ਕੈਂਸਰ ਦੀ ਜੱਦ ਵਿਚ ਆਏ ਸਿਵੀਆਂ ਦੀ ਦਰਦਨਾਕ ਦਾਸਤਾਨ

ਬਠਿੰਡਾ: ਇਸ ਜ਼ਿਲ੍ਹੇ ਦੇ ਪਿੰਡ ਸਿਵੀਆਂ ਦੇ ਲੋਕਾਂ ਨੂੰ ਨਾਮੁਰਾਦ ਬਿਮਾਰੀ ਕੈਂਸਰ ਨੇ ਘੇਰ ਲਿਆ ਹੈ। ਕੈਂਸਰ ਦੀ ਬਿਮਾਰੀ ਨੇ ਪਿੰਡ ਵਾਸੀਆਂ ਨੂੰ ਅਜਿਹਾ ਕਲਾਵੇਂ ਵਿਚ ਲਿਆ ਕਿ ਹੁਣ ਤੱਕ ਕਈ ਪਰਿਵਾਰਾਂ ਦੇ ਜੀਅ ਬਿਮਾਰੀ ਦੀ ਭੇਟ ਚੜ੍ਹ ਗਏ ਹਨ। ਪਿਛਲੇ ਡੇਢ ਮਹੀਨੇ ‘ਚ ਤਕਰੀਬਨ 7 ਲੋਕਾਂ ਦੀਆਂ ਅਰਥੀਆਂ ਇਸ ਪਿੰਡ ਵਿਚੋਂ ਉਠੀਆਂ ਹਨ। ਪਿੰਡ ਦੇ ਲੋਕਾਂ ‘ਚ ਸਭ ਤੋਂ ਜ਼ਿਆਦਾ ਦਹਿਸ਼ਤ ਉਦੋਂ ਫੈਲੀ ਜਦੋਂ ਕੈਂਸਰ ਕਰ ਕੇ ਹਫਤੇ ਵਿਚ ਚਾਰ ਲੋਕ ਮੌਤ ਦੀ ਆਗੋਸ਼ ਵਿਚ ਜਾ ਸੁੱਤੇ।

ਪਿੰਡ ਦੇ ਜਸਵਿੰਦਰ ਸਿੰਘ ਦੇ ਹੱਸਦੇ ਵੱਸਦੇ ਘਰ ‘ਚ ਕੈਂਸਰ ਨੇ ਅਜਿਹੀ ਦਸਤਕ ਦਿੱਤੀ ਕਿ ਪਰਿਵਾਰ ਦੀਆਂ ਖੁਸ਼ੀਆਂ ਹੀ ਖੋਹ ਲਈਆਂ। ਇਸ ਘਰ ਦਾ ਮੁਖੀ ਜਸਵਿੰਦਰ ਸਿੰਘ ਖੂਨ ਦੇ ਕੈਂਸਰ ਦਾ ਸ਼ਿਕਾਰ ਹੋ ਗਿਆ। ਪਰਿਵਾਰ ਨੇ ਬਥੇਰੀ ਵਾਹ ਲਾਈ ਪਰ ਸਿਰਫ 20 ਦਿਨਾਂ ਦੇ ਅੰਦਰ ਚੰਦਰੀ ਮੌਤ ਆਪਣੀ ਖੇਡ ਖੇਡ ਗਈ। 31 ਮਈ, 2017 ਨੂੰ ਜਸਵਿੰਦਰ ਸਿੰਘ ਪਰਿਵਾਰ ਨੂੰ ਅਲਵਿਦਾ ਕਹਿ ਗਿਆ। ਹਾਲੇ ਮਸਾਂ ਚਾਰ ਦਿਨ ਹੀ ਲੰਘੇ ਸਨ ਕਿ ਕੈਂਸਰ ਨੇ ਇਕੋ ਦਿਨ ਇਸੇ ਪਿੰਡ ਦੇ ਹੋਰ ਦੋ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਹਰਦੇਵ ਸਿੰਘ ਦੋ ਸਾਲ ਲਗਾਤਾਰ ਕੈਂਸਰ ਨਾਲ ਲੜਨ ਤੋਂ ਬਾਅਦ 5 ਜੂਨ, 2017 ਨੂੰ ਆਪਣੇ ਪਰਿਵਾਰ ਦਾ ਸਾਥ ਛੱਡ ਗਿਆ।
ਮਜ਼ਦੂਰੀ ਕਰਦੇ ਪਰਿਵਾਰਕ ਮੈਂਬਰਾਂ ਨੇ ਔਖੇ ਹੋ ਕੇ ਬਹੁਤ ਇਲਾਜ ਕਰਵਾਇਆ ਪਰ ਕੋਈ ਪੇਸ਼ ਨਹੀਂ ਚੱਲੀ। ਹਰਦੇਵ ਸਿੰਘ ਦੀ ਮੌਤ ਵਾਲੇ ਦਿਨ ਹੀ ਇਸੇ ਪਿੰਡ ਦਾ ਵਾਸੀ ਸੁਖਦੇਵ ਸਿੰਘ ਵੀ ਦੋ ਸਾਲ ਤੋਂ ਵੱਧ ਸਮਾਂ ਮੌਤ ਨਾਲ ਜੰਗ ਲੜਨ ਤੋਂ ਬਾਅਦ ਅਖੀਰ ਕੈਂਸਰ ਅੱਗੇ ਗੋਡੇ ਟੇਕ ਗਿਆ। ਗਰੀਬ ਪਰਿਵਾਰ ਨੇ 7-8 ਲੱਖ ਰੁਪਏ ਉਸ ਦੇ ਇਲਾਜ ਉਤੇ ਖਰਚ ਕੀਤਾ ਜਦੋਂ ਸਭ ਕੁਝ ਵੇਚ ਕੇ ਪੈਸਾ ਮੁੱਕ ਗਿਆ ਤੇ ਘਰੇ ਮੰਜੇ ‘ਤੇ ਲਿਆ ਪਾਇਆ। ਅਖੀਰ ਗਰੀਬੀ ਤੇ ਬਿਮਾਰੀ ਨਾਲ ਲੜਦਾ ਤਿੰਨ ਧੀਆਂ ਬਾਪ ਕੈਂਸਰ ਤੋਂ ਹਾਰ ਗਿਆ। ਦੋ ਮੌਤਾਂ ਤੋਂ ਬਾਅਦ 7 ਜੂਨ, 2017 ਨੂੰ ਇਸੇ ਪਿੰਡ ਦਾ ਦਰਸ਼ਨ ਸਿੰਘ ਵੀ ਕੈਂਸਰ ਦੀ ਬਿਮਾਰੀ ਨਾਲ ਲੜਾਈ ਹਾਰ ਗਿਆ। ਇਸ ਤੋਂ ਇਲਾਵਾ ਅੰਗਰੇਜ਼ ਕੌਰ ਵੀ ਲੀਵਰ ਤੇ ਮਿਹਦੇ ਦੇ ਕੈਂਸਰ ਕਾਰਨ 7 ਮਹੀਨੇ ਜ਼ਿੰਦਗੀ ਲਈ ਮੌਤ ਨਾਲ ਲੜਾਈ ਲੜਦੀ ਰਹੀ ਪਰ ਇਥੇ ਵੀ ਕੈਂਸਰ ਜਿੱਤ ਗਈ ਤੇ ਪਰਿਵਾਰ ਦੇ ਪੱਲੇ ਪਿਆ ਤਾਂ ਸਿਰਫ ਰੋਣਾ।
ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਕੈਂਸਰ ਦੀ ਬਿਮਾਰੀ ਨੇ ਵੱਡੀ ਗਿਣਤੀ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਲੋਕ ਬਦਨਾਮੀ ਤੇ ਬੱਚਿਆਂ ਦੇ ਰਿਸ਼ਤੇ ਟੁੱਟਣ ਦੇ ਡਰੋਂ ਲੋਕਾਂ ਸਾਹਮਣੇ ਆਉਣਾ ਠੀਕ ਨਹੀਂ ਸਮਝਦੇ ਜਿਥੇ ਕਾਫੀ ਲੋਕ ਹੁਣ ਤੱਕ ਕੈਂਸਰ ਦੀ ਬਲੀ ਚੜ੍ਹ ਚੁੱਕੇ ਹਨ, ਉਥੇ ਅਜੇ ਵੀ ਪਿੰਡ ‘ਚ ਕੈਂਸਰ ਦਾ ਪ੍ਰਕੋਪ ਹੈ ਤੇ ਕਈਆਂ ਦੀ ਮੌਤ ਨਾਲ ਜੰਗ ਜਾਰੀ ਹੈ।
ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ‘ਚ ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਬਹੁੜਿਆ। ਲੋਕਾਂ ਦੀ ਇਹ ਵੀ ਮੰਗ ਹੈ ਕਿ ਸਰਕਾਰ ਵੱਲੋਂ ਕੈਂਸਰ ਦਾ ਇਲਾਜ ਮੁਫਤ ਹੋਵੇ ਤੇ ਪ੍ਰਸ਼ਾਸਨ ਪਿੰਡ ਵਿਚ ਕੈਂਸਰ ਫੈਲਣ ਦੇ ਕਾਰਨਾਂ ਦਾ ਪਤਾ ਕਰ ਕੇ ਕੋਈ ਲੋੜੀਂਦਾ ਕਦਮ ਚੁੱਕੇ। ਪਿੰਡ ਵਿਚ ਕੈਂਸਰ ਫੈਲਣ ਦੇ ਕੀ ਕਾਰਨ ਹਨ, ਇਸ ਬਾਰੇ ਰਹੱਸ ਹਾਲੇ ਵੀ ਬਣਿਆ ਹੋਇਆ ਹੈ।
___________________________________
ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਔਸਤਨ 43 ਮੌਤਾਂ
ਚੰਡੀਗੜ੍ਹ: ਅੰਕੜਿਆਂ ਅਨੁਸਾਰ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਔਸਤਨ 43 ਮੌਤਾਂ ਹੁੰਦੀਆਂ ਹਨ ਤੇ ਮਾਲਵਾ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਹੈ। ਮਾਲਵੇ ਵਿਚ ਕੈਂਸਰ ਦੇ ਕੇਸ ਦਿਨੋਂ ਦਿਨ ਵਧਦੇ ਜਾ ਰਹੇ ਹਨ ਤੇ ਛੋਟੇ ਬੱਚੇ ਵੀ ਇਸ ਦੀ ਗ੍ਰਿਫਤ ਵਿਚ ਆ ਰਹੇ ਹਨ। ਮਾਪੇ ਆਖਦੇ ਹਨ ਕਿ ਸਰਕਾਰ ਇਸ ਬਿਮਾਰੀ ਦੀ ਜੜ੍ਹ ਲੱਭੇ ਤਾਂ ਜੋ ਹੋਰ ਘਰਾਂ ਨੂੰ ਬੁਰੇ ਦਿਨ ਨਾ ਵੇਖਣੇ ਪੈਣ।
____________________________________
ਮਾਲਵਾ ਖਿੱਤੇ ਵਿਚ ਬੱਚੇ ਵੀ ਕੈਂਸਰ ਦੀ ਮਾਰ ਹੇਠ
ਬਠਿੰਡਾ: ਮਾਲਵਾ ਖਿੱਤੇ ਵਿਚ ਹੁਣ ਛੋਟੇ ਬੱਚੇ ਵੀ ਕੈਂਸਰ ਦੀ ਮਾਰ ਤੋਂ ਨਹੀਂ ਬਚੇ। ਕੈਂਸਰ ਨੇ ਸੈਂਕੜੇ ਬੱਚਿਆਂ ਦੀਆਂ ਰੀਝਾਂ ਅਤੇ ਮਾਪਿਆਂ ਦੇ ਅਰਮਾਨਾਂ ਨੂੰ ਰਾਖ ਕਰ ਦਿੱਤਾ ਹੈ। ਮਹਿੰਗੇ ਇਲਾਜ ਕਾਰਨ ਪੀੜਤ ਬੱਚਿਆਂ ਦੇ ਮਾਪੇ ਗਰੀਬੀ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਵੀਆਂ ਦੇ ਕਰਨਵੀਰ ਸਿੰਘ ਨੇ ਅਜੇ ਜ਼ਿੰਦਗੀ ਦਾ ਇਕ ਵਰ੍ਹਾ ਵੀ ਪੂਰਾ ਨਹੀਂ ਕੀਤਾ ਸੀ ਕਿ ਕੈਂਸਰ ਦੀ ਰਿਪੋਰਟ ਮਿਲ ਗਈ। ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ 10 ਮਹੀਨੇ ਦੇ ਬੱਚੇ ਨੂੰ ਅੱਠ ਮਹੀਨੇ ਤੋਂ ਹਸਪਤਾਲਾਂ ਵਿਚ ਲਿਜਾ ਰਹੇ ਹਨ। ਅਵਤਾਰ ਸਿੰਘ ਦੱਸਦਾ ਹੈ ਕਿ ਉਸ ਦਾ ਲੜਕਾ ਪੰਜਾਬ ਵਿਚ ਸਭ ਤੋਂ ਛੋਟੀ ਉਮਰ ਦਾ ਕੈਂਸਰ ਪੀੜਤ ਹੈ, ਜਿਸ ਨੂੰ ਦੋ ਮਹੀਨੇ ਦੀ ਉਮਰ ਵਿਚ ਹੀ ਇਸ ਬਿਮਾਰੀ ਨੇ ਜਕੜ ਲਿਆ ਸੀ।
ਮੁਕਤਸਰ ਜ਼ਿਲ੍ਹੇ ਦੇ ਪਿੰਡ ਰੁਪਾਣਾ ਦੇ ਧਰਮਿੰਦਰ ਕੁਮਾਰ ਦੀ ਪਹਿਲਾਂ 13 ਵਰ੍ਹਿਆਂ ਦੀ ਧੀ ਜਸਮੀਨ ਜਹਾਨੋਂ ਤੁਰ ਗਈ ਅਤੇ ਹੁਣ ਉਸ ਦਾ 6 ਵਰ੍ਹਿਆਂ ਦਾ ਬੇਟਾ ਇਮਾਨ ਕੈਂਸਰ ਨਾਲ ਜੂਝ ਰਿਹਾ ਹੈ। ਪਤਨੀ ਬਿਮਾਰ ਪਈ ਹੈ ਤੇ ਧਰਮਿੰਦਰ ਕੁਮਾਰ ਨੂੰ ਮਹਿੰਗੇ ਇਲਾਜ ਨੇ ਹਰਾ ਦਿੱਤਾ ਹੈ। ਹੁਣ ਉਸ ਦੇ ਬੱਚੇ ਦੀ ਡੋਰ ਰੱਬ ਦੇ ਹੱਥ ਹੈ। ਉਹ ਦੱਸਦਾ ਹੈ ਕਿ ਉਹ ਰੋਜ਼ਾਨਾ ਬੱਚੇ ਨੂੰ ਡੇਰੇ ਲਿਜਾ ਕੇ ਅਰਦਾਸ ਕਰਦਾ ਹੈ, ਹੋਰ ਕੋਈ ਚਾਰਾ ਵੀ ਨਹੀਂ ਬਚਿਆ। ਹੁਣ ਮਹਿੰਗੇ ਇਲਾਜ ਦੀ ਪਹੁੰਚ ਨਹੀਂ ਰਹੀ। ਮਾਨਸਾ ਜ਼ਿਲ੍ਹੇ ਦੇ ਪਿੰਡ ਕਾਹਨਗੜ੍ਹ ਦਾ 13 ਵਰ੍ਹਿਆਂ ਦਾ ਹਰਮਨ ਸਤਵੀਂ ਕਲਾਸ ਵਿਚ ਪੜ੍ਹਦਾ ਹੈ ਪਰ ਹੁਣ ਉਹ ਸਕੂਲ ਘੱਟ, ਹਸਪਤਾਲ ਵੱਧ ਜਾਂਦਾ ਹੈ।
ਪਿਤਾ ਸੰਦੀਪ ਸਿੰਘ ਆਖਦਾ ਹੈ ਕਿ ਹੁਣ ਤੱਕ ਅੱਠ ਲੱਖ ਰੁਪਏ ਇਲਾਜ ‘ਤੇ ਲੱਗ ਚੁੱਕੇ ਹਨ ਅਤੇ ਬਾਰੇ ਪੈਸੇ ਰਿਸ਼ਤੇਦਾਰਾਂ ਫੜ ਕੇ ਇਲਾਜ ਚੱਲ ਰਿਹਾ ਹੈ। ਸਰਕਾਰ ਵੱਲੋਂ ਜੋ ਵਿੱਤੀ ਮਦਦ ਦਿੱਤੀ ਜਾਂਦੀ ਹੈ, ਉਹ ਅਜੇ ਤੱਕ ਨਹੀਂ ਮਿਲੀ ਹੈ। ਮਾਨਸਾ ਦੇ ਪਿੰਡ ਕੌੜੀਵਾਲਾ ਦੇ ਛੇ ਵਰ੍ਹਿਆਂ ਦੇ ਬੱਚੇ ਜਸ਼ਨਦੀਪ ਦੀ ਵੀ ਇਹੋ ਕਹਾਣੀ ਹੈ। ਬਾਪ ਸਤਪਾਲ ਸਿੰਘ ਮਜ਼ਦੂਰੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਫ਼ਰੀਦਕੋਟ ਤੋਂ ਇਲਾਜ ਕਰਾ ਰਹੇ ਹਨ। ਸਰਕਾਰ ਨੇ ਕੋਈ ਵਿੱਤੀ ਮਦਦ ਨਹੀਂ ਦਿੱਤੀ, ਉਨ੍ਹਾਂ ਨੂੰ ਵਿਆਜੂ ਪੈਸੇ ਚੁੱਕ ਕੇ ਇਲਾਜ ਕਰਾਉਣਾ ਪੈ ਰਿਹਾ ਹੈ। ਬਠਿੰਡਾ ਦੀ ਮੌੜ ਮੰਡੀ ਦੇ ਬੱਸ ਡਰਾਈਵਰ ਕਾਲਾ ਸਿੰਘ ਦੀ ਢਾਈ ਵਰ੍ਹਿਆਂ ਦੀ ਬੱਚੀ ਲਵਪ੍ਰੀਤ ਨੂੰ ਕੈਂਸਰ ਹੈ। ਉਸ ਦੇ ਇਲਾਜ ‘ਤੇ ਤਿੰਨ ਲੱਖ ਰੁਪਏ ਖਰਚ ਹੋ ਚੁੱਕਿਆ ਹੈ। ਰਾਮਪੁਰੇ ਦੇ ਸੱਤ ਵਰ੍ਹਿਆਂ ਦੇ ਅੰਕੁਸ਼ ਨੂੰ ਵੀ ਇਸੇ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਤਿੰਨ ਵਰ੍ਹਿਆਂ ਦੀ ਬੱਚੀ ਨੂੰ ਕੈਂਸਰ ਹੈ, ਜਦੋਂਕਿ ਨਿਹਾਲ ਸਿੰਘ ਵਾਲਾ (ਮੋਗਾ) ਦੇ 14 ਵਰ੍ਹਿਆਂ ਦੇ ਬੱਚੇ ਰਾਜਵੀਰ ਦਾ ਵੀ ਕੈਂਸਰ ਦਾ ਇਲਾਜ ਚੱਲ ਰਿਹਾ ਹੈ।