ਪਰਦੇਸੀਆਂ ਦੀ ਵਤਨ ਵਾਪਸੀ ਨੇ ਨੈਣਾਂ ਦੀਆਂ ਨਦੀਆਂ ਵਗਾਈਆਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਯੂæਏæਈæ ਦੀ ਸ਼ਾਰਜਾਹ ਜੇਲ੍ਹ ਵਿਚੋਂ ਰਿਹਾ ਹੋ ਕੇ 17 ਪੰਜਾਬੀ ਨੌਜਵਾਨ ਘਰ ਪਰਤ ਆਏ ਹਨ। ਇਨ੍ਹਾਂ ਨੂੰ ਕਤਲ ਦੇ ਮਾਮਲੇ ਵਿਚ 28 ਮਾਰਚ 2010 ਨੂੰ ਸ਼ਾਰਜਾਹ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਜ਼ਖ਼ਮੀ ਪਾਕਿਸਤਾਨੀ ਨੂੰ ਇਕ ਲੱਖ ਦਰਾਮ ਦਾ ਮੁਆਵਜ਼ਾ ਦੇ ਕੇ ਹੋਏ ਸਮਝੌਤੇ ਤੋਂ ਬਾਅਦ ਸ਼ਾਰਜਾਹ ਦੀ ਅਦਾਲਤ ਵੱਲੋਂ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਰਿਹਾ ਕਰ ਦਿੱਤਾ ਗਿਆ। ਦੁਬਈ ਦੇ ਕਾਰੋਬਾਰੀ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਕਾਫ਼ੀ ਸੰਘਰਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ 17 ਨੌਜਵਾਨਾਂ ਦੀ ਰਿਹਾਈ ਲਈ 12 ਸਤੰਬਰ 2011 ਨੂੰ ਕੋਈ ਸਾਢੇ ਚਾਰ ਕਰੋੜ ਰੁਪਏ ਦੀ ‘ਬਲੱਡ ਮਨੀ’ (ਦੀਆ) ਦਿੱਤੇ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਅਦਾਲਤ ਵੱਲੋਂ ਵਾਪਸ ਲੈ ਲਈ ਗਈ ਸੀ ਜਦੋਂਕਿ ਅਦਾਲਤ ਨੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਦੋ ਸਾਲ ਦੀ ਸਜ਼ਾ ਤੋਂ ਬਾਅਦ ਵਾਪਸ ਭਾਰਤ ਭੇਜੇ ਜਾਣ ਦੇ ਆਦੇਸ਼ ਦਿੱਤੇ ਸਨ। ਇਨ੍ਹਾਂ ਸਾਰੇ ਨੌਜਵਾਨਾਂ ਨੂੰ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਨ ਦੇ ਕਤਲ ਦੇ ਮਾਮਲੇ ਵਿਚ ਸਜ਼ਾ ਦਿੱਤੀ ਗਈ ਸੀ ਪਰ ਬਾਅਦ ਵਿਚ ਦੋ ਹੋਰ ਜ਼ਖਮੀਆਂ ਮੁਸ਼ਤਾਕ ਅਹਿਮਦ ਤੇ ਸ਼ਹੀਦ ਇਕਬਾਲ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਵਿਰੁੱਧ ਮੁਆਵਜ਼ੇ ਦਾ ਕੇਸ ਦਾਇਰ ਕਰ ਦਿੱਤਾ ਗਿਆ ਸੀ।
ਅਦਾਲਤ ਵੱਲੋਂ ਬਾਅਦ ਵਿਚ 17 ਜਨਵਰੀ 2013 ਨੂੰ ਇਕ ਲੱਖ ਦਰਾਮ ਦਾ ਮੁਆਵਜ਼ਾ ਦਿੱਤੇ ਜਾਣ ਦਾ ਫੈਸਲਾ ਸੁਣਾਇਆ ਗਿਆ ਜੋ ਸ਼ ਓਬਰਾਏ ਵੱਲੋਂ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਪਰ ਇਸ ਫੈਸਲੇ ਨੂੰ ਉਪਰਲੀ ਅਦਾਲਤ ਵਿਚ ਚੁਣੌਤੀ ਤੋਂ ਬਚਾਉਣ ਲਈ ਸ਼ ਓਬਰਾਏ ਵੱਲੋਂ 4 ਫਰਵਰੀ, 2013 ਨੂੰ ਦੋਵਾਂ ਜ਼ਖਮੀਆਂ ਨਾਲ ਸਮਝੌਤਾ ਕਰ ਲਿਆ ਗਿਆ ਤੇ 6 ਫਰਵਰੀ ਨੂੰ ਉਕਤ ਦੋਵਾਂ ਜ਼ਖਮੀਆਂ ਵੱਲੋਂ ਅਦਾਲਤ ਵਿਚ ਮੁਆਵਜ਼ਾ ਪ੍ਰਵਾਨ ਕਰਨ ਲਈ ਅਰਜ਼ੀ ਦਾਇਰ ਕੀਤੀ ਗਈ।
ਇਨ੍ਹਾਂ ਵਿਚੋਂ ਇਕ ਨੌਜਵਾਨ ਹਰਿਆਣੇ ਦਾ ਤੇ 16 ਪੰਜਾਬ ਨਾਲ ਸਬੰਧਤ ਸਨ। ਰਿਹਾ ਹੋ ਕੇ ਭਾਰਤ ਪੁੱਜੇ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਰਿਹਾਈ ਲਈ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਅਦਾ ਕੀਤਾ। ਜ਼ਿਲ੍ਹਾ ਮੋਗਾ ਦੇ ਪਿੰਡ ਕੁਕਰਾਣਾ ਦੇ ਵਾਸੀ ਕੁਲਦੀਪ ਸਿੰਘ ਜੋ ਅੱਠਵੀਂ ਪਾਸ ਹੈ ਤੇ ਵਧੇਰੇ ਕਮਾਈ ਦੀ ਆਸ ਨਾਲ ਵਿਦੇਸ਼ ਗਿਆ ਸੀ, ਨੇ ਆਖਿਆ ਕਿ ਜੇਲ੍ਹ ਵਿਚੋਂ ਰਿਹਾਈ ਲਈ ਸ਼ ਓਬਰਾਏ ਨੇ ਵੱਡਾ ਸਹਿਯੋਗ ਦਿੱਤਾ ਹੈ ਤੇ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਰਿਹਾਈ ਅਸੰਭਵ ਸੀ। ਆਪਣੀ ਹੱਡ-ਬੀਤੀ ਸੁਣਾਉਂਦਿਆਂ ਉਸ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ਵਿਚ ਕੰਮ ਲਈ ਗਿਆ ਸੀ ਜਿਥੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਅੱਧੀ ਤਨਖਾਹ ਹੀ ਦਿੱਤੀ ਗਈ। ਉਹ ਉਥੇ ਤਰਖਾਣਾ ਕੰਮ ਕਰਦਾ ਸੀ ਤੇ ਵਾਧੂ ਸਮੇਂ ਦੌਰਾਨ ਵੀ ਕੰਮ ਕਰਦਾ ਸੀ।
ਸ਼ ਓਬਰਾਏ ਦਾ ਕਹਿਣਾ ਹੈ ਕਿ ਹੁਣ ਤਕ 54 ਪੰਜਾਬੀ ਨੌਜਵਾਨਾਂ ਨੂੰ ਸ਼ਾਰਜਾਹ ਦੀ ਜੇਲ੍ਹ ਵਿਚੋਂ ਮੌਤ ਦੇ ਮੂੰਹ ਵਿਚੋਂ ਬਚਾਇਆ ਹੈ ਜਿਨ੍ਹਾਂ ਵਿਚ ਇਹ 17 ਨੌਜਵਾਨ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਸ਼ਰੀ ਖਾਨ ਦੇ ਪਰਿਵਾਰ ਨੂੰ ਤੇ ਜ਼ਖਮੀ ਹੋਏ ਮੁਸ਼ਤਾਕ ਅਹਿਮਦ ਤੇ ਸ਼ਾਹਿਦ ਇਕਬਾਲ ਨੂੰ ਬਲੱਡ ਮਨੀ ਵਜੋਂ ਵੱਡੀ ਰਕਮ ਅਦਾ ਕਰਨੀ ਪਈ ਹੈ। ਇਨ੍ਹਾਂ 54 ਨੌਜਵਾਨਾਂ ਵਿਚੋਂ 51 ਨੌਜਵਾਨ ਤਾਂ ਦੇਸ਼ ਵਾਪਸ ਪਰਤ ਚੁੱਕੇ ਹਨ ਪਰ ਤਿੰਨ ਨੌਜਵਾਨ ਸੰਦੀਪ ਸਿੰਘ, ਤਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਅਜੇ ਕੁਝ ਦਸਤਾਵੇਜ਼ਾਂ ਦੀ ਘਾਟ ਕਾਰਨ ਵਾਪਸੀ ਦੀ ਰਾਹ ਦੇਖ ਰਹੇ ਹਨ।

Be the first to comment

Leave a Reply

Your email address will not be published.