ੍ਹਾਂ ਨਾਲ ਫੋਟੋਆਂ ਵੀ ਖਿਚਵਾਈਆਂ।

ਸੈਂਡਲਸ ਨੇ ਸ਼ਿਵ ਕੁਮਾਰ ਬਟਾਲਵੀ ਤੇ ਗਾਇਕਾ ਸੁਰਿੰਦਰ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਗੀਤ ‘ਇਕ ਮੇਰੀ ਅੱਖ ਕਾਸ਼ਨੀ’ ਗਾਇਆ ਪਰ ਸਾਵਧਾਨੀ ਵਰਤਦਿਆਂ ਇਸ ਗੀਤ ਨੂੰ ਜ਼ਿਆਦਾ ਪੌਪ ਸੰਗੀਤ ਦੇ ਸ਼ੋਰ ਵਿਚ ਨਹੀਂ ਗਾਇਆ ਤਾਂ ਕਿ ਮਹਾਨ ਸ਼ਾਇਰ ਸ਼ਿਵ ਦੇ ਸ਼ਬਦਾਂ ਦੀ ਖੁਸ਼ਬੂ ਬਣੀ ਰਹੇ। ਵੈਸੇ ਵੀ ਸੈਂਡਲਸ ਆਪਣੇ ਦੂਜੇ ਗੀਤਾਂ ਨੂੰ ਵੀ ਪੌਪ ਸਾਜ਼ਾਂ ਦੇ ਸੰਗੀਤ ਦੇ ਸ਼ੋਰ ਵਿਚ ਪੂਰੀ ਤਰ੍ਹਾਂ ਨਹੀਂ ਡੁੱਬਣ ਦਿੰਦੀ। ਉਸ ਨੇ ਵਿਚਕਾਰਲਾ ਰਸਤਾ ਅਪਨਾਇਆ ਹੈ ਤਾਂ ਕਿ ਉਸ ਦੇ ਗੀਤਾਂ ਦੇ ਬੋਲ ਵੀ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕਣ।

ਸੈਂਡਲਸ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਉਣ ਲਈ ਸਟੇਜ ਤੋਂ ਥੱਲੇ ਉਤਰ ਆਈ ਤੇ ਮੁੜ ਬੋਲੀ, ‘ਮੈਨੂੰ ਉਪਰ ਕੌਣ ਚੜ੍ਹਾਊ?’ ਤਾਂ ਮਨਚਲਿਆਂ ਨੇ ਹਾਕਾਂ ਲਾਈਆਂ, ‘ਸਾਨੂੰ ਮੌਕਾ ਦੇਹæææ।’ ਜੈਸਮੀਨ ਬੜੀ ਚੁਸਤੀ ਨਾਲ ਸੀæਡੀæ ਉਤੇ ਗਾ ਕੇ ਸਰੋਤਿਆਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਮਾਈਕ ‘ਤੇ ਸਿੱਧਾ ਗਾ ਰਹੀ ਹੈ ਪਰ ਜ਼ਰਾ ਕੁ ਸਾਵਧਾਨ ਸਰੋਤੇ ਭਾਂਪ ਗਏ ਸਨ ਕਿ ਉਹ ਕੀ ਕਰ ਰਹੀ ਹੈ!

ਜਿਥੇ ਜੈਸਮੀਨ ਸੈਂਡਲਸ ਨੇ ਸੀæਡੀæ ‘ਤੇ ਰੈਪ ਸੰਗੀਤ ਦੀ ਧੁਨ ‘ਤੇ ਐਂਟਰੀ ਕੀਤੀ, ਉਥੇ ਰੁਪਿੰਦਰ ਹਾਂਡਾ ਨੇ ਪੰਜਾਬੀ ਸੂਟ, ਸਿਰ ‘ਤੇ ਚੁੰਨੀ ਨਾਲ ਢੋਲ ਦੇ ਡੱਗੇ ‘ਤੇ ਐਂਟਰੀ ਕੀਤੀ। ਉਸ ਨੇ ਸਟੇਜ ‘ਤੇ ਆਉਂਦਿਆਂ ਹੀ ਦਰਸ਼ਕਾਂ ਨੂੰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਈ। ਗੀਤ ਦੀ ਸ਼ੁਰੂਆਤ ਹਾਂਡਾ ਨੇ ਰਵਾਇਤੀ ਲੰਬੀ ਹੇਕ ਨਾਲ ਕੀਤੀ।

ਜਦੋਂ ਰੁਪਿੰਦਰ ਹਾਂਡਾ ਗਾ ਰਹੀ ਸੀ ਤਾਂ ਗਾਣੇ ਦੌਰਾਨ ਹੀ ਢੋਲੀ ਦਾ ਢੋਲ ਪਾਟ ਗਿਆ ਤਾਂ ਰੁਪਿੰਦਰ ਬੋਲੀ, “ਲੈ ਸਾਡੀ ਪਹਿਲੀ ਵਾਲੀ ਭੈਣ ਤਾਂ ਸੀæਡੀæ ‘ਤੇ ਗਾ ਗਈ ਤੇ ਹੁਣ ਢੋਲ ਹੀ ਪਾਟ ਗਿਆ ਪਰ ਤੁਹਾਡੀਆਂ ਤਾੜੀਆਂ ਹੀ ਹੁਣ ਮੇਰਾ ਢੋਲ ਬਣਨਗੀਆਂ।’ ਤੇ ਗਾਣਾ ਚਾਲੂ ਰੱਖਿਆ ਅਤੇ ਅੰਤ ਤਕ ਇਸੇ ਤਰ੍ਹਾਂ ਹੀ ਗਾਇਆ। ਵੈਸੇ ਸਾਜ਼ੀਆਂ ਨਾਲ ਕੁਝ ਤਾਲ-ਮੇਲ ਦੀ ਕਮੀ ਵੀ ਨਜ਼ਰ ਆਉਂਦੀ ਸੀ।

ਸ਼ੈਰੀ ਮਾਨ ਆਪਣੇ ਗੀਤਾਂ-ਹੋਸਟਲ, ਯਾਰ ਅਣਮੁੱਲੇ, ਤਿੰਨ ਪੈਗ ਆਦਿ ਨਾਲ ਵਾਹਵਾ ਮਸ਼ਹੂਰ ਹੈ। ਉਸ ਨੇ ਜੀਨ ਤੇ ਸ਼ਰਟ ਨਾਲ ਕਾਲਜ ਸਟੂਡੈਂਟ ਵਰਗੀ ਡਰੈਸ ਰੱਖੀ।

ਮੇਲੇ ਦੇ ਬਾਅਦ ਵੀ ਮੇਲਾ ਚਲਦਾ ਰਿਹਾ ਕਿਉਂਕਿ ਫਾਰੈਸਟ ਪ੍ਰਿਜ਼ਰਵ ਬੰਦ ਕਰਨ ਦਾ ਸਮਾਂ ਸੰਨ ਸੈਟ ਯਾਨਿ 8 ਵਜੇ ਤੱਕ ਦਾ ਸੀ, ਸੋ ਕਾਫੀ ਗਿਣਤੀ ਵਿਚ ਮੇਲੀ ਮੇਲੇ ਤੋਂ ਬਾਅਦ ਵੀ ਆਪਣੀਆਂ ਕਾਰਾਂ ਦੇ ਸਪੀਕਰਾਂ ‘ਤੇ ਗਾਣੇ ਲਾ ਕੇ ਅਨੰਦ ਮਾਣਦੇ ਨੱਚਦੇ-ਟੱਪਦੇ ਰਹੇ। ਅਖੀਰ ਉਹ ਪੁਲਿਸ ਵਲੋਂ ਮਾਈਕ ‘ਤੇ ਸਮਾਂ ਖਤਮ ਹੋਣ ਦਾ ਐਲਾਨ ਕਰਨ ਪਿਛੋਂ ਘਰਾਂ ਨੂੰ ਗਏ।

ਵਾਲੀਬਾਲ ਕੋਰਟ ਦੇ ਨਾਲ ਹੀ ਇਕ ਸਪੈਸਲ ਟੈਂਟ ਖਾਸ ਮਹਿਮਾਨਾਂ ਲਈ ਲਾਇਆ ਗਿਆ ਸੀ ਜਿਸ ਵਿਚ ਮੀਟ-ਮੁਰਗਾ, ਮੱਛੀ, ਖਾਣ-ਪੀਣ ਅਤੇ ਹਵਾ ਪਿਆਜ਼ੀ ਹੋਣ ਦਾ ਸਿਲਸਿਲਾ ਚਲਦਾ ਰਿਹਾ। ਪਿਛਲੀ ਵਾਰੀ ਇਹ ਸਟੇਜ ਦੇ ਲਾਗੇ ਸੀ ਪਰ ਇਸ ਵਾਰ ਪ੍ਰਬੰਧਕਾਂ ਨੇ ਸਾਵਧਾਨੀਆਂ ਵਰਤਦਿਆਂ ਕੁਝ ਹਟਵਾਂ ਲਾਇਆ।

ਪ੍ਰਬੰਧਕਾਂ ਵਲੋਂ ਖਾਣਾ ਇਕ ਹੀ ਜਗ੍ਹਾ ‘ਤੇ ਰਖਿਆ ਗਿਆ ਸੀ, ਸੋ ਖਾਣਾ ਲੈਣ ਲਈ ਮੇਲੀਆਂ ਦੀ ਲੰਬੀ ਲਾਈਨ ਲੱਗੀ ਰਹੀ, ਪਰ ਸਾਰੇ ਹੀ ਠਰੰਮੇ ਨਾਲ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਕਈ ਲਾਈਨ ਵਿਚ ਲੱਗਣ ਤੋਂ ਡਰਦੇ ਆਪਣੇ ਸਾਥੀ ਮੇਲੀ ਦੀ ਭਰੀ ਪਲੇਟ ਵਿਚੋਂ ਹੀ ਖਾਣੇ ਦਾ ਸਵਾਦ ਚੱਖ ਰਹੇ ਸਨ। ਮੇਲੀਆਂ ਨੇ ਪਕੌੜਿਆਂ ਨਾਲ ਮੂੰਹ ਸਲੂਣਾ ਕਰਨ ਤੋਂ ਬਾਅਦ ਮੂੰਹ ਮਿੱਠੇ ਲਈ ਤਾਜ਼ੀਆਂ ਜਲੇਬੀਆਂ ਦਾ ਅਨੰਦ ਵੀ ਮਾਣਿਆ। ਖਾਣੇ ਦਾ ਪ੍ਰਬੰਧ ਕੇæਕੇæ ਪੰਮਾ ਅਤੇ ਸਾਥੀਆਂ ਵਲੋਂ ਸੀ।

ਮੇਲਾ ਹਾਜ਼ਰੀ ਪੱਖੋਂ ਸੱਚ ਮੁੱਚ ਹੀ ਨੰਬਰ ਲੈ ਗਿਆ। ਮਾਹੌਲ ਪਰਿਵਾਰਕ ਸੀ ਤੇ ਇਸ ਵਿਚ ਆਦਮੀਆਂ ਨਾਲੋਂ ਬੀਬੀਆਂ ਦੀ ਗਿਣਤੀ ਜ਼ਿਆਦਾ ਸੀ। ਪਾਰਕਿੰਗ ਲਾਟ ਫੁੱਲ ਸਨ। ਕਈ ਆਪਣੇ ਪਾਲਤੂ ਕੁੱਤਿਆਂ ਨੂੰ ਨਾਲ ਲੈ ਕੇ ਮੇਲਾ ਦੇਖਣ ਆਏ ਸਨ। ਆਮ ਕਰਕੇ ਅਜਿਹੇ ਮੇਲਿਆਂ ਵਿਚ ਬਹੁਤੀ ਭੀੜ ਕਬੱਡੀ ਦੁਆਲੇ ਹੁੰਦੀ ਹੈ ਪਰ ਇਸ ਮੇਲੇ ਵਿਚ ਅਜਿਹਾ ਨਹੀਂ ਸੀ, ਸ਼ਾਇਦ ਕਿਸੇ ਹੱਦ ਤੱਕ ਗਰਮੀ ਕਰਕੇ। ਬਹੁਤੇ ਦਰਸ਼ਕ ਦਰਖਤਾਂ ਜਾਂ ਤੰਬੂਆਂ ਹੇਠਾਂ ਹੀ ਦੜੇ ਰਹੇ।

ਹੰਸ ਰਾਜ ਹੰਸ ਕੋਟ-ਪੈਂਟ, ਟਾਈ, ਸੂਟ-ਬੂਟ ਨਾਲ ਮੇਲੇ ਵਿਚ ਸ਼ਾਮਿਲ ਹੋਇਆ। ਜਿਨ੍ਹਾਂ ਪਹਿਲੀ ਵਾਰੀ ਹੰਸ ਨੂੰ ਇਸ ਡਰੈਸ ਵਿਚ ਵੇਖਿਆ, ਉਨ੍ਹਾਂ ਵਿਚੋਂ ਕਿਸੇ ਦੀ ਟਿਪਣੀ ਸੀ, “ਬਈ ਹੰਸ ਤਾਂ ਡੇਰੇ ਦਾ ਗੱਦੀ ਨਸ਼ੀਨ ਹੈ ਅਤੇ ਅੱਜ ਇਹæææ।” ਦੂਜਾ ਝੱਟ ਬੋਲਿਆ, “ਉਹ ਗੱਦੀ ਇੰਡੀਆ ਵਿਚ ਹੈ, ਇਹ ਤਾਂ ਅਮਰੀਕਾ ਹੈ ਅਮਰੀਕਾ-ਜੈਸਾ ਦੇਸ਼, ਵੈਸਾ ਭੇਸ।”

ਇਕ ਸਾਬਕਾ ਕੱਬਡੀ ਕੋਚ ਨੇ ਦੱਸਿਆ ਕਿ ਸਿਆਟਲ ਦੀ ਟੀਮ ਨੂੰ ਖਾਸ ਤੌਰ ‘ਤੇ ਅਮਰੀਕਾ ਭਰ ਦੇ ਕਬੱਡੀ ਮੇਲਿਆਂ ਵਿਚ ਹਿੱਸਾ ਲੈਣ ਲਈ ਤਿਆਰ ਕੀਤਾ ਗਿਆ ਹੈ ਜਿਸ ਵਿਚ ਇੰਡੀਆ ਤੇ ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਸ਼ਾਮਲ ਹਨ।

ਗਰਮੀ ਦਾ ਖਿਆਲ ਕਰਦਿਆਂ ਪ੍ਰਬੰਧਕਾਂ ਨੇ ਪਾਣੀ ਦੀਆਂ ਬੋਤਲਾਂ, ਕੋਕ ਦੇ ਕੈਨ ਫਰੀ ਦੇਣ ਦਾ ਵਾਹਵਾ ਪ੍ਰਬੰਧ ਕੀਤਾ ਹੋਇਆ ਸੀ ਪਰ ਇਕ ਕੁਲਫੀ ਵਾਲੇ ਦੀ ਦੇਸੀ ਕੁਲਫੀ ਵੀ ਚੰਗੀ ਵਿਕੀ। ਗੁਬਾਰੇ ਤੇ ਖਿਡੌਣੇ ਵਾਲੇ ਨੇ ਵੀ ਚੰਗੀ ਕਮਾਈ ਕੀਤੀ। ਉਂਜ ਹਰ ਸਾਲ ਦੀ ਤਰ੍ਹਾਂ ਕੁਝ ਮੇਲੀਆਂ ਨੇ ਆਪਣਾ ਵੱਖਰਾ ਚੁੱਲ੍ਹਾ ਬਾਲ ਕੇ ਆਪਣੀ ਪਸੰਦ ਦਾ ਖਾਣਾ ਬਣਾ ਕੇ ਅਨੰਦ ਲਿਆ।

ਰਾਜਾ ਕ੍ਰਿਸ਼ਨਾਮੂਰਤੀ ਨੂੰ ਸਪੈਸ਼ਲ ਤੌਰ ‘ਤੇ ਕਵਰ ਕਰਨ ਆਏ ਅਮਰੀਕਨ ਬਰਾਡਕਾਸਟਰ ‘ਓਕ ਟੀæਵੀ’ ਵਾਲਿਆਂ ਨੇ ਮੇਲੇ ਦੀ ਲਾਈਵ ਕਵਰੇਜ ਕੀਤੀ ਤੇ ਦਰਸ਼ਕਾਂ ਤੋਂ ਮੇਲੇ ਸਬੰਧੀ ਇੰਟਰਵਿਊ ਵੀ ਕੀਤੇ।

ਕਈ ਕਬੱਡੀ ਖਿਡਾਰੀਆਂ ਨੇ ਆਪਣੇ ਡੌਲਿਆਂ ਅਤੇ ਪਿੱਠ ਉਤੇ ਖੰਡੇ ਦੇ ਨਿਸ਼ਾਨ ਬਣਾਏ ਹੋਏ ਸਨ।

ਕਿਸੇ ਵੀ ਆਮ ਪੰਜਾਬੀ ਮੇਲੇ ਵਾਂਗ ਇਥੇ ਵੀ ਦਰਸ਼ਕਾਂ ਨੇ ਕੂੜਾ ਰੱਖੇ ਗਏ ਕੂੜੇ ਦਾਨਾਂ ਵਿਚ ਪਾਉਣ ਦੀ ਥਾਂ ਚਾਰ-ਚੁਫੇਰੇ ਖਿਲਾਰਿਆ ਹੋਇਆ ਸੀ। ਜਿਧਰ ਦੇਖੋ ਪਾਣੀ ਦੀਆਂ ਖਾਲੀ ਬੋਤਲਾਂ, ਖਾਣੇ ਵਾਲੀਆਂ ਪਲੇਟਾਂ ਅਤੇ ਕੁਲਫੀਆਂ ਦੇ ਖਾਲੀ ਲਿਫਾਫੇ ਜਮੀਨ ‘ਤੇ ਪਏ ਨਜ਼ਰ ਆਉਂਦੇ ਸਨ। ਸ਼ਾਇਦ ਪੰਜਾਬੀਆਂ ਨੂੰ ਕੂੜਾ ਖਿਲਾਰੇ ਬਿਨਾ ਮੇਲੇ ਦਾ ਸਵਾਦ ਹੀ ਨਹੀਂ ਆਉਂਦਾ।

ਮੇਲੇ ਵਿਚ ਵ੍ਹੀਟਨ ਗੁਰੂਘਰ ਦੇ ਹੈਡ ਗ੍ਰੰਥੀ ਭਾਈ ਮਹਿੰਦਰ ਸਿੰਘ ਤੇ ਪੈਲਾਟਾਈਨ ਗੁਰੂਘਰ ਦੇ ਹੈਡ ਗੰ੍ਰਥੀ ਪਰਮਿੰਦਰਜੀਤ ਸਿੰਘ ਵੀ ਸ਼ਾਮਲ ਹੋਏ।